Share on Facebook

Main News Page

ਕਰਤਾ ਕੌਣ ਕਰੇਗਾ ਤੇਰੀ ਕੀਰਤੀ ?
-: ਪ੍ਰਭਦੀਪ ਸਿੰਘ, ਟਾਈਗਰ ਜਥਾ

ਬੜੀ ਪੁਰਾਣੀ ਗੱਲ ਹੈ ਇੱਕ ਵਾਰ ਕਿਸੇ ਰਾਗੀ ਨੇ ਇੱਕ ਮਿੰਨਤ ਨੂੰ ਬੜੇ ਮਜ਼ਾਹੀਆ ਜਿਹੇ ਅੰਦਾਜ ਵਿੱਚ ਕਿਸੇ ਸਭਾ ਵਿੱਚ ਚੱਲ ਰਹੀ ਗੱਲਬਾਤ ਦੌਰਾਨ ਇੰਝ ਕੀਤਾ, ਕਿ ਹੇ ਰੱਬਾ ਆਉਣ ਵਾਲੀ ਜੂਨ ਵਿੱਚ ਕੁੱਤਾ ਬਣਾ ਦੇਵੀਂ, ਗਧਾ ਬਣਾ ਦੇਵੀਂ, ਬੈਲ ਬਣਾ ਦੇਵੀਂ, ਪਰ ਹੱਥ ਜੋੜ ਕੇ ਬੇਨਤੀ ਹੈ ਕਿ ਰਾਗੀ, ਢਾਡੀ ਜਾਂ ਕਿਸੇ ਗੁਰਦਵਾਰੇ ਦਾ ਭਾਈ ਗ੍ਰੰਥੀ ਨਾ ਬਣਾਈ। ਮੈਨੂੰ ਇਹ ਗੱਲ ਉਸ ਵੇਲੇ ਬੜੀ ਬੁਰੀ ਜਿਹੀ ਲੱਗੀ, ਕਿਉਂਕਿ ਬਾਹਰੀ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ, ਤਾਂ ਬੜੇ ਸੋਹਣੇ ਚਿੱਟੇ ਰੰਗ ਦੇ ਪ੍ਰੈਸ ਕੀਤੇ ਹੋਏ ਕੱਪੜੇ ਇਹਨਾਂ ਨੇ ਪਾਏ ਹੁੰਦੇ ਹਨ ਅਤੇ ਗੁਰਦਵਾਰੇ ਦਾ ਸੈਕਟਰੀ ਸਟੇਜ ਤੋਂ ਇਹਨਾਂ ਨੂੰ ਗੁਰੂ ਘਰ ਕੀਰਤਨੀਏ ਦਾ ਸਤਿਕਾਰ ਦਿੰਦਾ ਹੋਇਆ, ਜਦੋਂ ਸਟੇਜ 'ਤੇ ਬੁਲਾਉਂਦਾ ਹੈ, ਤਾਂ ਉਦੋਂ ਤਾਂ ਹੋਰ ਭੀ ਚਾਰ ਚੰਨ ਲੱਗ ਜਾਂਦੇ ਹਨ। ਪਰ ਅਸਲ ਵਿੱਚ ਇੱਕ ਹਰਚੰਦਉਰੀ ਦੀ ਝਾਤ ਵਾਂਗ ਇੱਕ ਵੱਡਾ ਭੁਲੇਖਾ ਹੈ।

ਜ਼ਮੀਨੀ ਪੱਧਰ 'ਤੇ ਜਦੋਂ ਅਸੀਂ ਇਹਨਾਂ ਵਿੱਚੋ ਬਹੁਤਿਆਂ ਦੀ ਮਾਇਕ ਪੱਖੋ ਘਰੇਲੂ ਹਾਲਤ ਵੱਲ ਦੇਖਦੇ ਹਾਂ, ਤਾਂ ਗੁਰਦਵਾਰੇ ਦੇ ਸੈਕਟਰੀ ਦਾ ਉਦੋਂ ਗਲ ਘੁੱਟਣ ਨੂੰ ਜੀਅ ਕਰਦਾ ਹੈ, ਜਦੋਂ ਉਹ ਇਹਨਾਂ ਨੂੰ ਗੁਰੂ ਨਾਨਕ ਦੇ ਦਰਬਾਰ ਦੇ ਮਹਾਨ ਕੀਰਤਨੀਏ ਦੀ ਉਪਾਧੀ ਦੇ ਕੇ ਇਹਨਾਂ ਦੇ ਤਬਲੇ ਤੇ ਹਰਮੋਨੀਅਮ ਅੱਗੇ ਪਏ ਹੋਏ ਪੈਸਿਆਂ ਨੂੰ ਗੁਰੂ ਘਰ ਦੀ ਚੱਲ ਰਹੀ ਸੇਵਾ ਦੇ ਨਾਮ 'ਤੇ ਚੁੱਕ ਤੇ ਗੋਲਕ ਵਿੱਚ ਸੁੱਟ ਦਿੰਦਾ ਹੈ, ਤਾਂ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾ ਸਾਡੀ ਕਮੇਟੀ ਦੌਰਾਨ ਇਸ ਸਾਲ ਦੇ ਚੜਾਵੇ ਦੀ ਬੜੌਤ ਨੂੰ ਦੱਸ ਕੇ, ਵਾਹ ਵਾਹ ਖੱਟੀ ਜਾ ਸਕੇ। ਜਿਉਂ ਜਿਉਂ ਸੈਕਟਰੀ ਹਰਮੋਨੀਅਮ ਅੱਗੋਂ ਪੈਸਿਆਂ ਦੀ ਸਫਾਈ ਕਰ ਰਿਹਾ ਹੁੰਦਾ ਹੈ, ਤਾਂ ਕੀਰਤਨੀਏ ਵਿਚਾਰੇ ਸਿੱਧੇ ਆਸਾ ਰਾਗ ਤੋਂ ਘਬਰਾਹਟ ਰਾਗ ਦੀਆਂ ਸੁਰਾਂ ਖਿੱਚ ਲੈਂਦੇ ਹਨ। (ਨੋਟ - ''ਘਬਰਾਹਟ ਰਾਗ'' ਗੁਰੂ ਮਾਰੇ ਪ੍ਰਬੰਧਿਕਾ ਦੀ ਮਾਇਆ ਚੁੱਕ ਨੀਤੀ ਤੋਂ ਇਜ਼ਾਦ ਹੋਇਆ ਹੈ) ਫਿਰ ਕੀ ! ਅਖੀਰ 'ਤੇ ਇਹਨਾਂ ਕੀਰਤਨੀਆਂ ਨੂੰ ਪਹਿਲਾਂ ਕੀਤੇ ਹੋਏ ਸੌਦੇ ਮੁਤਾਬਿਕ 35 ਪੌਂਡ ਜਾਂ 60 ਡਾਲਰ ਦੇ ਕੇ ਕਮਰਿਆਂ ਨੂੰ ਤੋਰ ਦਿੱਤਾ ਜਾਂਦਾ ਹੈ ਅਤੇ ਇਹ ਭੀ ਵਿਚਾਰੇ ਤਬਲੇ ਹਰਮੋਨੀਅਮ ਸਾਂਭਦੇ, ਜੇ ਕਿਤੇ ਸੈਕਟਰੀ ਦੀ ਨਜ਼ਰ ਤੋਂ 5 -7 ਪੌਂਡ ਤਬਲੇ ਜਾਂ ਹਰਮੋਨੀਅਮ ਵਾਲੇ ਬੈਗ ਵਿੱਚ ਲੁਕੇ ਰਹਿ ਜਾਣ, ਤਾਂ ਉਸਨੂੰ ਫਟਾ ਫਟ ਵਲੇਟ ਕੇ, ਗੁਰੂ ਦੀ ਦਾਤ ਸਮਝ ਕੇ ਕਮਰੇ ਵਿੱਚ ਚਲੇ ਜਾਂਦੇ ਹਨ।

ਬਹੁਤਾਤ ਕੀਰਤਨੀ ਜਮਾਤ ਦੇ ਇਹ ਹਲਾਤ ਹਨ, ਕਿ ਜਿੰਨੀ ਕੁ ਮਾਇਆ ਉਹਨਾਂ ਨੂੰ ਮਿਲਦੀ ਹੈ ਵਿਚਾਰੇ ਆਪਣੇ ਨਿੱਜੀ ਹਲਾਤ ਭੀ ਨਹੀਂ ਸੁਧਾਰ ਸਕਦੇ। ਯਾਦ ਰਹੇ ਕਿ ਮੈਂ ਚੰਦ ਕੁ ਉਹਨਾਂ ਕੀਰਤਨੀਆਂ ਦੀ ਗੱਲ ਨਹੀਂ ਕਰ ਰਿਹਾ ਜੋ ਗੁਲਾਮ ਅਲੀ ਦੇ ਗੁਲਾਮ ਹਨ ਅਤੇ ਜੋ ਖਾੜਾ ਲਾਉਣ ਤੋਂ ਪਹਿਲਾ ਆਪਣੀ ਚੰਗੀ ਭੇਟਾ ਨੀਅਤ ਕਰ ਲੈਂਦੇ ਹਨ। ਮੇਰਾ ਇਸ਼ਾਰਾ ਤਾਂ ਉਹਨਾਂ ਕੀਰਤਨੀਆਂ ਵੱਲ ਹੈ, ਜੋ ਵਿਚਾਰੇ ਰੋਜ਼ਮਰਾ ਦੀ ਜਿੰਦਗੀ ਵਿੱਚ ਸਾਡੇ ਸਾਹਮਣੇ ਵਿਚਰਦੇ ਹਨ, ਪਰ ਉਹ ਇੰਨੀ ਮਾਇਆ ਭੀ ਇੱਕਤਰ ਨਹੀਂ ਕਰ ਪਾਉਂਦੇ ਕਿ ਕਿਸੇ ਔਖੇ ਵੇਲੇ ਉਹਨਾਂ ਦੇ ਕੰਮ ਆ ਸਕੇ।

ਹੁਣ ਆਉ ਮੈਂ ਤੁਹਾਨੂੰ ਇੱਕ ਹਕੀਕਤ ਤੋਂ ਜਾਨੂੰ ਕਰਵਾਉਂਦਾ ਹਾਂ, ਜਿਸਦੀ ਵਜਾ ਕਰਕੇ ਮੈਨੂੰ ਇਹ ਲੇਖ ਲਿਖਣ ਦੀ ਜ਼ਰੂਰਤ ਮਹਿਸੂਸ ਹੋਈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦੇ ਕੀਰਤਨੀਏ ਭਗਤ ਸਿੰਘ ਦੀਆਂ ਹਨ, ਜੋ ਕਿ ਪਿਛਲੇ ਕਾਫੀ ਲੰਮੇ ਸਮੇ ਤੋਂ ਕੀਰਤਨ ਦੀ ਸੇਵਾ ਨਿਭਾ ਰਿਹਾ ਸੀ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦਵਾਰਿਆਂ ਵਿੱਚ ਭੀ ਕੀਰਤਨ ਦੀ ਸੇਵਾ ਕਰ ਕੇ ਆਇਆ ਸੀ।

ਡੇਢ ਕੁ ਸਾਲ ਪਹਿਲਾਂ ਇਹ ਵੀਰ ਕਿਤੇ ਕੀਰਤਨ ਦੀ ਸੇਵਾ ਕਰਨ ਉਪਰੰਤ ਮੋਟਰ ਸਾਇਕਲ 'ਤੇ ਆਪਣੇ ਘਰ ਆ ਰਿਹਾ ਸੀ, ਪਰ ਬਾਦਲ ਸਾਬ ਦੀ ਪੰਜਾਬ ਵਿੱਚ ਕੈਲੀਫੋਰਨੀਆ ਵਾਲੀ ਇੱਕ ਸੜਕ ਦੇ ਬਹੁਤ ਵੱਡੇ ਖੂਹ ਵਰਗੇ ਟੋਏ ਵਿੱਚ ਰਾਤ ਨੂੰ ਕਿਸੇ ਸ਼ੁਲਾਰੂ ਦੀ ਹਾਈ ਬੀਮ ਵਾਲੀ ਲਾਇਟ ਵੱਜਣ ਕਾਰਣ ਮੋਟਰ ਸਾਇਕਲ ਸਮੇਤ ਉਸ ਵਿੱਚ ਡਿੱਗ ਪਿਆ ਅਤੇ ਜਿਸ ਕਾਰਣ ਭਗਤ ਸਿੰਘ ਦੀ ਰੀਡ ਦੀ ਹੱਡੀ ਨੂੰ ਬਹੁਤ ਗਹਿਰੀ ਸੱਟ ਲੱਗ ਗਈ। ਕਿਸੇ ਚੰਗੇ ਹਸਪਤਾਲ ਜਾਂ ਕਿਸੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣ ਦੇ ਅਸਮੱਰਥ ਇਸ ਵੀਰ ਨੇ ਕਿਸੇ ਸਾਧ ਦੇ ਬਣਾਏ ਹੋਏ ਹਸਪਤਾਲ ਅਤੇ ਕਿਸੇ ਅਨਾੜੀ ਡਾਕਟਰ ਤੋਂ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ, ਜਿਸਨੇ ਗਲਤ ਅਪਰੈਸ਼ਨ ਕਰਕੇ ਇਸਨੂੰ ਸਾਰੀ ਉਮਰ ਮੰਜੇ ਤੇ ਪੈਣ ਲਈ ਮਜਬੂਰ ਕਰ ਦਿੱਤਾ।

ਭਗਤ ਸਿੰਘ ਨੂੰ ਡੇਢ ਸਾਲ ਮੰਜੇ 'ਤੇ ਪਿਆਂ ਨੂੰ ਹੋ ਗਏ ਸਨ, ਕਿ ਇੱਕ ਦਿਨ ਇਸ ਵੀਰ ਦਾ ਮੈਨੂੰ ਫੇਸਬੁੱਕ ਰਾਹੀਂ ਮੈਸਜ ਆਇਆ ਜਿਸ ਵਿੱਚ ਇਸਨੇ ਆਪਣੀ ਸਾਰੀ ਵਿਥਿਆ ਲਿਖੀ ਹੋਈ ਸੀ ਕਿ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹਾਂ। ਮੇਰਾ ਪਿਤਾ ਭੀ ਅਕਾਲ ਚਲਾਣਾ ਕਰ ਚੁੱਕਾ ਹੈ ਅਤੇ ਮੈਂ ਪਿਛਲੇ ਡੇਢ ਸਾਲ ਤੋਂ ਮੰਜੇ ਤੇ ਪਿਆ ਹੋਇਆ ਹਾਂ, ਅਗਰ ਹੋ ਸਕੇ ਤਾਂ ਮੇਰੇ ਇਲਾਜ ਸੰਬੰਧੀ ਕੋਈ ਸਾਧਨ ਜੁਟਾਏ ਜਾ ਸਕਣ, ਤਾਂ ਬਹੁਤ ਮਿਹਰਬਾਨੀ ਹੋਵੇਗੀ। ਸੋਸ਼ਲ ਮੀਡਿਆ ਨਾਲ ਜਿਥੇ ਸਾਡੀਆਂ ਦੂਰੀਆਂ ਘਟੀਆਂ ਹਨ, ਉਥੇ ਇਸ ਤਰਾਂ ਦੀਆਂ ਕਹਾਣੀਆਂ ਬਣਾ ਕੇ ਰੋਜ਼ ਲੋਕ ਠੱਗੀਆਂ ਭੀ ਮਾਰ ਰਹੇ ਹਨ

ਇਸ ਲਈ ਮੈਂ ਕੁਝ ਦਿਨਾਂ ਵਾਸਤੇ ਇਸ ਮੈਸਜ ਨੂੰ ਅਣਵੇਖਿਆ ਕਰ ਦਿੱਤਾ, ਪਰ ਕੁੱਝ ਸਮੇਂ ਬਾਅਦ ਫਿਰ ਦੁਬਾਰਾ ਮੈਸਜ ਆਇਆ ਜਿਸ ਵਿੱਚ ਭਗਤ ਸਿੰਘ ਨੇ ਆਪਣਾ ਫੋਨ ਭੀ ਦਿੱਤਾ ਸੀ। ਇਸ ਵਾਰ ਮੈਂ ਆਪਣੇ ਤਾਰਕਿਕ ਨਜ਼ਰੀਏ ਦਾ ਗਲਾ ਘੁੱਟ ਕੇ ਇਸ ਵੀਰ ਨਾਲ ਗੱਲ-ਬਾਤ ਕਰਨ ਨੂੰ ਤਿਆਰ ਹੋ ਗਿਆ ਅਤੇ ਗੱਲਬਾਤ ਕਰਨ ਉਪਰੰਤ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਹ ਵੀਰ ਵਾਕਿਆ ਹੀ ਕਿਸੇ ਵੱਡੀ ਮੁਸ਼ਕਿਲ ਵਿੱਚ ਹੈ ਇਸੇ ਲਈ ਮੈਂ ਅਗਲੇ ਦਿਨ ਹੀ ਆਪਣੇ ਅਤਿ ਸਤਿਕਾਰਿਤ ਭਾਈਆ ਸਿਰਦਾਰ ਬਲਦੇਵ ਸਿੰਘ ਧੂੰਦਾ ਅਤੇ ਉਹਨਾ ਦੇ ਮਿੱਤਰ ਡਾ. ਗੁਰਪ੍ਰੀਤ ਸਿੰਘ ਨੂੰ ਇਸ ਵੀਰ ਦਾ ਹਾਲ-ਚਾਲ ਲੈਣ ਲਈ ਭੇਜਿਆ। ਫਿਰ ਅਸੀਂ ਆਪਣੇ ਵੱਲੋਂ ਕੋਸਿਸ਼ਾਂ ਸ਼ੁਰੂ ਕਰ ਦਿੱਤੀਆਂ ਕਿ ਇਸ ਵੀਰ ਦਾ ਇਲਾਜ ਛੇਤੀ ਤੋਂ ਛੇਤੀ ਕਰਵਾਇਆ ਜਾਵੇ, ਇਸ ਵਿੱਚ ''ਗੁਰੂ ਕਿਰਪਾ ਹਸਪਤਾਲ'' ਫਤਿਹਾਬਾਦ ਦੇ ਡਾਕਟਰ ਜਗਵਿੰਦਰ ਸਿੰਘ ਅਤੇ ਆਸੀਸ਼ ਸ਼ਰਮਾ ਨੇ ਭੀ ਸਾਡਾ ਸਾਥ ਦੇਣ ਦਾ ਵਾਅਦਾ ਕਰਦਿਆਂ ਹੋਇਆ ਇਲਾਜ ਦੇ ਖਰਚੇ ਦੀ ਅੱਧੀ ਜਿਮੇਵਾਰੀ ਭੀ ਚੁੱਕ ਲਈ। ਫਿਰ ਇਹਨਾਂ ਵੀਰਾਂ ਨੇ ਮਾਹਿਰ ਨਿਉਰੋਸਰਜਨ ਕੇ.ਡੀ ਹਸਪਤਾਲ ਅਮ੍ਰਿੰਤਸਰ ਦੇ ਡਾਕਟਰ ਚਾਵਲਾ ਅਤੇ ਡਾਕਟਰ ਪ੍ਰਭਦੀਪ ਸਿੰਘ ਨੂੰ ਐਕਸਰੇ ਸਕੈਨਿੰਗ ਅਤੇ ਹੋਰ ਸਾਰੀਆਂ ਰਿਪੋਰਟਾਂ ਭੇਜੀਆਂ, ਪਰ ਇਹਨਾਂ ਮਾਹਿਰ ਡਾਕਟਰਾਂ ਨੇ ਸਾਰੀਆਂ ਰਿਪੋਰਟਾਂ ਘੋਗ ਕੇ ਦੱਸ ਦਿੱਤਾ ਕੇ ਇਸਦਾ ਇਲਾਜ ਹੁਣ ਅਸੰਭਵ ਹੈ। ਫਿਰ ਇਹਨਾਂ ਵੀਰਾਂ ਨੇ ਮਾਹਿਰ ਨਿਉਰੋਸਰਜਨ ਕੇ.ਡੀ ਹਸਪਤਾਲ ਅਮ੍ਰਿੰਤਸਰ ਦੇ ਡਾਕਟਰ ਚਾਵਲਾ ਅਤੇ ਡਾਕਟਰ ਪ੍ਰਭਦੀਪ ਸਿੰਘ ਨੂੰ ਐਕਸਰੇ ਸਕੈਨਿੰਗ ਅਤੇ ਹੋਰ ਸਾਰੀਆਂ ਰਿਪੋਰਟਾਂ ਭੇਜੀਆਂ, ਪਰ ਇਹਨਾਂ ਮਾਹਿਰ ਡਾਕਟਰਾਂ ਨੇ ਸਾਰੀਆਂ ਰਿਪੋਰਟਾਂ ਘੋਗ ਕੇ ਦੱਸ ਦਿੱਤਾ ਕੇ ਇਸਦਾ ਇਲਾਜ ਹੁਣ ਅਸੰਭਵ ਹੈ। ਜਿਸਦੀ ਵਜ਼ਹ ਭਗਤ ਸਿੰਘ ਦਾ ਕਿਸੇ ਅਨਾੜੀ ਡਾਕਟਰ ਵੱਲੋਂ ਕੀਤਾ ਗਿਆ ਇਸਦਾ ਪਹਿਲਾ ਅਪ੍ਰੇਸ਼ਨ ਸੀ।

ਜਦੋਂ ਸਾਨੂੰ ਡਾਕਟਰੀ ਤੌਰ 'ਤੇ ਕੋਈ ਲਾਭ ਪ੍ਰਾਪਤ ਹੁੰਦਾ ਨਾ ਨਜ਼ਰ ਆਇਆ ਤਾਂ ਅਸੀਂ ਟਾਈਗਰ ਜਥੇ ਵੱਲੋਂ ਇਹ ਫੈਸਲਾ ਕੀਤਾ ਕਿ ਭਗਤ ਸਿੰਘ ਇਕੱਲਾ ਕਮਾਊ ਪੁੱਤਰ ਹੈ, ਇਸਦੀ ਲਗਾਤਾਰ ਮਾਇਕ ਸਹਾਇਤਾ ਨੂੰ ਮੁੱਖ ਰੱਖ ਕੇ ਇਹਨਾ ਘਰ ਵਿੱਚ ਹੀ ਕੋਈ ਦੁਕਾਨ ਖੁਲਵਾ ਦਿੱਤੀ ਜਾਵੇ, ਜਾਂ ਫਿਰ ਦੋ ਥ੍ਰੀ ਵੀਲਰ ਭਗਤ ਸਿੰਘ ਦੇ ਨਾਮ ਪਾ ਦਿੱਤੇ ਜਾਣ, ਜਿਸਤੋਂ ਇਸਨੂੰ ਲਗਾਤਾਰ ਆਮਦਨ ਹੁੰਦੀ ਰਹੇ ਅਤੇ ਜਿਸ ਨਾਲ ਇਸ ਅੰਦਰ ਥੋੜੀ ਜੀਵਨ ਜਿਉਣ ਦੀ ਆਸਾ ਬਣੀ ਰਹੇ। ਅਜੇ ਇਹਨਾ ਵਿਉਤਾਂ ਨੂੰ ਅੰਜਾਮ ਦੇਣਾ ਹੀ ਸੀ ਕਿ 08 ਮਈ ਸ਼ੁਕਰਵਾਰ ਨੂੰ ਭਗਤ ਸਿੰਘ ਦੀ ਵਿਲਕਦੀ ਮਾਂ ਅਤੇ ਭੈਣ ਦਾ ਮੈਨੂੰ ਇਹ ਸੁਨੇਹਾ ਮਿਲਿਆ ਕਿ ਭਗਤ ਸਿੰਘ ਅਕਾਲ ਚਲਾਣਾ ਕਰ ਗਿਆ ਹੈ। ਬੱਸ ਫਿਰ ਕੀ ! ਬੰਦਾ ਮੁੱਕਦਾ ਹੈ ਤਾਂ ਵਿਉਤਾਂ ਭੀ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਹਨ। ਟਾਈਗਰ ਜਥੇ ਦੇ ਸਰਪ੍ਰਸਤ ਮੈਂਬਰ ਸਿਰਦਾਰ ਬਲਬੀਰ ਸਿੰਘ ਚਿੱਗਵਲ ਵੱਲੋਂ 500 ਪੌਂਡ ਦੇ ਰੇਡਿਉ ਫੰਡ ਅਤੇ ਬਾਕੀ ਸਾਰੇ ਮੈਂਬਰਾਂ ਵੱਲੋਂ ਹਰ ਮਹੀਨਾ ਡਿਰੈਕਟ ਡੇਬਿਟ ਦੇ ਰੂਪ ਵਿੱਚ ਦਿੱਤਾ ਜਾ ਰਹੇ ਦਸਵੰਧ ਦੀ ਜਿਹੜੀ ਮਾਇਆ ਅਸੀਂ ਭਗਤ ਸਿੰਘ ਦੇ ਜਿਊਣ ਦੇ ਮਕਸੱਦ ਨੂੰ ਮੁੱਖ ਰੱਖ ਕੇ ਕਿਸੇ ਕਾਰਜ 'ਤੇ ਲਾਉਣੀ ਸੀ, ਉਹ ਉਸਦੀ ਮਾਤਾ ਨੂੰ ਆਪਣੇ ਜੀਵਨ ਦੇ ਕੁੱਝ ਸਮੇਂ ਦੇ ਨਿਰਬਾਹ ਲਈ ਅਤੇ ਭਗਤ ਸਿੰਘ ਦੇ ਭੋਗ ਲਈ ਪਾ ਦਿੱਤੀ।

ਮੈਂ ਕੱਲ ਦਾ ਸੋਚ ਰਿਹਾ ਸੀ ਕਿ ਕਦੇ ਗਿਆਨੀ ਦਿੱਤ ਸਿੰਘ ਇਲਾਜ ਨਾ ਹੋਣ ਦੀ ਵਜ੍ਹਾ ਕਰਕੇ ਇਸ ਜੱਗ ਨੂੰ ਅਲਵਿਦਾ ਕਹਿ ਕੇ ਤੁਰ ਜਾਂਦੇ ਹਨ ਅਤੇ ਕਦੇ ਉਹਨਾਂ ਦੀ ਲੀਹਾਂ 'ਤੇ ਤੁਰਨ ਵਾਲੇ ਭਗਤ ਸਿੰਘ ਵਰਗੇ ਅਨੇਕਾਂ ਕੀਰਤਨੀਏ, ਕਾਥਵਾਚਕ ਅਤੇ ਗ੍ਰੰਥੀ ਇਸੇ ਤਰਸਮਈ ਹਾਲਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਿਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਦੇ ਕੰਨਾਂ ਤੇ ਜੂੰਅ ਭੀ ਨਹੀਂ ਸਰਕਦੀ।

ਜੇ ਇਹੋ ਹੀ ਹਾਲ ਰਿਹਾ ਤਾਂ ਹੇ ਕਰਤਾ ਕੌਣ ਕਰੇਗਾ ਤੇਰੀ ਕੀਰਤੀ..............



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top