Share on Facebook

Main News Page

ਸ਼ਹਾਦਤ ਦੇ ਮੁਕਾਮ ਉੱਤੇ ਖੜ੍ਹੇ ਬਾਪੂ ਸੂਰਤ ਸਿੰਘ ਖਾਲਸਾ ਜੀ! ਪੰਥ ਦਾ ਇੱਕ ਹੋਰ ਭਲਾ ਕਰ ਜਾਓ...
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅਦਾਲਤਾਂ ਵੱਲੋਂ ਮਿਲੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ, ਬਾਪੂ ਸੂਰਤ ਸਿੰਘ ਖਾਲਸਾ ਵਲੋਂ ਅਰੰਭਿਆ ਮੋਰਚਾ, ਹੁਣ ਫਤਹਿ ਦੇ ਮੁਕਾਮ ਤੇ ਪਹੁੰਚਣ ਦੇ ਸੰਕੇਤ ਦੇ ਰਿਹਾ ਹੈ। ਬਾਪੂ ਖਾਲਸਾ ਦੀ ਸਿਹਤ ਦੇ ਨਾਲ ਇਸ ਮੰਜ਼ਿਲ ਦੀ ਲੰਬਾਈ ਖਤਮ ਹੋਣੀ ਹੈ ਜਾਂ ਕਿਤੇ ਬਦਕਿਸਮਤੀ ਨਾਲ ਇੱਥੋਂ ਦੇ ਨਿਜ਼ਾਮ ਨੂੰ ਸਮਝ ਆ ਜਾਵੇ ਅਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਕਰ ਦੇਵੇ, ਫਿਰ ਇਸ ਸਫਰ ਦਾ ਇੱਕ ਖੂਬਸੂਰਤ ਅਤੇ ਸਦਭਾਵਨਾਂ ਭਰਪੂਰ ਅੰਤ ਹੋ ਸਕਦਾ ਹੈ, ਲੇਕਿਨ ਅਜਿਹਾ ਕੁੱਝ ਹਾਲੇ ਇੱਕ ਫੀ ਸਦੀ ਵੀ ਨਜਰ ਨਹੀਂ ਆ ਰਿਹਾ ਹੈ। ਇਸ ਕਰਕੇ ਹੁਣ ਇਸ ਵਿੱਚ ਕੋਈ ਸ਼ੰਕ ਨਹੀਂ ਕਿ ਬਾਪੂ ਸੂਰਤ ਸਿੰਘ ਜੀ ਦੀ ਝੋਲੀ ਸ਼ਹਾਦਤ ਦੀ ਦਾਤ ਕਿਸੇ ਸਮੇਂ ਵੀ ਪੈ ਸਕਦੀ ਹੈ ਕਿਉਂਕਿ ਬਾਪੂ ਖਾਲਸਾ, ਇਕ ਦ੍ਰਿੜ ਇਰਾਦੇ ਵਾਲੇ ਗੁਰਸਿੱਖ ਹਨ, ਜਿਹਨਾਂ ਨੇ ਮਰਨ ਵਰਤ ਉੱਤੇ ਬੈਠਣ ਵੇਲੇ ਕੋਈ ਅਰਦਾਸ ਨਹੀਂ ਕੀਤੀ, ਪਰ ਸਿੱਖ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਇਕ ਪਾਇਦਾਰੀ ਨੂੰ ਉਜਾਗਰ ਕਰਨ ਵਾਸਤੇ, ਬਾਪੂ ਖਾਲਸਾ ਨੇ ਕੀਤੇ ਕੌਲ ਪੁਗਾ ਦੇਣੇ ਹਨ। ਦੂਸਰਾ ਇਹ ਵੀ ਹੈ ਭਾਰਤੀ ਨਿਜ਼ਾਮ ਜਾਂ ਬਾਦਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਜੇ ਇੱਕ ਸਿੱਖ ਸ਼ਹੀਦੀ ਵੀ ਪਾ ਜਾਵੇ।

ਪਿਛਲੇ ਦਿਨਾਂ ਵਿੱਚ ਬਾਪੂ ਖਾਲਸਾ ਦੀ ਭੁੱਖ ਹੜਤਾਲ ਸਿੱਖਾਂ ਨੂੰ ਇੱਕ ਸਿਆਸੀ ਡਰਾਮਾ ਜਿਹਾ ਹੀ ਜਾਪਦੀ ਸੀ। ਜਿਸ ਸਮੇਂ ਬਾਪੂ ਖਾਲਸਾ ਨੂੰ ਸਰਕਾਰ ਨੇ ਹਿਰਾਸਤ ਵਿਚ ਲੈ ਲਿਆ ਸੀ ਤਾਂ ਲੋਕਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਪਹਿਲੀਆਂ ਦੋ ਭੁੱਖ ਹੜਤਾਲਾਂ ਵਾਂਗੂੰ ਬਾਪੂ ਖਾਲਸਾ, ਅੰਦਰੋਂ ਸਰਕਾਰ ਨਾਲ ਕੋਈ ਸੌਦੇਬਾਜ਼ੀ ਕਰਕੇ ਹੀ ਬਾਹਰ ਨਿਕਲਣਗੇ। ਇਸ ਕਰਕੇ ਸਿੱਖ ਸੰਗਤ ਹਾਲੇ ਵੇਖ ਰਹੀ ਸੀ ਕਿ ਬਾਪੂ ਖਾਲਸਾ ਦੀ ਰਿਹਾਈ ਤੋਂ ਬਾਅਦ ਕੀਹ ਹੁੰਦਾ ਹੈ। ਹੁਣ ਲੋਕਾਂ ਦਾ ਭੁਲੇਖਾ ਦੁਰ ਹੋ ਗਿਆ ਹੈ ਕਿ ਇੱਕ ਤਾਂ ਬਾਪੂ ਖਾਲਸਾ ਜਾਂ ਉਹਨਾਂ ਦੇ ਸਿਦਕੀ ਪੁੱਤਰ ਵੀਰ ਰਵਿੰਦਰਜੀਤ ਸਿੰਘ ਗੋਗੀ ਨੇ ਕਿਸੇ ਵੀ ਜਬਰ ਦੀ ਪਰਵਾਹ ਨਾ ਕਰਦਿਆਂ, ਜਮਾਨਤ ਨਹੀਂ ਕਰਵਾਈ ਅਤੇ ਨਾ ਹੀ ਈਨ ਮੰਨੀ ਹੈ, ਅਖੀਰ ਸਰਕਾਰ ਨੂੰ ਬੇਸ਼ਰਮੀ ਦੇ ਤਾਣ ਰਿਹਾਈ ਹੀ ਕਰਨੀ ਪਈ ਹੈ ਅਤੇ ਬਾਪੂ ਖਾਲਸਾ ਨਾਲ ਜਦੋਂ ਦਾਸ ਲੇਖਿਕ ਨੇ ਰਿਹਾਈ ਤੋਂ ਦੂਸਰੇ ਦਿਨ ਕੁੱਝ ਲਿਖਣ ਲੱਗਿਆਂ, ਫੋਨ ਕਰਕੇ ਬਾਪੂ ਖਾਲਸਾ ਦੇ ਵਿਚਾਰ ਜਾਨਣੇ ਚਾਹੇ ਤਾਂ ਸਪਸ਼ਟ ਜਵਾਬ ਸੀ ਕਿ ‘‘ਸਿੱਖ ਨੇ ਗੁਰੂ ਦੇ ਆਸਰੇ ਜਿਹੜਾ ਬਚਨ ਮੂੰਹੋਂ ਕੱਢਿਆ ਹੈ ਉਸ ਉੱਤੇ ਖੜ੍ਹਾ ਹੈ, ਰਿਹਾਈ ਹੋ ਜਾਵੇ ਤਾਂ ਵੱਖਰੀ ਗੱਲ, ਸਰਕਾਰਾਂ ਨੇ ਬਾਹਵਾਂ ਬੰਨ੍ਹ ਕੇ, ਨੱਕ ਵਿੱਚ ਨਾਲੀਆਂ ਪਾ ਕੇ, ਪਤਾ ਨਹੀਂ ਕੀਹ ਮੁੰਹ ਵਿੱਚ ਪਾਇਆ ਹੋਵੇਗਾ, ਪਰ ਹੁਣ ਇਸ ਮੁੰਹ ਵਿੱਚੋਂ ਪਾਣੀ ਦੇ ਸਿਵਾ ਕੁੱਝ ਅੰਦਰ ਨਹੀਂ ਲੰਘੇਗਾ।

ਹੁਣ ਕੁੱਝ ਜਥੇਬੰਦੀਆਂ ਨਿੱਤਰੀਆਂ ਹਨ ਅਤੇ ਉਹਨਾਂ ਨੇ ਰਲ ਮਿਲ ਕੇ ਸੰਘਰਸ਼ ਅਰੰਭਿਆ ਹੈ, ਪਰਸੋਂ ਪਿੰਡ ਹਸਨਪੁਰ ਵਿੱਚ ਇੱਕ ਇਕੱਠ ਵੀ ਹੋਇਆ, ਬਹੁਤ ਸਾਰੇ ਲੋਕ ਉਥੇ ਪਹੁੰਚੇ, ਪਰ ਜਿੰਨੇ ਪਾਰਟੀਆਂ ਦੇ ਬੁਲਾਰੇ ਸਨ, ਉਸ ਹਿਸਾਬ ਨਾਲ ਜੇ ਸਾਰੇ ਹੀ ਤਨੋ ਮਨੋ ਪੂਰੀ ਦਿਆਨਤਦਾਰੀ ਨਾਲ ਜੋਰ ਲਾਉਂਦੇ ਤਾਂ ਇਸ ਇਕੱਠ ਦੀ ਖੂਬਸੂਰਤੀ ਕਈ ਗੁਣਾਂ ਵਧੇਰੇ ਹੋ ਜਾਣੀ ਸੀ, ਪਰ ਫਿਰ ਵੀ ਜਿਹਨਾਂ ਨੇ, ਜਿਹੜਾ ਵੀ ਉਦਮ ਕੀਤਾ ਮੁਬਾਰਕ ਹੈ। ਇਸ ਇਕੱਠ ਨੂੰ ਆਖਰੀ ਸਮਾਗਮ ਜਾਂ ਸੰਘਰਸ਼ ਦੀ ਸਿਖਰ ਨਹੀਂ ਸਮਝ ਲੈਣਾ ਚਾਹੀਦਾ, ਹਾਲੇ ਤਾਂ ਆਰੰਭਤਾ ਹੈ ਲੋਕਾ ਅੰਦਰ ਭਰੋਸੇ ਦੀ ਨੀਂਹ ਟਿਕੀ ਹੈ। ਪਹਿਲਾਂ ਤਾਂ ਪਿਛਲੇ ਵਰੇ ਦੇ ਦੋ ਮਰਨ ਵਰਤਾਂ ਦੇ ਹਸ਼ਰ ਕਰਕੇ, ਕੋਈ ਭਰੋਸਾ ਹੀ ਨਹੀਂ ਕਰ ਰਿਹਾ ਸੀ ਕਿ ਜੇ ਜਰਨੈਲ ਹੀ ਭਗੌੜਾ ਹੋ ਗਿਆ ਤਾਂ ਫਿਰ ਫੌਜ ਕੀਹ ਕਰੇਗੀ। ਅੱਜ ਬਾਪੂ ਖਾਲਸਾ ਦਾ ਭਰੋਸਾ ਸਿੱਖ ਪੰਥ ਦੀ ਕਸਵੱਟੀ ਉੱਤੇ ਖਰਾ ਹੋ ਨਿਬੜਿਆ ਹੈ। ਹੁਣ ਅੱਗੇ ਸੰਘਰਸ਼ ਦੇ ਸੰਚਾਲਕ ਆਗੂਆਂ ਦੇ ਭਰੋਸੇ ਦੀ ਗੱਲ ਹੈ ਕਿ ਉਹ ਲੋਕਾਂ ਵਿੱਚ ਆਪਣੀ ਸ਼ਾਖ ਕਿਵੇ ਪੱਕੀ ਕਰਦੇ ਹਨ। ਜਦੋਂ ਇਹ ਦੋਹੇ ਗੱਲਾਂ ਤੱਕੜੀ ਦੇ ਪੱਲੜੇ ਬਰਾਬਰ ਤੁੱਲ ਗਈਆਂ ਤਾਂ ਪੰਥ ਨੇ ਹੜ੍ਹ ਲਿਆ ਦੇਣਾ ਹੈ।

ਅੱਜ ਲੋਕਾਂ ਅੰਦਰ ਪੰਥਕ ਜਥੇਬੰਦੀਆਂ ਦੇ ਵਖਰੇਵੇਂ ਦਾ ਹੀ ਧੁੜ੍ਹਕੂ ਹੈ ਕਿ ਕਿਤੇ ਸੰਘਰਸ਼ ਸਿਖਰ ਉੱਤੇ ਪਹੁੰਚਣ èਤੇ ਕੋਈ ਪਾਵਾ ਖਿਸਕ ਕੇ ਸਰਕਾਰੀ ਤਖਤ ਵੱਲ ਨਾ ਸਿਰ ਨਿਵਾ ਦੇਵੇ ਅਤੇ ਸੰਘਰਸ਼ ਅਰਸ਼ ਤੋਂ ਫਰਸ਼ ਉੱਤੇ ਨਾ ਆ ਪਵੇ, ਪਰ ਜਿਵੇ ਹੁਣ ਕੁੱਝ ਜਥੇਬੰਦੀਆਂ ਨੇ ਸਿਰ ਜੋੜਿਆ ਹੈ ਅਤੇ ਕੁੱਝ ਦਿਨ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਿਆ ਤਾਂ ਸਿੱਖਾਂ ਅੰਦਰ ਹੋਰ ਉਤਸ਼ਾਹ ਪੈਦਾ ਹੋਵੇਗਾ। ਹੁਣ ਸੰਗਤ ਨੇ ਵੀ ਮਨ ਬਣਾ ਲਿਆ ਹੈ, ਲੋਕ ਘਰੋਂ ਉਸ ਤਰ੍ਹਾਂ ਹੀ ਨਿਕਲ ਸਕਦੇ ਹਨ, ਜਿਵੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਵੇਲੇ ਨਿਕਲੇ ਸਨ, ਬਸ ਸੰਘਰਸ਼ ਦੀ ਕਮਾਂਡ ਕਰਨ ਵਾਲੇ ਆਗੂਆਂ ਨੂੰ ਆਪਣੀ ਭਰੋਸੇ ਯੋਗਤਾ ਲਗਾਤਾਰ ਬਣਾਈ ਰੱਖਣੀ ਪਵੇਗੀ, ਫਿਰ ਸਿੱਖਾਂ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣੀ। ਕੱਲ ਦਾ ਇਕੱਠ ਹਾਲੇ ਲੋਕਾਂ ਨੇ ਪਹਿਲੇ ਤਜਰਬੇ ਵਜੋਂ ਹੀ ਵੇਖਿਆ ਹੈ ਕਿ ਕੀਹ ਕੋਈ ਠੋਸ ਪਰੋਗਰਾਮ ਆਉਂਦਾ ਹੈ ਜਾਂ ਬੁਲਾਰਿਆਂ ਦੀਆਂ ਸੁਰਾਂ ਕਿਵੇ ਹਨ।

ਕੋਈ ਸ਼ੱਕ ਨਹੀਂ ਬਾਪੂ ਸੂਰਤ ਸਿੰਘ ਖਾਲਸਾ ਆਪਣਾ ਜੀਵਨ ਦਾਅ ਤੇ ਲਾਈ ਬੈਠੇ ਹਨ ਅਤੇ ਕਿਸੇ ਸਮੇਂ ਸ਼ਹਾਦਤ ਦੀ ਦਾਤ ਨੇ ਸੰਸਾਰ ਦੇ ਭਵਸਾਗਰ ਤੋਂ ਉਜਲੇ ਮੁੱਖ ਨਾਲ ਰੁਖਸਤ ਕਰ ਦੇਣਾ ਹੈ। ਜਦੋਂ ਕੋਈ ਇਸ ਤਰ੍ਹਾਂ ਮੌਤ ਨੂੰ ਗਲੇ ਲਾਉਣ ਦਾ ਹੀਆ ਕਰ ਲਵੇ ਅਤੇ ਇਰਾਦਾ ਬੁਲੰਦ ਕਰਕੇ ਆਪਣੀ ਮੰਜ਼ਿਲ ਵੱਲ ਮੁੰਹ ਕਰ ਲਵੇ ਤਾਂ ਉਸ ਦੀਆਂ ਸਵੈ ਇਛਾਵਾਂ ਖਤਮ ਹੋ ਜਾਂਦੀਆਂ ਅਤੇ ਕੌਮ ਪ੍ਰਸਤੀ ਦੀ ਭਾਵਨਾਂ ਪ੍ਰਬਲ ਹੋ ਜਾਂਦੀ ਹੈ। ਅੱਜ ਬਾਪੂ ਖਾਲਸਾ ਅਜਿਹੀ ਹੀ ਅਵਸਥਾ ਵਿੱਚ ਹਨ ਅਤੇ ਸ਼ਹਾਦਤ ਦੇ ਮੁਕਾਮ ਤੇ ਖੜੇ ਹਨ, ਹੁਣ ਉਹਨਾਂ ਨੂੰ ਕਿਸੇ ਜਥੇਬੰਦੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਕੋਈ ਮੁਹਥਾਜੀ ਨਹੀਂ ਹੈ, ਸਿਰਫ ਹੁਣ ਤਾਂ ਅੱਗਾ ਹੀ ਦਿੱਸਦਾ ਹੈ, ਇਸ ਵਾਸਤੇ ਅਜਿਹੇ ਮੌਕੇ ਬਾਪੂ ਖਾਲਸਾ ਨੂੰ ਇੱਕ ਹੋਰ ਕਾਰਜ਼ ਵੀ ਕਰ ਦੇਣਾ ਚਾਹੀਦਾ ਹੈ ਅਤੇ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਮੇਰੀ ਸ਼ਹਾਦਤ ਤੋਂ ਬਾਅਦ, ਮੇਰੀ ਅਰਦਾਸ ਕਰਨ ਵਾਲੇ ਸਾਰੇ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ ਦੇ ਰੂਪ ਵਿੱਚ ਹੋਣੇ ਚਾਹੀਦੇ ਹਨ, ਨਹੀਂ ਤਾਂ ਪਰਿਵਾਰ ਹੀ ਬਣਦੀ ਰਸਮ ਪੂਰੀ ਕਰਕੇ ਸਬਰ ਕਰ ਲਵੇ।

ਜਦੋਂ ਅੱਜ ਬਾਪੂ ਖਾਲਸਾ ਦਾ ਕਾਰਜ਼ ਪੰਥਕ ਹੈ, ਉਹ ਕਿਸੇ ਇੱਕ ਧੜੇ ਜਾਂ ਕਿਸੇ ਜਥੇਬੰਦੀ ਦਾ ਨਹੀਂ ਹੈ ਅਤੇ ਉਸ ਕਾਰਜ਼ ਨੂੰ ਲੈ ਕੇ ਧੜਿਆਂ ਵਿੱਚ ਖੜੇ ਸਭ ਸੰਘਰਸ਼ ਵੀ ਕਰ ਰਹੇ ਹਨ ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਹੋਰ ਵੀ ਪੰਥਕ ਮਸਲੇ ਬਹੁਤ ਹਨ, ਕੇਵਲ ਬੰਦੀ ਸਿੰਘਾਂ ਦੀ ਰਿਹਾਈ ਨਾਲ ਪੰਥ ਦਾ ਕੰਮ ਮੁੱਕ ਨਹੀਂ ਜਾਣਾ, ਇਸ ਨੂੰ ਲੰਬੀ ਲੜਾਈ ਵਾਸਤੇ ਤਿਆਰ ਹੋਣਾ ਪਵੇਗਾ। ਇਹ ਵੀ ਸਾਫ਼ ਦਿੱਸ ਰਿਹਾ ਹੈ ਕਿ ਸਰਕਾਰ ਕਿਸੇ ਬੰਦੀ ਸਿੰਘ ਨੂੰ ਰਿਹਾ ਕਰਨ ਦੇ ਰੌਂਅ ਵਿੱਚ ਨਹੀਂ ਜਾਪਦੀ ਤੇ ਜੇ ਬੰਦੀ ਸਿੰਘ ਰਿਹਾ ਨਾ ਹੋਏ ਅਤੇ ਬਾਪੂ ਜੀ ਸ਼ਹਾਦਤ ਪਾ ਗਏ ਤਾਂ ਫਿਰ ਇਹ ਸੰਘਰਸ਼ ਸਮਾਪਤ ਨਹੀਂ ਹੋ ਸਕਦਾ, ਸਗੋਂ ਇਸ ਦੀ ਰਫਤਾਰ ਤੇਜ ਕਰਨੀ ਹੋਵੇਗੀ। ਸਾਡਾ ਕੰਮ ਇਹ ਨਹੀਂ ਕਿ ਅਸੀਂ ਬਾਪੂ ਖਾਲਸਾ ਦੀ ਸ਼ਹੀਦੀ ਤੱਕ ਸੰਘਰਸ਼ ਕਰੀਏ ਤੇ ਬਾਪੂ ਦੇ ਭੋਗ ਉਪਰੰਤ ਕੱਪੜੇ ਝਾੜਕੇ ਘਰਾਂ ਨੂੰ ਤੁਰ ਜਾਈਏ। ਬਾਪੂ ਖਾਲਸਾ ਦੀ ਸ਼ਹਾਦਤ ਤਾਂ ਸੰਘਰਸ਼ ਦਾ ਰਸਤਾ ਖੋਲੇਗੀ ਅਤੇ ਕੋਈ ਵੀ ਸੰਘਰਸ਼ ਏਕਤਾ ਬਿਨ੍ਹਾਂ ਕਦੇ ਸਿਰੇ ਨਹੀਂ ਲੱਗਿਆ। ਅੱਜ ਪੰਥਕ ਏਕਤਾ ਵੱਡਾ ਮਸਲਾ ਹੈ, ਸਾਡੇ ਕੋਲ ਬਾਪੂ ਸੂਰਤ ਸਿੰਘ ਖਾਲਸਾ ਇਸ ਵੇਲੇ ਇੱਕ ਸੂਤਰਧਰ ਹਨ ਅਤੇ ਉਹਨਾਂ ਨੂੰ ਹੁਣ ਕਿਸੇ ਕਿਸਮ ਦੀ ਲਾਲਸਾ ਵੀ ਨਹੀਂ ਹੈ, ਕਿੰਨਾਂ ਚੰਗਾ ਹੋਵੇ ਕਿ ਬਾਪੂ ਖਾਲਸਾ ਹੀ ਸਾਰੀਆਂ ਜਥੇਬੰਦੀਆਂ ਨੂੰ ਸਾਫ਼ ਸਾਫ਼ ਕਹਿ ਦੇਣ ਕਿ ਮੇਰੇ ਸਿਵੇ ਦੀ ਸਵਾਹ ਨਾ ਵੰਡਣ ਦੀ ਕੋਸ਼ਿਸ਼ ਨਾ ਕਰਿਓ ਅਤੇ ਮੇਰੇ ਜਿਉਂਦੇ ਜੀ ਇੱਕ ਕਿਰਪਾ ਕਰ ਦਿਓ, ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਪੰਥ ਬਣ ਜਾਓ, ਤਾਂ ਮੇਰੀ ਸ਼ਹਾਦਤ ਦਾ ਰੰਗ ਹੋਰ ਗੂੜ੍ਹਾ ਹੋ ਜਾਵੇਗਾ ਅਤੇ ਗੁਰੂ ਦਰਬਾਰ ਵਿੱਚ ਮੈ ਸ਼ਾਹਦੀ ਭਰਾਂਗਾ ਕਿ ਬਾਬਾ ਤੇਰਾ ਪੰਥ ਸਿਆਣਾ ਹੋ ਗਿਆ ਹੈ।

ਅੱਜ ਰੌਲਾ ਸਿਰਫ ਇੱਕ ਦੂਜੇ ਦੀ ਸਰਦਾਰੀ ਕਬੂਲਣ ਦਾ ਹੈ, ਕੋਈ ਆਖਦਾ ਹੈ ਕਿ ਮੇਰੀ ਕੁਰਬਾਨੀ ਵੱਧ ਹੈ, ਕੋਈ ਆਖਦਾ ਹੈ ਮੇਰੀ ਜਥੇਬੰਦੀ ਵੱਡੀ ਹੈ, ਕੋਈ ਆਖਦਾ ਹੈ ਕਿ ਫਲਾਣਾ ਸਿਆਸੀ ਹੈ, ਮੈਂ ਧਾਰਮਿਕ ਹਾਂ, ਉਸ ਨੂੰ ਕਿਵੇ ਮੰਨ ਲਈਏ। ਇਹ ਹੀ ਇੱਕ ਸਮੱਸਿਆ ਹੈ, ਜਿਹੜੀ ਏਕਤਾ ਨਹੀਂ ਹੋਣ ਦਿੰਦੀ, ਪਰ ਅੱਜ ਤਾਂ ਇਸ ਦਾ ਹੱਲ ਵੀ ਸਾਡੇ ਸਾਹਮਣੇ ਹੈ ਕਿ ਕਿੰਨਾਂ ਚੰਗਾ ਹੋਵੇ ਜੇ ਅਸੀਂ ਬਾਪੁ ਸੂਰਤ ਸਿੰਘ ਖਾਲਸਾ ਨੂੰ ਹੀ ਪ੍ਰਧਾਨ ਮੰਨਕੇ, ਸਾਰੇ ਏਕਤਾ ਕਰ ਲਵੋ? ਭਲਾ ਜੇ ਬਾਪੂ ਖਾਲਸਾ ਦੇ ਜਿਉਂਦੇ ਜੀ, ਪੰਥਕ ਏਕਤਾ ਦਾ ਕੋਈ ਮੁੱਢ ਬੱਝ ਜਾਵੇ ਅਤੇ ਕੌਮ ਨੂੰ ਵੀ ਕੋਈ ਆਸ ਦੀ ਕਿਰਨ ਦਿੱਸਣ ਲੱਗ ਪਵੇ ਅਤੇ ਬਾਪੁ ਦੀ ਸ਼ਹਾਦਤ ਕੌਮ ਵਾਸਤੇ ਵਰਦਾਨ ਸਾਬਤ ਹੋ ਸਕਦੀ ਹੈ। ਪੰਥਕ ਜਥੇਬੰਦੀਆਂ ਕੁੱਝ ਕਰਨ ਜਾਂ ਨਾ ਕਰਨ ਬਾਪੂ ਖਾਲਸਾ ਦੀ ਸ਼ਹਾਦਤ ਤਾਂ ਅਟੱਲ ਹੈ, ਪਰ ਪੰਥ ਦਾ ਵਾਸਤਾ ਜੇ ਇਸ ਨੂੰ ਬਾਪੂ ਦੀ ਅੰਤਮ ਅਰਦਾਸ ਤੇ ਸਮਾਪਤ ਹੋਣ ਤੋਂ ਬਚਾ ਲਵੋ। ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top