Share on Facebook

Main News Page

ਕਹਤੁ ਕਬੀਰੁ ਸੁਨਹੁ ਰੇ ਲੋਈ
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ 484 ਉੱਤੇ ਆਸਾ ਰਾਗ ਵਿੱਚ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਜੋ ‘ਕਰਵਤੁ ਭਲਾ ਨ ਕਰਵਟ ਤੇਰੀ॥’ ਪੰਕਤੀ ਤੋਂ ਸ਼ੁਰੂ ਹੁੰਦਾ ਹੈ। ਇੱਸ ਸ਼ਬਦ ਦੀਆਂ ਆਖ਼ਰੀ ਪੰਕਤੀਆਂ ਹਨ-

ਕਹਤੁ ਕਬੀਰੁ ਸੁਨਹੁ ਰੇ ਲੋਈਅਬ ਤੁਮਰੀ ਪਰਤੀਤਿ ਨ ਹੋਈ

ਗੁਰਬਾਣੀ ਦੀ ਲਿਖਣ ਕਲਾ ਨੂੰ ਸਮਝਣ ਤੋਂ ਬਿਨਾਂ ਗੁਰਬਾਣੀ ਦੇ ਅਰਥ ਕਰਦਿਆਂ ਕਈ ਤਰ੍ਹਾਂ ਦੇ ਟਪਲ਼ੇ ਤੇ ਠੇਡੇ ਲੱਗਣੇ ਸੁਭਾਵਕ ਹਨ। ਇਹ ਟਪਲ਼ੇ ਕਈ ਮਨਘੜਤ ਸਾਖੀਆਂ ਨੂੰ ਜਨਮ ਦਿੰਦੇ ਹਨ ਜੋ ਸ਼ਬਦ ਦੇ ਸੱਚ ਤੋਂ ਪਾਠਕਾਂ ਨੂੰ ਬਹੁਤ ਦੂਰ ਅਗਿਆਨਤਾ ਦੇ ਹਨ੍ਹੇਰੇ ਜੰਗਲ਼ ਵਿੱਚ ਛੱਡ ਆਉਂਦੀਆਂ ਹਨ।

ਇਸ ਸ਼ਬਦ ਵਿੱਚ ਵਰਤੇ ਲਫ਼ਜ਼ਾਂ ‘ਰੇ’ ਅਤੇ ‘ਲੋਈ’ ਨੂੰ ਗੁਰਬਾਣੀ ਦੀ ਲਿਖਣ ਕਲਾ ਅਨੁਸਾਰ ਨਾ ਸਮਝਣ ਕਰਕੇ ਲਿਖਾਰੀਆਂ ਨੇ ਕਈ ਮਨ-ਘੜਤ ਸਾਖੀਆਂ ਨੂੰ ਜਨਮ ਦਿੱਤਾ ਹੈ। ਕਈਆਂ ਨੇ ਲਿਖਿਆ ਹੈ ਕਿ ‘ਲੋਈ’ ਕਬੀਰ ਜੀ ਦੇ ਘਰ ਵਾਲ਼ੀ ਸੀ ਤੇ ਉਹ ਕਿਸੇ ਸਾਧੂ ਸੰਤ ਦੀ ਪ੍ਰਸ਼ਾਦੇ ਨਾਲ਼ ਸੇਵਾ ਨਾ ਕਰ ਸਕੀ ਤੇ ਕਬੀਰ ਜੀ ਨਾਰਾਜ਼ ਹੋ ਗਏ। ਕਈ ਕਹਿੰਦੇ ਹਨ ਕਿ ਲੋਈ ਨੇ ਕਿਸੇ ਰੋਗੀ ਨੂੰ ਤਿੰਨ ਵਾਰੀ ਰਾਮ ਕਹਾ ਕੇ ਰੋਗ ਦੂਰ ਕੀਤਾ ਤੇ ਕਬੀਰ ਜੀ ਨਾਰਜ਼ ਹੋ ਗਏ ਅਖੇ ਲੋਈ ਨੇ ਤਿੰਨ ਵਾਰੀ ਰਾਮ ਕਿਉਂ ਕਹਾਇਆ ਜਦੋਂ ਕਿ ਇੱਕ ਵਾਰੀ ਹੂ ਬਹੁਤ ਸੀ ਆਦਿਕ।

ਉਹ ਲਿਖਦੇ ਹਨ ਕਿ ਲੋਈ ਨੇ ਇਸ ਸ਼ਬਦ ਵਿੱਚ ਆਪਣੇ ਵਲੋਂ ਸ਼ਬਦ ਦੀਆਂ ਪਹਿਲੀਆਂ ਤੁਕਾਂ ਕਬੀਰ ਜੀ ਨਾਲ਼ੋਂ ਨਾਰਾਜ਼ਗੀ ਦੂਰ ਕਰਨ ਲਈ ਉਚਾਰੀਆਂ ਤੇ ਆਖ਼ਰੀ ਦੋ ਤੁਕਾਂ ਭਗਤ ਕਬੀਰ ਜੀ ਨੇ ਲਿਖੀਆਂ। ਉਹ ਸੱਜਣ ਲਿਖਦੇ ਹਨ ਕਿ ਭਗਤ ਕਬੀਰ ਜੀ ਲੋਈ ਵਲੋਂ ਸਮਝੌਤੇ ਲਈ ਤਰਲੇ ਕੱਢਣ ਤੇ ਵੀ ਭਗਤ ਕਬੀਰ ਜੀ ਉਸ ਨਾਲ਼ ਬੇਪਰਤੀਤੀ ਹੀ ਰੱਖਦੇ ਰਹੇ। ਅਜਿਹੇ ਕੀਤੇ ਮਨ-ਘੜਤ ਅਰਥ, ਸ਼ਬਦ ਤੋਂ ਕੋਈ ਜੀਵਨ ਸੇਧ ਲੈਣ ਵਿੱਚ ਸਹਾਇਕ ਨਹੀਂ ਹੋ ਸਕਦੇ। ਗੁਰਬਾਣੀ ਦਾ ਹਰ ਇੱਕ ਸ਼ਬਦ ਜਗਿਆਸੂ ਦੇ ਮਨ ਦੀ ਥੰਮੀ ਤਾਂ ਹੀ ਬਣ ਸਕਦਾ ਹੈ ਜੇ ਇਸ ਤੋਂ ਸਹੀ ਅਗਵਾਈ ਲਈ ਜਾ ਸਕੇ। ਮਨ-ਘੜਤ ਸਾਖੀਆਂ ਵਿੱਚ ਗੁਆਚ ਕੇ ਸ਼ਬਦਾਂ ਦੇ ਸਹੀ ਅਰਥ ਵੀ ਗੁਆਚ ਜਾਂਦੇ ਹਨ, ਭਾਵੇਂ, ਅਜਿਹੀਆਂ ਸਾਖੀਆਂ ਸੁਣ ਕੇ ਸ਼੍ਰੋਤੇ ਵਕਤੀ ਤੌਰ ਤੇ ਖ਼ੁਸ਼ ਹੋ ਕੇ ਪ੍ਰਚਾਰਕ ਦੀ ਵਾਹ-ਵਾਹ ਜ਼ਰੂਰ ਕਰ ਲੈਂਦੇ ਹਨ। ਅਰਥਾਂ ਦੀਆਂ ਅਜਿਹੀਆਂ ਪ੍ਰਣਾਲ਼ੀਆਂ ਵਿੱਚੋਂ ਨਿੱਕਲ਼ ਕੇ ਤੇ ਗੁਰਬਾਣੀ ਵਿਆਕਰਣ ਦੀ ਰੌਸ਼ਨੀ ਲੈ ਕੇ ਹੀ ਗੁਰਬਾਣੀ ਦਾ ਸਹੀ ਉੱਪਦੇਸ਼ ਸਮਝਿਆ ਜਾ ਸਕਦਾ ਹੈ।

ਕੀ ਗੁਰਬਾਣੀ ਦੇ ਰਚਣ ਵਾਲੀ ਲੋਈ, ਭਗਤ ਕਬੀਰ ਜੀ ਦੇ ਘਰ ਵਾਲ਼ੀ, ਵੀ ਹੈ? ਬਿਲਕੁਲ ਨਹੀਂ। ਬਾਣੀ ਵਿੱਚ 35 ਮਹਾਂਪੁਰਸ਼ਾਂ ਦੀ ਰਚਨਾ ਹੈ ਜਿੱਸ ਵਿੱਚ ਲੋਈ ਦਾ ਕਿਤੇ ਨਾਂ ਨਹੀਂ ਹੈ {ਕਈ ਸੱਜਣ ਭਾਈ ਮਰਦਾਨੇ ਦਾ ਨਾਂ ਵੀ ਬਾਣੀ ਰਚਨਹਾਰਾਂ ਵਿੱਚ ਗਿਣਦੇ ਹਨ, ਪਰ ਅਜਿਹਾ ਨਹੀਂ ਹੈ। ਭਾਈ ਮਰਦਾਨੇ ਨੂੰ ਅਮਰ ਕਰਨ ਲਈ ਉਸ ਦੇ ਪ੍ਰਸ਼ਨਾ ਪ੍ਰਤੀ ਧੰਨੁ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਬਾਣੀ ਉਚਾਰੀ ਹੈ। ਭਾਈ ਮਰਦਾਨੇ ਪ੍ਰਤੀ ਉਚਾਰੀ ਬਾਣੀ ਵਿੱਚ ਮੁਹਰ ‘ਨਾਨਕ’ ਸ਼ਬਦ ਦੀ ਹੀ ਹੈ ਭਾਈ ਮਰਦਾਨੇ ਦੀ ਨਹੀਂ, ਜਿਵੇਂ ਕਿ ਭਗਤ ਬਾਣੀ ਵਿੱਚ ਭਗਤਾਂ ਦੇ ਨਾਂ ਦੀ ਮੁਹਰ ਹੈ – ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਰਚਿਤ ਪ੍ਰੋ. ਸਾਹਿਬ ਸਿੰਘ}।

‘ਰੇ’ ਸ਼ਬਦ ਦੀ ਵਰਤੋਂ ਦੀ ਸਮਝ ਤੋਂ ਹੀ ‘ਲੋਈ’ ਸ਼ਬਦ ਦੇ ਅਰਥ ਸਪੱਸ਼ਟ ਹੋ ਸਕਦੇ ਹਨ। ਗੁਰਬਾਣੀ ਵਿੱਚੋਂ ‘ਰੇ’ ਸ਼ਬਦ ਵਾਲ਼ੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਹਨ ਜਿੱਥੇ ਹਰ ਥਾਂ ‘ਰੇ’ ਸ਼ਬਦ ਪੁਲਿੰਗ ਵਾਚਕ ਹੈ-

ਰੇ ਨਰ ਇਹ ਸਾਚੀ ਜੀਅ ਧਾਰਿ॥---ਗਗਸ 633
ਰੇ ਜਨ ਮਨੁ ਮਾਧਉ ਸਿਉ ਲਾਈਐ॥---ਗਗਸ 324
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥---ਗਗਸ 477
ਕਹੁ ਨਾਨਕ ਸੁਨਿ ਰੇ ਮਨਾ ਅਉਧ ਜਾਤ ਹੈ ਬੀਤ॥---ਗਗਸ 1427
ਰੇ ਮੂੜੇ ਤੂੰ ਹੋਛੇ ਰਸ ਲਪਟਾਇਓ॥---ਗਗਸ 1017
ਰੇ ਲੰਪਟ ਕ੍ਰਿਸਨੁ ਅਭਾਖੰ॥---ਗਗਸ 1351

ਵਿਚਾਰ:

‘ਰੇ’ ਸ਼ਬਦ ਸਾਰੀ ਗੁਰਬਾਣੀ ਵਿੱਚ 549 ਵਾਰੀ ਪੁਲਿੰਗ ਰੂਪ ਵਿੱਚ ਵਰਤਿਆ ਗਿਆ ਹੈ। ਉਪਰੋਕਤ ਪੰਕਤੀਆਂ ਵਿੱਚ ਆਏ ਸ਼ਬਦ-- ਰੇ ਨਰ, ਰੇ ਜਨ, ਰੇ ਸੰਤਹੁ, ਰੇ ਮਨਾ, ਰੇ ਮੂੜੇ, ਰੇ ਲੰਪਟ ਧਿਆਨ ਦੇਣ ਯੋਗ ਹਨ। ‘ਰੇ’ ਸ਼ਬਦ ਤੋਂ ਪਿੱਛੋਂ ਆਏ ਸਾਰੇ ਸ਼ਬਦ ਪੁਲਿੰਗ ਵਾਚਕ ਹਨ। ਇਹ ਨੇਮ ਸਾਰੀ ਗੁਰਬਾਣੀ ਵਿੱਚ ਨਿਭਾਇਆ ਗਿਆ ਹੈ। ਤਾਂ ਫਿਰ ‘ਰੇ ਲੋਈ’ ਸ਼ਬਦਾਂ ਵਿੱਚ ਵੀ ‘ਲੋਈ’ ਸ਼ਬਦ ਇਸਤ੍ਰੀ ਲਿੰਗ (ਭਗਤ ਕਬੀਰ ਜੀ ਦੀ ਘਰ ਵਾਲ਼ੀ ਪ੍ਰਤੀ) ਨਹੀਂ ਹੋ ਸਕਦਾ।

ਭਗਤ ਕਬੀਰ ਜੀ ਦੀ ਬਾਣੀ ਵਿੱਚ ‘ਲੋਈ’ ਸਬਦ ਦੀ ਵਰਤੋਂ-

ਕਹਤ ਕਬੀਰ ਸੁਨਹੁ ਰੇ ਲੋਈ॥ ---ਗਗਸ 481
ਕਹਤੁ ਕਬੀਰ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ ---ਗਗਸ 692
ਸੁਨਿ ਅੰਧਲੀ ਲੋਈ ਬੇਪੀਰਿ॥ ---ਗਗਸ 871

ਵਿਚਾਰ:

ਸਾਰੀ ਗੁਰਬਾਣੀ ਵਿੱਚ ‘ਲੋਈ’ ਸ਼ਬਦ ਦੀ ਵਰਤੋਂ 24 ਵਾਰੀ ਕੀਤੀ ਗਈ ਹੈ, ਤੇ ਹਰ ਥਾਂ ਇੱਸ ਦਾ ਅਰਥ ਭਗਤ ਕਬੀਰ ਜੀ ਦੀ ਘਰ-ਵਾਲ਼ੀ ਨਹੀਂ ਹੈ। ਭਗਤ ਕਬੀਰ ਜੀ ਨੇ ਉੱਪਰ ਦਿੱਤੀਆਂ ਤਿੰਨਾਂ ਪੰਕਤੀਆਂ ਵਿੱਚੋਂ ਤੀਜੀ ਪੰਕਤੀ ਵਿੱਚ ‘ਲੋਈ’ ਸ਼ਬਦ ਆਪਣੀ ਘਰ-ਵਾਲ਼ੀ ਲਈ ਵਰਤਿਆ ਹੈ। ਇਥੇ ਲੋਈ ਸ਼ਬਦ ਇਸਤ੍ਰੀ ਲਿੰਗ ਹੈ ਕਿਉਂਕਿ ‘ਅੰਧਲੀ’ ਅਤੇ ‘ਬੇਪੀਰਿ’ ਸ਼ਬਦ ਵੀ ਇਸਤ੍ਰੀ ਲਿੰਗ ਹਨ, ਜੋ ਆਪਣੀ ਘਰ-ਵਾਲ਼ੀ ਲੋਈ ਪ੍ਰਤੀ ਹੀ ਸੰਬੋਧਨ ਰੂਪ ਵਿੱਚ ਵਰਤੇ ਗਏ ਹਨ। ਬਾਕੀ ਦੀਆਂ ਦੋ ਪੰਕਤੀਆਂ ਵਿੱਚ ਪ੍ਰਕਰਣ ਅਨੁਸਾਰ ‘ਲੋਈ’ ਸ਼ਬਦ ਭਗਤ ਜੀ ਨੇ ਪੁਲਿੰਗ ਰੂਪ ਵਿੱਚ ‘ਜਗਤ’ ਜਾਂ ‘ਲੋਕਾਂ’ ਪ੍ਰਤੀ ਵਰਤਿਆ ਹੈ ਕਿਉਂਕਿ ਇੱਥੇ ‘ਰੇ’ ਸ਼ਬਦ ਦੀ ਵਰਤੋਂ ਹੈ।

ਗੁਰਬਾਣੀ ਵਿੱਚ ‘ਰੀ’ ਸ਼ਬਦ ਦੀ ਵਰਤੋਂ ਇਸਤ੍ਰੀ ਲਿੰਗ ਵਜੋਂ-

ਰੀ ਬਾਈ ਬੇਢੀ ਦੇਨੁ ਨ ਜਾਈ॥---ਗਗਸ 657
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮ ਮਜੀਠੈ ਰੰਗਿ ਰੀ॥---ਗਗਸ 400
ਕਵਨ ਬਨੀ ਰੀ ਤੇਰੀ ਲਾਲੀ॥---ਗਗਸ 384
ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ॥---ਗਗਸ 1123
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ॥---ਗਗਸ 484
ਸੁਨਿ ਰੀ ਸਖੀ ਇਹ ਹਮਰੀ ਘਾਲ॥ ---ਗਗਸ 383

ਵਿਚਾਰ:

ਸਾਰੀ ਗੁਰਬਾਣੀ ਵਿੱਚ ‘ਰੀ’ ਸ਼ਬਦ 83 ਵਾਰੀ ਇਸਤ੍ਰੀ ਲਿੰਗ ਰੂਪ ਵਿੱਚ ਵਰਤਿਆ ਗਿਆ ਹੈ। ਉੱਪਰ ਦਿੱਤੀਆਂ ਤੁਕਾਂ ਵਿੱਚ ‘ਰੀ’ ਸ਼ਬਦ ਦੀ ਵਰਤੋਂ ਹੈ ਜੋ ਸਾਰੇ ਇਸਤ੍ਰੀ ਲਿੰਗ ਸ਼ਬਦਾਂ ਨਾਲ਼ ਕੀਤੀ ਗਈ ਹੈ। ਇਹ ਇਸਤ੍ਰੀ ਲਿੰਗ ਸ਼ਬਦ ਹਨ- ਬਾਈ (ਭੈਣ), ਸੁੰਦਰਿ (ਜੀਵ ਇਸਤ੍ਰੀ), ਤੇਰੀ, ਕਲਵਾਰਿ (ਕਲਾਲਣ, ਮਾਇਆ-ਮਦ ਵੰਡਣ ਵਾਲ਼ੀ!), ਗਵਾਰਿ (ਗਵਾਰਨ!), ਮੂਢ ਮਤਿ (ਮੂਰਖ ਅ਼ਕ਼ਲ!) ਭਈ ਅਤੇ ਸਖੀ।

ਸਾਰ ਅੰਸ਼:

ਸਾਰੇ ਸ਼ਬਦ ਵਿੱਚ ਭਗਤ ਕਬੀਰ ਜੀ ਦੱਸਣਾ ਚਾਹੁੰਦੇ ਹਨ ਕਿ ਜਗਤ ਦਾ ਮੋਹ ਜੀਵ ਨੂੰ ਪ੍ਰਭੂ ਤੋਂ ਦੂਰ ਕਰਦਾ ਹੈ {ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥-ਬਾਣੀ ‘ਅਨੰਦੁ’} ਕਬੀਰ ਜੀ ਕਹਿੰਦੇ ਹਨ ਕਿ ਆਰੇ ਨਾਲ਼ ਚਿਰਨ ਵਿੱਚ ਏਨਾਂ ਦੁੱਖ ਨਹੀਂ, ਜਿੰਨਾਂ ਪ੍ਰਭੂ ਨੂੰ ਭੁੱਲ ਜਾਣ ਵਿੱਚ ਹੈ। ਇਸ ਗੱਲ ਦੀ ਜੀਵ ਨੂੰ ਜਦੋਂ ਸਮਝ ਆਉਂਦੀ ਹੈ ਤਾਂ ਕਹਿੰਦਾ ਹੈ ਕਿ ਹੇ ਜਗਤ ਦੇ ਮੋਹ! ਹੁਣ ਮੈਂ ਤੇਰੀ ਪਰਤੀਤਿ ਨਹੀਂ ਕਰਾਂਗਾ ਤੇ ਹਰ ਸਮੇਂ ਪ੍ਰਭੂ ਨੂੰ ਯਾਦ ਰੱਖਾਂਗਾ। ਭਗਤ ਜੀ ਆਪਣੀ ਪਤਨੀ ਨੂੰ ਇੱਸ ਸ਼ਬਦ ਵਿੱਚ ਕੁਝ ਨਹੀਂ ਕਹਿ ਰਹੇ ਤੇ ਨਾ ਹੀ ‘ਲੋਈ’ ਸ਼ਬਦ ਭਗਤ ਜੀ ਨੇ ਆਪਣੀ ਘਰ ਵਾਲ਼ੀ ਪ੍ਰਤੀ ਇਸ ਸ਼ਬਦ ਵਿੱਚ ਵਰਤਿਆ ਹੈ। ਇੱਸ ਸ਼ਬਦ ਵਿੱਚ ਭਗਤ ਜੀ ਦੀ ਘਰ ਵਾਲ਼ੀ ਦੀ ਲਿਖੀ ਕੋਈ ਤੁਕ ਨਹੀਂ ਹੈ। ਸਾਰਾ ਸ਼ਬਦ ਭਗਤ ਕਬੀਰ ਜੀ ਦਾ ਹੀ ਲਿਖਿਆ ਹੋਇਆ ਹੈ।ਲੋਈ’ ਪ੍ਰਤੀ ਬੇਸਮਝੀ ਨਾਲ਼ ਚਲਾਈਆਂ ਸਾਖੀਆਂ ਵਿੱਚ ਕੋਈ ਸੱਚਾਈ ਨਹੀਂ ਹੈ।

ਪਾਠਕ ਆਪ ਗੁਰਬਾਣੀ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਪੜ੍ਹਨ ਦੀ ਰੁਚੀ ਰੱਖਣ ਤਾਂ ਹੀ ਅਜਿਹੀਆਂ ਮਨ-ਘੜਤ ਸਾਖੀਆਂ ਦਾ ਨੋਟਿਸ ਲਿਆ ਜਾ ਸਕਦਾ ਹੈ, ਨਹੀਂ ਤਾਂ “ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥”---ਗਗਸ 1371, ਵਾਲ਼ੀ ਗੱਲ ਹੀ ਵਾਪਰ ਰਹੀ ਹੈ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top