Share on Facebook

Main News Page

ਕੀ ਸਾਡੇ ਮਾਤਾ-ਪਿਤਾ ਦੋ ਹਨ ਅਤੇ ਮਦਰ-ਫਾਦਰ ਡੇ ਕਿਵੇਂ ਮਨਾਈਏ ?
-:
ਅਵਤਾਰ ਸਿੰਘ ਮਿਸ਼ਨਰੀ 510-432-5827

ਹਾਂ ਸਾਡੇ ਮਾਤਾ-ਪਿਤਾ ਦੋ ਹਨ, ਇੱਕ ਨਿਰੰਕਾਰੀ ਅਤੇ ਦੂਜੇ ਸੰਸਾਰੀ। ਸਮੁੱਚੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਸਾਡਾ ਸਭ ਦਾ ਮਾਈ-ਬਾਪ ਕਰਤਾ-ਕਰਤਾਰ ਹੈ, ਜਿਸ ਨੇ ਕੁਦਰਤ ਰਚ ਕੇ ਸਭ ਜੀਵ ਜੰਤ ਪੈਦਾ ਕੀਤੇ ਹਨ। ਭਗਤਾਂ, ਸਿੱਖ ਗੁਰੂਆਂ ਅਤੇ ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਵਿਖੇ ਬਾਣੀ ਦੁਆਰਾ ਦਰਸਾਇਆ ਹੈ ਕਿ-ਏਕੁ ਪਿਤਾ ਏਕਸ ਕੇ ਹਮ ਬਾਰਿਕ....॥(੬੧੧) ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥(੨੬੮) ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥(੪੫)  ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ (੧੦੩) ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥੩॥(੧੬੭) ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ॥(੨੦੩) ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ॥(੨੦੩) ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ॥(੨੦੯) ਭਾਈ ਪੂਤੁ ਪਿਤਾ ਪ੍ਰਭੁ ਮਾਤਾ॥੩॥(੨੪੦) ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥(੨੫੦) ਪਿਤਾ ਕਾ ਜਨਮੁ ਕਿ ਜਾਨੈ ਪੂਤੁ॥(੨੮੪) ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥(੪੫੦) ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ॥(੫੫੨) ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥(੭੮੩) ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ॥(੮੧੮) ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥(੯੨੧) ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥(੧੧੦੧) ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥(੧੧੪੪) ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ॥੧॥ਰਹਾਉ॥(੧੧੧੯) ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥(੧੩੯੭) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥(੮) ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ॥੩॥(੯੪) ਮਾਤਾ ਮਤਿ ਪਿਤਾ ਸੰਤੋਖੁ॥(੧੫੧) ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥੩॥(੧੬੭) ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ॥(੪੫੦)

ਉਪ੍ਰੋਕਤ ਪ੍ਰਮਾਣਾਂ ਤੋਂ ਸਿੱਧ ਹੁੰਦਾ ਹੈ ਕਿ ਰੂਹਾਨੀ ਤੌਰ ਤੇ ਮਾਤਾ ਪਿਤਾ ਪ੍ਰਮਾਤਮਾਂ ਹੈ, ਗਿਆਨ ਦਾਤਾ ਗੁਰੂ ਪਿਤਾ ਹੈ। ਪਾਣੀ ਵੀ ਕੁਦਰਤੀ ਪਿਤਾ, ਮਤਿ ਮਾਤਾ ਅਤੇ ਪਿਤਾ ਸੰਤੋਖ ਹੈ। ਜੋ ਸਭ ਦਾ ਰੂਹਾਨੀ ਮਾਤਾ ਪਿਤਾ ਹੈ ਕਰਤਾ-ਕਰਤਾਰ ਉਹ ਜਨਮ ਮਰਨ ਰਹਿਤ ਹੈ, ਇਸ ਕਰਕੇ ਉਸ ਦਾ ਤਾਂ, ਫਾਦਰ ਡੇ ਦੱਸਿਆ ਹੀ ਨਹੀਂ ਜਾ ਸਕਦਾ-ਪਿਤਾ ਕਾ ਜਨਮੁ ਕਿ ਜਾਨੈ ਪੂਤੁ॥(੨੮੪) ਉਸ ਦਾ ਫਾਦਰ ਡੇ ਤਾਂ ਹਰ ਵੇਲੇ ਹੈ-ਸਾਹਿਬੁ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥(੬੬੦)  ਭਾਵ ਉਸ ਰੂਹਾਨੀ ਮਾਤਾ-ਪਿਤਾ ਪ੍ਰਮੇਸ਼ਵਰ ਨੂੰ ਤਾਂ ਜੀਵ ਨੇ ਹਰ ਵੇਲੇ ਯਾਦ ਕਰਨਾ ਹੈ। ਦੂਜਾ ਮਾਤ-ਪਿਤਾ ਪਾਣੀ ਹੈ-ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥(੪੭੨) ਪਾਣੀ ਪਿਤਾ ਦਾ ਡੇ ਵੀ ਐਵਰੀ ਡੇ ਹੈ। ਤੀਜਾ ਮਾਤਾ-ਪਿਤਾ ਗੁਰੂ ਹੈ ਜੋ ਗਿਆਨ ਦਾਤਾ ਹੋਣ ਕਰਕੇ ਸਾਨੂੰ ਹਰ ਵੇਲੇ ਗਿਆਨ ਦਿੰਦਾ ਹੈ। ਚੌਥਾ ਪਿਤਾ ਸੰਤੋਖ ਅਤੇ ਮਾਤਾ ਸ੍ਰੇਸ਼ਟ ਮਤਿ ਹੈ। ਸੰਤੋਖ ਅਤੇ ਚੰਗੀ ਮਤਿ ਵੀ ਸਾਨੂੰ ਹਰ ਰੋਜ ਚਾਹੀਦੀ ਹੈ। ਇਸ ਕਰਕੇ ਰੂਹਾਨੀ ਤੌਰ ਤੇ ਮਦਰ-ਫਾਦਰ ਡੇ ਤਾਂ ਰੋਜਾਨਾ ਹੀ ਹੈ। ਉਹ ਪ੍ਰਮਾਤਮਾਂ ਕਦੋਂ, ਕਿਹੜੀ ਤਰੀਕ ਅਤੇ ਕਿਹੜੇ ਦਿਨ ਜਨਮਿਆਂ ਸੀ? ਕੋਈ ਨਹੀਂ ਦੱਸ ਸਕਦਾ-ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥(ਜਪੁਜੀ)

ਹੁਣ ਆਪਾਂ ਦੁਨਿਆਵੀ ਮਾਂ-ਬਾਪ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਜਨਮ ਅਤੇ ਮਰਨ ਵੀ ਹੈ। ਦੇਖੋ ਮਦਰ ਅਤੇ ਫਾਦਰ ਡੇ ਜਿਆਦਾ ਤਰ ਅਮਰੀਕਾ ਕਨੇਡਾ ਆਦਿਕ ਬਾਹਰਲੇ ਮੁਲਕ ਮਨਾਉਂਦੇ ਹਨ। ਭਾਰਤ ਵਿੱਚ ਇਹ ਦਿਨ ਪਹਿਲਾਂ ਨਹੀਂ ਸੀ ਮਨਾਏ ਜਾਂਦੇ, ਅੱਜ ਪੱਛਮੀ ਲੋਕਾਂ ਦੀ ਰੀਸ ਕਰਕੇ ਓਥੇ ਵੀ ਮਨਾਏ ਜਾ ਰਹੇ ਹਨ। ਗੋਰੇ-ਗੋਰੀਆਂ ਮਦਰ-ਫਾਦਰ ਡੇ ਤੇ ਆਪਣੇ ਮਾਤਾ-ਪਿਤਾ ਜੀਆਂ ਨੂੰ ਗਿਫਟਾਂ ਦਿੰਦੇ, ਖੁਸ਼ੀ ਦੇ ਉਹਾਰ ਕਰਦੇ ਅਤੇ ਸਟੋਰਾਂ ਤੇ ਇਨ੍ਹੀਂ ਦਿਨੀਂ ਸੇਲਾਂ ਲੱਗਦੀਆਂ ਹਨ। ਪਛਮ ਵਿੱਚ ਜਦ ਬੱਚੇ ੧੮ ਸਾਲ ਦੇ ਹੋ ਜਾਂਦੇ ਹਨ ਕਰੀਬ ਮਾਂ-ਬਾਪ ਨਾਲੋਂ ਜੁਦਾ ਹੋ ਆਪਣੀ ਮਨ ਮਰਜੀ ਕਰਦੇ ਹਨ ਫਿਰ ਮਾਂ-ਬਾਪ ਵੀ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਬੁਡੇਪੇ ਵੇਲੇ ਮਾਂ-ਬਾਪ ਦੀ ਸੰਭਾਲ ਵਿਦੇਸ਼ੀ ਬੱਚੇ ਨਹੀਂ ਕਰਦੇ, ਉਨ੍ਹਾਂ ਨੂੰ ਸਰਕਾਰਾਂ ਤੇ ਹੀ ਨਿਰਭਰ (ਡੀਪੈਂਡ) ਹੋਣਾਂ ਪੈਂਦਾ ਹੈ। ਜੇ ਬੱਚੇ ਨੂੰ ਗਲਤੀ ਕਰਦੇ ਦੇਖ ਮਾਂ ਬਾਪ ਡਾਂਟਣ ਤਾਂ ਬੱਚੇ ਝੱਟ ੯੧੧ ਫੋਨ ਘੁੰਮਾਂ ਕੇ ਪੁਲੀਸ ਨੂੰ ਫੜਾ ਦਿੰਦੇ ਹਨ। ਬੱਚੀਆਂ ਅਤੇ ਬੱਚੇ ੧੦-੧੨ ਸਾਲ ਦੀ ਉਮਰ ਵਿੱਚ ਬੁਵਾਏ ਫਰੈਂਡ ਬਣਾ ਲੈਂਦੇ ਹਨ। ਸਕੂਲਾਂ ਵਿਖੇ ਅਧਿਆਪਕ ਖੁਦ ਬੱਚੇ ਬੱਚੀਆਂ ਨੂੰ ਨਿਰੋਧ ਦਿੰਦੇ ਹਨ। ਗੱਲ ਕੀ ਬੱਚੇ ਮਾਂ-ਬਾਪ ਨੂੰ ਵਿਸਾਰ ਕੇ ਆਪ ਹੁਦਰੇ ਹੋ ਜਾਂਦੇ ਹਨ।

ਜਰਾ ਸੋਚੋ! ਫਿਰ ਸਾਲ ਬਆਦ ਮਦਰ-ਫਾਦਰ ਡੇ ਮਨਾਇਆ ਕੀ ਅਰਥ ਰੱਖਦਾ ਹੈ? ਸੋ ਸਾਡਾ ਦੁਨੀਆਵੀ ਮਾਂ-ਬਾਪ ਦਾ ਮਦਰ-ਫਾਦਰ ਡੇ ਮਨਾਇਆ ਤਾਂ ਹੀ ਸਫਲਾ ਹੈ ਜੇ ਅਸੀਂ ਜਿੰਦੇ ਮਾਂ-ਬਾਪ ਦੇ ਆਗਿਆਕਾਰ ਰਹਿ ਕੇ ਬੁਢੇਪੇ ਵੇਲੇ ਉਨ੍ਹਾਂ ਦੀ ਸੇਵਾ ਕਰੀਏ ਨਾਂ ਕਿ ਘਰੋਂ ਹੀ ਕੱਢ ਦੇਈਏ। ਸਾਨੂੰ ਮਾਤਾ-ਪਿਤਾ ਨਾਲ ਫਾਲਤੂ ਝਗੜਾ ਵੀ ਨਹੀਂ ਕਰਨਾਂ ਚਾਹੀਦਾ। ਗੁਰ ਫੁਰਮਾਨ ਹੈ-ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਉਂ ਝਗਰਤ ਪਾਪ॥(੧੨੦੦) ਮਾਂ ਬਾਪ ਨੂੰ ਛੱਡ ਕੇ ਤੀਰਥ ਇਸ਼ਨਾਨ ਕਰਨੇ, ਹੱਟੇ-ਕੱਟੇ ਸਾਧਾਂ-ਸੰਤਾਂ ਦੇ ਡੇਰਿਆਂ ਤੇ ਅੰਨ੍ਹੇਵਾਹ ਦਾਨ-ਪੁੰਨ ਅਤੇ ਇਕੋਤਰੀਆਂ ਦੇ ਪਾਠ ਕਰਾਈ ਜਾਣੇ, ਨਸ਼ਿਆਂ ਅਤੇ ਵਿਸ਼ੇ ਵਿਕਾਰਾਂ ਵਿੱਚ ਪੈਸਾ ਰੋੜੀ ਜਾਣਾ, ਆਪਣੀ ਚਾਦਰ ਦੇਖ ਕੇ ਪੈਰ ਨਾ ਪਸਾਰਨੇ, ਵੱਡਿਆਂ ਦੀ ਰੀਸ ਕਰਕੇ ਆਪਣਾ ਝੁੱਗਾ ਚੌੜ ਕਰੀ ਜਾਣਾ ਚੰਗੀ ਗੱਲ ਨਹੀਂ ਹੈ। ਜੇ ਅਸੀਂ ਬੁਰੇ ਕਰਮ ਕਰਦੇ ਹੋਏ ਦੇਖਾਂ-ਦੇਖੀ ਮਦਰ-ਫਾਦਰ ਡੇ ਵੀ ਮਨਾਈ ਜਾਂਦੇ ਹਾਂ ਤਾਂ ਇਹ ਇਵੇਂ ਹੈ ਕਿ-ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ॥੨॥(੭੮੯) 
ਸਾਡੇ ਰੂਹਾਨੀ ਮਾਤਾ-ਪਿਤਾ ਨਿਰੰਕਾਰ ਜੀ ਅਤੇ ਸਾਡੇ ਸਰੀਰਕ ਜਨਮ ਦੇਣ ਵਾਲੇ ਦੁਨੀਆਵੀ ਮਾਂ-ਬਾਪ ਹਨ। ਸਾਨੂੰ ਮਾਤਾ ਪਿਤਾ ਦੇ ਹਰ ਵੇਲੇ ਆਗਿਆਕਾਰ ਰਹਿ ਕੇ, ਦੁਖ-ਸੁਖ ਅਤੇ ਬਢੇਪੇ ਵੇਲੇ ਉਨ੍ਹਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਸਾਡੇ ਬਜੁਰਗ ਬਿਰਧ ਘਰਾਂ ਵਿੱਚ ਨਹੀਂ ਰੁਲਣੇ ਚਾਹੀਦੇ। ਚੇਤੇ ਰੱਖੋ ਇਹ ਦਿਨ ਸਾਡੇ ਤੇ ਵੀ ਆਉਣੇ ਹਨ ਅਤੇ ਜਦੋਂ ਇਨਸਾਨ ਦੀ ਉਮਰ ਵਡੇਰੀ ਹੋ ਜਾਂਦੀ ਹੈ ਤਾਂ ਉਸ ਦਾ ਸਰੀਰਕ ਬਲ ਵੀ ਘਟ ਜਾਂਦਾ ਹੈ, ਉਸ ਵੇਲੇ ਉਸਨੂੰ ਸਹਾਰੇ ਦੀ ਲੋੜ ਹੁੰਦੀ ਹੈ। ਧਿਆਨ ਦਿਓ ਜਿਨ੍ਹਾਂ ਬੱਚਿਆਂ ਦੀ ਖਾਤਰ ਮਾਂ-ਬਾਪ ਨੇ ਅਉਖੇ ਵੇਲੇ ਤੰਗੀਆਂ-ਤੁਰਸ਼ੀਆਂ ਕੱਟ ਕੇ, ਬੱਚਿਆਂ ਨੂੰ ਪਾਲਿਆਂ-ਪਲੋਸਿਆ ਅਤੇ ਪੜ੍ਹਾ-ਲਿਖਾ ਕੇ ਪੈਰਾਂ ਤੇ ਖੜੇ ਕੀਤਾ ਹੁੰਦਾ ਹੈ, ਉਹ ਦਿਨ ਬੱਚਿਆਂ ਨੂੰ ਯਾਦ ਕਰਕੇ, ਮਾਂ ਬਾਪ ਦੇ ਧੰਨਵਾਦੀ ਹੁੰਦੇ ਹੋਏ, ਉਨ੍ਹਾਂ ਨੂੰ ਬਣਦਾ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ। ਭਾਵੇਂ ਜਮਾਨਾਂ ਬਦਲਣ ਕਰਕੇ ਸਾਡੇ ਵਿਚਾਰ ਮਾਂ-ਬਾਪ ਨਾਲ ਨਹੀਂ ਵੀ ਮਿਲਦੇ, ਫਿਰ ਵੀ ਸਿਆਣਪ ਤੋਂ ਕੰਮ ਲੈਂਦੇ ਮਾਂ-ਬਾਪ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ। ਬੁੱਢੇ ਮਾਂ ਬਾਪ ਤੋਂ ਨੌਕਰਾਂ ਵਾਲਾ ਕੰਮ ਨਹੀਂ ਲੈਣਾ ਚਾਹੀਦਾ ਅਤੇ ਨਾਂ ਹੀ ਉਨ੍ਹਾਂ ਨੂੰ ਹਰ ਵੇਲੇ ਬੱਚਿਆਂ ਦੇ ਖਿਡਾਵੇ ਬਣਾਈ ਰੱਖਣਾ ਚਾਹੀਦਾ ਹੈ। ਸਗੋਂ ਮਾਂ-ਬਾਪ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਮਾਂ-ਬਾਪ ਵਿੱਚੋਂ ਸਾਨੂੰ ਰੱਬ ਦੇ ਦਰਸ਼ਨ ਕਰਨੇ ਅਤੇ ਉਨ੍ਹਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ-ਪੂਤਾ ਮਾਤਾ ਕੀ ਅਸੀਸ॥(੪੯੬)

ਇਸ ਦੇ ਉਲਟ ਭੇਖੀ ਡੇਰੇਦਾਰ ਸਾਧਾਂ ਨੂੰ ਤਾਂ ਮਹਿੰਗੇ ਤੋਂ ਮਹਿਗੇ ਕਪੜੇ, ਕਾਰਾਂ ਅਤੇ ਕੋਠੀਆਂ ਦਾਨ ਕਰੀ ਜਾਂਦੇ, ਗੌਣ ਵਾਲਿਆਂ ਅਤੇ ਫਿਲਮਾਂ ਤੇ ਬਿਨਾਂ ਸੋਚੇ ਖਰਚ ਕਰੀ ਜਾਂਦੇ ਹਾਂ ਪਰ ਮਾਂ-ਬਾਪ ਨੂੰ ਪਿਆਰ ਨਾਲ ਰੋਟੀ ਕਪੜਾ ਵੀ ਨਹੀਂ ਦਿੰਦੇ, ਫਿਰ ਸਾਡੇ ਮਦਰ-ਫਾਦਰ ਡੇ ਮਨਾਏ ਕੀ ਅਰਥ ਰੱਖਦੇ ਹਨ? ਜਿਵੇਂ ਸਾਡੇ ਸਰੀਰ ਨੂੰ ਹਰਰੋਜ ਅੰਨ, ਪਾਣੀ, ਕਪੜੇ ਅਤੇ ਸਿਰ ਲੁਕਾਵੇ ਦੀ ਇਵੇਂ ਹੀ ਮਾਂ-ਬਾਪ ਨੂੰ ਬੁਢੇਪੇ ਵੇਲੇ ਹਰ ਰੋਜ ਦੇਖ ਭਾਲ ਦੀ ਲੋੜ ਹੈ। ਸੋ ਆਓ ਆਦਰ ਮਾਨ ਨਾਲ ਮਾਂ-ਬਾਪ ਦੀ ਸੇਵਾ ਕਰਕੇ ਹਰ ਰੋਜ ਮਦਰ-ਫਾਦਰ ਡੇ ਮਨਾਈਏ ਨਾਂ ਕਿ "ਜਗਤ ਕੀ ਭੇਡਾ ਚਾਲ ਚਲਤੇ ਕਿ ਮਗਰ ਚਲੇਂ" ਵਾਂਗ ਲੋਕ ਦਿਖਾਵੇ ਹੀ ਕਰੀ ਜਾਈਏ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top