Share on Facebook

Main News Page

ਇੱਕ ਮਰਦ ਦਲੇਰ ਅਤੇ ਕੌਮੀ ਪਰਵਾਨੇ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਆਉਣਾ ਜਾਣਾ ਸੰਸਾਰ ਦੀ ਇੱਕ ਰੀਤ ਹੈ, ਜੋ ਵੀ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਵੀ ਹੈ, ਪਰ ਨਾ ਕਿਸੇ ਨੂੰ ਇਹ ਪਤਾ ਹੈ ਕਿ ਆਇਆ ਕਿੱਥੋਂ ਅਤੇ ਕਿੱਥੇ ਜਾਣਾ ਹੈ, ਲੇਕਿਨ ਜਿਹੜੇ ਇੱਥੇ ਰਹਿੰਦੇ ਹਨ ਉਹ ਆਉਣ ਜਾਣ ਵਾਲਿਆਂ ਦਾ ਲੇਖਾ ਕਰਦੇ ਹਨ ਅਤੇ ਜਦੋਂ ਕਿਸੇ ਦਾ ਜ਼ਿਕਰ ਹੁੰਦਾ ਹੈ, ਤਾਂ ਫਿਰ ਉਸ ਦੀ ਜਿੰਦਗੀ ਦੇ ਸਾਰੇ ਪੱਖਾਂ ਨੂੰ ਵਿਚਾਰਿਆ ਜਾਂਦਾ ਹੈ, ਫਿਰ ਉਸ ਦੀਆਂ ਕੀਤੀਆਂ ਅਨੁਸਾਰ ਉਸ ਦੀ ਸਲਾਘਾ ਜਾਂ ਬਦਖੋਈ ਹੁੰਦੀ ਹੈ, ਪਰ ਕੁੱਝ ਅਜਿਹੇ ਇਨਸਾਨ ਵੀ ਪੈਦਾ ਹੁੰਦੇ ਹਨ, ਜਿਹੜੇ ਨਵੇਂ ਇਤਿਹਾਸ ਦੇ ਕਰਤਾ ਹੋ ਨਿਬੜਦੇ ਹਨ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਦਾ ਨਾਮ ਲੈ ਕੇ ਫਖਰ ਮਹਿਸੂਸ ਕਰਦੀਆਂ ਹਨ ਅਤੇ ਆਪਣੇ ਵਡੇਰੇ ਸ਼ਹੀਦਾਂ ਜਾਂ ਕੁਰਬਾਨੀ ਵਾਲੇ ਪੁਰਖਾਂ ਦਾ ਨਾਮ ਲੈ ਕੇ ਆਪਣੀ ਪਹਿਚਾਨ ਦੱਸਦੀਆਂ ਹਨ।

ਅੱਜ ਵੀ ਇੱਕ ਗੁਰਸਿੱਖ ਬਾਪੂ ਤਰਲੋਕ ਸਿੰਘ ਅਗਵਾਨ ਆਪਣਾ ਜੀਵਨ ਸਫਲ ਕਰਕੇ ਸਰੀਰਕ ਰੂਪ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਬਾਪੂ ਤਰਲੋਕ ਸਿੰਘ ਪਿਛਲੇ ਕੁੱਝ ਦਿਨਾਂ ਤੋ ਬੀਮਾਰ ਚੱਲੇ ਆ ਰਹੇ ਸਨ ਤੇ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ, ਪਰ ਕੋਈ ਵੀ ਦਵਾਈ ਸਹਾਈ ਨਾ ਹੋ ਸਕੀ ਅਤੇ ਡਾਕਟਰਾਂ ਨੇ ਉਹਨਾਂ ਨੂੰ ਮਸਨੂਈ ਜੀਵਨ ਸੁਰੱਖਿਆ ਪ੍ਰਣਾਲੀ ਤੇ ਰੱਖਿਆ ਹੋਇਆ ਸੀ। ਅਮ੍ਰਿਤਸਰ ਸਾਹਿਬ ਦੇ ਫੋਰਟਸ ਐਸਕਾਹਟ ਹਸਪਤਾਲ ਵਿਖੇ, ਬਾਪੂ ਤਰਲੋਕ ਸਿੰਘ ਜੀ ਨੇ ਅੱਜ ਸਵੇਰੇ ਅੱਠ ਵਜੇ ਆਖਰੀ ਸਾਹ ਲਿਆ, ਭਲੇ ਹੀ ਬਾਪੁ ਤਰਲੋਕ ਸਿੰਘ ਕਦੇ ਵਿਧਾਇਕ ਜਾਂ ਮੰਤਰੀ ਨਹੀਂ ਬਣੇ ਅਤੇ ਨਾ ਹੀ ਉਹਨਾਂ ਨੇ ਕੋਈ ਪੰਜ ਜਾਂ ਸੱਤ ਸਿਤਾਰਾ ਹੋਟਲ ਉਸਾਰਿਆ ਹੈ ਨਾਂ ਹੀ ਉਹਨਾਂ ਦੀ ਕੋਈ ਲਗਜਰੀ ਬੱਸਾਂ ਦੀ ਕੰਪਨੀ ਹੈ, ਪਰ ਉਹਨਾਂ ਦੇ ਸਰੀਰਕ ਵਿਛੋੜੇ ਨੇ ਹਰ ਪੰਥਕ ਹਿਰਦੇ ਨੂੰ ਦਰਦ ਦਿੱਤਾ ਹੈ, ਕਿਉਂਕਿ ਉਹਨਾਂ ਦੇ ਪਾਕ ਖੂਨ ਵਿੱਚੋਂ ਪੈਦਾ ਹੋਇਆ ਬੱਚਾ ਨਾ ਤਾਂ ਕਿਸੇ ਰਿਸ਼ਵਤਖੋਰੀ ਦੇ ਕੇਸ ਵਿੱਚ ਸ਼ਾਮਲ ਹੋਇਆ ਸੀ ਅਤੇ ਨਾ ਹੀ ਕਿਸੇ ਨਸ਼ਾ ਤਸਕਰ ਨਾਲ ਤਾਰ ਜੁੜਦੇ ਸਨ। ਜਿਸ ਕਰਕੇ ਇਸ ਬਾਪੁ ਨੂੰ ਸੰਸਾਰ ਤਿਆਗਣ ਵੇਲੇ ਕੋਈ ਪਛਤਾਵਾ ਹੁੰਦਾ, ਸਗੋਂ ਉਸ ਦੇ ਘਰ ਪੈਦਾ ਹੋਇਆ ਯੋਧਾ ਪੁੱਤਰ ਤਾਂ ਇੱਕ ਅਜਿਹਾ ਮਰਦ ਦਲੇਰ ਸਾਬਿਤ ਹੋਇਆ, ਜਿਹੜਾ ਬਾਬਾ ਦੀਪ ਸਿੰਘ ,ਭਾਈ ਸੁੱਖਾ ਸਿੰਘ ,ਭਾਈ ਮਹਿਤਾਬ ਸਿੰਘ ਦਾ ਵਾਰਿਸ ਅਖਵਾ ਗਿਆ।

ਇਹ ਵੱਖਰੀ ਗੱਲ ਹੈ ਕਿ ਅਜੋਕੀ ਪੀੜ੍ਹੀ, ਜਿਹਨਾਂ ਦਾ ਜਨਮ ਦਰਬਾਰ ਸਾਹਿਬ ਦੇ ਹਮਲੇ ਤੋਂ ਪੰਜ ਸੱਤ ਵਰ੍ਹੇ ਪਹਿਲਾਂ ਜਾਂ ਬਾਅਦ ਵਿੱਚ ਹੋਇਆ ਹੋਵੇਗਾ, ਉਹਨਾਂ ਨੂੰ ਦਰਬਾਰ ਦੇ ਸਾਕੇ ਦਾ ਸੇਕ ਨਹੀਂ ਪਤਾ, ਜੋ ਕੁੱਝ ਸੁਣਿਆ ਜਾਂ ਥੋੜ੍ਹਾ ਬਹੁਤ ਪੜ੍ਹਿਆ, ਉਹ ਹੀ ਜਾਣਕਾਰੀ ਹੋਵੇਗੀ, ਜਦੋਂ ਕਦੇ ਉਹਨਾਂ ਨੇ ਬਾਪੁ ਤਰਲੋਕ ਸਿੰਘ ਦੇ ਦਰਸ਼ਨ ਕੀਤੇ ਹੋਣਗੇ ਤਾਂ ਉਸ ਵੇਲੇ ਬਸ ਇਹ ਹੀ ਹੋਵੇਗਾ ਕਿ ਇੱਕ ਬਜੁਰਗ ਹੈ ਜਾਂ ਕਿਸੇ ਨੇ ਇਹ ਦੱਸ ਦਿੱਤਾ ਹੋਵੇਗਾ ਕਿ ਭਾਈ ਸਤਵੰਤ ਸਿੰਘ ਦਾ ਪਿਤਾ ਹੈ, ਜਿਸ ਨੇ ਇੰਦਰਾ ਗਾਂਧੀ ਨੂੰ ਜਮਪੁਰੀ ਭੇਜਿਆ ਸੀ, ਪਰ ਇਹ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਭਾਰਤੀ ਨਿਜ਼ਾਮ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇੱਕ ਤਰ੍ਹਾਂ ਨਾਲ ਸਿੱਖ ਕੌਮ ਦੀ ਕਮਰ ਤੋੜ ਦਿੱਤੀ ਸੀ ਅਤੇ ਭਾਰਤੀ ਨਿਜ਼ਾਮ ਨੂੰ ਅੰਦਰ ਹੀ ਅੰਦਰ ਇਹ ਖੁਸ਼ੀ ਵੀ ਸੀ ਕਿ ਹੁਣ ਸਿੱਖ ਸਦੀਆਂ ਤੱਕ ਨਹੀਂ ਉਠ ਸਕਣਗੇ, ਪਰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਭਾਰਤੀ ਨਿਜ਼ਾਮ ਦੇ ਭੁਲੇਖੇ ਦੂਰ ਕਰਦਿਆਂ ਅਜਿਹਾ ਕਦਮ ਚੁੱਕਿਆ ਤੇ ਦੱਸ ਦਿੱਤਾ ਕਿ ਸ਼ੇਰ (ਖਾਲਸਾ ਪੰਥ) ਮਰਿਆ ਨਹੀਂ, ਜਖਮੀ ਜਰੂਰ ਹੋਇਆ ਸੀ, ਪਰ ਜਖਮੀ ਸ਼ੇਰ ਜਦੋਂ ਹਮਲਾਵਰ ਹੁੰਦਾ ਹੈ ਤਾਂ ਸਭ ਕੁੱਝ ਫਨਾਹ ਕਰਕੇ ਰੱਖ ਦਿੰਦਾ ਹੈ, ਉਸ ਸ਼ੇਰ ਬਹਾਦਰ ਦਾ ਬਾਪ ਹੈ ਇਹ ਬਾਪੂ ਤਰਲੋਕ ਸਿੰਘ।

ਬਾਪੂ ਦੇ ਜਾਣ ਤੇ ਕੌਮ ਨੂੰ ਕੋਈ ਅਫਸੋਸ ਨਹੀਂ ਹੈ ਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੇ ਲੋਕ ਤਾਂ ਮੁੱਖ ਉਜਲਾ ਲੈ ਕੇ ਰੁਖਸਤ ਹੁੰਦੇ ਹਨ, ਜਿਹਨਾਂ ਉੱਤੇ ਕੌਮ ਨੂੰ ਫਖਰ ਹੈ ਅਤੇ ਸਦਾ ਰਹੇਗਾ। ਗੁਰੂਬਾਣੀ ਵਿੱਚ ਅਜਿਹੇ ਲੋਕਾਂ ਦੇ ਸੱਚਖੰਡ ਪਿਆਨੇ ਉੱਤੇ ਗੁਰੂ ਸਾਹਿਬ ਨੇ ਦਰਜ਼ ਕੀਤਾ ਹੈ ‘‘ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥ ਰੋਵਹੁ ਸਾਕਤ ਬਪੁਰੇ ਜੁ ਹਾਟੈ ਹਾਟੁ ਬਿਕਾਇ॥’’ ਪਰ ਕੌਮ ਨੂੰ ਇੱਕ ਗੱਲ ਦਾ ਅਫਸੋਸ ਅਤੇ ਅਹਿਸਾਸ ਜਰੂਰ ਹੋਣਾ ਚਾਹੀਦਾ ਹੈ, ਕਿ ਆਖਿਰ ਅਣਗੌਲੇ ਕਿਉਂ ਹਨ, ਸ਼ਹੀਦਾਂ ਦੇ ਪਰਿਵਾਰ, ਜਿਹਨਾਂ ਉੱਤੇ ਭੀੜ ਪਈ ਤੋਂ ਜਾਂ ਕਿਸੇ ਲੋੜ ਵੇਲੇ ਪੰਥ ਕਿਉਂ ਨਹੀਂ ਬਹੁੜਦਾ। ਅੱਜ ਆਖਣ ਨੂੰ ਪੰਜਾਬ ਵਿੱਚ ਪੰਥਕ ਸਰਕਾਰ ਹੈ, ਜਿਸ ਪਰਿਵਾਰ ਕੋਲ ਸਰਕਾਰ ਹੈ, ਉਸ ਕੋਲ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਤੇ ਅਕਾਲ ਤਖਤ ਸਾਹਿਬ ਦਾ ਕੰਟ੍ਰੋਲ ਵੀ ਹੈ, ਲੇਕਿਨ ਕਿੰਨੀ ਜਲਾਲਤ ਹੈ ਕਿ ਇੱਕ ਸ਼ਿਵ ਸੈਨਿਕ ਨੂੰ ਕਿਸੇ ਨੌਜਵਾਨ ਨੇ ਗੋਲੀ ਮਾਰ ਦਿੱਤੀ ਤਾਂ ਵੱਡੇ ਛੋਟੇ ਬਾਦਲ, ਉਸ ਦੀ ਮਿਜ਼ਾਜ਼ ਪੁਰਸ਼ੀ ਵਾਸਤੇ ਹੈਲੀਕਾਪਟਰ ਲੈ ਕੇ ਅਮ੍ਰਿਤਸਰ ਸਾਹਿਬ ਪਹੁੰਚੇ, ਪਰ ਨਾਲ ਹੀ ਕੁੱਝ ਦਿਨ ਪਹਿਲਾਂ ਤੋਂ ਬਾਪੂ ਤਰਲੋਕ ਸਿੰਘ ਅਗਵਾਨ ਵੀ ਉਥੇ ਹੀ ਜੇਰੇ ਇਲਾਜ਼ ਸਨ, ਲੇਕਿਨ ਬਾਦਲਾਂ ਨੇ ਭਾਰਤੀ ਨਿਜ਼ਾਮ ਤੋਂ ਡਰਦਿਆਂ ਬਾਪੂ ਤਰਲੋਕ ਸਿੰਘ ਦੀ ਸਿਹਤ ਦਾ ਹਾਲ ਚਾਲ ਪੁੱਛਣ ਦਾ ਹੀਆ ਨਹੀਂ ਕੀਤਾ।

ਕੋਈ ਫਰਕ ਨਹੀਂ ਪਿਆ, ਜੇ ਸ. ਬਾਦਲ ਜਾਂ ਉਸਦਾ ਪਰਿਵਾਰ ਬਾਪੂ ਦਾ ਪਤਾ ਲੈਣ ਨਹੀਂ ਗਿਆ, ਪਰ ਇਤਿਹਾਸ ਦੇ ਪੰਨਿਆਂ ਉੱਤੇ ਇਹ ਲਾਹਨਤ ਕਾਲੇ ਅੱਖਰਾਂ ਵਿੱਚ ਦਰਜ਼ ਹੋ ਗਈ ਹੈ ਕਿ ਸਿੱਖਾਂ ਤੋਂ ਵੋਟਾਂ ਲੈ ਕੇ ਸ਼ਕਤੀ ਪ੍ਰਾਪਤ ਕਰਨ ਵਾਲਾ, ਇਕ ਕੁੰਨਬਾਪਰਵਰ ਇਸ ਹੱਦ ਤੱਕ ਗਿਰ ਗਿਆ, ਕਿ ਸ਼ਹੀਦਾਂ ਦੇ ਪਰਿਵਾਰ ਨੂੰ ਨਜ਼ਰੰਦਾਜ਼ ਕਰਕੇ, ਬਿਪ੍ਰਵਾਦੀਆਂ ਦੀ ਸੇਵਾ ਵਿੱਚੋਂ ਆਪਣਾ ਭਵਿੱਖ ਲੱਭਦਾ ਰਿਹਾ। ਅਜਿਹਾ ਸਿਰਫ ਬਾਪੂ ਤਰਲੋਕ ਸਿੰਘ ਨਾਲ ਹੀ ਨਹੀਂ ਹੋਇਆ, ਅੱਜ ਸਾਰੇ ਹੀ ਸ਼ਹੀਦਾਂ ਦੇ ਪਰਿਵਾਰ ਅਜਿਹੀ ਅਣਦੇਖੀ ਦੀ ਹਾਲਤ ਵਿੱਚ, ਇਸ ਸੰਸਾਰ ਤੋਂ ਜਾ ਰਹੇ ਹਨ, ਪਰ ਕੌਮ ਅਵੇਸਲੇਪਨ ਵਿੱਚੋਂ ਬਾਹਰ ਨਹੀਂ ਨਿਕਲ ਰਹੀ। ਅਜਿਹਾ ਹੀ ਤਾਂ ਭਾਰਤੀ ਨਿਜ਼ਾਮ ਚਾਹੁੰਦਾ ਹੈ ਕਿ ਸਿੱਖ ਸ਼ਹੀਦਾਂ ਦੇ ਪਰਿਵਾਰਾਂ ਨੂੰ ਭੁੱਲ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹਰ ਮਾਂ ਆਪਣੇ ਪੁੱਤਰ ਨੂੰ ਕੁਰਬਾਨੀ ਦੇ ਰਸਤੇ ਉਤੇ ਤੁਰਨ ਤੋਂ ਰੋਕਣ ਦਾ ਯਤਨ ਕਰੇ ਅਤੇ ਉਧਾਰਨ ਦੇਵੇ ਕਿ ਵੇਖ ਪੁੱਤਰ ਇਹਨਾਂ ਸਿੱਖਾਂ ਨੇ ਤਾਂ ਏਡੀ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਦੀ ਕਦਰ ਨਹੀਂ ਪਾਈ ਤੇ ਸਾਨੂੰ ਕਿਸ ਨੇ ਪੁੱਛਣਾ ਹੈ।

ਬਾਪੂ ਤਰਲੋਕ ਸਿੰਘ ਨੂੰ ਕਿਸੇ ਸਰਕਾਰ ਜਾਂ ਅਖੌਤੀ ਪੰਥਕ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਉਸ ਦੇ ਪੁੱਤਰ ਨੇ ਪੰਥ ਵਾਸਤੇ ਕੀਹ ਕੀਤਾ ਹੈ, ਪਰ ਸਾਡੇ ਲਈ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਅਜਿਹੇ ਮਹਾਨ ਕਾਰਨਾਮੇ ਕਰਕੇ ਸ਼ਹੀਦ ਹੋਣ ਵਾਲਿਆਂ ਜਾਂ ਉਹਨਾਂ ਦੇ ਪਰਿਵਾਰਾਂ ਪ੍ਰਤੀ ਕੀਹ ਸੋਚ ਰੱਖਦੇ ਹਾ, ਜਿਹੜੇ ਆਪਣੇ ਕੁਰਬਾਣ ਹੋ ਜਾਣ ਦੀ ਪ੍ਰਵਾਹ ਨਹੀਂ ਕਰਦੇ, ਉਹਨਾਂ ਨੂੰ ਸਾਡੇ ਮਗਰਮੱਛ ਵਾਲੇ ਅੱਥਰੂਆਂ ਦੀ ਕੋਈ ਲੋੜ ਨਹੀਂ ਹੁੰਦੀ ਅਤੇ ਨਾ ਹੀ ਉਹ ਇਸ ਆਸ ਨਾਲ ਕੁਰਬਾਨੀ ਕਰਦੇ ਹਨ ਕਿ ਸਾਡੇ ਜਾਣ ਮਗਰੋਂ ਕੋਈ ਸਾਡੇ ਪਰਿਵਾਰ ਨੂੰ ਵੱਡੀਆਂ ਜਾਇਦਾਦਾਂ ਖਰੀਦ ਕੇ ਦੇਵੇ ਜਾਂ ਕਿਸੇ ਵੱਡੇ ਰੁਤਬੇ ਨਾਲ ਨਿਵਾਜੇ, ਬੱਸ ਉਹਨਾਂ ਦੇ ਅੰਦਰ ਤਾਂ ਇੱਕ ਇਸ਼ਕ ਹੁੰਦਾ ਹੈ, ਜਿਸ ਨੂੰ ਉਹ ਤੋੜ ਨਿਭਾ ਜਾਂਦੇ ਹਨ, ਲੇਕਿਨ ਇਸ ਪਿੱਛੋਂ ਕੌਮੀ ਫਰਜਾਂ ਦੀ ਸ਼ੁਰੁਆਤ ਹੁੰਦੀ ਹੈ ਕਿ ਕੌਮ ਆਪਣੇ ਸ਼ਹੀਦਾਂ ਜਾਂ ਉਹਨਾਂ ਨੂੰ ਜਨਮ ਦੇਣ ਵਾਲਿਆਂ ਪ੍ਰਤੀ ਕੀਹ ਸੋਚ ਰੱਖਦੀ ਹੈ।

ਅੱਜ ਬਾਪੂ ਤਰਲੋਕ ਸਿੰਘ ਤੁਰ ਗਿਆ, ਸਭ ਨੇ ਤੁਰ ਜਾਣਾ ਹੈ, ਪਰ ਜਾਂਦੇ ਹੋਏ ਬਾਪੂ ਦੇ ਦਿਲ ਦੇ ਅੰਦਰ ਇੱਕ ਸਕੂਨ ਸੀ ਕਿ ਮੇਰੇ ਪੁੱਤਰ ਨੇ ਕੌਮ ਦੀ ਸੇਵਾ ਕੀਤੀ ਹੈ, ਜਾਣਾ ਉਹਨਾਂ ਨੇ ਵੀ ਹੈ ਇਕ ਦਿਨ, ਜਿਹਨਾਂ ਦੇ ਪੁੱਤਰ ਚਿੱਟਾ ਵੇਚਕੇ ਕੌਮ ਦੇ ਜੜ੍ਹੀਂ ਤੇਲ ਦੇ ਰਹੇ ਹਨ ਅਤੇ ਇਨਸਾਨੀਅਤ ਦੇ ਦੁਸ਼ਮਨ ਬਣੇ ਫਿਰਦੇ ਹਨ। ਉਹ ਵੀ ਜਾਣਗੇ ਜਿਹਨਾਂ ਦੀ ਔਲਾਦ ਗੁਰੂ ਦੀ ਗੋਲਕ ਦੇ ਪੈਸੇ ਨਾਲ ਆਪਣੀ ਸਿਆਸਤ ਚਲਾ ਰਹੀ ਹੈ ਜਾਂ ਗੁਰੂ ਦੀ ਗੋਲਕ ਨੂੰ ਪੰਚਾਇਤੀ ਫੰਡਾਂ ਵਾਂਗੂੰ ਵਰਤਦੀ ਹੈ, ਪਰ ਜਾਣ ਲੱਗਿਆਂ ਝੋਰਾ ਹੋਵੇਗਾ ਕਿ ਮੇਰੇ ਮਰਨ ਮਗਰੋਂ ਪਤਾ ਨਹੀਂ, ਮੇਰੇ ਪੁੱਤਰ ਕੋਲ ਰਾਜਗੱਦੀ ਹੋਵੇਗੀ ਵੀ ਜਾ ਨਹੀਂ, ਮੇਰੇ ਪੁੱਤਰ ਦਾ ਚਿੱਟਾ ਕਿਤੇ ਵਿਕਣੋ ਬੰਦ ਤਾਂ ਨਹੀਂ ਹੋ ਜਾਵੇਗਾ, ਅੱਗੋਂ ਦਰਗਾਹੋਂ ਜੁੱਤੀਆਂ ਪੈਣਗੀਆਂ ਕਿ ਕੀਹ ਕਰਤੂਤ ਕਰਕੇ ਆਏ ਹੋ, ਪਿੱਛੋਂ ਇਤਿਹਾਸ ਲਾਹਨਤਾ ਪਵੇਗਾ ਕਿ ਕੀਹ ਕਰ ਕੇ ਗਏ ਹਨ, ਪਰ ਜਦੋਂ ਬਾਪੂ ਤਰਲੋਕ ਸਿੰਘ ਵਰਗਾ ਕੋਈ ਗੁਰਸਿੱਖ ਜਾਂਦਾ ਹੈ, ਤਾਂ ਸਭ ਆਖਦੇ ਹਨ ‘‘ਤੇਰਾ ਆਉਣਾ ਵੀ ਸਫਲ, ਤੇਰਾ ਜਾਣਾ ਵੀ ਸਫਲ ਹੈ’’।

ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top