Share on Facebook

Main News Page

ਹੁਣ ਤੱਕ ਦੇ ਬਣੇ ਕੈਲੰਡਰਾਂ ਵਿੱਚੋਂ ਨਾਨਕਸ਼ਾਹੀ ਕੈਲੰਡਰ; ਭੁਗੋਲ ਖ਼ਗੋਲ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਸਭ ਤੋਂ ਵੱਧ ਖਰਾ ਅਤੇ ਰੁਤੀ ਸਾਲ ਦੇ ਨੇੜੇ ਹੈ
-: ਕਿਰਪਾਲ ਸਿੰਘ ਬਠਿੰਡਾ

* ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜੰਮੂ ਦੇ ਸਿੱਖਾਂ ਦੀ ਸਭ ਤੋਂ ਵੱਧ ਜਿੰਮੇਵਾਰੀ ਬਣਦੀ ਹ: ਡਾ. ਸੁਖਪ੍ਰੀਤ ਸਿੰਘ ਉਦੋਕੇ
* ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ: ਗ੍ਰੰਥੀ ਰਾਗੀ ਸਭਾ ਆਰ ਐੱਸ ਪੁਰਾ

ਬੀਤੀ 10 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਸੈਮੀਨਾਰ ਦਾ ਪ੍ਰਬੰਧ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਜਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਭਾਈ ਮੱਖਨ ਸਿੰਘ ਜੰਮੂ, ਭਾਈ ਗੁਰਦੇਵ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਸ: ਕੁਲਵੰਤ ਸਿੰਘ ਸਿੱਖ ਮਿਸ਼ਨਰੀ ਕਾਲਜ ਜੰਮੂ ਸਰਕਲ ਅਤੇ ਭਾਈ ਬਲਦੇਵ ਸਿੰਘ ਸਮਾਜਸੇਵੀ ਨੇ ਸਿੱਖ ਤਾਲਮੇਲ ਸੰਗਠਨ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਅਤੇ ਰਣਜੀਤ ਪੈਲੇਸ ਆਰ ਐੱਸ ਪੁਰਾ ਵਿਖੇ ਹੋਏ ਸੈਮੀਨਾਰ ਦਾ ਪ੍ਰਬੰਧ ਭਾਈ ਮੱਖਨ ਸਿੰਘ, ਭਾਈ ਰਣਜੀਤ ਸਿੰਘ, ਗ੍ਰੰਥੀ ਰਾਗੀ ਸਭਾ ਦੇ ਚੇਅਰਮੈਨ ਭਾਈ ਕੁਲਦੀਪ ਸਿੰਘ, ਭਾਈ ਨਵਜੀਤ ਸਿੰਘ ਖ਼ਾਲਸਾ ਅਤੇ ਭਾਈ ਸੁਰਜੀਤ ਸਿੰਘ ਨੇ ਕੀਤਾ। ਇਨ੍ਹਾਂ ਦੋਵਾਂ ਸੈਮੀਨਾਰਾਂ ਵਿੱਚ ਡਾ: ਸੁਖਪ੍ਰੀਤ ਸਿੰਘ ਉਦੋਕੇ ਅਤੇ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਮੁਖ ਬੁਲਾਰਿਆਂ ਦੇ ਤੌਰ ’ਤੇ ਭਾਗ ਲਿਆ।

ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕੈਲੰਡਰ ਵਿਗਿਆਨ ਦੀਆਂ ਬਰੀਕੀਆਂ ਸਬੰਧੀ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਹੁਣ ਤੱਕ ਦੇ ਬਣੇ ਕੈਲੰਡਰਾਂ ਵਿੱਚੋਂ; ਭੁਗੋਲ ਖੁਗੋਲ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਸਭ ਤੋਂ ਵੱਧ ਖ਼ਰਾ, ਰੁੱਤੀ ਸਾਲ ਦੇ ਨੇੜੇ ਅਤੇ ਦੁਨੀਆਂ ਭਰ ’ਚ ਪ੍ਰਚਲਤ ਸਾਂਝੇ ਕੈਲੰਡਰ (ਈਸਵੀ) ਨਾਲ ਹਮੇਸ਼ਾਂ ਲਈ ਜੁੜੇ ਰਹਿਣ ਵਾਲਾ ਕੈਲੰਡਰ ਹੈ ਜਿਸ ਵਿੱਚ ਇੱਕ ਵਾਰ ਨੀਯਤ ਕੀਤੇ ਗੁਰਪੁਰਬ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣ ਕਰਕੇ ਯਾਦ ਰੱਖਣ ਅਤੇ ਸਮਝਣ ਵਿੱਚ ਬਹੁਤ ਹੀ ਅਸਾਨ ਹੋਣ ਕਰਕੇ ਸਿੱਖ ਕੌਮ ਲਈ ਸਭ ਤੋਂ ਵੱਧ ਢੁਕਵਾਂ ਹੈ ਪਰ ਜਿਨ੍ਹਾਂ ਨੇ ਆਪਣੀ ਸੋਚ ਨੂੰ ਸਿੱਖ ਕੌਮ ਦੀ ਵੱਖਰੀ ਤੇ ਅਜ਼ਾਦ ਹਸਤੀ ਪ੍ਰਵਾਨ ਨਾ ਕਰਨ ਵਾਲੀ ਸੰਸਥਾ ਦੇ ਅਧੀਨ ਕਰ ਰੱਖਿਆ ਹੈ; ਉਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਜਿਹੜਾ ਬਿਕ੍ਰਮੀ ਕੈਲੰਡਰ ਗੁਰੂ ਸਾਹਿਬ ਦੇ ਸਮੇਂ ਪ੍ਰਚਲਤ ਸੀ ਉਹ ਕੈਲੰਡਰ ਹੀ ਸਿੱਖਾਂ ਲਈ ਸਭ ਤੋਂ ਵੱਧ ਢੁਕਵਾਂ ਹੈ।

ਭਾਈ ਕਿਰਪਾਲ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਹਰ ਗੁੰਮਰਾਹਕੁੰਨ ਪ੍ਰਚਾਰ ਦਾ ਬਾਦਲੀਲ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਸਮੇਂ ਪ੍ਰਚਲਤ ਜਿਸ ਕੈਲੰਡਰ ਦੀ ਇਨ੍ਹਾਂ ਨੇ ਰੱਟ ਲਾਈ ਹੋਈ ਹੈ ਉਹ ਤਾਂ ਇਹ ਸੰਨ 1964 ਤੋਂ ਹੀ ਛੱਡ ਚੁਕੇ ਹਨ ਕਿਉਂਕਿ ਕਿ 1964 ਵਿੱਚ ਹਿੰਦੂ ਵਿਦਵਾਨਾਂ ਨੇ ਗੁਰੂ ਸਾਹਿਬ ਸਮੇਂ ਪ੍ਰਚੱਲਤ ਸੂਰਯ ਸਿਧਾਂਤ ਦਾ ਤਿਆਗ ਕਰਕੇ ਦ੍ਰਿਕ ਗਣਿਤ ਅਨੁਸਾਰ ਸੋਧ ਕਰ ਲਈ ਸੀ ਜਿਸ ਸਦਕਾ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਸਾਢੇ ਤਿੰਨ ਕੁ ਮਿੰਟ ਘੱਟ ਕਰ ਲਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਰੀਲੀਜ਼ ਕੀਤਾ ਗਿਆ ਕੈਲੰਡਰ 1964 ਵਿੱਚ ਸੋਧੇ ਕੈਲੰਡਰ ਮੁਤਾਬਿਕ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਰੁੱਤਾਂ ਦਾ ਸਾਥ ਬਿਕ੍ਰਮੀ ਕੈਲੰਡਰ ਨਹੀਂ ਬਲਕਿ ਈਸਵੀ ਅਤੇ ਨਾਨਕਸ਼ਾਹੀ ਕੈਲੰਡਰ ਰੁੱਤਾਂ ਦਾ ਸਾਥ ਛੱਡ ਰਹੇ ਹਨ। ਪਰ ਇਹ ਕਹਿਣ ਤੋਂ ਪਹਿਲਾਂ ਉਹ ਆਪਣੇ ਹੀ ਸਭ ਤੋਂ ਵੱਧ ਭਰੋਸੇਯੋਗ ਸੰਪਰਦਾਈ ਟੀਕੇ ਨੂੰ ਨਹੀਂ ਪੜ੍ਹਦੇ ਜਿਸ ਸਬੰਧੀ ਉਹ ਦਾਅਵਾ ਕਰਦੇ ਹਨ ਕਿ ਇਸ ਵਿੱਚ ਉਹ ਅਰਥ ਦਰਜ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਪੜ੍ਹਾਏ ਸਨ।

ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਰੁੱਤਾਂ ਦਾ ਸਬੰਧ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਦਿਨਾਂ ਦੀਆਂ ਤਰੀਖਾਂ ਨਾਲ ਸਬੰਧਤ ਹੈ। ਜਦੋਂ ਸੂਰਜ ਵੱਧ ਤੋਂ ਵੱਧ ਉਤਰਾਇਣ ਵੱਲ ਗਿਆ ਹੁੰਦਾ ਹੈ ਉਤਰੀ ਅਰਧ ਗੋਲ਼ੇ ਵਿੱਚ ਉਹ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਗਰਮ ਰੁਤ ਉਸ ਸਮੇਂ ਜੋਬਨ ਵਿੱਚ ਹੁੰਦੀ ਹੈ। ਇਸ ਵੇਲੇ ਕਿਸੇ ਸਮੇਂ ’ਤੇ ਸੂਰਜ ਉਤਰਾਇਣ ਤੋਂ ਦਖਨਾਇਣ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਇਸ ਉਪ੍ਰੰਤ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 6 ਮਹੀਨਿਆਂ ਬਾਅਦ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੋ ਜਾਂਦੀ ਹੈ। ਇਸ ਸਮੇਂ ਉਤਰੀ ਅਰਧ ਗੋਲ਼ੇ ਵਿੱਚ ਸਰਦ ਰੁਤ ਹੁੰਦੀ ਹੈ। ਇਸ ਸਮੇਂ ਫਿਰ ਸੂਰਜ ਦਾ ਰੱਥ ਦਖਨਾਇਣ ਤੋਂ ਉਤਰਾਇਣ ਵੱਲ ਫਿਰ ਜਾਂਦਾ ਹੈ ਜਿਸ ਨਾਲ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਸੰਪ੍ਰਦਾਈ ਟੀਕੇ ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਤੁਖਾਰੀ ਰਾਗੁ ਵਿੱਚ ਉਚਾਰਣ ਕੀਤੇ ਬਾਰਹ ਮਾਂਹ ਦੇ ਹਾੜ ਮਹੀਨੇ ਵਾਲੇ ਛੰਤ ਦੀ ਪਾਵਨ ਤੁਕ ‘ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ॥’ ਦੇ ਅਰਥ ਕਰਨ ਸਮੇਂ ਗਰਮ ਰੁੱਤ ਵਿੱਚ ਸੂਰਜ ਦਾ ਰੱਥ ਫਿਰਨ ਦੀ ਤਰੀਖ 13 ਹਾੜ ਦਰਜ ਹੈ।

ਪੜਤਾਲ ਕਰਨ ’ਤੇ ਵੇਖਿਆ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਵ ਸੰਮਤ 1526 ਬਿਕ੍ਰਮੀ (1469ਈ:) ਵਿਚ ਰੱਥ 16 ਹਾੜ (12 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਮਤ 1756 ਬਿਕ੍ਰਮੀ (1699 ਈ:) ਵਿਚ ਰੱਥ 13 ਹਾੜ (11 ਜੂਨ ਜੂਲੀਅਨ/21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਸੰਮਤ 2056 ਬਿਕ੍ਰਮੀ (1999ਈ:) ਵਿਚ ਰੱਥ 7 ਹਾੜ (21 ਜੂਨ ਗਰੈਗੋਰੀਅਨ) ਨੂੰ ਫਿਰਿਆ ਸੀ। ਅੱਜ ਤੋˆ 500 ਸਾਲ ਭਾਵ ਸੰਮਤ 2572 ਬਿ: (2515 ਈ:) ਨੂੰ ਰੱਥ 30 ਜੇਠ ਨੂੰ ਫਿਰੇਗਾ ਅਤੇ 3057 ਬਿ: (3000 ਈ:) 22 ਜੇਠ ਨੂੰ ਰੱਥ ਫਿਰੇਗਾ। ਇਸ ਦਾ ਭਾਵ ਹੈ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਨਾਲੋਂ ਹੁਣ ਤੱਕ ਸੂਰਜ ਦਾ ਰੱਥ ਫਿਰਨ ਦੀ ਤਰੀਖ ਦਾ 6 ਦਿਨ ਦਾ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਨਾਲੋਂ ਹੁਣ ਤੱਕ 9 ਦਿਨ ਦਾ ਫਰਕ ਪੈ ਚੁੱਕਿਆ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਹਮੇਸ਼ਾˆ ਹੀ ਰੱਥ 6/7 ਹਾੜ (20/21 ਜੂਨ ਗਰੈਗੋਰੀਅਨ) ਨੂੰ ਫਿਰੇਗਾ। ਦੂਸਰਾ ਸਵਾਲ ਪੈਦਾ ਹੁੰਦਾ ਹੈ ਕਿ ਸੰਮਤ 2572 ਬਿਕ੍ਰਮੀ ਤੋˆ ਪਿਛੋˆ ਇਹ ਪੰਗਤੀ 'ਰਥੁ ਫਿਰੈ' ਤਾˆ ਹਾੜ ਦੇ ਮਹੀਨੇ 'ਚ ਪੜ੍ਹੀ ਜਾਵੇਗੀ ਪਰ ਰੱਥ ਤਾˆ ਜੇਠ ਦੇ ਮਹੀਨੇ ਫਿਰ ਚੁੱਕਾ ਹੋਵੇਗਾ। ਜਿਸ ਦਾ ਭਾਵ ਹੈ ਕਿ ਗੁਰਬਾਣੀ ਵਿੱਚ ਦਰਜ ਮਹੀਨਿਆਂ ਦੇ ਮੌਸਮਾਂ ਦਾ ਸਬੰਧ ਵੀ ਰੁੱਤਾਂ ਨਾਲ ਟੁੱਟ ਜਾਵੇਗਾ। ਇਸ ਪੜਤਾਲ ਉਪ੍ਰੰਤ ਪਿੱਛੋˆ ਸਪਸ਼ਟ ਹੋ ਜਾˆਦਾ ਹੈ ਕਿ ਰੁੱਤਾˆ ਕਿਸ ਕੈਲੰਡਰ 'ਚ ਸਥਿਰ ਰਹਿਣਗੀਆˆ। ਪਰ ਫਿਰ ਵੀ ਜੇ ਕੁਝ ਹਠ ਧਰਮੀ ਦਾਅਵਾ ਕਰਦੇ ਹਨ ਕਿ ਬਿਕ੍ਰਮੀ ਕੈਲੰਡਰ ਪੂਰੀ ਤਰਾˆ ਰੁੱਤਾˆ ਨਾਲ ਜੁੜਿਆ ਹੋਇਆ ਹੈ ਤਾˆ ਉਹ ਪੂਰੀ ਤਰ੍ਹਾˆ ਗੁੰਮਰਾਹਕੁੰਨ ਹੈ।

ਇਸੇ ਤਰ੍ਹਾਂ ਸ਼ਪਰਨਿਗ ਓਤੁਨਿੋਣ ਭਾਵ ਜਿਸ ਦਿਨ ਬਸੰਤ ਰੁੱਤ ਵਿੱਚ ਦਿਨ ਤੇ ਰਾਤ ਬਰਾਬਰ ਹੁੰਦੇ ਹਨ ਦੀ ਪੜਤਾਲ ਕੀਤਿਆਂ ਪਤਾ ਲਗਦਾ ਹੈ ਕਿ 2015 ਸਾਲਾˆ ਵਿੱਚ ਇਹ ਦਿਨ 10 ਵੈਸਾਖ ਤੋˆ ਖਿਸਕ ਕੇ 7 ਚੇਤ ਹੋ ਗਿਆ ਭਾਵ 34 ਦਿਨਾˆ ਦਾ ਫਰਕ ਪੈ ਚੁੱਕਾ ਹੈ। ਜਦੋਂ ਕਿ ਗ੍ਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕੀਤੀ ਇਹ ਤਰੀਖ ਹਮੇਸ਼ਾਂ ਹੀ 21 ਮਾਰਚ ਰਹੀ ਹੈ। ਕੀ ਤੇਜੀ ਨਾਲ ਹੋ ਰਹੀ ਇਸ ਤਬਦੀਲੀ ਵੱਲੋˆ ਕਬੂਤਰ ਵਾˆਗ ਅੱਖਾˆ ਮੀਚੀ ਰੱਖਣ ਨਾਲ ਬਿਕ੍ਰਮੀ ਕੈਲੰਡਰ ਰੁੱਤਾਂ ਦੇ ਸਭ ਤੋਂ ਵੱਧ ਨੇੜੇ ਮੰਨਿਆ ਜਾ ਸਕਦਾ ਹੈ? ਜਦ ਇਸ ਗੱਲ ਦਾ ਬਿਕ੍ਰਮੀ ਕੈਲੰਡਰ ਦੇ ਹਮਾਇਤੀਆਂ ਪਾਸ ਕੋਈ ਜਵਾਬ ਨਹੀਂ ਹੁੰਦਾ ਤਾਂ ਉਹ ਕਹਿੰਦੇ ਹਨ ਕਿ ਪੁਰੇਵਾਲ 13000 ਸਾਲ ਬਾਅਦ ਹਾੜ ਦੇ ਮਹੀਨੇ 'ਚ ਠੰਡ ਅਤੇ ਪੋਹ ਦੇ ਮਹੀਨੇ 'ਚ ਗਰਮੀ ਪੈਣ ਦੀ ਗੱਲ ਕਰਦਾ ਹੈ ਪਰ ਆਸਟ੍ਰੇਲੀਆ ਵਿੱਚ ਤਾˆ ਹੁਣੇ ਹੀ ਐਸਾ ਹੋ ਰਿਹਾ ਹੈ ਤਾˆ ਕੀ ਆਸਟ੍ਰੇਲੀਆ ਵਿੱਚ ਗੁਰਬਾਣੀ ਗਲਤ ਹੋ ਰਹੀ ਹੈ? ਭਾਈ ਕਿਰਪਾਲ ਸਿੰਘ ਨੇ ਕਿਹਾ ਇਹ ਬਹੁਤ ਹੀ ਬਚਕਾਨਾ ਅਤੇ ਗੁੰਮਰਾਹਕੁੰਨ ਸਵਾਲ ਹੈ। ਉਨ੍ਹਾਂ ਕਿਹਾ ਗੁਰਬਾਣੀ ਰਚਨਹਾਰਾˆ ਨੇ ਜਿਸ ਸਥਾਨ 'ਤੇ ਗੁਰਬਾਣੀ ਰਚੀ ਹੁੰਦੀ ਹੈ ਉਹ ਉਥੋˆ ਦੇ ਹੀ ਮੌਸਮਾˆ ਦਾ ਬਿਆਨ ਕਰਦੇ ਹਨ ਅਤੇ ਉਥੋˆ ਦੀਆˆ ਲੋਕ ਗਥਾਵਾˆ ਦਾ ਹੀ ਹਵਾਲਾ ਦਿੰਦੇ ਹਨ। ਗੁਰੂ ਸਾਹਿਬ ਜੀ ਨੇ ਬਾਣੀ ਉੱਤਰੀ ਅਰਧ ਗੋਲ਼ੇ ਅਤੇ ਖਾਸ ਕਰਕੇ ਪੰਜਾਬ 'ਚ ਉਚਾਰਨ ਕੀਤੀ ਸੀ ਨਾ ਕਿ ਆਸਟ੍ਰੇਲੀਆ ਵਿੱਚ। ਇਤਿਹਾਸ ਵਿੱਚ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਵਰਨਣ ਕਰਦੇ ਸਮੇˆ ਜ਼ਿਕਰ ਆਉˆਦਾ ਹੈ ਕਿ 2 ਹਾੜ ਦੇ ਅੱਗ ਵਾˆਗ ਤਪਦੇ ਦਿਨ ਗੁਰੂ ਜੀ ਨੂੰ ਤੱਤੀ ਤਵੀ 'ਤੇ ਬੈਠਾਇਆ ਗਿਆ, ਸਿਰ ਉੱਪਰ ਗਰਮ ਰੇਤ ਪਾ ਕੇ ਅਤੇ ਉਬਲਦੀ ਦੇਗ ਵਿੱਚ ਬੈਠਾ ਕੇ ਤਸੀਹੇ ਦੇਣ ਉਪ੍ਰੰਤ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾˆ ਛੋਟੇ ਸਾਹਿਬਜ਼ਾਦਿਆˆ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਦਾ ਹਾਲ ਵਰਨਣ ਕਰਨ ਸਮੇˆ ਜ਼ਿਕਰ ਆਉˆਦਾ ਹੈ ਕਿ ਪੋਹ ਦੀਆˆ ਠੰਡੀਆˆ ਰਾਤਾˆ ਨੂੰ ਸਾਹਿਬਜ਼ਾਦਿਆˆ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਸੋ ਇਨ੍ਹਾˆ ਇਤਿਹਾਸਕ ਘਟਨਾਵਾˆ ਦਾ ਵਰਨਣ ਕਰਦੇ ਸਮੇˆ ਕ੍ਰਮਵਾਰ ਲਾਹੌਰ ਅਤੇ ਸਰਹਿੰਦ ਦੇ ਮੌਸਮ ਦਾ ਹੀ ਬਿਆਨ ਕਰਨਾ ਪਏਗਾ ਨਾ ਕਿ ਆਸਟ੍ਰੇਲੀਆ ਦਾ।

ਡਾ: ਸੁਖਪ੍ਰੀਤ ਸਿੰਘ ਨੇ ਜੰਮੂ ਦੇ ਸਿੱਖਾਂ ਨੂੰ ਉਤਸਸ਼ਾਹਿਤ ਕਰਦਿਆਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜੰਮੂ ਦੇ ਸਿੱਖਾਂ ਦੀ ਸਭ ਤੋਂ ਵੱਧ ਜਿੰਮੇਵਾਰੀ ਬਣਦੀ ਹੈ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਸਭ ਤੋਂ ਪਹਿਲਾਂ ਖਾਲਸਾ ਸੰਮਤ ਲਾਗੂ ਕੀਤਾ ਉਹ ਜੰਮੂ ਜਿਲ੍ਹੇ ਦੇ ਜੰਮਪਲ ਸਨ। ਉਨ੍ਹਾਂ ਹੈਰਾਨੀ ਪਰਗਟ ਕੀਤੀ ਕਿ ਸਿੱਖ ਇਤਿਹਾਸ ਸਿਰਫ 500 ਸਾਲ ਪੁਰਾਣਾ ਹੈ ਅਤੇ ਸਾਡੇ ਪਾਸ ਲਿਖਤੀ ਇਤਿਹਾਸ ਦੇ ਮੂਲ ਸ੍ਰੋਤ ਮਜ਼ੂਦ ਹਨ ਪਰ ਇਸ ਦੇ ਬਾਵਯੂਦ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਕਰਕੇ ਅਸੀਂ ਗੁਰੂ ਸਾਹਿਬਾਨਾਂ ਦੇ ਦਿਹਾੜਿਆਂ ਦੀਆਂ ਸਥਿਰ ਤਰੀਖਾਂ ਨਿਸਚਤ ਨਹੀਂ ਕਰ ਸਕੇ ਜਦੋਂ ਕਿ ਹਿੰਦੂਆਂ ਦੇ ਇਤਿਹਾਸ ਜਿਸ ਨੂੰ ਮਿਥਿਹਾਸ ਕਿਹਾ ਜਾਂਦਾ ਹੈ; ਉਹ ਆਪਣੇ ਇਤਹਾਸ ਦਾ ਕੋਰਨੋਗਰਾਫ ਤਿਆਰ ਕਰ ਰਹੇ ਹਨ ਜਿਸ ਅਨੁਸਾਰ ਉਨ੍ਹਾਂ ਨੇ ਭਗਵਾਨ ਰਾਮ ਚੰਦਰ ਦੀ ਜਨਮ ਮਿਤੀ 5114ਬੀਸੀ ਦੀ 14 ਜਨਵਰੀ ਤਹਿ ਕਰ ਲਈ ਹੈ। ਇਸੇ ਤਰ੍ਹਾਂ ਲੰਕਾ ’ਤੇ ਜਿੱਤ ਪ੍ਰਾਪਤ ਕਰਨ ਉਪ੍ਰੰਤ ਰਾਮ ਚੰਦਰ ਜੀ ਦੇ ਅਯੁੱਧਿਆ ਪਹੁੰਚਣ ਦੀ ਤਰੀਖ 20-22 ਚੇਤਰ ਮੁਤਾਬਿਕ 10-12 ਮਾਰਚ ਦੱਸੀ ਜਾ ਰਹੀ ਹੈ। ਸਿੱਖਾਂ ਦੇ ਹੋਲੇ ਮਹੱਲੇ ਨੂੰ ਹੋਲੀ ਨਾਲ ਅਤੇ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜੀ ਰੱਖਣ ਦੀ ਜ਼ਿਦ ਕਰਨ ਵਾਲੇ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਸਵਾਲ ਕਰਦੇ ਹੋਏ ਡਾ: ਉਦੋਕੇ ਨੇ ਕਿਹਾ ਜੇ ਹਿੰਦੂਆਂ ਨੇ ਭਗਵਾਨ ਰਾਮ ਚੰਦਰ ਦਾ ਜਨਮ ਦਿਨ ਰਾਮ ਨੌਵੀਂ ਦੀ ਥਾਂ 14 ਜਨਵਰੀ ਅਤੇ ਦੀਵਾਲੀ 10 ਜਾਂ 12 ਮਾਰਚ ਤਹਿ ਕਰ ਲਈ ਤਾਂ ਕੀ ਸਿੱਖ ਵੀ ਬੰਦੀ ਛੋੜ ਦਿਵਸ 10 ਜਾਂ 12 ਮਾਰਚ ਨੂੰ ਮਨਾਉਣਾ ਸ਼ੁਰੂ ਕਰ ਦੇਣਗੇ ਜਾਂ ਕਤਕ ਦੀ ਮੱਸਿਆ ਨਾਲ ਹੀ ਜੁੜੇ ਰਹਿਣਗੇ?

ਡਾ: ਉਦੋਕੇ ਨੇ ਕਿਹਾ 1998-99 ਵਿੱਚ ਨਾਨਕਸ਼ਾਹੀ ਕੈਲੰਡਰ ਸਬੰਧੀ ਬਣੀ ਕਮੇਟੀ ਦੇ ਉਹ ਮੈਂਬਰ ਸਨ ਅਤੇ ਉਨ੍ਹਾਂ ਨੇ ਸਾਰੀਆਂ ਹੀ ਮੀਟਿੰਗਾਂ ਵਿੱਚ ਭਾਗ ਲਿਆ ਸੀ। ਉਨ੍ਹਾਂ ਮੀਟਿੰਗਾਂ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਉਠਾਏ ਗਏ ਸਾਰੇ ਹੀ ਸਵਾਲਾਂ ਦਾ ਸ: ਪਾਲ ਸਿੰਘ ਪੁਰੇਵਾਲ ਜੀ ਨੇ ਬਾਦਲੀਲ ਜਾਵਬ ਦਿੱਤੇ ਪਰ ਬਿਨਾਂ ਸੋਚੇ ਸਮਝੇ ਉਹ ਹਾਲੀ ਤੱਕ ਵਾਰ ਵਾਰ ਉਹੀ ਸਵਾਲ ਦੁਹਰਾਈ ਜਾ ਰਹੇ ਹਨ; ਹਾਲਾਂ ਕਿ ਉਹ ਸ: ਪੁਰੇਵਾਲ ਵੱਲੋਂ ਦਿੱਤੇ ਕਿਸੇ ਵੀ ਤਰਕ ਨੂੰ ਗਲਤ ਸਾਬਤ ਨਹੀਂ ਕਰ ਸਕੇ। ਇਸ ਤੋਂ ਪਤਾ ਲਗਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਪਿੱਛੇ ਉਨ੍ਹਾਂ ਦਾ ਆਪਣਾ ਦਿਮਾਗ ਨਹੀਂ ਬਲਕਿ ਸਿੱਖ ਵਿਰੋਧੀ ਉਸ ਧਿਰ ਦੀ ਸੋਚ ਕੰਮ ਕਰਦੀ ਹੈ ਜਿਹੜੀ ਸਿੱਖਾਂ ਨੂੰ ਵੱਖਰੀ ਤੇ ਅਜ਼ਾਦ ਕੌਮ ਮੰਨਣ ਲਈ ਤਿਆਰ ਨਹੀਂ ਹੈ।

ਇਨ੍ਹਾਂ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਭਾਈ ਕਲਵੰਤ ਸਿੰਘ ਸਿੱਖ ਮਿਸ਼ਨਰੀ ਅਤੇ ਰਣਜੀਤ ਪੈਲੇਸ ਆਰ ਐੱਸ ਪੁਰਾ ਵਿਖੇ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਦੋਵੇਂ ਥਾਂਈ ਭਾਈ ਮੱਖਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੰਮੂ ਵਿੱਚ ਨਾਨਕਸ਼ਾਹੀ ਕੈਲੰਡਰ ਸਬੰਧੀ ਜਾਗਰੂਕਤਾ ਪੈਦਾ ਕਰਨ ਦਾ ਮੁੱਢ ਪਹਿਲੀ ਜਨਵਰੀ 2015 ਨੂੰ ਉਸ ਸਮੇਂ ਬੱਝਾ ਜਦੋਂ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਤਾਂ ਦਾ ਵਿਸ਼ਾਲ ਇਕੱਠ ਨਾਨਕਸ਼ਾਹੀ ਕੈਲੰਡਰ ਸਬੰਧੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਪੁੱਜਾ ਸੀ। ਭਾਈ ਮੱਖਨ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਜੰਮੂ ਤੋਂ ਇੱਕ ਵੱਡੇ ਜਥੇ ਨਾਲ ਸ਼੍ਰੀ ਅਕਾਲ ਤਖ਼ਤ ਵਿਖੇ ਪਹੁੰਚੇ ਸਨ। ਉਨ੍ਹਾਂ ਭਾਈ ਪੰਥਪ੍ਰੀਤ ਸਿੰਘ ਜੀ; ਜਿਨ੍ਹਾਂ ਤੋਂ ਪ੍ਰਗਰਾਮਾਂ ਦਾ ਸਮਾਂ ਲੈਣ ਲਈ ਦੋ ਸਾਲ ਤੱਕ ਦੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ; ਤੋਂ ਜੰਮੂ ਲਈ ਸਮੇਂ ਦੀ ਮੰਗ ਕੀਤੀ। ਇਹ ਭਾਈ ਪੰਥਪ੍ਰੀਤ ਸਿੰਘ ਜੀ ਦੇ ਦਿਲ ਦੀ ਵਿਸ਼ਾਲਤਾ ਅਤੇ ਕੌਮੀ ਫਰਜ਼ ਲਈ ਸੁਹਿਰਦਤਾ ਹੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਆਪਣੇ ਨਿਜੀ ਕੰਮਾਂ ਲਈ ਰੱਖੇ ਦੋ ਵਿਹਲੇ ਦਿਨਾਂ ਵਿੱਚੋਂ 20-21 ਅਪ੍ਰੈਲ ਦੇ ਤਿੰਨ ਦੀਵਾਨਾਂ ਦਾ ਸਮਾਂ ਸਾਨੂੰ ਦਿੱਤਾ। ਉਸੇ ਲੜੀ ਨੂੰ ਜਾਰੀ ਰਖਦੇ ਹੋਏ ਅੱਜ ਦੇ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਭਾਈ ਮੱਖਨ ਸਿੰਘ ਨੇ ਕਿਹਾ ਜਦ ਤੱਕ ਨਾਨਕਸ਼ਾਹੀ ਕੈਲੰਡਰ ਬਹਾਲ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਇਸੇ ਤਰ੍ਹਾਂ ਦੇ ਸਮਾਗਮਾਂ ਦੀ ਲੜੀ ਜਾਰੀ ਰੱਖੀ ਜਾਵੇਗੀ ਜਿਸ ਵਿੱਚ ਵਾਰੋ ਵਾਰੀ ਬਦਲਵੇਂ ਵਿਦਵਾਨਾਂ ਨੂੰ ਬੁਲਾਇਆ ਜਾਂਦਾ ਰਹੇਗਾ।

ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ਵਿਖੇ ਭਾਈ ਗੁਰਦੇਵ ਸਿੰਘ ਅਤੇ ਰਣਜੀਤ ਪੈਲੇਸ ਆਰ ਐੱਸ ਪੁਰਾ ਵਿਖੇ ਭਾਈ ਨਵਜੋਤ ਸਿੰਘ ਨੇ ਸੈਮੀਨਾਰ ਵਿੱਚ ਸ਼ਮਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਨ੍ਹਾਂ ਸਮਾਗਮਾਂ ਦੀ ਸਭ ਤੋਂ ਅਹਿਮ ਪ੍ਰਾਪਤੀ ਇਹ ਰਹੀ ਹੈ ਕਿ ਆਮ ਸੰਗਤਾਂ ਤੋਂ ਇਲਾਵਾ ਇਨ੍ਹਾਂ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਰਾਗੀ ਸਭਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸਿਰਫ ਭਾਗ ਹੀ ਨਹੀਂ ਲਿਆ ਬਲਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਆਪਣੀ ਸਹਿਮਤੀ ਪ੍ਰਗਟ ਕੀਤੀ। ਗ੍ਰੰਥੀ ਰਾਗੀ ਸਭਾ ਆਰ ਐੱਸ ਪੁਰਾ ਦੇ ਚੇਅਰਮੈਨ ਭਾਈ ਕੁਲਦੀਪ ਸਿੰਘ ਨੇ ਐਲਾਣ ਕੀਤਾ ਕਿ ਉਹ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣਗੇ ਇਸ ਲਈ ਪੀਟੀਸੀ ਚੈੱਨਲ ਰਾਹੀ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਪੁਰਬਾਂ ਅਤੇ ਹੋਰ ਦਿਹਾੜਿਆਂ ਸਬੰਧੀ ਅਰਦਾਸ ਸੁਣ ਕੇ ਸੰਗਤਾਂ ਸਾਨੂੰ ਇਹ ਨਾ ਪੁੱਛਣ ਕਿ ਦਰਬਾਰ ਸਾਹਿਬ ਤਾਂ ਇਹ ਦਿਹਾੜਾ ਅੱਜ ਮਨਾਇਆ ਗਿਆ ਹੈ ਤੁਸੀਂ ਆਪਣੇ ਗੁਰਦੁਆਰੇ ਵਿੱਚ ਇਸ ਦਿਹਾੜੇ ਦੀ ਅਰਦਾਸ ਕਿਉਂ ਨਹੀਂ ਕੀਤੀ!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top