Share on Facebook

Main News Page

ਸਿੱਖ ਵੱਖਰੀ ਕੌਮ ਸਬੰਧੀ ਬਹੁਤ ਵਾਰੀ ਸਿੱਖ ਸੰਸਥਾਵਾਂ ਵੱਲੋਂ ਪਾਏ ਮਤਿਆਂ ਪ੍ਰਤੀ ਕਦੋਂ ਜਾਗੇਗਾ ਪੰਥ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸੰਸਾਰ ਉੱਤੇ ਵੱਸਦੀਆਂ ਸਾਰੀਆਂ ਕੌਮਾਂ ਵਿੱਚੋਂ ਇੱਕ ਸਿੱਖ ਹੀ ਹਨ, ਜਿਹੜੇ ਵਾਰ ਵਾਰ ਆਪਣੀ ਵੱਖਰੀ ਤੇ ਨਿਰਾਲੀ ਕੌਮੀ ਪਹਿਚਾਨ ਦੀ ਸਲਾਮਤੀ ਨੂੰ ਲੈ ਕੇ ਲੜ੍ਹ ਰਹੇ ਹਨ ਅਤੇ ਸਿੱਖਾਂ ਨੂੰ ਭਵਿੱਖ ਵਿੱਚ ਸਭ ਤੋਂ ਵੱਡੀ ਚਿੰਤਾ ਹੀ ਇਹ ਹੈ ਕਿ ਸਾਡੀ ਅੱਡਰੀ ਹਸਤੀ ਕਾਇਮ ਕਿਵੇ ਰਹਿ ਸਕਦੀ ਹੈ। ਇਸ ਨਿਰਾਲੀ ਪਹਿਚਾਨ ਨੂੰ ਲੈ ਕੇ ਆਖਿਰ ਝਗੜਾ ਵੀ ਕੀਹ ਹੈ, ਨਵ ਜਨਮੀ ਪੀੜ੍ਹੀ ਨੂੰ ਤਾਂ ਇਹ ਸਭ ਕੁੱਝ ਫਜੂਲ ਦਾ ਰੌਲਾ ਰੱਪਾ ਦਿੱਸਦਾ ਹੈ ਅਤੇ ਉਹ ਸਮਝਦੇ ਹਨ ਕਿ ਅਸੀਂ ਸਿੱਖ ਮਾਂ ਬਾਪ ਦੇ ਘਰ ਜਨਮ ਲਿਆ ਹੈ ਤੇ ਅਸੀਂ ਤਾਂ ਜਨਮ ਸਿੱਧ ਹੀ ਸਿੱਖ ਹਾਂ, ਸਾਡੇ ਤੋਂ ਇਹ ਸਿੱਖੀ ਕੋਈ ਕਿਵੇ ਖੋਹ ਸਕਦਾ ਹੈ, ਲੇਕਿਨ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਵੀ ਸਿੱਖ ਪੰਥ ਦਾ ਹਿੱਸਾ ਨਹੀਂ ਬਣ ਸਕੇ, ਕਿਉਂਕਿ ਸਿੱਖੀ ਜਨਮ ਸਿੱਧ ਅਧਿਕਾਰ ਨਹੀਂ ਹੈ। ਕਿਸੇ ਵੀ ਘਰ ਵਿੱਚ ਜਨਮ ਲੈ ਕੇ ਸਿੱਖੀ ਨੂੰ ਕੋਈ ਵੀ ਅਪਣਾ ਸਕਦਾ ਹੈ। ਭਾਈ ਲਹਿਣਾ ਜੀ ਗੁਰੂ ਨਾਨਕ ਦੇ ਘਰ ਨਹੀਂ ਜਨਮੇਂ ਸਨ, ਪਰ ਗੁਰੂ ਦੀ ਗੱਲ ਮੰਨਕੇ ਅਤੇ ਵਿਚਾਰਧਾਰਾ ਨੂੰ ਪ੍ਰਵਾਨ ਕਰਕੇ, ਗੁਰੂ ਅੰਗਦ ਸਾਹਿਬ ਭਾਵ ਦੂਸਰੇ ਨਾਨਕ ਦੀ ਪਦਵੀ ਦੇ ਹੱਕਦਾਰ ਬਣ ਗਏ। ਇਸ ਵਾਸਤੇ ਗੁਰੂ ਦੇ ਪੰਥ ਭਾਵ ਸਿੱਖ ਕੌਮ ਵਿੱਚ ਸਿੱਖੀ ਦੀ ਪਹਿਚਾਨ ਵੱਖਰੀ ਹੈ।

ਸਿੱਖੀ ਦੇ ਦੁਸ਼ਮਨ ਕੌਣ ਹਨ, ਜਿਹੜੇ ਇਸ ਦੀ ਪਹਿਚਾਨ ਨੂੰ ਖਤਮ ਕਰਨ ਵਾਸਤੇ ਲਗਾਤਾਰ ਤਤਪਰ ਹਨ, ਉਹਨਾਂ ਵਿੱਚ ਅਜਿਹੀ ਕਿਹੜੀ ਸੋਚ ਹੈ, ਜਿਸ ਕਰਕੇ ਉਹਨਾਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਨ ਨਾਲ ਚਿੜ੍ਹ ਹੈ। ਉਹ ਮੁੱਖ ਤੌਰ ਤੇ ਭਾਰਤ ਵਿੱਚਲਾ ਕੱਟੜਵਾਦੀ ਹਿੰਦੁਤਵ ਹੈ, ਇਸ ਗੱਲ ਦੀ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਹੈ ਅਤੇ ਸਿੱਖਾਂ ਅੰਦਰ ਕੁੱਝ ਅਜਿਹੀਆਂ ਸੰਪਰਦਾਵਾ ਨੇ ਆਪਣੀ ਸਥਾਪਤੀ ਕਰ ਲਈ ਹੈ, ਜਿਹੜੀਆਂ ਬਿਪਰਵਾਦੀ ਕਰਮਕਾਂਡਾਂ ਵਿੱਚ ਗ੍ਰਸਤ ਹਨ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਸਾਜਿਸ਼ ਅਧੀਨ ਸਿੱਖ ਪੰਥ ਵਿੱਚ ਸਥਾਪਤ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ। ਉਹ ਲਗਾਤਾਰ ਸਿੱਖਾਂ ਅੰਦਰ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਦੇਖੋ ਜੀ ਗੁਰੂ ਨਾਨਕ ਸਾਹਿਬ ਦਾ ਜਨਮ ਵੀ ਤਾਂ ਹਿੰਦੁਆਂ ਦੇ ਘਰ ਹੀ ਹੋਇਆ ਸੀ। ਸਾਡੇ ਰਿਸ਼ਤੇ ਨਾਤੇ ਸਭ ਸਾਂਝੇ ਹਨ, ਸਾਡੀ ਤਿਉਹਾਰਾਂ ਦੀ ਵੀ ਸਾਂਝ ਹੈ ਅਤੇ ਹਰ ਗੱਲ ਵਿੱਚ ਮੁਸਲਮਾਨਾਂ ਨਾਲ ਦੁਸ਼ਮਨੀ ਨੂੰ ਉਭਾਰਿਆ ਜਾ ਰਿਹਾ ਹੈ ਅਤੇ ਬੇਲੋੜੀ ਨਫਰਤ ਭਰੀ ਜਾ ਰਹੀ ਹੈ। ਜਦੋਂ ਕਿ ਸਾਡੀ ਪਹਿਚਾਨ ਦਾ ਅਸਲ ਦੁਸ਼ਮਨ ਭਾਰਤ ਵਿੱਚਲਾ ਕੱਟੜਵਾਦੀ ਹਿੰਦੁਤਵ ਹੀ ਹੈ।

ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਹੋਣ ਸਮੇਂ ਤੋਂ ਪਹਿਲਾਂ ਤੋਂ ਹੀ ਸਾਸ਼ਕ ਮੁਗਲ ਸਨ ਅਤੇ ਉਹ ਵੀ ਅਜੋਕੇ ਹਿੰਦੁਵਾਦ ਦੀ ਤਰ੍ਹਾਂ ਬੜੇ ਕੱਟੜ ਹੋ ਗਏ ਸਨ। ਉਹਨਾਂ ਨੇ ਸਿਰਫ ਹਿੰਦੁਆਂ ਉੱਤੇ ਹੀ ਜ਼ੁਲਮ ਨਹੀਂ ਕੀਤਾ, ਸਗੋਂ ਆਪਣਿਆਂ ਉੱਤੇ ਵੀ ਕਹਿਰ ਢਾਹਿਆ, ਕਿਉਂਕਿ ਉਹਨਾਂ ਮੁਸਲਿਮ ਸਾਸ਼ਕਾਂ ਅੰਦਰੋਂ ਜ਼ਨਾਬ ਹਜਰਤ ਮਹੁੰਮਦ ਸਾਹਿਬ ਦਾ ਭੈਅ ਖਤਮ ਹੋ ਗਿਆ ਸੀ ਅਤੇ ਉਹਨਾਂ ਨੇ ਪਵਿਤਰ ਕੁਰਾਨ ਸ਼ਰੀਫ਼ ਅਤੇ ਇਸਲਾਮਿਕ ਸ਼ਰਾ ਤੋਂ ਵੀ ਪਰ੍ਹਾਂ ਹੋ ਕੇ, ਆਪਣੇ ਹੀ ਨਿਯਮ ਬਣਾ ਲਏ ਸਨ ਅਤੇ ਸੱਚ ਬੋਲਣ ਵਾਲੇ ਮਨੁੱਖਾਂ ਤੋਂ ਜਿਉਣ ਦਾ ਹੱਕ ਹੀ ਖੋਹ ਲਿਆ ਸੀ। ਬਾਬਾ ਸ਼ੇਖ ਫਰੀਦ ਜੀ ਵੀ ਤਾਂ ਅਜਿਹੇ ਨਿਜ਼ਾਮ ਦਾ ਸ਼ਿਕਾਰ ਹੋਏ ਹਨ

ਇਹ ਹੀ ਹਾਲ ਕੱਟੜਵਾਦੀ ਹਿੰਦੂ ਬ੍ਰਾਹਮਣ ਦਾ ਸੀ, ਭਗਤ ਨਾਮ ਦੇਵ ਜੀ ਭਗਤ ਰਵਿਦਾਸ ਜੀ ਵਰਗੇ ਮਹਾਨ ਮਹਾਂ ਪੁਰਖ, ਉਸ ਵੇਲੇ ਬ੍ਰਾਹਮਣ ਦੀ ਕਟੜਤਾ ਦੇ ਸ਼ਿਕਾਰ ਸਨ, ਫਿਰ ਇਹ ਕਹਿਣਾ ਤਾਂ ਠੀਕ ਨਹੀਂ ਹੈ ਕਿ ਜ਼ਾਲਮ ਸਿਰਫ ਮੁਸਲਿਮ ਸਨ। ਸੱਚ ਦੇ ਵੈਰੀ ਤਾਂ ਕੱਟੜਵਾਦੀ ਹਮੇਸ਼ਾਂ ਹੀ ਰਹੇ ਹਨ, ਬੇਸ਼ੱਕ ਉਹ ਮੁਸਲਿਮ ਹੋਣ , ਜਾਂ ਹਿੰਦੂ ਜਾਂ ਅਜੋਕੇ ਸਿੱਖ ਵੀ ਕਿਉਂ ਨਾ ਹੋਣ। ਇਸ ਲਈ ਬਾਬੇ ਨਾਨਕ ਦੀ ਲੜਾਈ ਕਿਸੇ ਧਰਮ ਜਾਂ ਜਾਤ ਨਾਲ ਨਹੀਂ ਸੀ, ਜੇ ਬਾਬਾ ਨਾਨਕ ਮੁਸਲਿਮ ਭਾਈਚਾਰੇ ਦੇ ਖਿਲਾਫ਼ ਹੁੰਦੇ ਤਾਂ ਫਿਰ ਉਹ ਭਾਈ ਮਰਦਾਨਾ ਜੀ ਮਰਾਸੀ ਨੂੰ ਨਾਲ ਲੈ ਕੇ ਕਦੇ ਵੀ ਨਾ ਤੁਰਦੇ, ਜੇ ਬਾਬਾ ਨਾਨਕ ਜੀ ਹਿੰਦੂ ਹੁੰਦੇ ਜਾਂ ਹਿੰਦੂਮਤ ਦੇ ਧਾਰਨੀ ਹੁੰਦੇ ਤਾਂ ਉਹਨਾਂ ਨੂੰ ਹਰਿਦੁਆਰ ਜਾ ਕੇ ਪੱਛਮ ਵੱਲ ਨੂੰ ਪਾਣੀ ਦੇ ਕੇ ਹਿੰਦੂਆਂ ਦੇ ਫੋਕਟ ਕਰਮ ਦਾ ਵਿਰੋਧ ਕਰਨ ਦੀ ਲੋੜ ਨਹੀਂ ਸੀ ਅਤੇ ਨਾ ਹੀ ਗ੍ਰਿਹਣ ਲੱਗੇ ਵਿੱਚ ਕੁਰਕਸ਼ੇਤਰ ਦੀ ਧਰਤੀ ਉੱਤੇ ਹਿਰਨ ਦਾ ਮਾਸ ਰਿੰਨ ਕੇ ਕਿਸੇ ਦੀ ਕਰੋਪੀ ਮੁੱਲ ਲੈਣ ਦੀ ਲੋੜ ਸੀ।

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਜਾਮਿਆਂ ਵਿੱਚ ਵਿਚਰਦਿਆਂ ਗੁਰੂ ਨਾਨਕ ਦੀ ਜੋਤ ਨੇ ਕਦੇ ਵੀ ਹਿੰਦੂ ਰੀਤੀਆਂ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਨਾ ਹੀ ਕਦੇ ਇਸਲਾਮ ਦਾ ਕੋਈ ਵਿਰੋਧ ਕੀਤਾ ਹੈ, ਸਗੋਂ ਗੁਰੂ ਸਹਿਬਾਨ ਨੇ ਸਭ ਨੂੰ ਆਪਣੇ ਆਪ ਵਿੱਚ ਸੁਧਾਰ ਕਰਨ ਵਾਸਤੇ ਨਸੀਹਤ ਕੀਤੀ ਕਿ ਤੁਸੀਂ ਆਪਣੇ ਵਡੇਰਿਆਂ ਦੀ ਮਰਿਯਾਦਾ ਵਿੱਚ ਪਰਪੱਕ ਰਹਿਕੇ ਵੀ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ, ਲੇਕਿਨ ਗੁਰੂ ਨਾਨਕ ਦੇ ਘਰ ਦੀ ਸੁਧਾਰਵਾਦੀ ਅਤੇ ਮਨੁੱਖਤਾ ਦੇ ਭਲੇ ਦੀ ਸੋਚ ਤੋਂ, ਉਹਨਾਂ ਲੋਕਾਂ ਨੂੰ ਹਮੇਸ਼ਾਂ ਹੀ ਡਰ ਰਿਹਾ ਹੈ ਕਿ ਇਸ ਨਾਲ ਸਾਨੂੰ ਸੰਸਾਰ ਵਿੱਚ ਵਿਚਰਨ ਤੇ, ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ, ਲੋਕ ਕਟਿਹੜੇ ਵਿੱਚ ਖੜ੍ਹਾ ਹੋਣਾ ਪਵੇਗਾ। ਇਸ ਕਰਕੇ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਸਿੱਖ ਕੌਮ ਨੂੰ ਨਿਗਲਨ ਦੇ ਯਤਨ ਜਾਰੀ ਹਨ, ਕੱਟੜਵਾਦੀ ਹਿੰਦੁਤਵ ਨੇ ਸਦੀਆਂ ਤੋਂ ਇਹ ਅਮਲ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਕੋਈ ਵੀ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੱਤਾ, ਬੇਸ਼ੱਕ ਕਦੇ ਇਸ ਹਿੰਦੁਤਵ ਨੂੰ ਮੁਗਲਾਂ ਦੇ ਅਧੀਨ ਰਹਿਕੇ ਵੀ ਕਿਉਂ ਨਾ ਲੜ੍ਹਣਾ ਪਿਆ ਹੋਵੇ ਜਾਂ ਮੁਗਲ ਹਕੂਮਤ ਦੇ ਗਲਤ ਫੈਸਲਿਆਂ ਦਾ ਸਮਰਥਨ ,ਜਿਵੇ ਦਿਵਾਨ ਸੁੱਚਾ ਨੰਦ ਕਰਦਾ ਰਿਹਾ, ਕਰਨਾ ਪਿਆ ਹੋਵੇ।

ਪਰ ਬਦਕਿਸਮਤੀ ਨਾਲ ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ, ਕੁੱਝ ਝੂਠੇ ਲਾਰਿਆਂ ਅਤੇ ਵਾਹਦਿਆਂ ਉੱਤੇ ਭਰੋਸਾ ਕਰਕੇ, ਸਿੱਖ ਵੀ ਹਿੰਦੁਵਾਦੀ ਰਾਜ ਦੀ ਗੁਲਾਮੀ ਅਧੀਨ ਆ ਗਏ, ਜਿੱਥੇ ਹਿੰਦੁਵਾਦੀ ਤਾਕਤਾਂ ਪਹਿਲਾਂ ਨਾਲੋ ਹੋਰ ਵਧੇਰੀ ਤੇਜੀ ਨਾਲ ਸਿੱਖਾਂ ਦੇ ਮਗਰ ਲੱਗ ਗਈਆਂ ਕਿ ਹੁਣ ਮੌਕਾ ਹੈ, ਸਿੱਖਾਂ ਦੀ ਪਹਿਚਾਨ ਨੂੰ ਖਤਮ ਕਰਨ ਦਾ। ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸਿੱਖਾਂ ਕੇਸਾਧਾਰੀ ਹਿੰਦੂ ਲਿਖ ਦਿੱਤਾ ਅਤੇ ਸਿੱਖਾਂ ਵਿਚਲੀ ਗਿੱਦੀ ਲੀਡਰਸ਼ਿੱਪ ਨੂੰ ਗੱਦੀਆਂ ਦਾ ਲਾਲਚ ਅਜਿਹਾ ਲਗਾ ਦਿੱਤਾ ਕਿ ਉਹ ਵੋਟਾਂ ਦੇ ਮਾਰੇ ਹਿੰਦੂ ਸਿੱਖ ਏਕਤਾ ਦੇ ਨਾਹਰੇ ਲਾਉਂਦੇ ਲਾਉਂਦੇ, ਆਪਣੀ ਵੱਖਰੀ ਹਸਤੀ ਤੋਂ ਹੀ ਮੁਨਕਰ ਹੋ ਗਏ। ਜੇ ਉਹਨਾਂ ਨੂੰ ਕੋਈ ਪੁੱਛੇ ਕਿ ਹਿੰਦੂ ਸਿੱਖ ਏਕਤਾ ਟੁੱਟੀ ਕਦੋ ਹੈ, ਅਸੀਂ ਤਾਂ ਮਾਨਵ ਏਕਤਾ ਦੇ ਪ੍ਰਤੀਕ ਹਾ, ਅਜਿਹੀ ਹੀ ਤਾਂ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਸਿੱਖਿਆ ਦਿੰਦੀ ਹੈ, ਪਰ ਅਸੀਂ ਕਿਸੇ ਨਾ ਕਿਸੇ ਲਾਲਚ ਅਧੀਨ ਗੁਰੂ ਦੀ ਸਿੱਖਿਆ ਤੋਂ ਵੀ ਲਾਂਭੇ ਜਾ ਕੇ, ਸਿਰਫ ਵੋਟਾਂ ਦੀ ਗਿਣਤੀ ਵਿੱਚ ਹੀ ਫਸ ਕੇ ਰਹਿ ਗਏ ਹਾ, ਕੌਮੀ ਪਹਿਚਾਨ ਦੀ ਕੋਈ ਪ੍ਰਵਾਹ ਨਹੀਂ ਹੈ।

ਅੱਜ ਦੇ ਦਿਨ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਈ ਦਹਾਕੇ ਪਹਿਲਾਂ ਇੱਕ ਮਤਾ ਪਾਸ ਕੀਤਾ ਸੀ ਕਿ ਸਿੱਖ ਇੱਕ ਵੱਖਰੀ ਕੌਮ ਹਨ, ਪਰ ਅਜਿਹੇ ਮਤੇ ਸਿਰਫ ਫਾਈਲਾਂ ਦੀ ਬੁੱਕਲ ਵਿੱਚ ਪਏ ਸਿਸਕਦੇ ਰਹਿੰਦੇ ਹਨ। ਕਾਗਜ਼ ਵੀ ਸਮਾਂ ਪਾ ਕੇ ਆਪਣੀ ਮਿਆਦ ਖਤਮ ਕਰ ਲੈਂਦੇ ਹਨ ਤੇ ਭੁਰਨ ਲੱਗ ਜਾਂਦੇ ਹਨ, ਸਿੱਖਾਂ ਦੀ ਕਿਸਮਤ ਵਾਂਗੂੰ। ਸਿੱਖਾਂ ਦੇ ਆਗੂ ਬੇਈਮਾਨ ਹੋ ਚੁੱਕੇ ਹਨ, ਕੋਈ ਧਿਰ ਸਾਬਤ ਨਹੀਂ ਕਿਉਂਕਿ ਕੌਮੀ ਮਿਸ਼ਨ ਕਿਸੇ ਕੋਲ ਨਹੀਂ ਹੈ ਜੇ ਥੋੜੀ ਬਹੁਤੀ ਕੋਈ ਕੌਮੀ ਗੱਲ ਕਰਦਾ ਹੈ ਤਾਂ ਉਸ ਦੀ ਈਰਖਾ ਕੰਨਾਂ ਤੱਕ ਆਈ ਪਈ ਹੈ। ਉਸ ਨੂੰ ਆਪਣੇ ਤੋਂ ਬਿਨ੍ਹਾਂ ਕੋਈ ਪੰਥ ਦਰਦੀ ਹੀ ਨਜਰ ਨਹੀਂ ਆਉਂਦਾ। ਭਾਰਤ ਦਾ ਕੱਟੜਵਾਦੀ ਹਿੰਦੂਤਵੀ ਨਿਜ਼ਾਮ ਤਾਂ ਲਗਾਤਾਰ ਸਾਡੀ ਪਹਿਚਾਨ ਨੂੰ ਨੇਸਤੋ ਨਬੂਦ ਕਰਨ ਵਾਸਤੇ ਯਤਨਸ਼ੀਲ ਹੈ।

ਅਮਰੀਕਾ ਵਿੱਚੋਂ ਸਿੱਖਾਂ ਦੀ ਇੱਕ ਜਥੇਬੰਦੀ "ਸਿਖਜ਼ ਫ਼ਾਰ ਜਸਟਿਸ" ਨੇ ਜੇ ਸਿੱਖਾਂ ਦੀ ਵੱਖਰੀ ਪਹਿਚਾਨ ਨੂੰ ਲੈ ਕੇ, ਕੁੱਝ ਉਦਮ ਅਰੰਭਿਆ ਹੈ ਤਾਂ ਭਾਰਤੀ ਨਿਜ਼ਾਮ ਨੇ ਉਹਨਾਂ ਦੀ ਫੇਸ ਬੁੱਕ ਅਤੇ ਹੋਰ ਇੰਟਰਨੈਟ ਸੋਮਿਆਂ ਉੱਤੇ ਪਬੰਦੀ ਲਗਾ ਦਿੱਤੀ ਹੈ। ਅਸੀਂ ਅਵੇਸਲੇ ਹਾ ਜਾਂ ਇੱਕ ਦੂਜੇ ਵੱਲ ਨਿਸ਼ਾਨੇ ਸੇਧੀ ਬੈਠੇ ਹਾਂ, ਲੇਕਿਨ ਅੱਜ ਦੇ ਦਿਨ ਸਾਡੇ ਬਜੁਰਗਾਂ ਵੱਲੋਂ ਪਾਏ ਮਤੇ, ਕਿ ਸਿੱਖ ਇੱਕ ਵਖਰੀ ਕੌਮ ਹੈ, ਦਾ ਸਤਿਕਾਰ ਕਰਦਿਆਂ ਸਾਨੂੰ ਸਭ ਨੂੰ ਬੇਸ਼ੱਕ ਕੋਈ ਸਰਕਾਰ ਚਲਾਉਂਦਾ ਹੈ ਜਾਂ ਕੋਈ ਕਿਸੇ ਤੋਂ ਸਰਕਾਰ ਖੋਹਣ ਵਾਸਤੇ ਤਰਲੋਮੱਛੀ ਹੋ ਰਿਹਾ ਹੈ, ਇਸ ਮਾਮਲੇ ਉੱਤੇ ਇੱਕ ਜੁੱਟ ਹੋ ਕੇ।

ਇੱਕ ਆਵਾਜ ਵਿੱਚ ਕਹਿਣਾ ਚਾਹੀਦਾ ਹੈ ਕਿ "ਸਿੱਖ ਇੱਕ ਵੱਖਰੀ ਕੌਮ ਹੈ"।

ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top