Share on Facebook

Main News Page

ਸ਼ਿਵ ਸੈਨੀਓ ! ਸਿੱਖਾਂ ਦੀ ਲੜਾਈ ਨਿਜ਼ਾਮ ਨਾਲ ਹੈ, ਇਸ ਨੂੰ ਹਿੰਦੂ ਸਿੱਖ ਦਾ ਝਗੜਾ ਬਣਾਉਣ ਤੋਂ ਗੁਰੇਜ਼ ਕਰੋ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਪੰਥ ਦਾ ਮੁੱਢਲਾ ਸੰਕਲਪ ਸਰਬੱਤ ਦਾ ਭਲਾ ਹੈ। ਸਿੱਖਾਂ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ ਅਤੇ ਸਿੱਖ ਵਿਚਾਰਧਾਰਾ ਹੀ ਇੱਕ ਅਜਿਹੀ ਵਿਲੱਖਣ ਸੋਚ ਰੱਖਦੀ ਹੈ, ਜਿੱਥੇ ਸਿਰਫ ਮਨੁੱਖਤਾ ਦੀ ਗੱਲ ਹੁੰਦੀ ਹੈ। ਸਿੱਖ ਗੁਰੂ ਸਹਿਬਾਨ ਨੇ ਕੋਈ ਵੀ ਅਜਿਹਾ ਵਿਚਾਰ ਨਹੀਂ ਦਿੱਤਾ, ਜਿੱਸ ਵਿੱਚ ਸਿਰਫ ਸਿੱਖਾਂ ਦੇ ਭਲੇ ਦੀ ਗੱਲ ਹੋਵੇ, ਗੁਰੂ ਸਹਿਬਾਨ ਨੇ ਜੋ ਵੀ ਗੱਲ ਕੀਤੀ ਹੈ, ਉਹ ਸੰਸਾਰ ਹੀ ਨਹੀਂ, ਸਗੋਂ ਸ੍ਰਿਸ਼ਟੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੂੰ ਕਿਸੇ ਹਕੂਮਤ ਜਾਂ ਕਿਸੇ ਵੱਡੇ ਧਰਮ ਦੇ ਕਿਸੇ ਵਕਤੀ ਆਗੂ ਤੋਂ ਕੋਈ ਭੈਅ ਸੀ, ਦਰਅਸਲ ਸਿੱਖ ਗੁਰੂ ਸਾਹਿਬਾਨ ਨੇ ਕਾਦਰ ਅਤੇ ਕੁਦਰਤ ਨੂੰ ਬੜੇ ਹੀ ਸੂਖਮਤਾ ਦੇ ਪੱਧਰ ਤੱਕ ਜਾ ਕੇ ਸਮਝਿਆ ਅਤੇ ਫਿਰ ਔਝੜ ਪਈ ਲੋਕਾਈ ਨੂੰ ਸਮਝਾਉਣ ਦਾ ਉਦਮ ਕੀਤਾ। ਉਹਨਾਂ ਨੇ ਕਿਸੇ ਨਾਲ ਉਸ ਦੀ ਜਾਤ ,ਜਮਾਤ,ਰੰਗ ,ਨਸਲ ,ਪਹਿਰਾਵਾ ,ਧਾਰਮਿਕ ਵਿਸ਼ਵਾਸ਼ ਜਾਂ ਇਲਾਕੇ ਕਰਕੇ ਨਫਰਤ ਨਹੀਂ ਕੀਤੀ, ਸਗੋਂ ਉਸ ਨੂੰ ਰੱਬ ਦੀ ਸੰਤਾਨ ਮੰਨ ਕੇ, ਇਕ ਆਦਮ ਜਾਤ ਵਜੋਂ ਉਸ ਦਾ ਸਨਮਾਨ ਕੀਤਾ। ਸਿਰਫ ਇਹ ਹੀ ਨਹੀਂ ਕਿ ਇਹ ਗੁਣ ਸਿੱਖ ਗੁਰੂ ਸਹਿਬਾਨ ਨੇ ਆਪਣੇ ਤੱਕ ਹੀ ਸੀਮਤ ਰੱਖਿਆ ਹੋਵੇ, ਸਗੋਂ ਸਿੱਖਾਂ ਨੂੰ ਵੀ ਅਜਿਹਾ ਦ੍ਰਿਡ ਕਰਵਾਇਆ। ਇਸ ਸੱਚ ਨੂੰ ਸਦੀਵੀ ਅਮਰ ਕਰਨ ਵਾਸਤੇ ਅਤੇ ਮਨੁੱਖਤਾ ਨੂੰ ਪਿਆਰ ਕਰਨ ਦੀ ਆਦਤ ਨੂੰ, ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਜੁਗਤ ਸਿਖਾਉਣ ਲਈ, ਸਤਿਗੁਰੁ ਜੀ ਨੇ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਇਸ ਪਰਥਾਏ ਦਰਜ਼ ਕੀਤੇ, ਕਿ ਸਿੱਖ ਦਾ ਕੋਈ ਵੈਰੀ ਜਾਂ ਦੁਸ਼ਮਨ ਨਹੀਂ ਹੈ ਅਤੇ ਸਿੱਖਾਂ ਨੇ ਜ਼ੁਲਮ ਦੇ ਖਿਲਾਫ਼ ਲੜਨਾ ਹੈ, ਜ਼ੁਲਮੀ ਦੀ ਜਮਾਤ ਜਾਂ ਜਾਤ ਨਾਲ ਕੋਈ ਨਫ਼ਰਤ ਨਹੀਂ ਕਰਨੀ, ਸਿਰਫ ਉਸਦੀ ਕੁਕਰਮੀ ਬਿਰਤੀ ਨੂੰ ਖਤਮ ਕਰਨ ਵਾਸਤੇ, ਉਸ ਨਾਲ ਦੋ ਦੋ ਹੱਥ ਕਰਨੇ ਹਨ, ਉਹ ਵਿਚਾਰਾ ਦੇ ਆਦਾਨ ਪ੍ਰਦਾਨ ਨਾਲ ਹੋਣ ਤਾਂ ਮੈਦਾਨ-ਏ-ਜੰਗ ਵਿੱਚ ਤਲਵਾਰ ਨਾਲ ਹੋਣ।

ਸਿੱਖ ਗੁਰੂ ਸਾਹਿਬਾਨ ਵੀ ਆਪਣੀ ਪੂਰੀ ਜਿੰਗਦੀ ਸੰਘਰਸ਼ ਕਰਦਿਆਂ ਹੀ ਗੁਜ਼ਾਰ ਗਏ, ਲੇਕਿਨ ਉਹਨਾਂ ਦੇ ਹਰ ਜੀਵਨ ਪਲ ਵਿੱਚੋਂ ਕੋਈ ਸਿਧਾਂਤ ਉਪਜਦਾ ਰਿਹਾ, ਜਿਹੜਾ ਸਿੱਖਾਂ ਵਾਸਤੇ ਪ੍ਰੇਰਨਾ ਸਰੋਤ ਬਣਦਾ ਗਿਆ। ਜਦੋਂ ਤੋਂ ਗੁਰੂ ਗੋਬਿੰਦ ਸਿੰਘ ਜੇ ਨੇ ਵਿਚਾਰਧਾਰਿਕ ਅਗਵਾਈ ਅਤੇ ਰੂਹਾਨੀ ਸੇਧ ਵਾਸਤੇ ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਸੰਭਾਲੀ ਹੈ ਤਾਂ ਨਾਲ ਹੀ ਸਰੀਰਕ ਕਾਰਜ਼ ਕਰਨ ਵਾਸਤੇ ਗੁਰੂ ਖਾਲਸਾ ਪੰਥ ਨੂੰ ਜਿੰਮੇਵਾਰੀ ਸੌਂਪੀ ਹੈ, ਭਾਵ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਿੱਚ ਰਹਿੰਦਿਆਂ ਜਾਂ ਉਸ ਦੀ ਸੇਧ ਅਧੀਨ ਹੀ ਖਾਲਸਾ ਪੰਥ ਨੇ ਵਿਚਰਨਾ ਹੈ, ਬੇਸ਼ਕ ਉਹ ਸੇਵਾ ਦੇ ਖੇਤਰ ਵਿੱਚ ਹਨ ਜਾਂ ਫਿਰ ਯੁੱਧ ਦੇ ਮੈਦਾਨ ਵਿੱਚ ਹੋਣ, ਪਰ ਇਕ ਮਰਿਯਾਦਾ ਅਤੇ ਸਿਧਾਂਤਾਂ ਦੇ ਘੇਰੇ ਵਿੱਚ ਰਹਿਣਾ ਹੈ। ਇਸ ਕਰਕੇ ਹੀ ਸਿੱਖ ਵੀ ਉਸ ਹੀ ਤਰਜ਼ ਉੱਤੇ ਜ਼ੁਲਮ ਖਿਲਾਫ਼ ਲੜਦੇ ਆਏੇ ਹਨ ਅਤੇ ਜ਼ੁਲਮ ਦੇ ਖਿਲਾਫ਼ ਕੋਈ ਕਦਮ ਚੁੱਕਣ ਲੱਗਿਆਂ ਇਹ ਨਹੀਂ ਵੇਖਿਆ ਜਾਂਦਾ ਕਿ ਜ਼ੁਲਮ ਕਿਸ ਉੱਤੇ ਹੋ ਰਿਹਾ, ਲੇਕਿਨ ਹੁਣ ਜਿਸ ਨੂੰ ਅਸੀਂ ਆਜ਼ਾਦ ਭਾਰਤ ਜਾ ਲੋਕਤੰਤਰ ਆਖਦੇ ਹਾਂ, ਇਸ ਵਿੱਚ ਸਿੱਖਾਂ ਨੂੰ ਆਪਣੇ ਉੱਤੇ ਹੋ ਰਹੇ ਜਬਰ,ਜ਼ੁਲਮ,ਅਤਿਆਚਾਰਾਂ ਅਤੇ ਨਾ ਇਨਸਾਫੀਆਂ ਖਿਲਾਫ਼ ਲੜਣਾ ਪੈ ਰਿਹਾ ਹੈ।

ਭਾਰਤੀ ਦੀ ਆਜ਼ਾਦੀ ਸਿਰਫ ਗਾਂਧੀ ਦੇ ਚਰਖੇ ਜਾਂ ਲਾਠੀ ਨੇ ਨਹੀਂ ਲਿਆਂਦੀ ਸੀ, ਉਸ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਰੋਲ ਹੈ। ਉਸ ਵੇਲੇ ਨਾ ਕੋਈ ਆਰ.ਐਸ.ਐਸ. ਲੱਭਦੀ ਸੀ ਅਤੇ ਨਾ ਕਿਤੇ ਕੋਈ ਸ਼ਿਵ ਸੈਨੀਆ ਦਿੱਸਦਾ ਸੀ। ਇਹ ਗੱਲ ਬੇਸ਼ਕ ਬਹੁਤ ਵਾਰੀ ਲਿਖੀ ਜਾ ਚੁੱਕੀ ਹੈ, ਪਰ ਕਿਸੇ ਨੂੰ ਸਮਝਾਉਣ ਵਾਸਤੇ ਪਾਠਕ ਫਿਰ ਧਿਆਨ ਨਾਲ ਯਾਦ ਕਰ ਲੈਣ ਕਿ ਭਾਰਤ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਅਠਾਨਵੇਂ ਫੀ ਸਦੀ ਸ਼ਹੀਦੀਆਂ ਅਤੇ ਪਚਾਸੀ ਪ੍ਰਤਿਸ਼ਤ ਹੋਰ ਕੁਰਬਾਨੀਆਂ ਵਿੱਚ ਹਿੱਸਾ ਪਾਇਆ ਹੈ, ਅਬਾਦੀ ਭਾਵੇਂ ਸਵਾ ਫ਼ੀ ਸਦੀ ਹੀ ਸੀ। ਸਾਡੇ ਵਡਾਰੂਆਂ ਨੇ ਆਪਣੀਆਂ ਰਿਆਸਤੀ ਸਰਦਾਰੀਆਂ ਨੂੰ ਅਲਵਿਦਾ ਆਖ ਕੇ, ਭਾਰਤ ਨਾਲ ਆਪਣੀ ਕਿਸਮਤ ਜੋੜੀ ਅਤੇ ਜਿੰਦਗੀ ਨੂੰ ਇੱਕ ਭਿਖਾਰੀਆਂ ਵਾਲੀ ਹਾਲਤ ਤੋਂ ਫਿਰ ਆਰੰਭ ਕੀਤਾ। ਇਸ ਵਾਸਤੇ ਸਿੱਖਾਂ ਨੂੰ ਹੱਕ ਹੈ ਕਿ ਜਿਹੜੇ ਵਾਹਦੇ ਬੇਈਮਾਨ ਸਿਆਸੀ ਤਿੱਕੜੀ, ਮਹਾਤਮਾ ਗਾਂਧੀ ,ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੇ, ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸਨ, ਜੇ ਉਹ ਪੂਰੇ ਨਹੀਂ ਹੋਏ ਜਾਂ ਭਾਰਤ ਦੀ ਮਕਾਰੀ ਲੀਡਰਸ਼ਿੱਪ ਨੇ ਉਹਨਾਂ ਦੀ ਪੂਰਤੀ ਨਾ ਕਰਕੇ ਵਾਹਦਾ ਖਿਲਾਫੀ ਕੀਤੀ ਹੈ ਤਾਂ ਸਿੱਖਾਂ ਆਪਣੇ ਹੱਕ ਮੰਗਣ ਵਾਸਤੇ ਅੰਦੋਲਨ ਕਰਨਾ ਚਾਹੀਦਾ ਹੈ। ਸਿੱਖਾਂ ਦੇ ਕਿਸੇ ਵੀ ਰਾਜਸੀ ਜਾਂ ਧਾਰਮਿਕ ਜਥੇ ਵੱਲੋਂ ਅੱਜ ਤੱਕ ਕਿਸੇ ਧਰਮ ਜਾਂ ਫਿਰਕੇ ਦੇ ਖਿਲਾਫ਼ ਕੋਈ ਮਤਾ ਨਹੀਂ ਪਾਇਆ, ਸਗੋਂ ਜਿਸ ਵੇਲੇ ਵੀ ਕੋਈ ਗੱਲ ਕੀਤੀ ਹੈ ਤਾਂ ਮਨੁੱਖਤਾ ਨੂੰ ਮੁੱਖ ਰੱਖਕੇ ਜਾਂ ਦੂਜੀਆਂ ਜਾਤ ਬਰਾਦਰੀਆਂ ਦੇ ਹਿੱਤਾਂ ਨੂੰ ਖਿਆਲ ਵਿੱਚ ਰੱਖਦਿਆਂ ਹੀ ਕੋਈ ਕਦਮ ਚੁੱਕਿਆ ਹੈ।

ਇੱਕ ਇਹ ਗੱਲ ਵੀ ਦਾਸ ਲੇਖਕ ਬਹੁਤ ਵਾਰੀ ਲਿਖ ਚੁੱਕਿਆ ਹੈ ਕਿ ਪੰਜਾਬ ਵਿੱਚ ਕੋਈ ਇੱਕ ਮਿਸਾਲ ਦਿਓ, ਜਿੱਥੇ ਸਿੱਖਾਂ ਨੇ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਕਿਸੇ ਦਲਿਤ ਉੱਤੇ ਕੋਈ ਕੌਮੀ ਤੌਰ 'ਤੇ, ਮਿੱਥ ਕੇ ਜ਼ੁਲਮ ਕੀਤਾ ਹੋਵੇ। ਇਹ ਵੱਖਰੀ ਗੱਲ ਹੈ ਕਿ ਸ਼ਰਾਰਤੀ ਅਤੇ ਮਾੜੇ ਬੰਦੇ ਹਰ ਕੌਮ ਵਿੱਚ ਹੁੰਦੇ ਹਨ , ਕਿਸੇ ਨੇ ਸ਼ਰਾਰਤ ਕੀਤੀ ਹੋਵੇ, ਪਰ ਸਿੱਖਾਂ ਨੇ ਸਮੂੰਹਿਕ ਤੌਰ ਤੇ ਅਜਿਹਾ ਕਦੇ ਨਹੀਂ ਕੀਤਾ। ਪੰਜਾਬ ਵਿੱਚ ਹਰ ਸ਼ਹਿਰ, ਪਿੰਡ ਵਿੱਚ ਜਗਰਾਤੇ ਹੁੰਦੇ ਹਨ, ਰਾਮ ਲੀਲਾ ਹੁੰਦੀ ਹੈ, ਮਾਤਾ ਨੈਨਾ ਦੇਵੀ ਦੇ ਚਾਲੇ ਤੇ ਲੱਖਾਂ ਲੋਕ ਜਾਂਦੇ ਹਨ, ਬਹੁਤ ਸਾਰੇ ਕਾਂਬੜੀਏ ਗੰਗਾ ਜਲ ਲੈ ਕੇ ਲੰਘਦੇ ਹਨ, ਜੈਨੀ ਸੜਕਾਂ ਤੇ ਘੁੰਮਦੇ ਹਨ, ਪਰ ਕਦੇ ਕਿਸੇ ਸਿੱਖ ਨੇ ਕਿਸੇ ਉੱਤੇ ਇੱਕ ਰੋੜੀ ਵੀ ਨਹੀਂ ਮਾਰੀ। ਸਗੋਂ ਲੰਗਰ ਜਾਂ ਹੋਰ ਪ੍ਰਬੰਧ ਵਿੱਚ ਯਥਾਸ਼ਕਤ ਮਾਇਕ ਅਤੇ ਹੱਥੀ ਸੇਵਾ ਦਾ ਯੋਗਦਾਨ ਸਿੱਖ ਭਰਾ ਵੀ ਪਾਉਂਦੇ ਹਨ। ਦਾਸ ਲੇਖਕ ਦੇ ਵੀ ਬਹੁਤ ਦਲਿਤ, ਹਿੰਦੂ ਜਾਂ ਮੁਸਲਿਮ ਪਰਿਵਾਰਾਂ ਨਾਲ ਪਰਿਵਾਰਿਕ ਸਬੰਧ ਹਨ, ਉਹਨਾਂ ਦੇ ਹਰ ਧਾਰਮਿਕ ਸਮਾਜਿਕ ਜਾਂ ਖੁਸ਼ੀ ਗਮੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ। ਕਦੇ ਕੋਈ ਨਫਰਤ ਜਾਂ ਤੇਰ ਮੇਰ ਵਾਲੀ ਗੱਲ ਹੀ ਨਹੀਂ ਹੋਈ।

ਸ਼ਿਵ ਸੈਨੀਏ ਜਿਹੜੇ ਦਰਬਾਰ ਸਾਹਿਬ ਦੇ ਫੌਜੀ ਹਮਲੇ ਨੂੰ ਦਰੁਸਤ ਮੰਨਦੇ ਹਨ, ਉਹ ਜਾਂ ਤਾਂ ਅਸਲੀਅਤ ਤੋਂ ਕੋਹਾਂ ਦੂਰ ਹਨ ਜਾਂ ਫਿਰ ਉਹ ਕਿਸੇ ਸਾਜਿਸ਼ ਅਧੀਨ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ। ਉਹਨਾਂ ਵੱਲੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਵਿਖਾਈ ਜਾਂਦੀ ਨਫਰਤ ਦਾ ਵੀ ਕੋਈ ਅਧਾਰ ਨਹੀਂ ਹੈ। ਸਿੱਖਾਂ ਨੇ ਕਿਸੇ ਹਿੰਦੂ ਦੇ ਖਿਲਾਫ਼ ਮੋਰਚਾ ਨਹੀਂ ਲਾਇਆ ਸੀ, ਇਹ ਤਾਂ ਭਾਰਤੀ ਨਿਜ਼ਾਮ ਦੇ ਖਿਲਾਫ਼ ਸੀ, ਜਿਹੜਾ ਸਿੱਖਾਂ ਨੂੰ ਨਿਆਂ ਨਹੀਂ ਦਿੰਦਾ, ਵਿਤਕਰੇ ਕਰਦਾ ਹੈ ਜਾਂ ਸਿਖਾ ਦੇ ਦਬਾਏ ਹੱਕ ਮੰਗਣ ਤੇ, ਸਿੱਖਾਂ ਉੱਤੇ ਜ਼ੁਲਮ ਕਰਦਾ ਹੈ। ਉਸ ਮੋਰਚੇ ਦੇ ਹੀਰੋ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਸ਼ਿਵ ਸੈਨੀਆਂ ਨੂੰ ਸਿਰਫ ਇਹ ਦੱਸ ਕੇ ਭੜਕਾਇਆ ਜਾ ਰਿਹਾ ਹੈ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਆਖਦੇ ਸਨ ਕਿ ਇੱਕ ਸਿੱਖ ਨੂੰ ਪੈਂਤੀ ਪੈਂਤੀ ਆਉਦੇ ਹਨ, ਪਰ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਅਜਿਹਾ ਕਹਿਣ ਦੀ ਬਾਬਾ ਜਰਨੈਲ ਸਿੰਘ ਭਿੰਡਰਵਾਲਿਆਂ ਨੂੰ ਲੋੜ ਹੀ ਕਿਉਂ ਪਈ, ਕਿਉਂਕਿ ਹਿੰਦੂ ਆਗੂ ਅਤੇ ਭਾਰਤੀ ਹਕੂਮਤ ਤੇ ਕਾਬਜ਼ ਲੋਕ ਬਿਆਨ ਦੇ ਰਹੇ ਸਨ, ਕਿ ਭਾਰਤ ਵਿੱਚ ਸਿੱਖ ਪੈਂਤੀਆਂ ਪਿੱਛੇ ਇਕ ਹੈ ਤਾਂ ਬਾਬਾ ਜਰਨੈਲ ਸਿੰਘ ਨੇ ਜਵਾਬ ਵਿੱਚ ਆਖ ਦਿੱਤਾ ਕਿ ਖਾਲਸਾ ਤਾਂ ਸਵਾ ਲੱਖ ਨਾਲ ਲੜ ਸਕਦਾ ਹੈ, ਇਥੇ ਤਾਂ ਇੱਕ ਸਿੱਖ ਨੂੰ ਪੈਂਤੀ ਹੀ ਆਉਂਦੇ ਹਨ, ਹੁਣ ਵਿੱਚ ਗੁਨਾਹ ਭਿੰਡਰਾਂਵਾਲੇ ਦਾ ਨਹੀਂ, ਉਹਨਾਂ ਦਾ ਹੈ ਜਿਹਨਾਂ ਨੇ ਸਿੱਖ ਜਜਬਾਤਾਂ ਨੂੰ ਅੱਗ ਲਾਉਣ ਦਾ ਯਤਨ ਕੀਤਾ। ਜੇ ਭਿੰਡਰਾਂਵਾਲੇ ਹਿੰਦੂ ਵਿਰੋਧੀ ਹੁੰਦੇ ਤਾਂ ਹਿੰਦੁਆਂ ਦੀਆਂ, ਸੌਹਰਿਆਂ ਵਲੋਂ ਤੰਗ ਕੀਤੀਆਂ ਬੱਚੀਆਂ ਨੂੰ ਉਹਨਾ ਦੇ ਘਰ ਨਾ ਵਸਾਉਂਦੇ।

ਇਸ ਵਾਸਤੇ ਸ਼ਿਵ ਸੈਨੀਏ ਵੀਰਾਂ ਨੂੰ ਬੇਨਤੀ ਹੈ ਕਿ ਸਿੱਖ ਨਿਜ਼ਾਮ ਖਿਲਾਫ਼ ਲੜ ਰਹੇ ਹਨ ਅਤੇ ਅਜਿਹੀ ਲੜਾਈ ਦਾ ਹੱਕ ਭਾਰਤੀ ਸੰਵਿਧਾਨ ਵੀ ਸਿੱਖਾਂ ਨੂੰ ਦਿੰਦਾ ਹੈ, ਫਿਰ ਤੁਹਾਨੂੰ ਤਕਲੀਫ਼ ਕਿਉਂ ਹੈ? ਜੇ ਸਿੱਖ ਸਰਕਾਰ ਤੋਂ ਆਪਣੇ ਹੱਕ ਮੰਗਦੇ ਹਨ, ਮੰਗ ਲੈਣ ਦਿਓ, ਤੁਸੀਂ ਇਹ ਕਿਉਂ ਆਖ ਦੇ ਹੋ ਕਿ ‘‘ਜਾਂਦੀ ਬਲਾ ਦੁਪਹਿਰਾ ਕੱਟ ਜਾਹ’’ ਸਿੱਖਾਂ ਨੇ ਆਪਣੇ ਹੱਕਾਂ ਵਾਸਤੇ ਲੜਨਾ ਹੈ ਅਤੇ ਇਸ ਲੜਾਈ ਵਿੱਚ ਜਿੱਥੇ ਸਿੱਖਾਂ ਦਾ ਕੋਈ ਨੁਕਸਾਨ ਹੋਇਆ ਜਾਂ ਹੋਵੇਗਾ ਜਾਂ ਕੋਈ ਅਣਮਨੁੱਖੀ ਜਬਰ ਸਿੱਖਾਂ ਉੱਤੇ ਹੋਵੇਗਾ ਤਾਂ ਸਿੱਖਾਂ ਨੇ ਉਸ ਦਾ ਰੋਸ ਕਰਨਾ ਹੀ ਹੈ ਅਤੇ ਇਨਸਾਫ਼ ਮੰਗਣਾ ਹੀ ਹੈ, ਜੇ ਇਨਸਾਫ਼ ਨਾਲ ਮਿਲੇ ਤਾਂ ਫਿਰ ਕਿਸੇ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਸੁੱਖਾ, ਭਾਈ ਜਿੰਦਾ, ਭਾਈ ਦਿਲਾਵਰ ਸਿੰਘ, ਭਾਈ ਹਵਾਰਾ, ਭਾਈ ਤਾਰਾ, ਭਾਈ ਭਿਓਰਾ, ਭਾਈ ਰਾਜੋਆਣਾ, ਬਣਨਾ ਪੈਂਦਾ ਹੈ, ਨਾਲੇ ਇਹਨਾਂ ਨੇ ਕਿਸੇ ਹਿੰਦੂ ਮੁਸਲਿਮ ਨੂੰ ਨਹੀਂ, ਸਗੋ ਸਿੱਖ ਅਖਵਾਉਣ ਵਾਲੇ ਮੁੱਖ ਮੰਤਰੀ ਨੂੰ ਇਸ ਕਰਕੇ ਮਾਰਿਆ ਹੈ ਕਿ ਉਹ ਜ਼ਾਲਮ ਸੀ, ਫਿਰ ਤੁਸੀਂ ਸਿੱਖਾਂ ਦੀ ਹਕੂਮਤ ਜਾਂ ਨਿਜ਼ਾਮ ਖਿਲਾਫ਼ ਲੜੀ ਜਾ ਰਹੀ ਜਾਇਜ਼ ਲੜਾਈ ਨੂੰ ਖਾਹ ਮੁਖਾਹ ਆਪਣੇ ਗਲ ਪਾ ਕੇ ਹਿੰਦੂ ਸਿੱਖ ਦੀ ਲੜਾਈ ਕਿਉਂ ਬਣਾਉਣਾ ਚਾਹੁੰਦੇ ਹੋ?

ਮੇਰੇ ਇਹ ਸ਼ਬਦ ਲਿਖਣ ਪਿੱਛੇ ਮੇਰੇ ਮਨ ਅੰਦਰ ਕੋਈ ਭੈਅ ਜਾਂ ਪਾਲਾ ਨਹੀਂ ਹੈ ਕਿ ਸ਼ਿਵ ਸੈਨੀਏ ਸਿੱਖਾਂ ਦਾ ਕੋਈ ਬਹੁਤਾ ਨੁਕਸਾਨ ਕਰ ਦੇਣਗੇ, ਕਿਉਂਕਿ ਸਿੱਖਾਂ ਨੂੰ ਤਾਂ ਗੁਰੂ ਨੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਦੇ ਜ਼ੁਲਮ ਵਿਰੁੱਧ ਲੜਣ ਦਾ ਹੁਨਰ ਸਿਖਾਇਆ ਹੋਇਆ ਹੈ ਅਤੇ ਸਿੱਖ ਹਰ ਤਰਜ਼ ਵਿੱਚ ਜਵਾਬ ਦੇਣ ਦੇ ਸਮਰੱਥ ਵੀ ਹਨ, ਪਰ ਨਾਲ ਹੀ ਸਿੱਖਾਂ ਉੱਤੇ ਇਕ ਜ਼ਾਬਤਾ ਵੀ ਲਾਗੂ ਹੈ ਕਿ ਜੇ ਕੋਈ ਮੂਰਖਤਾ ਅਧੀਨ, ਕਦੇ ਸਿੱਖਾਂ ਦੇ ਜਜਬਾਤਾਂ ਨੂੰ ਤੀਲੀ ਲਾਵੇ, ਤਾਂ ਪਹਿਲਾਂ ਉਸ ਨੂੰ ਸਮਝਾਉਣ ਦਾ ਯਤਨ ਕਰੋ, ਇਸ ਲਈ ਦਾਸ ਲੇਖਕ ਸ਼ਿਵ ਸੈਨੀਏ ਵੀਰਾ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਵੀ ਪੰਜਾਬ ਦੇ ਵਸਿੰਦੇ ਹੋ, ਤੁਸੀਂ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦਾ ਯਤਨ ਨਾ ਕਰੋ, ਇਸ ਨਾਲ ਆਪਣਾ ਸਭ ਦਾ ਨੁਕਸਾਨ ਹੋਵੇਗਾ, ਹਕੂਮਤ ਖਿਲਾਫ਼ ਲੋਕ ਲੜਦੇ ਹਨ, ਉਹਨਾਂ ਦਾ ਹੱਕ ਹੈ, ਲੜਣ ਦਿਓ, ਸਾਥ ਨਹੀਂ ਦੇਣਾ ਤਾਂ ਵੱਖਰੀ ਗੱਲ ਹੈ, ਲੇਕਿਨ ਪੰਜਾਬ ਦੇ ਅਮਨ ਨੂੰ ਖਰਾਬ ਨਾਂ ਕਰੋ।

ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top