Share on Facebook

Main News Page

ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ?
ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ‘ਪੰਜਾਬੀਆਂ’ ਜਾਂ ‘ਪੰਜਾਬੀ ਬਣੇ ਸਿੱਖਾਂ’ ਪਾਸ ਕੋਈ ਜਵਾਬ ਹੈ ?

-: ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਪੰਜਾਬ ਨੂੰ "ਪੰਜਾਬ ਜਿਉਂਦਾ ਗੁਰਾਂ ਦੇ ਨਾਉਂ 'ਤੇ" ਦੇ ਸਿੱਖੀ ਜਜ਼ਬੇ ਅਤੇ ਅਣਖ ਤੋਂ ਬੁਰੀ ਤਰ੍ਹਾਂ ਤੋੜ, ਮਧੋਲ਼ ਅਤੇ ਨਿਰਾਸ਼ਾ ਦੀ ਦਲ ਦਲ ਵਿੱਚ ਧੁੱਸਾ ਦੇਣ ਤੋਂ ਬਾਅਦ; "ਪੰਜਾਬ, ਪੰਜਾਬੀ, ਪੰਜਾਬੀਅਤ” ਵਿੱਚ ਤਬਦੀਲ ਕਰ ਲਿਆ ਗਿਆ ਹੈ। ਸਿੱਖ ਅਤੇ ‘ਕਲੀਨ ਸ਼ੇਵ ਸਿੱਖਾਂ ਦੇ ਬੱਚੇ’ ਬਹੁਗਿਣਤੀ ਵਿੱਚ ਹੋਣ ਕਰਕੇ ਆਪਣੇ ਆਪ ਨੂੰ ਦੇਸ਼-ਵਿਦੇਸ਼ ਵਿੱਚ "ਸਿੱਖ ਕੌਮ” ਦੀ ਥਾਏ ‘ਪੰਜਾਬੀ ਕੌਮ’ ਲਿਖਣ ਲੱਗ ਪਏ ਹਨ। ਇਸ ਲਈ ਪੰਜਾਬੀ ਮਨੁੱਖ ਵਿੱਚ ਘਟੀ ਇਸ ਮਾਨਵੀ ਚੇਤਨਾ ਅਤੇ ਸੰਵੇਦਨਸ਼ੀਲਤਾ ਪ੍ਰਤੀ ਮੈਨੂੰ ਜਾਤੀ ਤੌਰ ਤੇ ਕੋਈ ਅਸਚਰਜ ਨਹੀਂ ਹੈ। ਉਹ ਇਸ ਲਈ ਕਿਉਂਕਿ ਇੰਝ ਤਾਂ ਹੋਣਾ ਹੀ ਸੀ । ਸ੍ਰੀ ਵੇਦ ਵਿਆਸ, ਸ੍ਰੀ ਬਾਲਮੀਕੀ ਜੀ ਦੀ ਰਮਾਇਣ ਅਤੇ ਸ੍ਰੀ ਚਾਣਕਿਆ ਦੀ "ਮੰਨੂ ਸਿਮ੍ਰਿਤੀ” ਵਾਲੇ ਪੰਜਾਬ ਦੇ ਕਹੇ ਜਾਂਦੇ ਪੰਜਾਬੀ ਇਤਿਹਾਸ ਦਾ ਸੱਚ ਬੜਾ ਕੌੜਾ ਹੈ। ਮਾਈ ਸੀਤਾ ਜੀ ਦੇ "ਅਗਨੀ ਪ੍ਰੀਖਿਆ” ਪਾਸ ਕਰ ਲੈਣ ਤੋਂ ਬਾਅਦ ਵੀ ਮਿਲੇ "ਘਰ ਨਿਕਾਲੇ” ਤੋਂ ਲੈ ਕੇ ਮਾਈ ਦਰੋਪਤੀ ਜੀ ਦੇ ਰਾਜ ਦਰਬਾਰ ਵਿੱਚ ਕੀਤੇ "ਚੀਰ ਹਰਨ” ਦੀ ਰਹੀ ਇਸ ਧਰਤੀ ਉਪਰ ਮਰਿਆਦਾ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਰੋਲਣ ਅਤੇ ਖੋਹਣ ਦੀ ਚਲਦੀ ਰਹੀ ਹੈ।

ਇਸੇ ਲਈ ਜਦੋਂ ਧੀਆਂ ਭੈਣਾਂ ਨਾਲ ਪੰਜਾਬ ਵਿੱਚ ਅਪਰਾਧ ਵਾਪਰਦੇ ਹਨ ਤਾਂ ਕੋਈ ਵਿਚਲਿਤ ਨਹੀਂ ਹੁੰਦਾ ਉਸ ਦਾ ਮੁੱਖ ਕਾਰਨ ਹੀ ਇਹੋ ਹੈ ਕਿ ਪੰਜਾਬੀਅਤ ਦੀ ਕੌਮੀਅਤਾ ਦਾ ਇਤਿਹਾਸ ਆਪਣੀ ਕੁੱਖ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂ, ਮਿਰਜ਼ਾ-ਸਾਹਿਬਾਂ, ਸੀਰੀ-ਫਰਿਆਦ ਵਰਗੀ ਸੰਭਾਲੀ ਤੇ ਜਨਮੀ ਵਿਰਾਸਤ ਉਪਰ ਹੀ ਗੌਰਵ ਕਰਦਾ ਹੈ। ਇਹੋ ਵਜ੍ਹਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਧੀਆਂ ਨੂੰ ਭਜਾ ਲੇ ਲੈ ਜਾਣ ਵਾਲਿਆਂ ਜਾਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀਆਂ ਧੀਆਂ ਨੂੰ 50 ਹਜ਼ਾਰ ਦੀ ਗ੍ਰਾਂਟ, 6 ਮਹੀਨੇ ਸਰਕਾਰੀ ਗੈਸਟ ਹਾਉਸ ਵਿੱਚ ਮੁਫ਼ਤ ਰਹਿਣ ਅਤੇ ਖਾਣ ਦੇ ਖਰਚ ਤੋਂ ਇਲਾਵਾ ਪੁਲਿਸ ਪ੍ਰੋਟੈਕਸ਼ਨ ਵੀ ਦਿੰਦਾ ਹੈ। ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦੇਣ ਲਈ ਸਿੱਖਾਂ ਨੂੰ ਪੰਜਾਬੀ ਬਣਾ ਦੇਣ ਵਾਸਤੇ ਖੜੀ ਕੀਤੀ ਜਾ ਰਹੀ ਪੰਜਾਬੀ ਕੌਮ ਪਿਛਲੀ ਇਹੋ ਸਰਕਾਰੀ ਸਾਜ਼ਿਸ਼ ਨੂੰ ਪ੍ਰਤੱਖ ਕਰਦਾ ਇੱਕ ਨਿੱਕਾ ਜਿਹਾ ਨਮੂਨਾ ਹੈ। ਇਸ ਦਾ ਹਿੱਸਾ ਜਾਣੇ ਅਨਜਾਣੇ ਉਹ ਸਭ ਬਣਦੇ ਜਾ ਰਹੇ ਹਨ ਜਿਹੜੇ ਨਾਨਕਸ਼ਾਹੀ ਸਿੱਖੀ ਸਭਿਅਤਾ ਤੋਂ ਮੁਨਕਰ ਹੋ ਕੇ "ਪੰਜਾਬ, ਪੰਜਾਬੀ ਅਤੇ ਪੰਜਾਬੀਅਤ” ਦੇ ਹਮਰਾਹ ਹੁੰਦੇ ਜਾ ਰਹੇ ਹਨ।

ਜਿਹੜੀ ਧਰਤੀ ਸੱਤਾ ਦੇ ਦਰਬਾਰ ਵਿੱਚ "ਦ੍ਰੋਪਤੀ ਦਾ ਚੀਰ ਹਰਣ” ਕਰਦੀ ਰਹੀ ਹੋਵੇ, ਜਿਸ ਧਰਤੀ ਉਪਰ "ਔਰਤ ਨੂੰ ਭੋਗ ਦੀ ਵਸਤੂ” ਮੰਨਿਆ, ਸਮਝਿਆ ਅਤੇ ਖੁਦ ਆਪ ਔਰਤ ਵੱਲੋਂ ਹੀ ਬਣਾਇਆ ਜਾਂਦਾ ਰਿਹਾ ਹੋਵੇ, ਜਿੱਥੇ ਕਈ ਹਜ਼ਾਰ ਗੋਪੀਆਂ ਨਾਲ ‘ਰਾਸ ਕ੍ਰੀੜਾ’ ਨੂੰ ਧਾਰਮਿਕ ਮਾਣਤਾ ਦਿੱਤੀ ਜਾਂਦੀ ਹੋਵੇ, ਜਿੱਥੇ ਰਾਜ ਦਰਬਾਰ ਵੱਲੋਂ ਮਾਈ ਸੀਤਾ ਦੀ ਅਗਨੀ ਪਰੀਖਿਆ ਵਿੱਚ ਪਾਸ ਹੋ ਜਾਣ ਤੋਂ ਬਾਅਦ ਵੀ ਉਸ ਨੂੰ ‘ਕਿਰਦਾਰ ਆਚਰਣ ਦਾ ਦੋਸ਼ੀ ਦੱਸ ਕੇ ਪਤੀ ਵੱਲੋਂ ਘਰੋਂ ਕੱਢਣ ਦੀ ਨੀਤੀ” ਨੂੰ "ਮਰਿਆਦਾ ਪਰਸ਼ੌਤਮ” ਰਾਜਨੀਤੀ ਦਾ ਰਾਮ ਰਾਜ ਕਿਹਾ ਅਤੇ ਮੰਨਿਆਂ ਜਾਂਦਾ ਹੋਵੇ, ਅਸੀਂ ਉਸੇ ਧਰਤੀ ਦੇ ਵਾਸੀ ਹਾਂ। ਇਤਨਾ ਹੀ ਨਹੀਂ ਉਹ ਧਰਤੀ ਜਿਸ ਉਪਰ ਧਰਮ ਦੇ ਠੇਕੇਦਾਰ ਪੁਜਾਰੀਆਂ ਨੂੰ ਭੋਗਣ ਲਈ ‘ਦੇਵ ਦਾਸੀਆਂ’ ਫ਼ਖ਼ਰ ਅਤੇ ਸਮਾਜੀ ਚਲਣ ਦੀ ਮਾਨਤਾ ਅਨੁਸਾਰ ਚੜ੍ਹਾਈਆਂ ਜਾਂਦੀਆਂ ਹੋਣ, ਜਿਸ ਧਰਤੀ ਤੇ ਔਰਤ ਨੂੰ ‘ਪੈਰ ਦੀ ਜੁੱਤੀ’ ਅਤੇ ਵਾਸਨਾ ਦੀ ਦ੍ਰਿਸ਼ਟੀ ਤੋਂ ‘ਭੋਗ ਵਿਲਾਸ ਦੀ ਵਸਤੂ’ ਦੀ ਮੰਨੂੰ ਸਿਮ੍ਰਿਤੀ ਅਤੇ ਸ੍ਰੀ ਕਾਲੀਦਾਸ ਦੀ ਬਣਾਈ ਗਈ "ਸਮਾਜਿਕ ਅਤੇ ਰਾਜ” ਦੀ ਪ੍ਰਣਾਲੀ ਦਾ ‘ਗੁਰ ਮੰਤਰ’ ਸਵੀਕਾਰ ਕੀਤਾ ਗਿਆ ਹੈ। ਜਿਸ ਧਰਤੀ ਉਪਰ ਬਹੁ ਪਤਨੀ ਵਾਦ ਦੀ ਸਭਿਅਤਾ ਰਾਹੀਂ 100-100 ਤੀਵੀਆਂ ਰਾਜਿਆਂ ਵੱਲੋਂ ਰੱਖਣ ਦੀ ਪ੍ਰਥਾ ਨੂੰ ਮਾਣਤਾ ਦਿੱਤੀ ਜਾਂਦੀ ਹੋਵੇ, ਉਸੇ ਧਰਤੀ ਉਪਰ ਫਿਰ ‘ਹੀਰ-ਰਾਂਝੇ’, ‘ਸੱਸੀ-ਪੁੰਨੂ’, ‘ਮਿਰਜ਼ਾ-ਸਾਹਿਬਾਂ’, ‘ਸੀਰੀ-ਫਰਿਆਦ’ ਦੀ ਸਭਿਅਤਾ ਨੂੰ "ਪੰਜਾਬੀਅਤ” ਮੰਨ ਕੇ ਅਪਣਾਇਆ ਗਿਆ ਹੋਵੇ; ਉਸ ਪਰੰਪਰਾ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ ? ਅਜਿਹੀ ਖਿਆਲ ਦੀ ਪਰੰਪਰਾ ਦੀ ਸੁਰਤ ਵਿਚਲੀ "ਕਾਮਨ ਸੈਂਸ” ਨੂੰ ਹੀ "ਪੰਜਾਬ, ਪੰਜਾਬੀ, ਪੰਜਾਬੀਅਤ” ਬਣਾ ਕੇ ਸਥਾਪਿਤ ਕਰਨ ਦਾ "ਰਾਜ ਧਰਮ” ਪਾਲ ਲਿਆ ਗਿਆ ਹੋਵੇ, ਉਸ ਧਰਤੀ ਅਤੇ ਸਮਾਜ ਵਿੱਚ ਫਿਰ ਔਰਤ ਪ੍ਰਤੀ "ਮਨੋਬਿਰਤੀ” ਵੀ ਉਹੀ ਬਣੇਗੀ ਜੋ ਉਸ ਦਾ ਵਿਰਸਾ ਹੈ। ਇਸੇ ਮਨੋਬਿਰਤੀ ਵਿੱਚੋਂ ਹੀ ਅਜਿਹੇ ਸਮਾਜ ਵਿੱਚ ਔਰਤ ਪ੍ਰਤੀ ਖਿਆਲ ਅਤੇ ਵਤੀਰਾ ਨਿਕਲਦਾ ਅਤੇ ਲਾਗੂ ਹੁੰਦਾ ਚਲਾ ਆ ਰਿਹਾ ਹੈ। ਜੋ ਧਰਤੀ ਉਪਰ ਮਾਨਵੀ ਜਾਤੀ ਦੇ ਇਸ ਸਮਾਜ ਨੂੰ "ਮਰਦ ਪ੍ਰਧਾਨ ਅਤੇ ਮਰਦ ਪੂਜਕ ਤੇ ਪੋਸ਼ਿਤ” ਮਰਦ ਦਾ ਗੁਲਾਮ ਕਬੀਲਾ ਬਣਾ ਕੇ ਰੱਖਦਾ, ਮੰਨਦਾ ਅਤੇ ਚਲਦਾ ਹੈ। ਬਦਕਿਸਮਤੀ ਨਾਲ ਜਾਣੇ ਅਨਜਾਣੇ, ਹਰ ਔਰਤ ਇਸੇ ਲਈ ਹੀ ਕੰਮ ਕਰ ਰਹੀ ਹੈ। ਇਸੇ ਲਈ ਹੀ ਇਸ ਧਰਤੀ ਤੇ ਪਹਿਲਾਂ ਧੀਆਂ ਨੂੰ ਜੰਮਦੇ ਹੀ ਮਾਰ ਦੇਣ ਦੀ ਜਾਂ ਜਿਉਂਦਾ ਨੱਪ ਦੇਣ ਦੀ ਸਮਾਜਿਕ ਮਾਣਤਾ ਪ੍ਰਾਪਤ ਰੀਤ ਸੀ, ਜਿਸ ਤੋਂ ਹੋਲੇ ਹੋਲੇ ਇਹ ਰੀਤ ਮਾਂ ਦੇ ਕੁੱਖ ਨੂੰ ਹੀ ਧੀ ਦੀ ‘ਕਬਰ’ ਬਣਾ ਦੇਣ ਤਕ ਦੀ ਸਰਕਾਰੀ, ਕਾਨੂੰਨੀ, ਸੰਵਿਧਾਨਿਕ ਮਾਣਤਾ ਪ੍ਰਾਪਤ ਪ੍ਰਣਾਲੀ ਬਣ ਗਈ ! ਧਿੱਕਾਰ ਹੈ ਅਜਿਹੇ ਮਾਨਵੀ ਸਭਿਅਤਾ ਦੇ ਵਿਕਾਸ ਦੀ ਆਧੁਨਿਕਤਾ ਦੇ ਅਜੋਕੇ ਅਪਣਾਏ ਗਏ ਖਿਆਲ ਉਪਰ। ਸਵਾਲ ਇਹ ਹੈ ਕਿ ਸ਼ਰਮਸਾਰ ਕੌਣ ਹਨ ?

ਅਸੀਂ ਆਮ ਕਰਕੇ ਵੇਖਦੇ ਹਾਂ ਕਿ ਰਾਜ, ਸਰਕਾਰ, ਸਮਾਜ, ਧਰਮ, ਮਨੁੱਖ ਅਤੇ ਰਿਸ਼ਤਿਆਂ ਦੀ ਲਾਕਾਨੂੰਨੀ ਪ੍ਰਤੀ ਸਮੂਹਿਕ ਤੌਰ ਤੇ ਸਮਾਜ ਤਾਂ ਉੱਕਾ ਹੀ ਸ਼ਰਮਸਾਰ ਮਹਿਸੂਸ ਨਹੀਂ ਕਰਦਾ ਅਤੇ ਨਾ ਹੀ ਹੁੰਦਾ ਹੈ। ਸੱਤਾ ਅਤੇ ਹਾਕਮ ਜਮਾਤ ਤਾਂ ਇਸ ਉਪਰ ਆਪਣੀ ਸੱਤਾ ਦੀ ਪਕੜ ਹੋਰ ਮਜ਼ਬੂਤ ਹੁੰਦੀ ਮੰਨਦੀ ਹੈ। ਨੌਕਰਸ਼ਾਹ ਅਤੇ ਇਨਸਾਫ਼ ਦਾ ਅਦਾਲਤੀ ਪੱਖ ਇਸ ਨੂੰ ‘ਮਜ਼ੇਦਾਰ ਦਿਲ ਪਰਚਾਉਣ’ ਕਾਨੂੰਨੀ "ਕੋਕ ਸ਼ਾਸਤਰ” ਵਾਂਗ ਭੋਗਵਾਦੀ ਪ੍ਰਵਿਰਤੀ ਤੇ ਬਿਰਤੀ ਨਾਲ ਨਜਿੱਠਦਾ ਹੈ। ਪਰਿਵਾਰ ਇਸ ਨੂੰ ਆਪਣੇ ਘਰ ਦੀ ‘ਇੱਜ਼ਤ ਨੂੰ ਢੱਕਣ’ ਦੀ ਮਨੋਬਿਰਤੀ ਨਾਲ ਗ੍ਰਸਿਆ ਤੁਰਦਾ ਹੈ। ਜੇ ਅਜਿਹੀ ਵਿਵਸਥਾ ਵਿੱਚ ਔਰਤ ਦਾ ਕੁਆਰਾਪਣ ਭੰਗ ਹੋ ਗਿਆ ਵਰਗੀ ਬਿਮਾਰ ਸੋਚ ਅਧੀਨ ਇਸ ਹਿਤ ਲੜਕੀ ਨੂੰ ਹੀ ਦੋਸ਼ੀ ਗਰਦਾਨਿਆਂ ਜਾਂਦਾ ਹੈ ਅਤੇ ਔਰਤ ਦੀ ਹੀ ਇੱਜ਼ਤ ਭੰਗ ਹੋਣ ਦਾ ਅਪਰਾਧੀ ਔਰਤ ਨੂੰ ਹੀ ਬਣਾਇਆ ਜਾਂਦਾ ਹੈ; ਤਾਂ ਫਿਰ ਕੌਣ ਕਹਿੰਦਾ ਹੈ ਕਿ ਇਸ ਭਾਰਤ ਅੰਦਰ ਔਰਤਾਂ ਨੂੰ ਬਰਾਬਰਤਾ ਪ੍ਰਦਾਨ ਕੀਤੀ ਗਈ ਹੈ ? ਕਿਉਂ ਨਹੀਂ ਅਜਿਹੀ ਮਨੋਬਿਰਤੀ, ਸੋਚ, ਅਤੇ ਖਿਆਲ ਦੀ ਪੋਧ ਸਮਾਜ ਦੇ ਦਿਲੋਂ ਦਿਮਾਗ ਵਿੱਚ ਬੀਜੀ ਜਾਂਦੀ ਕਿ ਜਿਸ ਮਰਦ ਨੇ ਅਜਿਹਾ ਕੀਤਾ ਹੈ ਉਹ ਕਾਨੂੰਨੀ, ਸਮਾਜੀ, ਸੰਵਿਧਾਨਿਕ ਦ੍ਰਿਸ਼ਟੀ ਅਤੇ ਪੱਧਰ ਤੇ ਉਸੇ ਸਮੇਂ ਤੋਂ ਹੀ "ਨਾਮਰਦ” ਬਣਾ ਦਿੱਤਾ ਜਾਵੇ ਕਿਉਂਕਿ ਉਸ ਦਾ ਅਪਰਾਧ ਹੀ ਨਾਮਰਦਗੀ ਨੂੰ ਖੁਦ ਅੰਗੀਕਾਰ ਕਰ ਲੈਣ ਤੋਂ ਬਾਅਦ ਇਕਬਾਲੀਆ ਤੱਥ ਅਤੇ ਸਬੂਤ ਦੇ ਦੇਣ ਵਾਲਾ ਹੁੰਦਾ ਹੈ। ਅਜਿਹੇ ਲੜਕਿਆਂ ਅਤੇ ਮਰਦਾਂ ਨੂੰ ਕਾਨੂੰਨੀ ਤੌਰ ਤੇ ਕਿਉਂ ਨਾ ਮਰਦ ਇੰਦਰੀ ਤੋਂ ਸੱਖਣਾ ਕੀਤਾ ਜਾਵੇ ? ਮਰਦ ਪ੍ਰਧਾਨ ਸਮਾਜ ਦੀ ਮਰਦਾਨਗੀ ਵਾਲੀ ਚੌਧਰ ਨੂੰ ਤੋੜਨ ਦਾ ਇਸ ਤੋਂ ਸਿਵਾ ਹੋਰ ਕੋਈ ਕਾਨੂੰਨੀ ਅਧਾਰ ਅਤੇ ਇਲਾਜ ਸੰਭਵ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਮੇਰੀ ਗੱਲ ਗੈਰ ਮਨੁੱਖੀ ਲੱਗੇਗੀ ਪਰ ਕੀ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਦੀ ਮਰਦਾਨਗੀ ਦੀ ਗੁਲਾਮੀ ਨੂੰ ਤੋੜਨ ਲਈ, ਬਰਾਬਰਤਾ ਦੀ ਅਜ਼ਾਦੀ ਹਾਸਲ ਕਰਨ ਲਈ ਇਤਨੀ ਕੁ ਕੁਰਬਾਨੀ ਨੂੰ ਕਿਉਂ ਗੈਰ ਮਨੁੱਖੀ ਮੰਨਿਆ ਜਾਵੇ ?

ਸਮਾਜਿਕ ਤੌਰ 'ਤੇ ਬਲਾਤਕਾਰੀ ਮਰਦ ਅਪਰਾਧੀ ਦਾ ਸੰਵਿਧਾਨਿਕ ਪ੍ਰਬੰਧ ਰਾਹੀਂ ਕਾਨੂੰਨੀ ਬਾਈਕਾਟ ਕਰਨ ਦਾ ਉਪ ਬੰਧ ਕੀਤਾ ਜਾਣਾ ਚਾਹੀਦਾ ਹੈ। ਪਰਿਵਾਰਕ ਬਣਤਰ ਦੀ ਬਿਰਤੀ ਅਜਿਹੀ ਬਣਾਉਣ ਹਿਤ ਪਾਠਕ੍ਰਮ ਲਾਗੂ ਹੋਣੇ ਚਾਹੀਦੇ ਹਨ ਕਿ ਅਜਿਹੇ ਮਰਦ ਅਪਰਾਧੀ ਦਾ ਪਰਿਵਾਰਕ ਅਤੇ ਸਮਾਜਿਕ ਬਾਈਕਾਟ ਪੂਰੀ ਧਿਰਕਾਰਦਾ ਨਾਲ ਕੀਤਾ ਜਾਣ ਦਾ ਮਾਹੌਲ ਪੈਦਾ ਹੋਵੇ। ਜਿਹੜਾ ਪਰਿਵਾਰ ਆਪਣੇ ਅਜਿਹੇ ਮਰਦ ਦੇ ਹੱਕ ਵਿੱਚ ਖੜੇ ਉਸ ਨਾਲ ਰੋਟੀ ਬੇਟੀ ਦੀ ਸਾਂਝ ਮੁਕਾਈ ਜਾਵੇ। ਖ਼ਾਸ ਤੌਰ ਤੇ ਪਰਿਵਾਰਾਂ ਵਿੱਚ ਲੜਕੇ ਦੇ ਬਣਾਏ ਗਏ ਹੱਕਾਂ ਦੇ ਕਾਨੂੰਨ ਮੁਕਾਏ ਜਾਣੇ ਚਾਹੀਦੇ ਹਨ। ਬੱਚਿਆਂ ਨਾਲ ਬਾਪ ਦਾ ਹੀ ਨਾਮ ਜਾਂ ‘ਗੋਤ’ ਦੀ ਕੀ ਲੋੜ ਹੈ ? ਇਹ ਕਾਨੂੰਨ ਅਤੇ ਰੀਤ ਤੇ ਪ੍ਰਬੰਧ ਪੂਰੀ ਤਰ੍ਹਾਂ ਗੈਰ ਮਨੁੱਖੀ ਹੈ। ਇਸ ਨੂੰ ਮੁਕਾ ਦਿੱਤਾ ਜਾਣਾ ਚਾਹੀਦਾ ਹੈ। ਹਰ ਪਰਿਵਾਰ ਵਿੱਚ ਲੜਕੇ ਅਤੇ ਲੜਕੀ ਦੇ ਪਿਤਾ ਪੁਰਖੀ ਅਧਿਕਾਰ ਚਲ ਅਤੇ ਅਚਲ ਜਾਇਦਾਦ ਵਿੱਚ, ਸਮਾਜਿਕ ਰੀਤ ਰਿਵਾਜ ਵਿੱਚ, ਵਪਾਰ ਵਿੱਚ ਅਤੇ ਧਰਮ ਵਿੱਚ ਕਾਨੂੰਨੀ ਤੋਰ ਤੇ ਸੰਵਿਧਾਨਿਕ ਬਦਲਾ ਕਰਕੇ ਇੱਕ ਸਾਰ ਬਣਾਏ ਜਾਣੇ ਚਾਹੀਦੇ ਹਨ। ਇਨ੍ਹਾਂ ਅਧਿਕਾਰਾਂ ਨੂੰ ਔਰਤ ਖੁਦ ਇਸਤੇਮਾਲ ਕਰ ਸਕੇ ਇਸ ਹਿਤ ਔਰਤਾਂ ਅਤੇ ਧੀਆਂ ਭੈਣਾਂ ਨੂੰ ਵਿਸ਼ੇਸ਼ ਤੌਰ ਤੇ ਸਿਖਲਾਈ ਦੇਣੀ ਚਾਹੀਦੀ ਹੈ ਅਤੇ ਇਹ ਆਪਣੇ ਅਧਿਕਾਰ ਬਿਨਾ ਕਿਸੇ ਵੀ ਘਰੇਲੂ ਜਾ ਬਾਹਰੀ ਪੁਰਸ਼ ਦੀ ਪ੍ਰਧਾਨਗੀ ਦੀ ਬਾਲਾ ਦਸਤੀ ਤੋਂ ਖੁਦ ਆਪ ਇਸਤੇਮਾਲ ਕਰਨ ਹਿਤ ਬਕਾਇਦਾ ਸਰਕਾਰ ਵਿੱਚ ਵੱਖਰਾ ਮਹਿਕਮਾ ਅਤੇ ਉਸ ਦੇ ਹੁਕਮਾਂ ਦੀ ਤਮੀਲ ਲਈ ਔਰਤ ਫੋਰਸ ਅਤੇ ਥਾਣੇ ਬਣਾਏ ਜਾਣੇ ਚਾਹੀਦੇ ਹਨ ।

ਅਸਲ ਮੁੱਦਾ ਔਰਤਾਂ ਪ੍ਰਤੀ ਸਮਾਜ ਦੀ ਸਦੀਆਂ ਤੋਂ ਬਣੀ ਆ ਰਹੀ ਬਿਰਤੀ ਨੂੰ ਬਦਲਣ ਦੀ ਹੈ, ਤਾਂ ਜੋ ਸਮਾਜ ਔਰਤ ਦੇ ਬੁਨਿਆਦੀ, ਸੁਤੰਤਰ ਆਪ ਸਵੈ ਸੋਚ ਅਤੇ ਸਵੈ ਖ਼ਿਆਲ ਦੀ ਉਡਾਰੀ ਅਨੁਸਾਰ ਜੀਵਨ ਦੇ ਔਰਤ ਨਿਮਿਤ ਸਵੈਰਾਜੀ ਸਮਾਜਿਕ ਆਲਾ ਦੁਆਲਾ ਅਤੇ ਉਸ ਵਾਤਾਵਰਨ ਦੀ ਮਨੋਬਿਰਤੀ ਵਾਲੇ ਦੇਸ਼ ਕਾਲ ਨੂੰ ਘੜਨ ਦੀ ਹੈ। ਜਿਸ ਤੋਂ ਬਿਨਾ ਔਰਤ ਆਪਣੀ ਸੁਤੰਤਰ ਉਡਾਰੀ ਨਹੀਂ ਮਾ ਸਕੇਗੀ। ਇਸ ਹਿਤ ਇਹ ਮੁਢਲੇ ਬੁਨਿਆਦੀ ਜਰੂਰੀ ਕਾਨੂੰਨੀ ਅਤੇ ਸੰਵਿਧਾਨਿਕ ਪ੍ਰਬੰਧ ਸਰਕਾਰ ਅਤੇ ਰਾਜ ਵੱਲੋਂ ਕਰਨੇ ਅਤਿ ਆਵਸ਼ਕ ਹਨ। ਕਿਉਂ ਨਹੀਂ ਅਜਿਹਾ ਕਾਨੂੰਨ ਬਣਾਇਆਂ ਜਾਂਦਾ ਕਿ ਮੁਢਲੇ ਸਤਰ ਤੇ ਹੀ ਜਿਹੜੀ ਪੰਚ ਅਤੇ ਸਰਪੰਚ ਔਰਤ ਦੀ ਥਾਂ ਤੇ ਉਸ ਦੇ ਘਰ ਦਾ ਕੋਈ ਵੀ ਮਰਦ ਜਿੰਮੇਵਾਰੀ ਨਿਭਾਉਂਦਾ ਮਿਲੇ ਉਸ ਨੂੰ ਇਸ ਜ਼ੁਲਮ ਅਤੇ ਜੁਰਮ ਵਾਸਤੇ ਘਟੋਂ ਘਟ 10 ਸਾਲ ਦੀ ਕੈਦ ਅਤੇ ਜਾਇਦਾਦ ਦੀ ਜ਼ਬਤੀ ਜਾਂ ਜੇ ਜਾਇਦਾਦ ਬਚਾਉਣੀ ਹੈ ਤਾਂ ਉਸ ਨੂੰ ਔਰਤ ਦੇ ਨਾਮ ਕਰਨ ਦਾ ਪ੍ਰਾਵਧਾਨ ਬਣਾਇਆ ਜਾਵੇ ? ਅਸਲ ਵਿੱਚ ਤਾਂ ਮਰਦ ਪੰਚ ਅਤੇ ਸਰਪੰਚ ਵੀ ਮੁਢਲੇ ਪੱਧਰ ਤੇ "ਭ੍ਰਿਸ਼ਟਤਾ ਰਾਹੀਂ ਲੋਭ ਅਤੇ ਲਾਲਚ ਦੇ ਨਿੱਜੀ ਸਵਾਰਥ ਪੂਰੇ ਕਰਨ ਹਿਤ” ਬਹੁਤਾਤ "ਖੁਸਰੇ” ਹੀ ਬਣੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਸਾਰੇ ਅਧਿਕਾਰ ਤਾਂ ਪੰਚਾਇਤ ਸੈਕਟਰੀ ਜਾ ਉਹ ਜਿਸ ਅਫ਼ਸਰ ਦੇ ਮਾਤਹਿਤ ਹੋ ਕੇ ਜਿਹੜਾ ਕੰਮ ਕਰਦਾ ਹੈ ਉਹ ਅਫ਼ਸਰ ਹੀ ਇਸਤੇਮਾਲ ਕਰਦੇ ਹਨ।

ਇਸ ਲਈ ਅਜਿਹੇ ਨਾਮਰਦ ਪੰਚ ਸਰਪੰਚ ਨੂੰ ਵੀ ਅਤੇ ਸਮੁੱਚੀ ਪੰਚਾਇਤ ਨੂੰ ਵੀ ਦੋਸ਼ੀ ਪਾਏ ਜਾਣ ਤੇ ਇਹੋ ਹੀ ਸਜਾ ਮਿਲਣੀ ਚਾਹੀਦੀ ਹੈ। ਜਿਹੜਾ ਸਰਕਾਰੀ ਅਫ਼ਸਰ ਇੰਝ ਕਰਦਾ ਹੈ ਉਸ ਦੀ ਵੀ ਨੌਕਰੀ ਤੋਂ ਛੁੱਟੀ ਅਤੇ ਜਾਇਦਾਦ ਦੀ ਜ਼ਬਤੀ ਦਾ ਕਾਨੂੰਨ ਬਣਨਾ ਚਾਹੀਦਾ ਹੈ। ਤਾਂ ਹੀ ਅਸੀਂ ਪੰਜਾਬ ਵਿੱਚ "ਸਵਰਾਜ” ਲਿਆ ਸਕਾਂਗੇ। ਇਸ ਤੋਂ ਬਗੈਰ "ਸਵਰਾਜ” ਜਾਂ ਔਰਤਾਂ, ਤੇ ਬੁਨਿਆਦੀ ਪੰਚਾਇਤੀ ਸੰਸਥਾਵਾਂ ਨੂੰ ਸੁਤੰਤਰਤਾ ਜਾਂ ਅਖਤਿਆਰ ਦੇਣ ਦੀ ਗੱਲ ਸਿਵਾ ਲੱਫਾਜੀ ਤੋਂ ਹੋਰ ਕੁਝ ਵੀ ਨਹੀਂ । ਨਿਰੀ ਬਕਵਾਸ ਬਾਜ਼ੀ ਵਾਲੀ ਬਿਆਨ ਬਾਜ਼ੀ ਦੀ ਬਜਾਏ ਆਓ ਨਿਡਰ ਹੋ ਕੇ ਨਿੱਘਰ ਤਰੀਕੇ ਨਾਲ ਉਚਿਤ ਕੰਮ ਕਰਨ ਵੱਲ ਤੁਰੀਏ। ਇਹੋ ਸਿੱਖ ਮਰਿਆਦਾ ਹੈ। ਜਿਸ ਨੂੰ ਸਮਾਜ ਨੂੰ ਅਪਣਾਉਣ ਵੱਲ ਪਹਿਲ ਕਰਨੀ ਚਾਹੀਦੀ ਹੈ। ਔਰਤਾਂ ਦੇ ਹੱਕਾਂ ਲਈ ਖੜੀਆਂ ਸੰਸਥਾਵਾਂ ਦੀ ਦਿਸ਼ਾ ਅਤੇ ਮੰਗ ਇਸ ਉਪਰੋਕਤ ਅਨੁਸਾਰ ਜਦੋਂ ਤਕ ਨਹੀਂ ਬਣਦੀ ਓਦੋਂ ਤਕ ਸਮਾਜ ਦੀ ਬਿਰਤੀ ਨੂੰ ਅਸੀਂ ਮਾਨਵੀ ਨਹੀਂ ਬਣਾ ਸਕਦੇ। ਇਹ ਮਰਦਾਨਗੀ ਦੀ ਹੈਵਾਨੀਅਤ ਵਿੱਚ ਲਬਰੇਜ਼ ਹੀ ਪ੍ਰਫੁਲਤ ਹੁੰਦੀ ਜਾਏਗੀ।

ਹਜ਼ਾਰਾਂ ਸਾਲਾਂ ਤੋਂ ਚਲਦੇ ਸਮਾਜ ਦੇ ਅਜਿਹੇ ਸੰਗੀਨ ਅਮਲੀ ਪ੍ਰਤੱਖਤਾ ਬਾਰੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਹਾ ਹੈ "ਮ: 1 ॥ ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥1243” ਗੁਰੂ ਨਾਨਕ ਦੇ 546 ਸਾਲ ਬਾਅਦ ਵੀ ਪੰਜਾਬ ਨੂੰ ਮੁੜ ਉੱਥੇ ਹੀ ਪਹੁੰਚਾ ਦਿੱਤਾ ਗਿਆ ਹੈ, ਜਿੱਥੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ ਗਰਕਿਆ ਪਿਆ ਸੀ। ਇਸ ਦਾ ਖ਼ਾਸ ਅਸਲ ਕਾਰਨ ਸਿਰਫ਼ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਵੱਲੋਂ ਪੰਜਾਬੀ ਨੂੰ "ਗੁਰਮੁਖੀ ਅਤੇ ਗੁਰਮੁਖ” ਬਣਾਇਆ ਗਿਆ ਸੀ ਉਸ ਨੂੰ ਮੁੜ ਪੰਜਾਬੀ ਅਤੇ ਪੰਜਾਬੀਅਤ ਦਾ ਅਲੰਬਰਦਾਰ ਬਣਾ ਦੇਣਾ ਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹਜ਼ਾਰਾਂ ਸਾਲਾਂ ਤੋਂ ਚਲਦੀਆਂ ਔਰਤ ਪ੍ਰਤੀ ਅਨਿਆਂ ਦੀਆਂ ਸਾਰੀਆਂ ਰੀਤਾਂ, ਨਿਯਮਾਂ, ਬੰਧਨਾਂ, ਮਰਿਆਦਾਵਾਂ ਨੂੰ ਇੱਕੋ ਝਟਕੇ ਵਿੱਚ ਹੀ ਮੁਕਾ ਦਿੱਤਾ । ਇੰਝ ਇਸ "ਖ਼ਾਲਸੇ ਦੇ ਝਟਕਾ ਪ੍ਰਕਾਸ਼ ਨਿਯਮ” ਰਾਹੀਂ ਆਪਣੀ ਸਿੱਕੇ ਬੰਦ ਨਾਨਕਸ਼ਾਹੀ ਜਿਸ "ਸਿੱਖੀ” ਰਾਹੀਂ ਸਿੱਖ ਸਭਿਅਤਾ ਨੂੰ ਪੰਜਾਬ ਦੀ ਅਮਲੀ ਜਿੰਦਗੀ ਦਾ ਹਿੱਸਾ ਬਣਾ ਕੇ ਔਰਤ ਨੂੰ ਬਰਾਬਰੀ ਤੇ ਲਿਆ ਖੜਾ ਕਰ, ਮਾਨਵੀ ਮਨੋਬਿਰਤੀ ਵਿੱਚ ਇਸ ਕ੍ਰਾਂਤੀਕਾਰੀ ਪਰਿਵਰਤਨ ਦਾ ਸਿੱਧਾ ਅਮਲ ਲਾਗੂ ਕਰ ਕਿਹਾ ਕਿ ਇਸ ਧਰਤੀ ਉਪਰ ਸਿਰਫ਼ ਅਕਾਲ ਪੁਰਖ ਹੀ "ਪੁਰਸ਼” ਜਾਂ "ਮਰਦ” ਹੈ ।

ਮਨੁੱਖ ਜਾਤੀ ਵਿੱਚ ਕੋਈ ਲਿੰਗ ਭੇਦ ਦਾ ਵਿਖਰੇਵਾਂ ਸਵੀਕਾਰ ਨਹੀਂ ਹੈ। "ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥591” ਦਾ ਗੁਰੂ ਨਾਨਕ ਦਾ ਨਾਨਕਸ਼ਾਹੀ ਸਿੱਖ ਸਿਧਾਂਤ ਦਾ ਸੰਕਲਪ "ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥983” ਹੈ।ਇਸੇ ਹੀ ਸਿੱਖ ਸਿਧਾਂਤ "ਠਾਕੁਰੁ ਏਕੁ ਸਬਾਈ ਨਾਰਿ ॥933” ਦੇ "ਮਰਦ ਅਕਾਲ ਪੁਰਖ” ਪ੍ਰਧਾਨ ਸਮਾਜ ਦੀ ਬਣਤਰ ਦੀ ਜਾਮਨੀ ਹੀ ਨਾਨਕਸ਼ਾਹੀ ਸਿੱਖ ਸਭਿਅਤਾ ਦੀ ਸਿੱਖੀ ਭਰਦੀ, ਦਿੰਦੀ ਅਤੇ ਅਮਲ ਵਿਚਲਿਆ ਕੇ ਲਾਗੂ ਕਰਦੀ ਹੈ। ਗੁਰੂ ਨਾਨਕ ਸਾਹਿਬ ਵੱਲੋਂ ਅਸਲ ਨਾਰੀ ਬਰਾਬਰਤਾ ਦਾ ਇਹੋ ਮੂਲ ਤੱਤਸਾਰ ਹੈ ਜੋ ਬਰਾਬਰਤਾ ਵਾਲਾ ਸਮਾਜ ਸਿਰਜ ਕੇ ਗੁਰੂ ਨਾਨਕ ਨੇ ਸਿੱਖੀ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਅਤੇ ਤੁਲ ਬਣਾ ਕੇ ਸਥਾਪਿਤ ਕੀਤਾ ਹੈ। ਇਸੇ ਨੂੰ ਹੀ ਪਛਾੜ ਦੇਣ ਲਈ ਹੀ ਸਰਕਾਰੀ ਅਮਲ ਰਾਹੀਂ ਮੁੜ ਪੰਜਾਬ ਦੇ "ਨਾਨਕਸ਼ਾਹੀ ਸਮਾਜ” ਨੂੰ "ਪੰਜਾਬੀ” ਬਣਾਇਆ ਗਿਆ ਹੈ। ਇਹੋ ਪਰਿਵਰਤਨ ਹੀ ਪੰਜਾਬ ਦੀ ਮੂਲ ਸਮੱਸਿਆ ਦਾ ਅਸਲ ਕੇਂਦਰੀ ਧੁਰਾ ਹੈ। ਜਿਸ ਦਾ ਬੀਜ ਮਨੋਬਿਰਤਕ ਹੈ। ਕਾਨੂੰਨੀ ਜਾਂ ਸੰਵਿਧਾਨਿਕ ਨਹੀਂ ।

ਲੋੜ ਮਨੁੱਖੀ ਮਨੋਬਿਰਤਕ ਖ਼ਿਆਲ ਅਤੇ ਸੋਚ ਨੂੰ ਬਦਲਣ ਦੀ ਹੈ। ਇਹੋ ਕੰਮ ਗੁਰੂ ਨਾਨਕ ਦੀ ਸਿੱਖੀ ਨੇ ਕੀਤਾ ਸੀ ਅਤੇ ਅੱਗੋਂ ਕਰਨਾ ਚਾਹੁੰਦੀ ਹੈ। ਅਫ਼ਸੋਸ ਕਿ ਇਸ ਤੇ ‘ਅਜੋਕੇ ਪੰਜਾਬੀ ਬਣਨ ਜਾ ਰਹੇ ਸਮਾਜ’ ਨੇ ਰੋਕ ਲਾ ਦਿੱਤੀ ਹੈ ਅਤੇ ਸਿੱਖ ਗੁਰੂਆਂ ਅਤੇ ਖ਼ਾਲਸਾ ਪੰਥ ਰਾਹੀਂ ਜਿਹੜੀ ਮਾਨਵੀ ਅਕਾਲ ਪਰਥਾਏ ਚੜ੍ਹਤ ਇਸ ਨੇ ਹਾਸਲ ਕੀਤੀ ਸੀ ਉਸ ਨੂੰ ਮੁਕਾ ਦਿੱਤਾ ਹੈ। ਅੱਗੋਂ ਇਸ ਦੀ ‘ਨਸਬੰਦੀ’ ਹਿਤ ਹੀ ਸਕੂਲਾਂ ਕਾਲਜਾਂ, ਧਾਰਮਿਕ ਅਤੇ ਸਮਾਜੀ ਸੰਸਥਾਵਾਂ, ਇੱਥੋਂ ਤਕ ਕਿ ਪਰਿਵਾਰਕ ਬਣਤਰ ਵਿੱਚ ਵੀ ਸੰਸਕਾਰਾਂ, ਸਲੀਕੇ, ਮਰਿਆਦਾ, ਆਚਰਣ ਅਤੇ ਕਿਰਦਾਰ ਦੇ ਨਾਲੋਂ ਨਾਲ ਪਰਿਵਾਰਕ, ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਸਦਆਚਰਣ ਦੇ ਸਲੀਕੇ ਦੀ ਸਿੱਖਿਆ ਦੀ ਮਨੁੱਖੀ ਲੋੜ ਦੇ ਵਿਸ਼ਿਆਂ ਨੂੰ, ਵਿਵਸਥਾ ਅਤੇ ਰਾਜ ਪ੍ਰਣਾਲੀ ਨੇ ਅਤੇ ਇਸ ਤੋਂ ਪੋਸ਼ਿਤ ਸਮਾਜ ਨੇ "ਆਮ ਗਿਆਨ” ਅਰਥਾਤ ‘ਕਾਮਨ ਸੈਂਸ’ ਵਿੱਚੋਂ ਮਨਫ਼ੀ ਕਰ ਦਿੱਤਾ ਹੈ। ਇਨ੍ਹਾਂ ਤੋਂ ਮਨਫ਼ੀ ਮਨੁੱਖ ਹੈਵਾਨ ਹੀ ਬਣਦਾ ਹੈ, ਤੇ ਉਹ ਬਣਾਇਆ ਜਾ ਚੁਕਾ ਹੈ। ਹੁਣ ਇਸ ਨੂੰ ਮੁੜ ਗੁਰੂ ਨਾਨਕ ਦੀ ਪੈੜ ਤੇ ਚੱਲ ਕੇ ਇਨਸਾਨ ਬਣਾਉਣ ਦੀ ਤੀਬਰ ਲੋੜ ਉਪਜ ਚੁਕੀ ਹੈ। ਅਗਰ ਤੁਹਾਨੂੰ ਨਹੀਂ ਯਕੀਨ ਤਾਂ ਆਪਣੇ ਆਲੇ ਦੁਆਲੇ ਹੁੰਦੇ ਅਪਰਾਧਾਂ ਨੂੰ ਕਰਨ ਵਾਲਿਆਂ ਦਾ ਪਿਛੋਕੜ ਵੇਖ ਲਓ। ਹੁਣ ਬਹੁਤਾਤ ਅਪਰਾਧ ਚੰਗੇ ਪੜ੍ਹੇ ਲਿਖੇ ਅਤੇ ਆਰਥਿਕ ਤੌਰ ਤੇ ਸਮਰਥ ਪਰਿਵਾਰਾਂ ਦੇ ਬੱਚੇ ਹੀ ਕਰ ਰਹੇ ਹਨ। ਇਹੋ ਸਾਡੀ ਆਧੁਨਿਕਤਾ ਦੀ ਤਰੱਕੀ ਪਸੰਦਗੀ ਦੇ ਵਿਕਾਸ ਦਾ ਰੋਲ ਮਾਡਲ ਸੱਤਾਧਾਰੀ ਪ੍ਰਬੰਧਕੀ ਸੰਸਥਾਵਾਂ ਨੇ ਸਮਾਜ ਨੂੰ ਦਿੱਤਾ ਹੈ।

ਭਵਿੱਖ ਇਸ ਗੱਲ ਨੂੰ ਸਾਬਤ ਕਰੇਗਾ ਕਿ "ਨਾਨਕਸ਼ਾਹੀ ਰਾਜ ਅਤੇ ਸਰਕਾਰ ਦੀ ਪ੍ਰਣਾਲੀ, ਪ੍ਰਬੰਧਕੀ ਨਿਜ਼ਾਮ ਅਤੇ ਆਮ ਕੰਮਕਾਜੀ ਵਿਵਸਥਾ” ਹੀ ਸੰਸਾਰ ਭਰ ਲਈ ਉੱਤਮ ਢੁਕਵੀਂ ਹੋਵੇਗੀ। ਜਿਸ ਵਲ ਸਭ ਨੂੰ ਮੁੜਨਾ ਹੀ ਪੈਣਾ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top