Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਕਮੇਟੀ ਬਣਾਉਣ ਦਾ ਮਾਮਲਾ ਠੰਢੇ ਬਸਤੇ ਵਿੱਚ ਪਿਆ

ਅੰਮ੍ਰਿਤਸਰ (7 ਮਈ, 2015): ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਨੂੰ ਹੱਲ ਕਰਨ ਲਈ ਕਮੇਟੀ ਬਣਾਉਣ ਅਤੇ ਪੁਜਾਰੀਆਂ ਦੇ ਸੇਵਾ ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਬਣਾਈ ਕਮੇਟੀ ਦੀ ਇੱਕ ਮੀਟਿੰਗ ਤੋਂ ਬਾਅਦ ਇਹ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪੈ ਗਏ ਹਨ।

ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਲਈ ਪੰਜ ਪੁਜਾਰੀਆਂ ਵੱਲੋਂ 18 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਨੂੰ ਆਪਣੇ ਨੁਮਾਇੰਦਿਆਂ ਦੇ ਨਾਂ ਭੇਜਣ ਲਈ ਆਖਿਆ ਗਿਆ ਸੀ ਤਾਂ ਜੋ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾ ਸਕਣ। ਪਰ ਹੁਣ ਤੱਕ ਕਮੇਟੀ ਮੈਂਬਰਾਂ ਦੇ ਨਾਵਾਂ ਦਾ ਐਲਾਨ ਨਹੀਂ ਹੋ ਸਕਿਆ ਹੈ।

ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਫਿਲਹਾਲ ਕੈਲੰਡਰ ਵਿਵਾਦ ਸਬੰਧੀ ਕਮੇਟੀ ਮੈਂਬਰਾਂ ਦੇ ਨਾਵਾਂ ਬਾਰੇ ਕੋਈ ਸੂਚੀ ਤਿਆਰ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਕਮੇਟੀ ਮੈਂਬਰਾਂ ਵਾਸਤੇ ਆਪਣੇ ਨੁਮਾਇੰਦਿਆਂ ਦੇ ਨਾਂ ਨਹੀਂ ਭੇਜੇ ਗਏ, ਜਿਵੇਂ ਹੀ ਨਾਂ ਪੁੱਜਣਗੇ, ਕਮੇਟੀ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਮੇਟੀ ਬਣਾਉਣ ਲਈ ਯੋਜਨਾ ਬਣਾਈ ਗਈ ਸੀ ਅਤੇ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦੇ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਦੋ ਨੁਮਾਇੰਦਿਆਂ ਦੇ ਨਾਂ ਭੇਜ ਦਿੱਤੇ ਗਏ ਸਨ। ਉਨ੍ਹਾਂ ਆਖਿਆ ਕਿ ਜਦੋਂ ਕਮੇਟੀ ਸਬੰਧੀ ਮੈਂਬਰਾਂ ਦੀ ਸੂਚੀ ਤਿਆਰ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਭੇਜੀ ਜਾਵੇਗੀ ਤਾਂ ਅਗਲੀ ਕਾਰਵਾਈ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕਰਵਾ ਦਿੱਤੀ ਜਾਵੇਗੀ।

ਨਾਨਕਸ਼ਾਹੀ ਕੈਲੰਡਰ ਵਿਵਾਦ ਸਬੰਧੀ ਕਮੇਟੀ ਦਾ ਮਾਮਲਾ ਫਿਲਹਾਲ ਠੰਡੇ ਬਸਤੇ ਵਿੱਚ ਹੈ, ਜਦਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਕ ਨੂੰ ਲੈ ਕੇ ਮੁੜ ਵਿਵਾਦ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸ਼ਹੀਦੀ ਦਿਹਾੜਾ ਜਾਰੀ ਕੀਤੇ ਨਵੇਂ ਕੈਲੰਡਰ ਅਨੁਸਾਰ 22 ਮਈ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਪਾਕਿਸਤਾਨ ਸਥਿਤ ਪੀਜੀਪੀਸੀ ਵੱਲੋਂ ਇਹ ਸ਼ਹੀਦੀ ਦਿਹਾੜਾ 16 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿਵਾਦ ਕਾਰਨ ਇਸ ਵਾਰ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ’ਤੇ ਜਾਣ ਸਮੇਂ ਦਿੱਕਤ ਆਵੇਗੀ।

ਇਸੇ ਮਾਮਲੇ ਵਾਂਗ ਪੁਜਾਰੀਆਂ ਦੀ ਨਿਯੁਕਤੀ, ਸੇਵਾ ਮੁਕਤੀ, ਕਾਰਜ ਖੇਤਰ ਆਦਿ ਦੇ ਨਿਯਮ ਬਣਾਉਣ ਸਬੰਧੀ ਮਾਮਲਾ ਵੀ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਮਹੀਨੇ ਬੀਤ ਚੁੱਕੇ ਹਨ ਅਤੇ ਇਸ ਕਮੇਟੀ ਦੀ ਹੁਣ ਤੱਕ ਸਿਰਫ ਇੱਕ ਮੀਟਿੰਗ ਹੋਈ ਹੈ, ਜਿਸ ਵਿੱਚ ਸਾਰੇ ਮੈਂਬਰ ਸ਼ਾਮਲ ਨਹੀਂ ਹੋ ਸਕੇ ਸਨ।

ਕਮੇਟੀ ਮੈਂਬਰ ਡਾ. ਬਲਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਮੇਟੀ ਦੀ ਫਿਲਹਾਲ ਇਕ ਮੀਟਿੰਗ ਹੋਈ ਹੈ ਅਤੇ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਕੁਆਰਡੀਨੇਟਰ ਦਲਮੇਘ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਹੁਣ ਤੱਕ ਕੋਈ ਨਵਾਂ ਕੁਆਰਡੀਨੇਟਰ ਨਹੀਂ ਬਣਾਇਆ ਗਿਆ।

ਕੁਆਰਡੀਨੇਟਰ ਬਣਾਏ ਜਾਣ ਮਗਰੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਆਖਿਆ ਕਿ ਜਲਦੀ ਹੀ ਕੁਆਰਡੀਨੇਟਰ ਦਾ ਐਲਾਨ ਕੀਤਾ ਜਾਵੇਗਾ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top