Share on Facebook

Main News Page

ਧਰਮ ‘ਤੇ ਰਾਜਨੀਤੀ ਭਾਰੂ ਹੋਣ ਕਰਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ‘ਚ ਪਛੜੀ

ਜਸਪ੍ਰੀਤ ਸਿੰਘ ਸੈਣੀ: ਧਾਰਮਿਕ, ਸਮਾਜਿਕ ਤੇ ਸਿਆਸੀ ਜੀਵਨ ਦੀਆਂ ਤਰੁਟੀਆਂ, ਨਾ-ਬਰਾਬਰੀ, ਕੁਰੀਤੀਆਂ, ਵਹਿਮਾਂ, ਅਪ੍ਰਸੰਗਿਕ ਤੇ ਗ਼ੈਰ-ਵਿਗਿਆਨਕ ਹਾਲਾਤ ‘ਚੋਂ ਲੋਕਾਂ ਨੂੰ ਕੱਢ ਕੇ ਜਿਸ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪੰਥ ਨੂੰ ਖਾਲਸ ਬਣਨ ਦੀ ਅੰਮ੍ਰਿਤ ਰੂਪੀ ਗੁੜ੍ਹਤੀ ਦਿੱਤੀ ਸੀ, ਉਹੀ ਧਰਮ ਅੱਜ ਵਹਿਮਾਂ, ਕੁਰੀਤੀਆਂ ਤੇ ਨਾ-ਬਰਾਬਰੀ ਦਾ ਸ਼ਿਕਾਰ ਹੋ ਗਿਆ ਹੈ। ਅਖੰਡ ਪਾਠਾਂ ਦੀਆਂ ਲੜੀਆਂ, ਸੰਪਟ ਪਾਠ ਤੇ ਨਗਰ ਕੀਰਤਨ ਇਕ ਰਸਮ ਮਾਤਰ ਬਣ ਗਏ ਹਨ। ਦਰਜਨਾਂ ਦੀ ਗਿਣਤੀ ‘ਚ ਰੱਖੇ ਜਾਂਦੇ ਅਖੰਡ ਪਾਠਾਂ ਦੀ ਲੜੀ ਦਾ ਪਾਠ ਸੁਣਨ ਲਈ ਇਕ ਸਿੱਖ ਵੀ ਮੌਜੂਦ ਨਹੀਂ ਹੁੰਦਾ ਤੇ ਪਾਠ ਰਖਵਾਉਣ ਵਾਲੇ ਸ਼ਰਧਾਲੂ ਵੀ ਭੋਗ ਪੈਣ ਵਾਲੇ ਦਿਨ ਲੰਗਰ ਛਕਣ ਸਮੇਂ ਹੀ ਪੁੱਜਦੇ ਹਨ।

ਗਾਹਕ ਨੂੰ ਆਕਰਸ਼ਤ ਕਰਨ ਦੇ ਮੰਤਵ ਨਾਲ ਡੀਲਰ ਵੱਲੋਂ ਗਾਹਕ ਨੂੰ ਕੰਪਨੀ ਦੇ ਪ੍ਰੋਡਕਟ ਨਾਲ ਕੋਈ ਨਵੀਂ ਸਕੀਮ ਦੇਣ ਦੀ ਤਰਜ਼ ‘ਤੇ ਬਹੁਗਿਣਤੀ ਡੇਰੇਦਾਰਾਂ ਵੱਲੋਂ ਧਰਮ ਦੇ ਪ੍ਰਚਾਰ ਦੇ ਨਾਂਅ ‘ਤੇ ਸ਼ਰਧਾਲੂਆਂ ਲਈ ਲੁਭਾਵਣੀ ਆਪਣੀ ਮਰਯਾਦਾ ਦ੍ਰਿੜ੍ਹ ਕਰਵਾਈ ਜਾ ਰਹੀ ਹੈ ਤੇ ਮਨਮੱਤੀਆਂ ਰਸਮਾਂ ਨੂੰ ਸਿੱਖ ਧਰਮ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ। ਇਕ ਵਿਸ਼ੇਸ਼ ਸ਼ਬਦ ਜਾਂ ਬਾਣੀ ਦਾ ਪਾਠ ਕਰਨ ਦੇ ਨਾਲ ਵਿਸ਼ੇਸ਼ ਕਿਸਮ ਦਾ ਪ੍ਰਸ਼ਾਦ ਦੇਣਾ ਕਈ ਡੇਰਿਆਂ ਦੀ ਪਰੰਪਰਾ ਬਣ ਗਈ ਹੈ। ਦੁਖਦਾਈ ਪਹਿਲੂ ਇਹ ਹੈ ਕਿ ਸਿੱਖ ਪੰਥ ਦੇ ਮਹਾਨ ਪੰਜ ਤਖ਼ਤ ਸਾਹਿਬਾਨ ‘ਤੇ ਅਜੇ ਤੱਕ ਇਕ ਮਰਯਾਦਾ ਲਾਗੂ ਨਹੀਂ ਕੀਤੀ ਜਾ ਸਕੀ ਅਤੇ ਡੇਰਾਵਾਦ ਤੇ ਅਖੌਤੀ ਸਾਧਾਂ ਵੱਲੋਂ ਆਪਣੇ ਅਨੁਕੂਲ ਪੇਸ਼ ਕੀਤੇ ਜਾ ਰਹੇ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਅਰਥਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਸਕਿਆ।

ਸਿੱਖ ਗੁਰੂ ਸਾਹਿਬਾਨ ਨੇ ਨਾਮ ਸਿਮਰਨ, ਗੁਰਬਾਣੀ ਤੇ ਧਰਮ ਪ੍ਰਚਾਰ ਦੇ ਨਾਲ ਗੁਰਦੁਆਰਿਆਂ, ਬਾਉਲੀਆਂ, ਸਰਾਵਾਂ, ਸ਼ੁੱਧ-ਵਾਤਾਵਰਨ ਦਾ ਨਿਰਮਾਣ ਤੇ ਸੰਭਾਲ, ਗਰੀਬਾਂ, ਲੋੜਵੰਦਾਂ, ਬੇਸਹਾਰਿਆਂ ਦੀ ਦੇਖ-ਭਾਲ ਅਤੇ ਸਹਾਇਤਾ ਦੀ ਪਰੰਪਰਾ ਸਿੱਖਾਂ ਨੂੰ ਬਖਸ਼ੀ ਸੀ, ਜਿਸ ਨੂੰ ਪੰਥ ਨੇ ਜੰਗਾਂ ਤੇ ਔਖੇ ਪੈਂਡਿਆਂ ਵਿਚ ਵੀ ਬਰਕਰਾਰ ਹੀ ਨਹੀਂ ਰੱਖਿਆ, ਸਗੋਂ ਇਸ ਲਈ ਕੁਰਬਾਨੀਆਂ ਵੀ ਦਿੱਤੀਆਂ। ਅੰਗਰੇਜ਼ ਰਾਜ ਸਮੇਂ ਗੁਰਦੁਆਰਿਆਂ ‘ਚ ਮਹੰਤਾਂ ਦੀਆਂ ਮਨਮਾਨੀਆਂ ਰੋਕਣ ਲਈ ਅਰੰਭੇ ਮੋਰਚਿਆਂ ਦੀ ਕਾਮਯਾਬੀ ਵਜੋਂ ਸੰਨ 1925 ‘ਚ ਕਾਨੂੰਨੀ ਤੌਰ ‘ਤੇ ਹੋਂਦ ‘ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮੰਤਵ ਵੀ ਗੁਰੂ ਆਸ਼ੇ ਅਨੁਸਾਰ ਧਰਮ ਦਾ ਪ੍ਰਚਾਰ ਤੇ ਪਸਾਰ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਲੋੜਵੰਦਾਂ ਦੀ ਸਹਾਇਤਾ ਸੀ, ਜਿਸ ਨੂੰ ਉਸ ਨੇ ਮੁਢਲੇ ਪੜਾਅ ਦੌਰਾਨ ਬਾਖੂਬੀ ਨਿਭਾਇਆ, ਪਰ ਅਜੋਕੇ ਸਮੇਂ ‘ਚ ਧਰਮ ‘ਤੇ ਰਾਜਨੀਤੀ ਭਾਰੂ ਹੋਣ ਸਦਕਾ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ‘ਚ ਵੀ ਪਛੜ ਗਈ ਹੈ।

ਅਮਰੀਕਾ ‘ਚ ਕੇਵਲ 40 ਫੀਸਦੀ ਲੋਕਾਂ ਦੇ ਸਿੱਖ ਧਰਮ ਤੋਂ ਜਾਣੂ ਹੋਣ ਸਬੰਧੀ ਇਕ ਸਰਵੇਖਣ ਦੀਆਂ ਛਪੀਆਂ ਖ਼ਬਰਾਂ ਦੇ ਸੰਦਰਭ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੇਵਲ ਚਿੰਤਾ ਦੇ ਪ੍ਰਗਟਾਵੇ ਦੇ ਬਿਆਨ ਛਪਵਾਉਣ ਦੀ ਬਜਾਏ ਸਿੱਖ ਧਰਮ ਦੀ ਜਾਣਕਾਰੀ ਰੱਖਣ ਵਾਲੇ ਭਾਰਤੀਆਂ ਦੀ ਪ੍ਰਤੀਸ਼ਤਤਾ ਦਾ ਪਤਾ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਅਜੇ ਤੱਕ ਸਿੱਖ ਧਰਮ ਦੀ ਜਾਣਕਾਰੀ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਨਹੀਂ ਕਰਵਾ ਸਕੀ। ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਤੇ ਕ੍ਰਿਪਾਨ ਦੀ ਮਹੱਤਤਾ ਦੱਸਣ ‘ਚ ਨਾਕਾਮਯਾਬ ਰਹਿਣ ਕਾਰਨ ਕਈ ਪੱਛਮੀ ਦੇਸ਼ਾਂ ਵਿਚ ਸਿੱਖਾਂ ਨੂੰ ਨਮੋਸ਼ੀ ਝੱਲਣੀ ਪਈ ਹੈ। ਗ਼ੈਰ-ਸਿੱਖਾਂ ਨੂੰ ਸਿੱਖ ਫਲਸਫੇ ਬਾਰੇ ਜਾਣੂ ਕਰਵਾਉਣ ਲਈ ਦੂਜੀਆਂ ਭਾਸ਼ਾਵਾਂ ‘ਚ ਪ੍ਰਚਾਰਕ ਤਿਆਰ ਕਰਨੇ ਤਾਂ ਦੂਰ, ਆਧੁਨਿਕ ਤੇ ਵਿਗਿਆਨਕ ਸਿੱਖ ਧਰਮ ਦਾ ਪੰਜਾਬ ‘ਚ ਢੁਕਵਾਂ ਪ੍ਰਚਾਰ ਨਾ ਹੋਣ ਕਾਰਨ ਨੌਜਵਾਨ ਪਤਿਤ ਹੋ ਕੇ ਨਸ਼ਿਆਂ ‘ਚ ਗਲਤਾਨ ਹੋ ਗਏ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਬੀਬੀਆਂ ਲਈ ਕੀਰਤਨ ਕਰਨ ਤੇ ਰਾਗੀ ਜਥੇ ਦੇ ਪਿੱਛੇ ਵੀ ਬੈਠਣ ਦੀ ਇਜਾਜ਼ਤ ਨਾ ਦੇਣ ਵਰਗੇ ਫੈਸਲੇ ਕਾਰਨ ਸਬੰਧਤ ਨੌਜਵਾਨਾਂ ਦੇ ਸਵਾਲਾਂ ਅੱਗੇ ਸਿੱਖ ਲਾਜਵਾਬ ਹੁੰਦੇ ਹਨ।

ਧਰਮ ਯੁੱਧ ਮੋਰਚੇ ਦੀਆਂ ਮੰਗਾਂ ‘ਚ ਸ੍ਰੀ ਦਰਬਾਰ ਸਾਹਿਬ ‘ਚ ਰੇਡੀਓ ਟਰਾਂਸਮੀਟਰ ਲਾਉਣ ਦੀ ਮੁੱਖ ਮੰਗ ਨੂੰ ਕੇਂਦਰ ਸਰਕਾਰ ਨੇ ਸਾਕਾ ਨੀਲਾ ਤਾਰਾ ਉਪਰੰਤ ਸਿੱਖਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਵਜੋਂ ਅਕਾਸ਼ਬਾਣੀ ‘ਤੇ ਸਵੇਰ-ਸ਼ਾਮ ਕੁਝ ਸਮਾਂ ਕੀਰਤਨ ਬਰਾਡਕਾਸਟ ਕਰਕੇ ਅੰਸ਼ਕ ਰੂਪ ‘ਚ ਲਾਗੂ ਕੀਤਾ ਸੀ। ਹੁਣ ਜਦੋਂ ਐਫ. ਐਮ. ਰੇਡੀਓ ਤੇ ਟੈਲੀਵਿਜ਼ਨ ਚੈਨਲਾਂ ਦਾ ਦੇਸ਼ ਵਿਚ ਹੜ੍ਹ ਆਇਆ ਹੋਇਆ ਹੈ, ਤਾਂ ਸ਼੍ਰੋਮਣੀ ਕਮੇਟੀ ਨੇ ਨਿਰੰਤਰ ਚਲਦੇ ਨਿਰੋਲ ਗੁਰਬਾਣੀ ਦੇ ਪ੍ਰਵਾਹ ਦੇ ਪ੍ਰਸਾਰਨ ਸਬੰਧੀ ਆਪਣਾ ਰੇਡੀਓ ਸਟੇਸ਼ਨ ਤੇ ਟੀ. ਵੀ. ਚੈਨਲ ਲਾਉਣ ਦਾ ਅਜੇ ਤੱਕ ਕੋਈ ਉਪਰਾਲਾ ਨਹੀਂ ਕੀਤਾ। ਜੇਕਰ ਬਿਨਾਂ ਕੋਈ ਪ੍ਰੋਗਰਾਮ ਤਿਆਰ ਕੀਤਿਆਂ ਸ੍ਰੀ ਦਰਬਾਰ ਸਾਹਿਬ ਦੇ 20 ਘੰਟੇ ਦੇ ਪ੍ਰਸਾਰਨ ਲਈ ਆਪਣਾ ਚੈਨਲ ਚਲਾਇਆ ਜਾਵੇ ਤਾਂ ਸਭ ਤੋਂ ਵੱਧ ਟੀ. ਆਰ. ਪੀ. ਇਸ ਚੈਨਲ ਦੀ ਆਵੇਗੀ ਅਤੇ ਰਾਗੀ ਜਥੇ ਦੀ ਡਿਊਟੀ ਬਦਲਣ ਦੌਰਾਨ ਕੇਵਲ ਗੁਰਬਾਣੀ ਦੀਆਂ ਐਲਬਮਾਂ ਦੀ ਇਸ਼ਤਿਹਾਰਬਾਜ਼ੀ ਤੇ ਰਾਤ ਨੂੰ ਦੀਵਾਨ ਦੀ ਸਮਾਪਤੀ ਉਪਰੰਤ ਸਪਾਂਸਰ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕਰਕੇ ਇਸ ਚੈਨਲ ਦਾ ਖਰਚਾ ਪੂਰਾ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਤੱਕ ਦੀ ਨਿਯੁਕਤੀ ਲਈ ਸਿਫਾਰਸ਼ ਤੇ ਭਾਈ-ਭਤੀਜਾਵਾਦ ਭਾਰੂ ਹੈ। ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ‘ਚ ਕਮਰਾ ਵੀ ਸਿਫਾਰਸ਼ਾਂ ਨਾਲ ਮਿਲਣ ਦੇ ਦੋਸ਼ ਲਗਦੇ ਹਨ।

ਸੋਸ਼ਲ ਮੀਡੀਏ ‘ਤੇ ਧਾਰਮਿਕ ਆਗੂਆਂ ਦੀਆਂ ਅਖੌਤੀ ਡੇਰੇਦਾਰਾਂ ਦੀ ਤਰਫਦਾਰੀ ‘ਚ ਕੀਤੀਆਂ ਤਕਰੀਰਾਂ ਆਗੂਆਂ ਦੇ ਅਹੁਦੇ ਨੂੰ ਠੇਸ ਪਹੁੰਚਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਹੁਦੇਦਾਰ, ਮੁਲਾਜ਼ਮ, ਗ੍ਰੰਥੀ, ਰਾਗੀ, ਸਿੰਘ ਸਾਹਿਬਾਨ ਤੇ ਜਥੇਦਾਰ ਸਿੱਖਾਂ ਦੇ ਪ੍ਰੇਰਨਾ-ਸਰੋਤ ਹਨ, ਇਨ੍ਹਾਂ ਦੀ ਜੀਵਨ-ਸ਼ੈਲੀ, ਵਿਵਹਾਰ ਤੇ ਪ੍ਰਚਾਰ ਸਿੱਖ ਫਲਸਫੇ ਅਨੁਸਾਰ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਧਰਮ ਦੇ ਵਿਪਰੀਤ ਮਰਿਆਦਾਵਾਂ ਵਾਲੇ ਡੇਰਿਆਂ ‘ਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹਰ ਜਾਗਰੂਕ ਸਿੱਖ ਨੂੰ ਧਰਮ ਦੀਆਂ ਕੁਰੀਤੀਆਂ ਨੂੰ ਨਕਾਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top