Share on Facebook

Main News Page

ਸ਼ਸ਼ਤਰ ਦਰਸ਼ਨ ਯਾਤਰਾ ਵੀ ਵਿਵਾਦਾਂ ਦੇ ਘੇਰੇ ‘ਚ;
ਬੁੱਧੀਜੀਵੀ ਵਰਗ ਗੁਰੂ ਸਾਹਿਬ ਦੇ ਤੀਰਾਂ ਤੇ ਚਾਬੁਕ ‘ਤੇ ਸਵਾਲ ਉਠਾਉਣ ਲੱਗਾ
-: ਜਸਬੀਰ ਸਿੰਘ ਪੱਟੀ 093560 24684

ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ਼ੁਰੂ ਕੀਤੀ ਗਈ ਗੁਰੂ ਸਾਹਿਬ ਸ਼ਸਤਰਾਂ ਦੀ ਦਰਸ਼ਨ ਯਾਤਰਾ ਵੀ ਪੂਰੀ ਤਰ੍ਹਾਂ ਵਿਵਾਦਾ ਵਿੱਚ ਘਿਰ ਗਈ ਹੈ ਤੇ ਗੁਰੂ ਸਾਹਿਬ ਦੇ ਇਸ ਯਾਤਰਾ ਵਿੱਚ ਰੱਖੇ ਗਏ ਤੀਰ ਤੇ ਚਾਬੁਕ ਨੂੰ ਲੈ ਕੇ ਪੰਥ ਵਿੱਚ ਦੁਬਿੱਧਾ ਪਾਈ ਜਾ ਰਹੀ ਹੈ।

ਪੰਥਕ ਬੁੱਧੀਜੀਵੀਆ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੇ ਤੀਰਾਂ ਦਾ ਅਕਾਰ ਇਹਨਾਂ ਤੀਰਾਂ ਨਾਲੋ ਕਾਫੀ ਵੱਡਾ ਤੇ ਵਧੀਆ ਹੈ ਅਤੇ ਹਰੇਕ ਤੀਰ ਦੇ ਅੱਗੇ ਸਵਾ ਤੋਲਾ ਸੋਨਾ ਲੱਗਾ ਹੋਇਆ ਹੁੰਦਾ ਹੈ, ਕਿਉਕਿ ਗੁਰੂ ਸਾਹਿਬ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਇਹ ਮੰਨਦੇ ਸਨ ਕਿ ਉਹਨਾਂ ਦੇ ਤੀਰ ਨਾਲ ਜਿਹੜਾ ਵੀ ਵਿਅਕਤੀ ਜਖਮੀ ਹੋਏਗਾ, ਉਹ ਤੀਰ ਉਪਰ ਲੱਗੇ ਸੋਨੇ ਨੂੰ ਵੇਚ ਕੇ ਆਪਣਾ ਇਲਾਜ ਕਰਵਾ ਸਕੇਗਾ ਤੇ ਜਿਹੜਾ ਉਹਨਾਂ ਦੇ ਤੀਰ ਨਾਲ ਮਾਰਿਆ ਜਾਵੇਗਾ, ਉਸ ਦੀਆ ਅੰਤਮ ਕਿਰਿਆ ਉਸ ਦੇ ਪਰਿਵਾਰ ਵਾਲੇ ਜਾਂ ਸਾਥੀ ਉਸ ਸੋਨੇ ਦੀ ਵਰਤੋ ਕਰਕੇ ਕਰ ਸਕਣਗੇ, ਪਰ ਅਫਸੋਸ ਕਿ ਜਿਹੜੇ ਤੀਰ ਦਰਸ਼ਨ ਯਾਤਰਾ ਵਿੱਚ ਰੱਖੇ ਗਏ ਹਨ ਉਹ ਨਾ ਤਾਂ ਲੜਾਈ ਲਈ ਮਿਆਰੀ ਹਨ ਅਤੇ ਨਾ ਹੀ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਕ ਉਹਨਾਂ ਦੇ ਕਹਿ ਜਾ ਸਕਦੇ ਹਨ।

ਇਸੇ ਤਰ੍ਹਾਂ ਚਾਬੁਕ ਨੂੰ ਲੈ ਕੇ ਵੀ ਵਿਦਵਾਨ ਦੁਬਿੱਧਾ ਵਿੱਚ ਹਨ ਕਿਉਕਿ ਚਾਬੁਕ ਬਾਰੇ ਕਿਹਾ ਜਾਂਦਾ ਹੈ ਕਿ ਚਾਬੁਕ ਹਮੇਸ਼ਾਂ ਹੀ ਜ਼ਾਲਮ ਦੇ ਹੱਥ ਵਿੱਚ ਹੁੰਦੀ ਹੈ, ਪਰ ਗੁਰੂ ਸਾਹਿਬ ਤਾਂ ਰਹਿਮਤਾਂ ਦੇ ਪਾਤਸ਼ਾਹ ਸਨ ਜਿਹਨਾਂ ਨੇ ਤਲਵਾਰ ਨੂੰ ਨਵਾਂ ਨਾਮ ਕਿਰਪਾਨ ਦਿੱਤਾ ਤੇ ਕਿਹਾ ਕਿ ਇਹ ਕਿਰਪਾ ਦਾ ਸਾਗਰ ਹੈ, ਜਿਹੜੀ ਮਜਲੂਮ ਤੇ ਗਰੀਬ ਦੀ ਰਾਖੀ ਲਈ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਹੀ ਉਠੇਗੀ ਫਿਰ ਉਹਨਾਂ ਦੀ ਚਾਬੁਕ ਹੋਣ ਦੀ ਗੱਲ ਕਰਨੀ ਹਜ਼ਮ ਹੋਣੀ ਮੁਸ਼ਕਲ ਲੱਗਦੀ ਹੈ।

ਗੁਰੂ ਸਾਹਿਬ ਦੇ ਸ਼ਸ਼ਤਰਾਂ ਦੀ ਯਾਤਰਾ ਦਾ ਵਿਰੋਧ ਤਾਂ ਕੋਈ ਵੀ ਸਿੱਖ ਨਹੀਂ ਕਰਦਾ, ਪਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ੍ਰ ਮੰਗਲ ਸਿੰਘ ਨੇ ਆਪਣੀ ਜਿੰਮੇਵਾਰੀ ਨਿਭਾਉਦਿਆ ਕਾਰਜਕਾਰਨੀ ਮੀਟਿੰਗ ਵਿੱਚ ਇਹ ਸਵਾਲ ਉਠਾਇਆ ਸੀ ਕਿ ਸ਼ਸ਼ਤਰ ਯਾਤਰਾ ਲਈ ਇੱਕ ਕਰੋੜ ਦੀ ਬੱਸ ਬਣਾਉਣ ਦੀ ਬਜਾਏ ਦਰਸ਼ਨ ਯਾਤਰਾ ਨਾ ਕੀਤੀ ਜਾਵੇ, ਸਗੋ ਇਹ ਸ਼ਸ਼ਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਯੂਬੇ ਵਿੱਚ ਰੱਖ ਦਿੱਤੇ ਜਾਣ, ਤਾਂ ਸੰਗਤਾਂ ਆਪਣੇ ਆਪ ਹੀ ਦਰਸ਼ਨ ਕਰ ਲੈਣਗੀਆ ਅਤੇ ਬੱਸ ਤੇ ਹੋਰ ਪ੍ਰਬੰਧਾਂ ਤੇ ਖਰਚ ਕੀਤੀ ਜਾਣ ਵਾਲੀ ਮਾਇਆ ਗਰੀਬ ਬੱਚਿਆ ਦੀ ਪੜਾਈ ਤੇ ਉਹਨਾਂ ਨੂੰ ਸਿਹਤ ਸਹੂਲਤਾਂ ਦੇਣ ਤੇ ਖਰਚ ਕੀਤੀ ਜਾਵੇ ਪਰ ਉਹਨਾਂ ਦੀ ਰਾਇ ਤੇ ਇਸ ਕਰਕੇ ਕੋਈ ਧਿਆਨ ਦਿੱਤਾ ਗਿਆ, ਕਿਉਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਅਧੀਨ ਹੈ ਤੇ ਉਹਨਾਂ ਦਾ ਹੁਕਮ ਨੂੰ ਕਿਸੇ ਵੀ ਸੂਰਤ ਵਿੱਚ ਉਹਨਾਂ ਦੇ ਗੁਲਾਮ ਮੋੜ ਨਹੀਂ ਸਕਦੇ।

ਸ਼੍ਰੋਮਣੀ ਕਮੇਟੀ ਵੱਲੋ ਇਸ ਤੋ ਪਹਿਲਾਂ ਵੀ ਗੁਰੂ ਸਾਹਿਬ ਦੀ "ਕਲਗੀ" ਵਿਦੇਸ਼ ਤੋ ਲਿਆਦੀ ਗਈ ਸੀ ਜਿਸ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਾਹੀ ਸੁਆਗਤ ਸ਼ਰੋਮਣੀ ਕਮੇਟੀ ਵੱਲੋ ਕੀਤਾ ਗਿਆ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਖੁਦ ਹਵਾਈ ਅੱਡੇ 'ਤੇ ਜਾ ਕੇ ਕਲਗੀ ਦਾ ਸੁਆਗਤ ਕੀਤਾ ਤੇ ਅਰਦਾਸ ਕਰਕੇ ਕਲਗੀ ਨੂੰ ਇੱਕ ਵਿਸ਼ੇਸ਼ ਵਹੀਕਲ ਵਿੱਚ ਰੱਖ ਕ ਸ਼ਾਨੋ ਸ਼ੌਕਤ ਨਾਲ ਲਿਆਦਾ ਗਿਆ। ਇਸ ਕਲਗੀ ਦੇ ਅਸਲੀ ਤੇ ਨਕਲੀ ਹੋਣ ਬਾਰੇ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੂਗਰ ਐੰਡ ਅਲਕੋਹਲ ਵਿਭਾਗ ਦੇ ਵਿਦਿਆਰਥੀ ਮਲਕੀਅਤ ਸਿੰਘ ਨੇ ਇਤਰਾਜ਼ ਉਠਾਉਦਿਆ ਇਸ ਕਲਗੀ ਨੂੰ ਸਬੂਤਾਂ ਦੇ ਅਧਾਰ 'ਤੇ ਨਕਲੀ ਦੱਸਿਆ, ਤਾਂ ਅਖੀਰ ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਨੂੰ ਲਾਚਾਰ ਹੋ ਕੇ ਆਪਣੀ ਸਾਰੀ ਖੇਡ ਵਿਗੜ ਜਾਣ ਕਾਰਨ ਕਲਗੀ ਇੱਕ ਸਟੋਰ ਵਿੱਚ ਰੱਖ ਕੇ ਪੂਰੇ ਮਾਮਲੇ ਤੇ ਮਿੱਟੀ ਪਾਉਣੀ ਪਈ ਸੀ। ਅੱਜ ਇਹ ਕਲਗੀ ਸਤਿਕਾਰ ਦੀ ਬਜਾਏ ਸਟੋਰ ਦਾ ਘੱਟਾ ਫੱਕ ਰਹੀ ਹੈ।

ਇਸੇ ਤਰ੍ਹਾਂ ਮੱਕੜ ਮਹਾਰਾਜ ਦੇ ਇੱਕ ਰਿਸ਼ਤੇਦਾਰ ਵੱਲੋ ਮਾਇਆ ਇਕੱਠੀ ਕਰਨ ਲਈ ਲੁਧਿਆਣਾ ਦੀ ਇੱਕ ਪ੍ਰੈਸ ਵੱਲੋ ਗੋਲਡਨ ਬੀੜਾਂ ਛਾਪ ਕੇ ਵਪਾਰ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਦਾ ਪਾਜ ਉਸ ਵੇਲੇ ਉਘੜ ਗਿਆ ਜਦੋ ਇਸ ਗੋਲਡਨ ਬੀੜਾਂ ਵਿੱਚ ਗਲਤੀਆ ਦੇ ਅੰਬਾਰ ਲੱਗ ਗਏ। ਇਹ ਬੀੜ ਦੋ ਲੱਖ ਤੋ ਲੈ ਕੇ ਚਾਰ ਲੱਖ ਵੇਚੀ ਗਈ ਤੇ ਕਈ ਧਾਰਮਿਕ ਸ਼ਖਸ਼ੀਅਤਾਂ ਨੂੰ ਬੀੜ ਵਿਕਾਉਣ ਦੇ ਬਦਲੇ 25 ਹਜਾਰ ਕਮਿਸ਼ਨ ਦੇਣ ਦਾ ਵੀ ਲਾਲਚ ਦਿੱਤਾ ਗਿਆ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਮੱਕੜ ਮਾਰਕਾ ਇਹ ਪਰਪੰਚ ਵੀ ਉਸ ਵੇਲੇ ਫੇਲ ਹੋ ਗਿਆ ਜਦੋਂ ਮਾਮਲਾ ਅਕਾਲ ਤਖਤ ਸਾਹਿਬ ਤੇ ਪੁੱਜ ਗਿਆ। ਅਕਾਲ ਤਖਤ ਨੇ ਵੀ ਸਜ਼ਾ ਮੱਕੜ ਐੰਡ ਜੁੰਡਲੀ ਨੂੰ ਦੇਣ ਦੀ ਬਜਾਏ ਇੱਕ ਪ੍ਰਵਾਸੀ ਸਿੱਖ ਨੂੰ ਬਲੀ ਦਾ ਬੱਕਰਾ ਬਣਾ ਕੇ ਦੇ ਦਿੱਤੀ ਗਈ, ਕਿ ਉਸ ਨੇ ਇਹ ਬੀੜ ਕਿਉ ਖਰੀਦੀ ਹੈ। ਅਜਿਹੀਆ ਗਲਤੀਆ ਕਰਨ ਵਾਲਿਆ ਤੋ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਦੀ ਆਸ ਰੱਖੀ ਜਾ ਸਕਦੀ ਹੈ।

ਜਿਹੜੀ ਸ਼੍ਰੋਮਣੀ ਕਮੇਟੀ ਅਜਿਹੀਆ ਗਲਤੀਆ ਕਰਕੇ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਸ ਕੋਲੋ ਤੀਰਾਂ ਵਿੱਚ ਵੀ ਹੇਰਾਫੇਰੀ -ਜਿੰਦਾਬਾਦ ਦੀ ਮੁਹਾਰਨੀ ਪੜੇ ਜਾਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਦਰਸ਼ਨ ਯਾਤਰਾ ਦੇ ਨਾਲ ਨਾਲ ਇਹਨਾਂ ਦੀ ਪੁਖਤਾ ਜਾਂਚ ਮਾਹਿਰਾ ਤੋ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਇਸੇ ਤਰ੍ਹਾਂ ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਯਾਤਰਾ ਐਨ ਉਸ ਵੇਲੇ ਸ਼ੁਰੂ ਕੀਤੀ ਜਦੋ ਬਾਦਲਾਂ ਦੀ ਬੱਸ ਦੇ ਕਾਰਨਾਮੇ ਨੇ ਇੱਕ ਨਾਬਾਲਗ ਅਬਲਾ ਦੀ ਜਾਨ ਲੈ ਲਈ ਤੇ ਇਹ ਮਾਮਲਾ ਕੌਮਾਂਤਰੀ ਪੱਧਰ ਦਾ ਬਣ ਗਿਆ ਤਾਂ ਕਿ ਲੋਕਾਂ ਦਾ ਧਿਆਨ ਬੱਸ ਵਾਲੇ ਮੁੱਦੇ ਤੋ ਹੱਟਾ ਕੇ ਦਰਸ਼ਨ ਯਾਤਰਾ ਵੱਲ ਲਗਾਉਣ ਲਈ ਇਹ ਯਾਤਰਾ ਸ਼ੁਰੂ ਕੀਤੀ ਹੈ ਤੇ ਹੁਣ ਇਸ ਦਾ ਸਮਾਂ ਇਸ ਕਰਕੇ ਨੂੰ ਹੋਰ ਵਧਾਇਆ ਜਾ ਰਿਹਾ ਹੈ ਕਿਉਕਿ ਔਰਬਿਟ ਬੱਸਾਂ ਪੂਰੀ ਤਰ੍ਹਾਂ ਸੜਕਾਂ ‘ਤੇ ਆ ਸਕਣ।

ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਰੱਖੇ ਗਏ ਸ਼ਸ਼ਤਰਾਂ ਬਾਰੇ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਕਈ ਵਾਰੀ ਸ਼ੰਕਾ ਜਾਹਿਰ ਕਰ ਚੁੱਕੇ ਹਨ, ਕਿ ਇਹ ਸ਼ਸ਼ਤਰ ਇਤਿਹਾਸਕ ਨਹੀਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਸਾਬਕਾ ਹੈੱਡ ਗ੍ਰੰਥੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਰੱਖੇ ਗਏ ਸ਼ਸ਼ਤਰਾਂ ਦਾ ਲਿਖਤੀ ਇਤਿਹਾਸ ਨਹੀਂ ਮਿਲਦਾ, ਪਰ ਸੀਨਾ ਬਸੀਨਾ ਇਹ ਅੱਗੇ ਚੱਲਦੇ ਆ ਰਹੇ ਹਨ ਅਤੇ ਇਹਨਾਂ ਸ਼ਸ਼ਤਰਾਂ ਦੇ ਹਰ ਰੋਜ਼ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ।

ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ (1984) ਸਮੇਂ ਬੰਬਾਂ ਨਾਲ ਹੋਣ ਵਸਤਾਂ ਸੜ ਕੇ ਸਵਾਹ ਹੋ ਜਾਣ ਨਾਲ ਇਹ ਸ਼ਸ਼ਤਰ ਵੀ ਕਾਫੀ ਹੱਦ ਤੱਕ ਨੁਕਸਾਨੇ ਗਏ ਸਨ ਤੇ ਇਹਨਾਂ ਨੂੰ ਸ੍ਰੀ ਰਾਮਦਾਸ ਸਰਾਂ ਵਿਖੇ ਇੱਕ ਕਮਰੇ ਵਿੱਚ ਰੱਖ ਕੇ ਤੱਤਕਾਲੀ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਸੀ ਜਿਸ ਨੇ ਜੈਪੁਰ ਤੋ ਸਪੈਸ਼ਲ ਮਾਹਿਰ ਬੁਲਾ ਕੇ ਇਹ ਸ਼ਸਤਰ ਰਿਪੇਅਰ ਕਰਵਾਏ ਸਨ। ਸਾਰੇ ਸ਼ਸ਼ਤਰ ਲੱਗਪੱਗ ਅੱਗ ਨਾਲ ਕੋਲਾ ਹੋ ਚੁੱਕੇ ਸਨ ਤੇ ਕਿਰਪਾਨਾ ਦੇ ਫਾਲੇ ਪੂਰੀ ਤਰ੍ਹਾਂ ਮੁੜ ਚੁੱਕੇ ਸਨ। ਉਹਨਾਂ ਦੱਸਿਆ ਕਿ ਭਾਈ ਬਿਸ਼ਨ ਸਿੰਘ ਦਾ ਤੇਗਾ ਜਿਹੜਾ ਚਾਰ ਕਿਲੋ ਦਾ ਹੈ ਵੀ ਪੂਰੀ ਤਰ੍ਹਾਂ ਆਪਣੀ ਦਿਖ ਗੁਆ ਚੁੱਕਾ ਸੀ। ਉਹਨਾਂ ਕਿਹਾ ਕਿ ਜਿਹੜੇ ਗੁਰੂ ਸਾਹਿਬ ਦੇ ਦੋ ਤੀਰ ਸ੍ਰੀ ਅਕਾਲ ਤਖਤ ਸਾਹਿਬ ਤੇ ਪਏ ਹਨ ਉਹਨਾਂ ਦੇ ਅੱਗੇ ਸੋਨਾ ਲੱਗਾ ਹੋਇਆ ਹੈ ਤੇ ਉਹਨਾਂ ਦੇ ਸਾਰੇ ਹੀ ਤੀਰ ਸੋਨੇ ਲੱਗੇ ਵਾਲੇ ਮਿਲਦੇ ਹਨ। 1984 ਵਿੱਚ ਵੀ ਤੀਰਾ ਤੋ ਲੱਗਾ ਸੋਨਾ ਸੁੱਧ ਹੋਣ ਕਾਰਨ ਪੂਰੀ ਤਰ੍ਹਾਂ ਬੱਚਿਆ ਰਿਹਾ ਤੇ ਉਹ ਹੀ ਸੋਨਾ ਦੁਬਾਰਾ ਲਾਹ ਕੇ ਤੀਰਾ ਤੇ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਦਰਸ਼ਨ ਯਾਤਰਾ ਸਿਰਫ ਮਾਇਆ ਇਕੱਠੀ ਕਰਨ ਵਾਸਤੇ ਹੀ ਕੀਤੀ ਜਾ ਰਹੀ ਹੈ ਜਿਸ ਨੂੰ ਬਾਣੀ ਵਿੱਚ ਨਾਗਣੀ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਫਿਰ ਵੀ ਗੁਰੂ ਸਾਹਿਬ ਦੇ ਸ਼ਸਤਰਾਂ ਤੇ ਕਿੰਤੂ ਕਰਨ ਦੀ ਬਜਾਏ, ਇਹਨਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top