Share on Facebook

Main News Page

ਅਖੌਤੀ ਜਥੇਦਾਰ ਵਲੋਂ ਸਿੱਖ ਜੋੜਿਆਂ ਨੂੰ ਘਟੋ ਘੱਟ 4 ਬੱਚੇ ਪੈਦਾ ਕਰਨ ਦੀ ਸਲਾਹ ਦਾ ਮਾਮਲਾ

* ਸਿੱਖ ਸਿਧਾਂਤ ਗਿਣਤੀ ਤੰਤਰ ਨਹੀਂ ਬਲਕਿ ਗੁਣ ਤੰਤਰ ਵਿੱਚ ਵਿਸ਼ਵਾਸ਼ ਕਰਦਾ ਹੈ: ਕਲਕੱਤਾ
* ਸਿੱਖ ਕੌਮ ਕਮਜ਼ੋਰ ਨਹੀਂ ਹੈ, ਨਾ ਹੀ ਇਸਨੂੰ ਕਿਸੇ ਬਾਹਰੀ ਸ਼ਕਤੀ ਤੋਂ ਖਤਰਾ ਹੈ: ਰਾਜਾਸਾਂਸੀ

ਅੰਮ੍ਰਿਤਸਰ (11 ਮਈ 2015): ਨਰਿੰਦਰ ਪਾਲ ਸਿੰਘ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖ ਜੋੜਿਆਂ ਨੂੰ ਘਟੋ ਘੱਟ 4 ਬੱਚੇ ਪੈਦਾ ਕਰਨ ਦਿੱਤੇ ਜਾਣ ਦੀ ਸਲਾਹ 'ਤੇ ਟਿਪਣੀ ਕਰਦਿਆਂ ਸਾਬਕਾ ਅਕਾਲੀ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਅਜੋਕੇ ਯੁੱਗ ਵਿੱਚ ਜੇਕਰ ਇੱਕ ਜਾਂ ਦੋ ਬੱਚਿਆਂ ਦਾ ਪਾਲਣ ਪੋਸਣ ਹੀ ਮੁਸ਼ਕਿਲ ਹੋ ਰਿਹਾ ਹੈ ਤਾਂ 4 ਬੱਚੇ ਪੈਦਾ ਕਰਨ ਦੀ ਕੀ ਤੁੱਕ ਹੈ। ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਹੈ ਕਿ ਅਗਰ ਗਿਆਨੀ ਗੁਰਬਚਨ ਸਿੰਘ ਵਾਕਿਆ ਹੀ ਸਿੱਖ ਕੌਮ ਨੂੰ ਮਜਬੂਤ ਕਰਨ ਲਈ ਦ੍ਰਿੜ ਸੰਕਲਪ ਹਨ, ਤਾਂ ਉਹ ਸਭਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੰਹ ਅਹੁਦੇਦਾਰਾਂ ਅਤੇ ਵਰਕਰਾਂ ਦੇ ਪ੍ਰੀਵਾਰਾਂ ਨੂੰ ਸਿੱਖੀ ਵਿੱਚ ਵਾਪਿਸ ਲਿਆਉਣ ਲਈ ਯਤਨਸ਼ੀਲ ਹੋਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਵਲੋਂ ਦਿੱਤੇ ਇਸ ਬਿਆਨ ਤੋਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ‘ਇਹ ਬਿਆਨ ਜਥੇਦਾਰ ਜੀ ਦਾ ਹੈ ਮੇਰਾ ਨਹੀਂ’। ਗਿਆਨੀ ਗੁਰਬਚਨ ਸਿੰਘ ਵਲੋਂ ਬੀਤੇ ਕੱਲ੍ਹ ਸਿੱਖ ਕੌਮ ਦੀ ਘੱਟ ਰਹੀ ਗਿਣਤੀ ਕਾਰਣ ਕਮਜੌਰ ਹੋਣ ਦਾ ਤਰਕ ਦਿੰਦਿਆਂ ਸਿੱਖ ਜੋੜਿਆਂ ਨੂੰ ਘੱਟੋ ਘੱਟ ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਸੁਝਾਅ ਨੂੰ ਤਰਕਹੀਣ ਦੱਸਦਿਆਂ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ਼ਾਇਦ ਜਥੇਦਾਰ ਜੀ ਭੁੱਲ ਰਹੇ ਹਨ ਕਿ ਸਿੱਖ ਸਿਧਾਂਤ ਗਿਣਤੀ ਤੰਤਰ ਨਹੀਂ, ਬਲਕਿ ਗੁਣ ਤੰਤਰ ਵਿੱਚ ਵਿਸ਼ਵਾਸ਼ ਕਰਦਾ ਹੈ। ਉਨ੍ਹਾਂ ਕਿ ਅਜੋਕੇ ਦੌਰ ਵਿੱਚ ਹਰ ਮਾਂ ਬਾਪ ਦੀ ਪਹਿਲ ਅਤੇ ਚਿੰਤਾ ਆਪਣੇ ਬੱਚੇ ਨੂੰ ਯਥਾਸ਼ਕਤ ਉੱਚ ਪਾਏ ਦੀ ਸਿੱਖਿਆ ਮੁਹੱਈਆ ਕਰਵਾਣਾ ਹੈ ਜੋਕਿ ਸਿੱਖਿਆ ਦੇ ਵੱਧ ਰਹੇ ਵਪਾਰੀ ਕਰਨ ਕਾਰਣ ਹੋਰ ਵੀ ਮੁਸ਼ਕਿਲ ਹੋ ਰਿਹਾ ਹੈ।

ਸ੍ਰ ਕਲਕੱਤਾ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਇੱਕ ਬੱਚੇ ਨੂੰ ਵੀ ਨੈਤਿਕ ਅਤੇ ਧਾਰਮਿਕ ਸਿਖਿਆ ਨਾ ਦੇ ਸਕੇ ਤਾਂ ਅਸੀਂ ਅਸ਼ਰਧਕ ਸਿੱਖ ਬੱਚੇ ਪੈਦਾ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਹਾਂ।ਸ੍ਰ ਕਲਕੱਤਾ ਨੇ ਜਥੇਦਾਰ ਜੀ ਨੂੰ ਸੁਝਾਅ ਦਿੱਤਾ ਹੈ ਕਿ ਅਗਰ ਉਹ ਵਾਕਿਆ ਹੀ ਕੌਮ ਨੂੰ ਮਜਬੂਤ ਵੇਖਣਾ ਚਾਹੁੰਦੇ ਹਨ ਤਾਂ ਗੁਰਮਤਿ ਦੇ ਉਚ ਅਚਾਰੀ ਸਿਧਾਤਾਂ ਨੂੰ ਹਰ ਬੱਚੇ ਤੀਕ ਪੁਜਦਾ ਕਰਨਾ ਯਕੀਨੀ ਬਨਾਉਣ। ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਹੈ ਕਿ ਸਿੱਖ ਕੌਮ ਕਦੇ ਵੀ ਕਮਜੌਰ ਨਹੀਂ ਹੈ ਤੇ ਇਸਨੂੰ ਆਰ.ਐਸ.ਐਸ. ਸਮੇਤ ਕਿਸੇ ਵੀ ਬਾਹਰੀ ਸ਼ਕਤੀ ਤੋਂ ਖਤਰਾ ਨਹੀਂ ਹੈ, ਅਗਰ ਖਤਰਾ ਹੈ ਤਾਂ ਉਹ ਸਿੱਖੀ ਦਾ ਘਾਣ ਕਰਨ ਵਾਲੇ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਉਸਦੇ ਇਸ਼ਾਰੇ ਤੇ ਕੌਮ ਨੂੰ ਭੰਬਲਭੂਸੇ ਵਿਚ ਪਾਣ ਵਾਲੇ ਗਿਆਨੀ ਗੁਰਬਚਨ ਸਿੰਘ ਤੋਂ ਹੈ।

ਸ੍ਰ ਰਾਜਾਸਾਂਸੀ ਨੇ ਕਿਹਾ ਕਿ ਪਹਿਲਾਂ ਤਾਂ ਜਥੇਦਾਰ ਹੀ ਸਪਸ਼ਟ ਕਰਨ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ, ਆਦੇਸ਼, ਸੰਦੇਸ਼ ਹੈ ਜਾਂ ਗਿਆਨੀ ਗੁਰਬਚਨ ਸਿੰਘ ਦਾ ਨਿੱਜੀ ਸੁਝਾਅ। ਸ੍ਰ ਰਾਜਾਸਾਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਗਿਆਨੀ ਗੁਰਬਚਨ ਸਿੰਘ ਦਾ ਇਹ ਬਿਆਨ ਪੜ੍ਹਕੇ ਦੁੱਖ ਹੋਇਆ ਹੈ ਕਿ ਕੌਮ ਦਾ ਜਥੇਦਾਰ ਕਹਿ ਰਿਹਾ ਹੈ ਕਿ ਸਿੱਖ ਕੌਮ ਨੂੰ ਖਤਰਾ ਹੈ ਜਦਕਿ ਹਕੀਕਤ ਤਾਂ ਇਹ ਹੈ ਕਿ ਦਸਮ ਪਾਤਸ਼ਾਹ ਦੀ ਸਾਜੀ ਨਿਵਾਜੀ ਜਿਸ ਸਿੱਖ ਕੌਮ ਨੇ ਮੁਗਲਾਂ ਦਾ ਟਾਕਰਾ ਕੀਤਾ, ਅੰਗਰੇਜਾਂ ਦੇ ਛੱਕੇ ਛੁਡਾਏ, ਉਸਨੂੰ ਹੁਣ ਆਰ.ਐਸ.ਐਸ.ਵਰਗੀਆਂ ਸੰਸਥਾਵਾਂ ਤੋਂ ਖਤਰਾ ਹੈ ?

ਸ੍ਰ ਰਘਬੀਰ ਸਿੰਘ ਨੇ ਕਿਹਾ ਕਿ ਅਦਰ ਗਿਆਨੀ ਗੁਰਬਚਨ ਸਿੰਘ ਵਾਕਿਆ ਹੀ ਸਿੱਖ ਕੌਮ ਦੇ ਕਮਜੋਰ ਹੋਣ ਪ੍ਰਤੀ ਚਿੰਤਤ ਹਨ ਤਾਂ ਇਸਨੂੰ ਵਾਧੂ ਨਿਆਣੇ ਜੰਮ ਕੇ ਮਜਬੂਤ ਕਰਨ ਦੀ ਸਲਾਹ ਦੇਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੰਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਕੇ ਪ੍ਰੀਵਾਰਾਂ ਸਮੇਤ ਸਿੱਖੀ ਸਰੂਪ ਵਿਚ ਪਰਤਣ ਦੀ ਹਦਾਇਤ ਕਰਨ, ਖੁਦ ਕਮੇਟੀ ਮੈਂਬਰ ਸਿੱਖੀ ਸਰੂਪ 'ਤੇ ਪਹਿਰਾ ਦੇਣ ਸਾਰੇ ਖਤਰੇ ਆਪੇ ਟੱਲ ਜਾਣਗੇ।

ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖ ਜੋੜਿਆਂ ਨੂੰ ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਸੁਝਾਅ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਸਾਫ ਕਹਿ ਦਿੱਤਾ ਕਿ ‘ਇਹ ਬਿਆਨ ਜਥੇਦਾਰ ਦਾ ਹੈ ਮੇਰਾ ਨਹੀਂ’।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top