Share on Facebook

Main News Page

ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਮੁਬਾਰਿਕ ਹਨ, ਪਰ ਇਸ ਪਿੱਛੇ ਬਾਦਲੀ ਰਾਜਨੀਤੀ ਕੀਹ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਣ ਸ਼ਸਤਰ ਅਤੇ ਕੁੱਝ ਹੋਰ ਵਸਤਾਂ ਦੀ ਇੱਕ ਦਰਸ਼ਨ ਯਾਤਰਾ, ਪੰਜਾਬ ਦੀ ਬਾਦਲ ਸਰਕਾਰ,ਅਤੇ ਸ਼ਰੋਮਣੀ ਕਮੇਟੀ ਨੇ 7 ਮਈ ਨੂੰ ਪਟਿਆਲਾ ਤੋਂ ਆਰੰਭ ਕਰਵਾਈ ਹੈ, ਜਿਹੜੀ ਬਹੁਤ ਸ਼ਲਾਘਾਯੋਗ ਹੈ ਕਿ ਜਿੱਥੋਂ ਦੀ ਇਹ ਦਰਸ਼ਨ ਯਾਤਰਾ ਲੰਘੇਗੀ, ਉਥੋਂ ਲੱਖਾਂ ਲੋਕ ਇਹਨਾਂ ਪਾਵਣ ਸ਼ਸਤਰਾਂ ਦੇ ਦਰਸ਼ਨ ਕਰਕੇ ਨਿਹਾਲ ਹੋਣਗੇ ਅਤੇ ਆਪਣਾ ਜੀਵਨ ਸਫਲ ਕਰਨਗੇ। ਅਜਿਹਾ ਉਦਮ ਕੁੱਝ ਸਾਲਾਂ ਬਾਅਦ ਹੋ ਜਾਵੇ ਤਾਂ ਬਹੁਤ ਵਧੀਆ ਹੈ। ਨਵੀਂ ਸਿੱਖ ਪੀੜੀ ਨੂੰ, ਆਪਣੇ ਵਿਰਸੇ ਨੂੰ ਵੇਖਣ ਦਾ ਮੌਕਾ ਮਿਲੇਗਾ ਅਤੇ ਉਹਨਾਂ ਅੰਦਰ ਗੁਰੂ ਅਤੇ ਗੁਰੂ ਪੰਥ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਹੋਵੇਗਾ, ਜਿਸ ਨਾਲ ਉਹ ਸਿੱਖੀ ਵੱਲ ਪਰਤਣਗੇ ਅਤੇ ਇੱਕ ਆਦਰਸ਼ ਮਨੁੱਖ ਬਣ ਸਕਣਗੇ।

ਇਹ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਅਦਾਲਤੀ ਹੁਕਮਾਂ ਨਾਲ ਪਿਛਲੇ ਸਮੇਂ ਤੋਂ ਘੁੰਮ ਘੁਮਾਕੇ ਪਟਿਆਲਾ ਦੀ ਪੁਰਾਤਤਵ ਵਿਭਾਗ ਦੀ ਨਿਗਰਾਨੀ ਹੇਠ, ਪਟਿਆਲਾ ਦੇ ਕਿਲਾ ਮੁਬਾਰਿਕ ਵਿੱਚ ਰੱਖੀਆਂ ਹੋਈਆਂ ਸਨ, ਜਿੱਥੇ ਉਹਨਾਂ ਦੀ ਸੰਭਾਲ ਨਹੀਂ, ਸਗੋਂ ਉਸ ਤਰਾਂ ਦੀ ਲਾਪਰਵਾਹੀ ਸੀ, ਜਿਵੇ ਆਮ ਸਰਕਾਰੀ ਦਫਤਰਾਂ ਵਿੱਚ ਪਈਆਂ ਫਾਈਲਾਂ ਦਾ ਹਾਲ ਹੁੰਦਾ ਹੈ, ਪਰ ਕੁੱਝ ਗੁਰਸਿੱਖਾਂ ਨੇ ਇਹਨਾਂ ਸ਼ਸਤਰਾਂ ਅਤੇ ਗੁਰੂ ਸਾਹਿਬ ਨਾਲ ਸਬੰਧਤ ਕੁੱਝ ਹੋਰ ਵਸਤੂਆਂ ਦੀ ਅਣਦੇਖੀ ਅਤੇ ਹੌਲੀ ਹੌਲੀ ਖਰਾਬ ਹੋ ਰਹੀਆਂ, ਇਹਨਾਂ ਵਸਤੂਆਂ ਬਾਰੇ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਦੂਜੇ ਤਖਤਾਂ ਦੇ ਜਥੇਦਾਰਾਂ, ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਜਾਂ ਮੈਂਬਰਾਂ ਤੋਂ ਇਲਾਵਾ ਅਨੇਕਾਂ ਵਾਰ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ, ਸ.ਸੁਖਬੀਰ ਸਿੰਘ ਬਾਦਲ, ਕੁੱਝ ਮੰਤਰੀਆਂ ਅਤੇ ਡਿਪਟੀ ਕਮਿਸ਼ਨਰ ਸਮੇਤ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਅਤੇ ਜੁਬਾਨੀ ਬੇਨਤੀਆਂ ਕੀਤੀਆਂ ਕਿ ਗੁਰੂ ਸਾਹਿਬ ਦੀਆਂ ਕੀਮਤੀ ਨਿਸ਼ਾਨੀਆਂ ਖਰਾਬ ਹੋ ਰਹੀਆਂ ਹਨ, ਪਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਤੇ ਅਖੀਰ ਉਹਨਾਂ ਗੁਰਸਿੱਖਾਂ ਨੇ ਅਰਦਾਸ ਦਿਵਸ ਮਨਾਏ ਅਤੇ ਧਰਨੇ ਤੱਕ ਵੀ ਲਾਏ ਕਿ ਗੁਰੂ ਸਾਹਿਬ ਦੇ ਸ਼ਸਤਰ ਆਜਾਦ ਕਰਵਾਏ ਜਾਣ, ਅਖੀਰ ਛੇ ਸਾਲ ਚੱਲੇ ਇਸ ਧਰਮਯੁੱਧ ਤੋਂ ਬਾਅਦ ਹੁਣ ਇਹ ਸੰਭਵ ਹੋਇਆ ਹੈ।

ਲੇਕਿਨ ਹੁਣ ਬਾਦਲ ਪਰਿਵਾਰ ਅਤੇ ਉਸਦਿਆਂ ਕਰਿੰਦਿਆਂ ਨੂੰ ਇਹਨਾਂ ਸ਼ਸਤਰਾਂ ਦੀ ਕਿਵੇ ਯਾਦ ਆ ਗਈ, ਇਹ ਗੱਲ ਸਮਝਣ ਵਾਲੀ ਹੈਸ. ਬਾਦਲ ਦੇ ਰਾਜ ਵਿੱਚ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ, ਸਭ ਪਾਸੇ ਸੇਵਾ ਹੀ ਸੇਵਾ ਹੈ, ਜਿਵੇ ਪੁਲਿਸ ਵਾਲੇ ਵੀ ਤਾਂ ਜਦੋਂ ਕਿਸੇ ਨੂੰ ਫੜ੍ਹਦੇ ਹਨ ਤਾਂ ਅਫਸਰ ਪੁੱਛਦਾ ਹੈ, ਓਏ ਇਹਨਾਂ ਦੀ ਕੋਈ ਸੇਵਾ ਕੀਤੀ ਕੇ ਨਹੀਂ, ਇਸ ਕਰਕੇ ਬਾਦਲਾਂ ਦੀ ਸੇਵਾ ਦਾ ਹੁਣ ਜਿਆਦਾ ਵਿਸਥਾਰ ਨਾਲ ਵਰਣਨ ਕਰਨ ਦੀ ਲੋੜ ਨਹੀਂ, ਪਾਠਕ ਇਸ਼ਾਰੇ ਨਾਲ ਹੀ ਸਮਝ ਜਾਣਗੇ। ਸ. ਬਾਦਲ ਦੇ ਰਾਜ ਵਿੱਚ ਬਹੁਤ ਕੁੱਝ ਵਾਪਰ ਰਿਹਾ ਹੈ, ਜਿਹੜਾ ਸਿੱਖੀ ਦੇ ਮੁੱਢੋਂ ਹੀ ਖਿਲਾਫ਼ ਜਾਂਦਾ ਹੈ ਅਤੇ ਪੰਥ ਦਾ ਜਿੰਨਾ ਮਰਜ਼ੀ ਨੁਕਸਾਨ ਹੋਵੇ, ਉਸ ਦਾ ਭਾਰਤੀ ਨਿਜ਼ਾਮ ਨੂੰ ਫਾਇਦਾ ਵੀ ਹੁੰਦਾ ਹੈ ਅਤੇ ਖੁਸ਼ੀ ਵੀ ਹੁੰਦੀ ਹੈ ਅਤੇ ਇਸ ਗੱਲ ਦਾ ਹੋਰ ਵੀ ਜਿਆਦਾ ਫਾਇਦਾ ਹੁੰਦਾ ਹੈ, ਜਦੋਂ ਕੋਈ ਸਿੱਖ ਹੋ ਕੇ ਪੰਜਾਬ ਅਤੇ ਪੰਥ ਦਾ ਨੁਕਸਾਨ ਕਰੇ। ਇਸ ਨਾਲ ਜੋ ਕੰਮ ਭਾਰਤੀ ਨਿਜ਼ਾਮ ਆਪਣੀ ਬਦਨਾਮੀ ਕਰਵਾ ਕੇ ਕਰਨ ਵਿੱਚ ਸਫਲ ਹੁੰਦਾ ਹੈ, ਉਹ ਆਪਣੇ ਆਪ ਹੋ ਰਿਹਾ ਹੈ। ਭਾਰਤੀ ਨਿਜ਼ਾਮ ਹਰ ਹੀਲੇ ਸ. ਬਾਦਲ ਨੂੰ ਸਿੱਖਾਂ ਅਤੇ ਪੰਜਾਬ ਦੇ ਸਿਰ ਉੱਤੇ ਬਿਠਾ ਕੇ ਹੀ ਰੱਖਣਾ ਚਾਹੁੰਦਾ ਹੈ।

ਕੁੱਝ ਉਚ ਪਾਏ ਦੇ ਰਾਜਸੀ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਸ. ਬਾਦਲ ਆਪਣੇ ਕਰੀਬੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧਾਂ ਦੇ ਮਾਮਲੇ ਵਿੱਚ ਕਸੂਤੇ ਫਸ ਗਏ ਸਨ ਤਾਂ ਉਸ ਵੇਲੇ ਪੰਜਾਬ ਵਿੱਚ ਆਪਣੀ ਸਿੱਧੀ ਸਰਦਾਰੀ ਕਾਇਮ ਕਰਨ ਵਾਸਤੇ, ਆਰ.ਐਸ.ਐਸ. ਨੇ ਬੀ.ਜੇ.ਪੀ. ਨੂੰ ਇਸ ਮੌਕੇ ਦਾ ਫਾਇਦਾ ਲੈਣ ਵਾਸਤੇ ਕਿਹਾ। ਜਿਸ ਨੂੰ ਮੁੱਖ ਰੱਖ ਕੇ ਅਮਿਤ ਸ਼ਾਹ ਨੇ ਬਾਰਡਰ ਉੱਤੇ ਨਸ਼ਾ ਅਤੇ ਪਾਕਿਸਤਾਨ ਵਿਰੋਧੀ ਮਹਾਂ ਰੈਲੀ ਦਾ ਐਲਾਨ ਵੀ ਕਰ ਦਿੱਤਾ ਸੀ।

ਦੂਜੇ ਪਾਸੇ ਪੰਜਾਬ ਕਾਂਗਰਸ ਨੇ ਵਿਧਾਨਸਭਾ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਬਾਦਲ ਸਰਕਾਰ ਨੂੰ ਘੇਰਨ ਦੀ ਪੱਕੀ ਤਿਆਰੀ ਕਰ ਲਈ ਸੀ ਭਾਰਤੀ ਨਿਜ਼ਾਮ ਭਾਵ ਖੁਫੀਆ ਵਿਭਾਗ ਦੇ ਕੁੱਝ ਆਲਾ ਅਧਿਕਾਰੀਆਂ ਨੇ ਬੀ.ਜੇ.ਪੀ. ਅਤੇ ਕਾਂਗਰਸ ਨੂੰ ਅਜਿਹਾ ਕਰਨ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਅਤੇ ਸਮਝਾਇਆ ਕਿ ਸਾਡਾ ਸਾਰਾ ਜੋਰ ਲੱਗਿਆ ਹੋਇਆ ਹੈ ਕਿ ਸਿੱਖਾਂ ਅਤੇ ਪੰਜਾਬ ਦੀ ਅਗਵਾਈ ਸ. ਬਾਦਲ ਵਰਗੇ ਪੰਥ ਅਤੇ ਪੰਜਾਬ ਵਿਰੋਧੀ ਦੇ ਹੱਥ ਹੀ ਰਹੇ, ਪਰ ਤੁਸੀਂ ਅਜਿਹਾ ਕਰਕੇ ਬਾਦਲ ਦੀਆਂ ਜੜਾਂ ਉਖੇੜ ਦਿਓਗੇ, ਜਿਸ ਨਾਲ ਅੱਤਵਾਦ ਭਾਵ ਪੰਥ ਅਤੇ ਪੰਜਾਬ ਪ੍ਰਸਤਾਂ ਦੇ ਅੱਗੇ ਆਉਣ ਦਾ ਰਸਤਾ ਖੁੱਲ੍ਹ ਜਾਵੇਗਾ। ਉਸੇ ਵੇਲੇ ਦਿੱਲੀ ਦੀ ਕਾਂਗਰਸ ਹਾਈ ਕਮਾਂਡ ਦੀ ਘੁਰਕੀ ਨਾਲ, ਪੰਜਾਬ ਦੇ ਕਾਂਗਰਸੀਆਂ ਦਾ ਦੁੱਧ ਵਰਗਾ ਉਬਾਲਾ, ਇੱਕ ਪਾਣੀ ਦੇ ਛਿੱਟੇ ਨਾਲ ਬਹਿ ਗਿਆ ਅਤੇ ਮਜੀਠੀਏ ਨੂੰ ਕਾਂਗਰਸ ਦੇ ਵੱਡੇ ਆਗੂ ਕਲੀਨ ਚਿੱਟਾਂ ਦੇਣ ਲੱਗ ਪਏ। ਅਮਿਤ ਸ਼ਾਹ ਦੀ ਰੈਲੀ ਦੇ ਟੈਂਟਾਂ ਦੀਆਂ ਸਾਈਆਂ ਲੱਗੀਆਂ ਲਗਾਈਆਂ ਰਹਿ ਗਈਆਂ।

ਪਰ ਮੋਗਾ ਦੇ ਇੱਕ ਦਲਿਤ ਪਰਿਵਾਰ ਨਾਲ ਬਾਘਾ ਪੁਰਾਣਾ ਵਿਖੇ, ਜਿਹੜਾ ਘਿਨੌਣਾ ਕਾਰਨਾਮਾ, ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਬੱਸ, ਵਿੱਚ ਵਾਪਰਿਆ, ਉਸ ਨੇ ਪੂਰੀ ਦੁਨੀਆਂ ਵਿੱਚ ਬਾਦਲਾਂ ਦੀ ਮਿੱਟੀ ਪੱਟ ਕੇ ਰੱਖ ਦਿੱਤੀ। ਸਿੱਖਾਂ ਦੇ ਖਿਲਾਫ਼ ,ਪੰਥ ਦੇ ਖਿਲਾਫ਼ ਜਾਂ ਪੰਜਾਬ ਦੇ ਖਿਲਾਫ਼, ਕੁੱਝ ਵੀ ਪੰਜਾਬ ਵਿੱਚ ਵਾਪਰ ਜਾਵੇ, ਕੇਂਦਰ ਭਾਵ ਭਾਰਤੀ ਨਿਜ਼ਾਮ ਨੂੰ ਕੋਈ ਬਹੁਤੀ ਸਿਰ ਦਰਦੀ ਨਹੀਂ ਹੁੰਦੀ, ਸਗੋਂ ਖੁਸ਼ੀ ਹੁੰਦੀ ਹੈ, ਪਰ ਜਦੋਂ ਕੋਈ ਘਟਨਾਂ ਅਜਿਹੀ ਵਾਪਰ ਜਾਵੇ, ਜਿਸ ਦਾ ਭਾਰੀ ਨਿਜ਼ਾਮ ਦੇ ਸੂਬੇਦਾਰਾਂ ਭਾਵ ਬਾਦਲਾਂ ਨੂੰ ਕੋਈ ਨੁਕਸਾਨ ਹੁੰਦਾ ਹੋਵੇ ਤਾਂ ਦਿੱਲੀ ਦੇ ਸਿੰਘਾਸਨ ਦੇ ਪਾਵੇ ਹਿੱਲਣ ਲੱਗ ਪੈਦੇ ਹਨ ਅਤੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਕਿ ਜੇ ਸ. ਬਾਦਲ ਦੀ ਮਿੱਟੀ ਪਲੀਤ ਹੋ ਕੇ, ਪੰਜਾਬ ਅਤੇ ਪੰਥ ਤੋਂ ਪਕੜ ਢਿੱਲੀ ਪੈ ਗਈ ਤਾਂ ਸਾਡਾ ਕੀਹ ਬਣੇਗਾ। ਇਸ ਗੱਲ ਦਾ ਕੋਈ ਫਰਕ ਨਹੀਂ ਕਿ ਦਿੱਲੀ ਵਿੱਚ ਮੋਦੀ ਭਾਵ ਬੀ.ਜੇ.ਪੀ. ਦੀ ਸਰਕਾਰ ਹੈ ਜਾਂ ਮਨਮੋਹਨ ਸਿੰਘ ਭਾਵ ਕਾਂਗਰਸ ਦੀ ਸਰਕਾਰ ਹੈ, ਬੇਸ਼ੱਕ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਦੀ ਹੋਵੇ, ਭਾਰਤੀ ਨਿਜ਼ਾਮ ਦੀਆਂ ਸਿੱਖ ਮਾਰੂ ਨੀਤੀਆਂ ਵਿੱਚ ਕੋਈ ਫਰਕ ਨਹੀਂ ਆਉਂਦਾ। ਭਾਰਤੀ ਨਿਜ਼ਾਮ ਨੂੰ ਪੰਜਾਬ ਵਿਚ ਐਸਾ ਪ੍ਰਬੰਧ ਚਾਹੀਦਾ ਹੈ, ਜਿਹੜਾ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗਲ ਨਾ ਕਰੇ।

ਹੁਣ ਔਰਬਿਟ ਬੱਸ ਕਾਂਡ ਨੇ ਬਾਦਲਾਂ ਨੂੰ ਅਜਿਹੀ ਸੱਟ ਮਾਰੀ ਹੈ ਕਿ ਬਾਦਲ ਸਿਰ ਤੋਂ ਪੈਰਾਂ ਤੱਕ ਹਿੱਲ ਗਏ ਹਨ। ਉਹਨਾਂ ਨੂੰ ਲੋਕਾਂ ਦਾ ਰੋਹ ਅਤੇ ਗੁੱਸਾ ਠੰਡਾ ਕਰਨ ਵਾਸਤੇ ਆਪਣੀਆਂ ਬੱਸਾਂ ਵੀ ਬੰਦ ਕਰਨੀਆਂ ਪਈਆਂ, ਇਹ ਬਾਦਲ ਪਰਿਵਾਰ ਦਾ ਫੈਸਲਾ ਨਹੀਂ, ਇਹ ਵੀ ਭਾਰਤੀ ਨਿਜ਼ਾਮ ਦੇ ਉਚੇ ਦਿਮਾਗ ਦੀ ਸਲਾਹ ਹੈ ਕਿ ਇੱਕ ਵਾਰ ਇਜ਼ਤ ਬਚਾਓ, ਜਿਸ ਨਾਲ ਰਾਜ ਸਤਾ ਉੱਤੇ ਕਬਜਾ ਬਣਿਆ ਰਹਿ ਸਕੇ। ਅਚਨਚੇਤੀ ਹੋਏ ਬੱਸ ਕਾਂਡ ਤੋਂ ਬੁਖਲਾਕੇ ਸ. ਬਾਦਲ, ਬਾਦਲ ਪਰਿਵਾਰ ਅਤੇ ਅਫਸਰ ਕਾਹਲੀ ਕਾਹਲੀ ਵਿੱਚ ਅਜਿਹੇ ਬਿਆਨ ਦੇ ਬੈਠੇ, ਜਿਸ ਨਾਲ ਸਾਰੇ ਜਹਾਨ ਵਿੱਚ ਤੋਏ ਤੋਏ ਹੋ ਗਈ। ਬਾਦਲਾਂ ਦੀ ਹਿੰਮਤ ਨਹੀਂ ਪਈ ਕਿ ਦਲੇਰੀ ਕਰਕੇ ਪੀੜਤ ਪਰਿਵਾਰ ਦੇ ਘਰ ਉਸੇ ਦਿਨ ਹੀ ਸਿੱਧੇ ਚਲੇ ਜਾਂਦੇ। ਇਸ ਨਾਲ ਸਾਰੇ ਵਰਕਰ ਵੀ ਚੱਪਣੀਆਂ ਲੱਭਦੇ ਫਿਰਦੇ ਸਨ ਕਿ ਪਤਾ ਨਹੀਂ ਕਿਸ ਵੇਲੇ ਨੱਕ ਡਬੋਣਾ ਪੈ ਜਾਵੇ। ਇਹ ਸਥਿਤੀ ਬਹੁਤ ਹੀ ਕਸੂਤੀ ਸੀ ਅਤੇ ਬਾਦਲ ਦਲ ਵਾਸਤੇ ਲੋਕਾਂ ਵਿੱਚ ਜਾਣਾ ਬੜਾ ਹੀ ਮੁਸ਼ਕਿਲ ਹੋ ਗਿਆ ਸੀ।

ਪਰ ਬਾਦਲ ਦਲ ਕੋਈ ਸਧਾਰਨ ਸ਼ਕਤੀ ਨਹੀਂ, ਉਸ ਦੇ ਪਿੱਛੇ ਦੁਨੀਆਂ ਦੀ ਵੱਡੀ ਤਾਕਤ ਭਾਰਤੀ ਨਿਜ਼ਾਮ ਹਿੱਕ ਡਾਹ ਕੇ ਖੜ੍ਹਾ ਹੈ, ਉਸ ਦੀ ਹਰ ਪਲ ਪੰਜਾਬ ਦੇ ਹਾਲਤਾਂ ਅਤੇ ਸਿੱਖਾਂ ਉੱਤੇ ਕਰੜੀ ਨਜਰ ਹੈ। ਇਸ ਲਈ ਹੀ ਉਹਨਾਂ ਨੇ ਬਾਦਲ ਦਲ ਨੂੰ ਸੜਕਾਂ ਉੱਤੇ ਨਿਕਲ ਵਾਸਤੇ, ਇਹ ਰਸਤਾ ਦੱਸਿਆ ਕਿ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਛਾਂ ਥੱਲੇ ਟੁਰਕੇ, ਤੁਸੀਂ ਉਸ ਦੁਖਾਂਤ ਦੀ ਗਰਮੀ ਤੋਂ ਬਚ ਸਕਦੇ ਹੋ। ਇਹ ਸ਼ਸਤਰ ਸੰਭਾਲਣ ਵਾਸਤੇ ਤਾਂ ਸਿੱਖ ਪਿਛਲੇ ਛੇ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ, ਅੱਜ ਕਿਉਂ ਯਾਦ ਆਈ ? ਇਸ ਪਿੱਛੇ ਕੋਈ ਮਤਲਬ ਹੈ। ਅੱਜ ਸ. ਬਾਦਲ ਸ਼ਸਤਰਾਂ ਦੀ ਰਵਾਨਗੀ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਰਾਬਰ ਖਲੋ ਕੇ ਭਾਸ਼ਣ ਕਰਦੇ ਹਨ ਕਿ ਇਹ ਸ਼ਸਤਰ ਸਿੱਖਾਂ ਦਾ ਵਿਰਸਾ ਹੈ ਅਤੇ ਗੁਰੂ ਸਾਹਿਬ ਨੇ ਇਹਨਾਂ ਨਾਲ ਸਾਨੂੰ ਹੱਕ ਲੈ ਕੇ ਦਿੱਤੇ, ਪਰ ਆਪ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਕਦੇ ਜ਼ੁਬਾਨ ਨਾਲ ਵੀ ਗੱਲ ਨਹੀਂ ਕਰਦੇ, ਸ਼ਸਤਰਾਂ ਨਾਲ ਕਰਨੀ ਤਾਂ ਦੂਰ ਦੀ ਗੱਲ ਹੈ, ਪਰ ਅੱਜ ਜਰੂਰ ਜਦੋਂ ਤੁਸੀਂ ਇੱਕ ਘਿਨੌਣੇ ਅਪਰਾਧ ਦੀ ਕਾਲਖ ਨਾਲ ਲਿਬੜੇ ਹੋਏ ਹੋ ਤਾਂ ਇੱਕ ਵਾਰ ਫਿਰ ਗੁਰੂ ਦੇ ਸ਼ਸਤਰਾਂ ਦਾ ਆਸਰਾ ਲੈ ਕੇ, ਲੋਕਾਂ ਨੂੰ ਮੋਗਾ ਕਾਂਡ ਭੁਲਾਉਣ ਦਾ ਯਤਨ ਕਰ ਰਹੇ ਹੋ ਅਤੇ ਆਪਣੇ ਆਪ ਨੂੰ ਮੁੜ੍ਹ ਭਾਰਤੀ ਨਿਜ਼ਾਮ ਦੀ ਸੇਵਾ ਕਰਨ ਵਾਸਤੇ ਪੁਨਰ ਸੁਰਜੀਤ ਕਰਨ ਦਾ ਯਤਨ ਕਰ ਰਹੇ ਹੋ।

ਗੁਰੂ ਸਾਹਿਬ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਜਰੂਰ ਕਰ ਲਵੋ, ਇਹ ਦੁਰਲੱਭ ਹਨ ਅਤੇ ਅਜਿਹਾ ਮੌਕਾ ਕਦੇ ਕਦੇ ਆਉਂਦਾ ਹੈ, ਪਰ ਸ਼ਸਤਰਾਂ ਦੇ ਸਾਏ ਹੇਠ ਜਿਹੜਾ ਕੁੱਝ ਜਥੇਦਾਰ, ਸ਼੍ਰੋਮਣੀ ਕਮੇਟੀ ਕਰਕੇ, ਸ. ਬਾਦਲ ਦੀ ਮੁੜ੍ਹ ਸਥਾਪਤੀ ਦਾ ਯਤਨ ਕਰ ਰਹੇ ਹਨ, ਇਸ ਨੂੰ ਵੀ ਧਿਆਨ ਵਿੱਚ ਰਖਿਓ, ਕਿ ਭਾਰਤੀ ਨਿਜ਼ਾਮ ਤੁਹਾਨੂੰ ਤੁਹਾਡੀ ਮਰਜ਼ੀ ਦਾ ਪ੍ਰਬੰਧ ਅਤੇ ਤੁਹਾਡੀ ਆਪਣੀ ਮਰਜ਼ੀ ਦੀਆਂ ਨੀਤੀਆਂ ਤੋਂ ਲਾਂਭੇ ਰੱਖਣ ਵਾਸਤੇ ਕੁੱਝ ਅਜਿਹੀਆਂ ਤਜਵੀਜਾਂ ਬਾਦਲ ਪਰਿਵਾਰ ਨੂੰ ਸਮੇਂ ਸਿਰ ਦੱਸਦਾ ਹੈ, ਜਿਸ ਨਾਲ ਅਸੀਂ ਕਿਸੇ ਧਾਰਮਿਕ ਪ੍ਰਭਾਵ ਅਧੀਨ ਫਿਰ ਖੁਸ਼ ਹੋ ਕੇ, ਉਥੇ ਹੀ ਆ ਖਲੋਂਦੇ ਹਾਂ, ਜਿੱਥੋਂ ਮੋਗਾ ਵਰਗੇ ਘਿਨੌਣੇ ਕਾਂਡ ਸਾਨੂੰ ਹਲੂਣਾ ਦੇ ਕੇ ਨਿਕਲਣ ਦੀ ਤਕੀਦ ਕਰਦੇ ਹਨ।

ਸਾਜਿਸ਼ਾਂ ਨੂੰ ਲਾਹਨਤ ਅਤੇ ਗੁਰੂ ਸਾਹਿਬ ਦੇ ਪਾਵਣ ਸ਼ਸਤਰਾਂ ਨੂੰ ਸਿਰ ਝੁਕਾ ਕੇ ਪ੍ਰਨਾਮ

...ਅੱਗੇ ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top