Share on Facebook

Main News Page

ਬਾਬਾ ਜਰਨੈਲ ਸਿੰਘ ਸਮੁੱਚੀ ਸਿੱਖ ਕੌਮ ਦੇ ਸ਼ਹੀਦ ਹਨ, ਨਾ ਕਿ ਕਿਸੇ ਇੱਕ ਸੰਪਰਦਾ ਦੇ
-: ਬਲਰਾਜ ਸਿੰਘ

ਜੂਨ ੧੯੮੪ ਦੇ ਘਲੂਘਾਰੇ ਤੋਂ ਬਾਅਦ ਪੰਜਾਬ ਦਾ ਮਾਹੌਲ ਇਕਦਮ ਉਦਾਸ ਅਤੇ ਗੁੱਸੇ ਨਾਲ ਭਰਿਆ ਪਿਆ ਸੀ। ਸੀ.ਆਰ.ਪੀ ਅਤੇ ਫੌਜ ਪਿੰਡਾਂ ਦੇ ਕੋਨੇ ਕੋਨੇ ਵਿੱਚ ਫੈਲੀ ਹੋਈ ਸੀ। ਇਕ ਦੋ ਮਹੀਨੇ ਦੇ ਇਸ ਦਹਸ਼ਿਤ ਭਰੇ ਮਾਹੌਲ ਤੋਂ ਬਾਅਦ ਜਦੋਂ ਫੌਜਾਂ ਦਾ ਘੇਰਾ ਘਟਿਆ, ਤਾਂ ਸਿੱਖਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ। ਹੌਲੀ ਹੌਲੀ ਸਿੱਖ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋਇਆ। ਹਰ ਦੂਸਰੇ ਦਿਨ ਕਿਤੇ ਨਾ ਕਿਤੇ ਸਿੱਖਾਂ ਦਾ ਭਰਵਾਂ ਇਕੱਠ ਹੁੰਦਾ। ਦਾਸ ਨੂੰ ਵੀ ਆਪਣੇ ਇਲਾਕੇ ਦੀਆਂ ਲਗਭਗ ਸਾਰੀਆਂ ਕਾਨਫਰੰਸਾਂ 'ਤੇ ਜਾਣ ਦਾ ਮੌਕਾ ਮਿਲਿਆ। ਹਰ ਸਟੇਜ ਤੇ ਇੰਦਰਾ ਗਾਂਧੀ ਦੇ ਖਿਲਾਫ਼ ਲੰਬੀਆਂ ਲੰਬੀਆਂ ਤਕਰੀਰਾਂ ਹੁੰਦੀਆਂ, ਭਾਰਤ ਸਰਕਾਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ ਜਾਂਦਾ, ਨਾਭੇ ਵਾਲੀਆਂ ਬੀਬੀਆਂ ਵੀਰ ਰਸ ਵਾਲੀਆਂ ਵਾਰਾਂ ਗਾਉਂਦੀਆਂ, ਬਬਰਾਂ ਦੇ ਸੋਹਲੇ ਗਾਏ ਜਾਂਦੇ, ਖਾਸ ਕਰ ਚਹੇੜੂ ਕਾਂਡ, ਲਾਲਾ ਜਗਤ ਨਰੈਣ ਕਾਂਡ ਨੂੰ ਬੜੇ ਜੋਸ਼ੀਲੇ ਢੰਗ ਨਾਲ ਸੁਣਾਇਆ ਜਾਂਦਾ, ਬਾਬਾ ਜਰਨੇਲ ਸਿੰਘ ਭਿੰਡਰਵਾਲੇ ਦੀ ਵੀਰਤਾ ਹਰ ਬੁਲਾਰੇ ਦੇ ਸਿਰ ਚੱੜ ਬੋਲਦੀ। ਬਾਬਾ ਜੀ ਦੇ ਜਿਉਂਦੇ ਹੋਣ ਅਤੇ ਬੱਚ ਕੇ ਨਿਕਲ ਜਾਣ ਨੂੰ ਬੜਾ ਸਲਾਹਿਆ ਜਾਂਦਾ।

...ਬੀਤੇ ਫਰਵਰੀ ਮਹੀਨੇ ਸਾਡੇ ਨਜਦੀਕ ਦੇ ਗੁਰਦੁਆਰਾ ਸਾਹਿਬ ਵਿੱਚ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ। ਦਾਸ ਨੂੰ ਵੀ ਉਸ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਜੋ ਕੁੱਝ ਸੁਣਨ ਨੂੰ ਮਿਲਿਆ, ਸੁਣ ਕੇ ਮਨ ਬਹੁਤ ਉਦਾਸ ਹੋਇਆ। ਗੁਰਦੁਆਰਾ ਸਾਹਿਬ ਦੇ ਸੈਕਟਰੀ ਅਤੇ ਨੰਗੀਆਂ ਲੱਤਾਂ ਵਾਲੇ ਇੱਕ ਟਕਸਾਲੀ ਪ੍ਰਚਾਰਕ ਤੋਂ ਦੋ ਘੰਟੇ ਸਿਰਫ ਇਕ ਗਲ ਸੁਣਨ ਨੂੰ ਹੀ ਮਿਲੀ ਕਿ "ਹੈ ਕੋਈ ਸੰਤ ਅੱਜ ਦੀ ਤਾਰੀਕ ਵਿੱਚ ਜੋ ੧੦੧ ਜਪੁਜੀ ਸਾਹਿਬ ਦੇ ਪਾਠ ਕਰਦਾ ਹੋਵੇ", "ਬਾਬਾ ਜਰਨੈਲ ਸਿੰਘ ਜੀ ਰੋਜ਼ਾਨਾ ੧੦੧ ਜਪੁਜੀ ਦੇ ਪਾਠ ਕਰਿਆ ਕਰਦੇ ਸਨ॥" ਕਿਸੇ ਵੀ ਬੁਲਾਰੇ ਨੇ ਨਾ ਕੋਈ ਬੀਰਤਾ ਭਰਿਆ ਇਤਿਹਾਸ ਸੁਣਾਇਆ, ਨਾ ਬੱਬਰਾਂ ਦੇ ਸੋਹਲੇ ਗਾਏ ਗਏ, ਨਾ ਮੋਟਰ ਸਾਈਕਲ ਵਾਲੇ ਯੋਧਿਆਂ ਦੀ ਕੋਈ ਵਾਰ ਸੁਣਾਈ ਗਈ। ਜੇਕਰ ਕੁੱਝ ਸੁਣਾਇਆ ਗਿਆ, ਤਾਂ ਗਿਣਤੀਆਂ ਮਿਣਤੀਆਂ ਦੇ ਪਾਠ...

ਆਉ ਹੁਣ ਕੁੱਝ ਗਿਣਤੀਆਂ ਆਪਾਂ ਵੀ ਕਰ ਲਈਏ। ਜਪੁਜੀ ਸਾਹਿਬ ਨੂੰ ਸਹਿਜ ਨਾਲ ਕਰਣ 'ਤੇ ਘੱਟ ਤੋਂ ਘੱਟ ਪੰਦਰਾਂ ਮਿੰਟ ਲਗ ਜਾਂਦੇ ਹਨ, ਇਸ ਹਿਸਾਬ ਨਾਲ ਇੱਕ ਘੰਟੇ ਵਿੱਚ ਚਾਰ ਜਪੁਜੀ ਦੇ ਪਾਠ ਹੋ ਸਕਦੇ ਹਨ, ਅਤੇ 24 ਘੰਟਿਆਂ ਵਿੱਚ 96 ਪਾਠ। ਇਕ ਦਿਨ ਵਿੱਚ ਜਪੁਜੀ ਦੇ 101 ਪਾਠ ਕਰਣੇ ਨਾ ਮੁਮਕਿਨ ਹਨ। ਇਸ ਤੋਂ ਇਲਾਵਾ ਬਾਬਾ ਜੀ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਅਤੇ ਸੁਖਮਨੀ ਸਾਹਿਬ ਵੀ ਪੜਦੇ ਸਨ। ਬਾਬਾ ਜੀ ਪ੍ਰਸ਼ਾਦਾ ਪਾਣੀ ਵੀ ਛੱਕਦੇ ਹੋਣਗੇ, ਅਰਾਮ ਵੀ ਕਰਦੇ ਹੋਣਗੇ।

ਹੁਣ ਸੋਚਣ ਵਾਲੀ ਗਲ ਇਹ ਹੈ ਕਿ ਅੱਜ ਦੇ ਇਨ੍ਹਾਂ ਪ੍ਰਚਾਰਕਾਂ ਵਿੱਚੋਂ ਕੌਣ ਬਾਬਾ ਜਰਨੇਲ ਸਿੰਘ ਜੀ ਕੋਲ ਬੈਠ ਕੇ ਪਾਠਾਂ ਦੀ ਗਿਣਤੀ ਕਰਦਾ ਹੁੰਦਾ ਸੀ? ਕਈ ਪ੍ਰਚਾਰਕ ਤਾ 151 ਪਾਠਾਂ ਦੀ ਗਲ ਵੀ ਕਰਦੇ ਹਨ, ਕੋਈ ਸਿਰਫ 25 ਹੀ ਆਖਦਾ ਹੈ। ਗੁਰਬਾਣੀ ਗਿਣਤੀ ਮਿਣਤੀ ਦੇ ਪਾਠਾਂ ਨੂੰ ਮਾਨਤਾ ਹੀ ਨਹੀਂ ਦਿੰਦੀ। ਮੇਰਾ ਪੂਰਾ ਯਕੀਨ ਹੈ ਬਾਬਾ ਜਰਨੇਲ ਸਿੰਘ ਜੀ ਵੀ ਇਹ ਗਲ ਪੱਕੀ ਤਰ੍ਹਾਂ ਜਾਣਦੇ ਹੋਣਗੇ। ਜਿਨ੍ਹਾਂ ਨੇ ਬਾਬਾ ਜੀ ਦੇ ਨਾਮ ਉਪਰ ਆਪਣੀਆਂ ਦੁਕਾਨਾਂ ਚਲਾਉਣੀਆਂ ਹਨ, ਉਹ ਗੁਰਮਤਿ ਕਿਉਂ ਵਿਚਾਰਨਗੇ?

ਬਾਬਾ ਜਰਨੈਲ ਸਿੰਘ ਜੀ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਇਸ ਲਈ ਨਹੀਂ ਮਿਲਿਆ ਕੇ ਉਹ ਜਪੁਜੀ ਦੇ 101 ਪਾਠ ਕਰਦੇ ਸਨ, ਉਨ੍ਹਾਂ ਨੂੰ ਮਹਾਨ ਸਿੱਖ ਦਾ ਦਰਜਾ ਉਨ੍ਹਾਂ ਦੀ ਸਿੱਖ ਕੋਮ ਲਈ ਲਾਸਾਨੀ ਸ਼ਹਾਦਤ, ਜ਼ਬਰ ਜ਼ੁਲਮ ਦੇ ਖਿਲਾਫ਼ ਲੜਣ ਅਤੇ ਇੱਕ ਸੱਚੇ ਇਮਾਨਦਾਰ ਸਿੱਖ ਹੋਣ ਦੇ ਨਾਤੇ ਮਿਲਿਆ ਹੈ।

...ਪਹਿਲਾਂ ਟਕਸਾਲ ਵਾਲਿਆਂ ਨੇ 21 ਸਾਲ ਬਾਬਾ ਜੀ ਦੀ ਸ਼ਹੀਦੀ ਰੋਲ ਦਿੱਤੀ, ਹੁਣ ਕੁੱਝ ਲੋਕ ਉਨ੍ਹਾਂ ਨੂੰ ਗਿਣਤੀਆਂ ਮਿਣਤੀਆਂ ਵਿੱਚ ਪਾ ਕੇ ਗੁਰਮਤਿ ਵਿਹੂਣਾ ਦਰਸਾਉਣ ਦਾ ਯਤਨ ਕਰ ਰਹੇ ਹਨ। ਬਚਿੱਤਰ ਨਾਟਕ ਦੇ ਪੂਜਾਰੀ, ਬਾਬਾ ਜਰਨੇਲ ਸਿੰਘ ਜੀ ਨੂੰ ਢਾਲ ਦੇ ਰੂਪ ਵਿੱਚ ਵਰਤ ਰਹੇ ਹਨ

ਗੁਰੂ ਪਿਆਰਿਓ! ਬਾਬਾ ਜਰਨੈਲ ਸਿੰਘ ਸਮੁੱਚੀ ਸਿੱਖ ਕੌਮ ਦੇ ਸ਼ਹੀਦ ਹਨ, ਨਾ ਕਿ ਕਿਸੇ ਇੱਕ ਸੰਪਰਦਾ ਦੇ। ਕਿਰਪਾ ਕਰਕੇ ਉਨ੍ਹਾਂ ਦੀ ਸ਼ਖਸੀਅਤ ਨੂੰ ਆਪਣੀ ਰੋਜ਼ੀ ਰੋਟੀ ਨਾ ਬਣਾਓ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top