Share on Facebook

Main News Page

ਗੁਰਦਵਾਰਿਆਂ ਵਿੱਚ ਸਿੱਖਾਂ ਦੇ ਦਾਖਲੇ 'ਤੇ ਪਬੰਦੀ ਲਾ ਕੇ ਸ. ਬਾਦਲ ਨੇ ਨਰੈਣੂ ਦਾ ਵਾਰਿਸ ਹੋਣ ਦਾ ਪੱਕਾ ਸਬੂਤ ਦਿੱਤਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰਦਵਾਰਾ ਸਾਹਿਬ ਦੀ ਹੋਂਦ ਅਤੇ ਮਰਿਯਾਦਾ ਤੋਂ ਇਸ ਦੇ ਅਰਥ ਸਪਸ਼ਟ ਹਨ ਕਿ ਇਹ ਕਿਸੇ ਦੀ ਜਗੀਰ ਨਹੀਂ ਅਤੇ ਨਾ ਹੀ ਕਿਸੇ ਦੇ ਗੁਲਾਮ ਹਨ। ਇਥੇ ਆਇਆ ਹਰ ਬਸ਼ਰ ਇਸ ਵਾਸਤੇ ਹੀ ਸਿਰ ਢਕ ਕੇ ਆਉਂਦਾ ਹੈ ਕਿ ਉਸ ਦਾ ਸਾਈਂ ਸਦਾ ਸਲਾਮਤ ਹੈ, ਉਸ ਦੇ ਸਿਰ ਹੈ, ਆਉਣ ਵਾਲਾ ਸਿਰੋਂ ਨੰਗਾ ਨਹੀਂ ਅਤੇ ਨਾ ਹੀ ਕਿਸੇ ਦਾ ਗੁਲਾਮ ਹੈ। ਇਸ ਕਰਕੇ ਹੀ ਇਸ ਦਾ ਨਾਮ ਗੁਰੂਦੁਆਰਾ ਹੈ। ਗੁਰੂਘਰ ਵਿੱਚ ਰਾਜਾ ਹੋਵੇ ਜਾਂ ਮੰਗਤਾ ਸਭ ਦੇ ਬੈਠਣ ਦਾ ਥਾਂ ਅਤੇ ਖਾਣ ਪੀਣ ਇਕੋ ਜਿਹਾ ਹੁੰਦਾ ਹੈ ਤਾਂ ਕਿ ਕਿਸੇ ਦੇ ਮਨ ਵਿਚ ਹੀਣ ਭਾਵਨਾ ਨਾਂ ਆਵੇ ਅਤੇ ਨਾਂ ਹੀ ਕਿਸੇ ਨੂੰ ਆਪਣੀ ਅਮੀਰਤ ਦਾ ਹੰਕਾਰ ਹੋਵੇ ਕਿ ਮੈਂ ਜਿਆਦਾ ਪੈਸੇ ਵਾਲਾ ਹਾਂ ਅਤੇ ਮੇਰੇ ਵਾਸਤੇ ਵਿਸ਼ੇਸ਼ ਸਨਮਾਨ ਹੈ। ਅਜਿਹੀ ਮਰਿਯਾਦਾ ਗੁਰੂ ਸਾਹਿਬ ਦੇ ਵੇਲੇ ਤੋਂ ਚੱਲੀ ਆ ਰਹੀ ਸੀ।

ਪਾਠਕ ਜਾਣਦੇ ਹਨ ਕਿ ਜਿਸ ਵੇਲੇ ਸੁਲਤਾਨ-ਏ-ਹਿੰਦ ਅਕਬਰ ਬਾਦਸ਼ਾਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਵਿਖੇ ਆਇਆ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਿਲਣ ਤੋਂ ਪਹਿਲਾਂ ਇਹੀ ਕਿਹਾ ਸੀ, ਬਾਦਸ਼ਾਹ ਹੈ ਜੀ ਸਦਕੇ ਆਵੇ, ਪਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਜਿੱਥੇ ਕਾਦਰ ਦੇ ਕਾਇਦੇ ਅਨੁਸਾਰ ਸਭ ਕੁੱਝ ਪ੍ਰਵਾਨ ਹੁੰਦਾ ਹੈ, ਇਸ ਲਈ ਜੇ ਆਉਣਾ ਹੈ ਤਾਂ ਕੋਈ ਬਾਦਸ਼ਾਹੀ ਸਤਿਕਾਰ ਦੀ ਆਸ ਨਹੀਂ ਰਖਣੀ? ਬੈਠਣ ਵੇਲੇ ਸੰਗਤ ਅਤੇ ਖਾਣ ਵੇਲੇ ਪੰਗਤ ਵਿੱਚ ਹੀ ਛਕਣਾ ਹੋਵੇਗਾ, ਜਿੱਥੇ ਆਮ ਲੋਕ ਬੈਠੇ ਹੋਣਗੇ। ਅਕਬਰ ਬਾਦਸ਼ਾਹ ਆਇਆ ਤੇ ਬਹੁਤ ਪ੍ਰਸੰਨ ਹੋਇਆ ਕਿ ਇੱਥੇ ਇਨਸਾਨਾਂ ਦੀ ਬਰਾਬਰੀ ਕਰਕੇ, ਸਹੀ ਲਫਜਾਂ ਵਿੱਚ ਧਰਮ ਕਰਨ ਵਰਤ ਰਿਹਾ ਹੈ।

ਬੇਸ਼ੱਕ ਸਿੱਖ ਇਤਿਹਾਸਕਾਰ ਇਸ ਗੱਲ ਉੱਤੇ ਇੱਕਮੱਤ ਨਹੀਂ ਹਨ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਵੇਲੇ ਜਹਾਂਗੀਰ ਬਾਦਸ਼ਾਹ ਨੇ ਦੋਸ਼ ਲਾਇਆ ਸੀ ਕਿ ਤੁਸੀਂ ਸਾਡੇ ਬਾਗੀ ਖੁਸਰੋ ਨੂੰ ਗੋਇੰਦਵਾਲ ਸਾਹਿਬ ਵਿਖੇ ਪਨਾਹ ਦਿਤੀ, ਤਿਲਕ ਲਗਾਇਆ ਅਤੇ ਲੰਗਰ ਛਕਾਇਆ। ਕੁਝ ਇੱਕ ਲਿੱਖਤਾਂ ਵਿੱਚ ਗੁਰੂ ਸਾਹਿਬ ਦਾ ਜਵਾਬ ਹੈ, ਕਿ ਇਹ ਗੁਰੂ ਦਾ ਘਰ ਹੈ ਇੱਥੇ ਕੋਈ ਵੀ ਆ ਸਕਦਾ ਹੈ, ਤਿਲਕ ਲਗਾਉਣਾ ਸਾਡੀ ਮਰਿਯਾਦਾ ਵਿੱਚ ਹੀ ਨਹੀਂ ਤੇ ਲੰਗਰ ਤਾਂ ਜਿਹੜਾ ਆਉਂਦਾ ਹੈ, ਹਰ ਕੋਈ ਛਕਦਾ ਹੈ, ਤੇਰੇ ਅੱਬਾ ਨੇ ਵੀ ਛਕਿਆ ਸੀ, ਤੂੰ ਵੀ ਛਕ ਸਕਦਾ ਹੈ, ਜੇ ਖੁਸਰੋ ਛਕ ਗਿਆ ਫਿਰ ਕਿਹੜੀ ਵੱਡੀ ਗੱਲ ਸੀ। ਮੇਰਾ ਮਤਲਬ ਇੱਥੇ ਇਤਿਹਾਸ ਦਾ ਨਿਰਣਾ ਕਰਨਾ ਨਹੀਂ ਹੈ, ਲੇਕਿਨ ਜੇ ਇਹ ਗੱਲ ਸੱਚ ਹੈ ਤਾਂ ਫਿਰ ਸਾਫ਼ ਹੈ ਕਿ ਗੁਰੂ ਘਰ ਉੱਤੇ ਹਕੂਮਤਾਂ ਦੇ ਨਿਯਮ ਲਾਗੂ ਨਹੀਂ ਹੁੰਦੇ। ਹਕੂਮਤਾਂ ਦੇ ਆਪਣੇ ਮੁਫਾਦ ਹੁੰਦੇ ਹਨ। ਜਿਹੜਾ ਹਕੂਮਤ ਦੇ ਹਰ ਮਾੜੇ ਚੰਗੇ ਹੁਕਮ ਅਤੇ ਕੰਮ ਨੂੰ ਸੱਤ ਕਰਕੇ ਨਾ ਮੰਨੇ, ਉਸ ਨੂੰ ਬਾਗੀ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ, ਪਰ ਉਹ ਬਾਗੀ ਹਕੂਮਤ ਦਾ ਹੋ ਸਕਦਾ ਹੈ, ਗੁਰੂਘਰ ਦਾ ਬਾਗੀ ਨਹੀਂ।

ਇਕ ਸਮਾਂ ਅਜਿਹਾ ਆਇਆ, ਜਦੋਂ ਹੰਕਾਰੀ ਅਤੇ ਬਦ ਜਮੀਰੇ ਲੋਕਾਂ, ਮਸੰਦਾ ਨੇ ਨੌਵੇਂ ਨਾਨਕ ਗੁਰੂ ਤੇਗਬਹਾਦਰ ਸਾਹਿਬ ਨੂੰ ਵੀ ਵੇਖਦਿਆਂ ਹੀ, ਦਰਬਾਰ ਸਾਹਿਬ ਦੇ ਕਿਵਾੜ ਬੰਦ ਕਰ ਲਏ ਸਨ। ਇੱਕੋ ਇੱਕ ਲਿਖਾਰੀ ਖਾਫ਼ੀ ਖਾਂ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਉਸ ਵੇਲੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾ ਰਹੇ ਲੋਕਾਂ ਨੇ ਰੁੱਖਾ ਵਰਤਾਓ ਕੀਤਾ ਸੀ ਅਤੇ ਉਸ ਦੀ ਮੱਦਦ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਧਾਰਣਾਂ ਦੇਣ ਦਾ ਇੱਕ ਹੀ ਮਤਲਬ ਹੈ ਕਿ ਕੁੱਝ ਲੋਕਾਂ ਨੇ ਉਸ ਵੇਲੇ ਵੀ ਆਪਣੇ ਸੌੜੇ ਹਿੱਤਾਂ ਅਤੇ ਈਰਖਾਲੂ ਬਿਰਤੀ ਅਧੀਨ ਗੁਰੂਘਰ ਦੀ ਪਾਕ ਪਵਿਤਰ ਮਰਿਯਾਦਾ ਨੂੰ ਢਾਹ ਲਾਉਣ ਦਾ ਯਤਨ ਕੀਤਾ, ਪਰ ਗੁਰੂ ਘਰ ਨੇ ਹਰ ਹੀਲੇ ਇਹਨਾਂ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਉਦਮ ਜਾਰੀ ਰੱਖਿਆ, ਬੇਸ਼ੱਕ ਸ਼ਹੀਦੀਆਂ ਵੀ ਦੇਣੀਆਂ ਪਈਆਂ ਉਸ ਤੋਂ ਸਿੱਖਾਂ ਨੇ ਹਰ ਕੁਰਬਾਨੀ ਕਰਕੇ ਗੁਰਦਵਾਰਾ ਅਤੇ ਗੁਰੂ ਸਿਧਾਂਤ ਅਤੇ ਮਰਿਯਾਦਾ ਨੂੰ ਬਚਾਇਆ।

ਪਰ ਸਮੇਂ ਦੀਆਂ ਹਕੂਮਤਾਂ ਨੇ ਹਰ ਹਰਬਾ ਵਰਤਿਆ ਕਿ ਕਿਵੇ ਨਾ ਕਿਵੇ ਗੁਰੂ ਘਰ ਦੇ ਇਹ ਸਿਧਾਂਤ ਖਤਮ ਜਾਣ, ਗੁਰੂਘਰ ਢਾਹੇ ਗਏ, ਸਰੋਵਰ ਪੂਰੇ ਗਏ, ਪਰ ਸਿੱਖ ਨਾਲ ਨਾਲ ਉਸਾਰਦੇ ਗਏ, ਫਿਰ ਹਕੂਮਤਾਂ ਨੇ ਤਰੀਕਾ ਬਦਲਿਆ ਤੇ ਅੰਗ੍ਰੇਜ਼ੀ ਰਾਜ ਵਿੱਚ ਮਹੰਤਾਂ ਨੂੰ ਕਬਜ਼ੇ ਕਰਵਾ ਕੇ, ਉਹਨਾਂ ਤੋਂ ਅਜਿਹਾ ਕੁੱਝ ਕਰਵਾਉਣਾ ਆਰੰਭ ਕਰ ਦਿੱਤਾ ਕਿ ਗੁਰੂ ਘਰ ਆਈਆਂ ਬੀਬੀਆਂ ਨਾਲ ਜਬਰ ਜਿਨਾਹ, ਸ਼ਰਧਾਲੂਆਂ ਨਾਲ ਭੈੜਾ ਵਰਤਾਓ, ਸਾਰੇ ਪਾਠਕ ਜਾਣਦੇ ਹਨ ਕਿ ਹਾਲੇ ਕੱਲ ਦੀਆਂ ਗੱਲਾਂ ਹਨ ਕਿ ਨਨਕਾਣਾ ਸਾਹਿਬ ਉੱਤੇ ਕਾਬਜ਼ ਮਹੰਤ ਨਰੈਣੂ ਨੇ ਅਜਿਹੀਆਂ ਕੁਰੀਤੀਆਂ ਕੀਤੀਆਂ ਤੇ ਜਦੋਂ ਸਿੰਘ ਵਰਜਣ ਗਏ, ਕਿਸੇ ਖਾਸ ਸੁਨੇਹੇ ਤੇ ਗੁਰੂ ਘਰ ਦਾ ਪ੍ਰਬੰਧ ਸੰਭਾਲਣ ਦੀ ਗੱਲ ਤਾਂ ਟਾਲਣੀ ਪਈ, ਪਰ ਭਾਈ ਲਛਮਣ ਸਿੰਘ ਧਾਰੋਕੀ ਦੇ ਜਥੇ ਦੇ ਇੱਕ ਸਿੰਘ ਨੇ ਇੱਛਾ ਜਾਹਰ ਕੀਤੀ ਕਿ ਆਏ ਹਾ, ਹੁਣ ਦਰਸ਼ਨ ਤਾਂ ਕਰ ਚਲੀਏ ਤਾਂ ਉਸ ਵੇਲੇ ਨਰੈਣੂ ਦੇ ਗੁੰਡਿਆਂ ਨੇ ਸਿੰਘਾਂ ਉੱਤੇ ਕਹਿਰ ਢਾਹਿਆ, ਜੰਡਾਂ ਨਾਲ ਬੰਨ ਕੇ ਸ਼ਹੀਦ ਕੀਤੇ, ਗੋਲੀਆਂ ਮਾਰੀਆਂ, ਜਿੱਥੋਂ ਸ਼੍ਰੋਮਣੀ ਕਮੇਟੀ ਦਾ ਮੁੱਢ ਬੱਝਿਆ ਕਿ ਅੱਗੇ ਤੋਂ ਅਜਿਹਾ ਨਾ ਵਾਪਰੇ।

ਲੇਕਿਨ ਅਜੋਕੀ ਸ਼੍ਰੋਮਣੀ ਕਮੇਟੀ ਹੁਣ ਸ. ਬਾਦਲ ਦੀ ਗੁਲਾਮ ਬਣ ਕੇ ਰਹਿ ਗਈ ਹੈ। ਜਿਸ ਕਰਕੇ ਉਸ ਨੇ ਵੀ ਮਹੰਤ ਨਰੈਣੂ ਦੀ ਤਰਜ਼ ਤੇ ਟਾਸਕ ਫੋਰਸ ਬਣਾ ਲਈ ਹੈ। ਉਹ ਕਦੇ ਕਿਸੇ ਸ਼ਿਵ ਸੈਨੀਏ ਨੂੰ ਰੋਕਣ ਨਹੀਂ ਗਏ ਕਿ ਤੁਸੀਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਕਿਉਂ ਸਾੜਦੇ ਹੋ? ਪਰ ਜਦੋਂ ਸਿੱਖ ਛੇ ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਨਿਜ਼ਾਮ ਵਲੋਂ ਕੀਤੇ ਫੌਜੀ ਹਮਲੇ ਦੇ ਦਰਦ ਨੂੰ ਯਾਦ ਕਰਨ ਵਾਸਤੇ, ਦਰਬਾਰ ਸਾਹਿਬ ਜਾਣਗੇ ਤਾਂ ਉੱਥੇ ਸਿੱਖਾਂ ਉੱਤੇ ਟਾਸਕ ਫੋਰਸ ਕਿਰਪਾਨਾਂ ਅਤੇ ਬਰਛਿਆਂ ਨਾਲ ਹਮਲੇ ਕਰੇਗੀ। ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਰਨ ਵਰਤ ਉੱਤੇ ਬੈਠੇ, ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਵਿੱਚ, ਕੁੱਝ ਸੰਗਤਾਂ ਨੇ ਸਰਕਾਰ ਨੂੰ ਜਗਾਉਣ ਵਾਸਤੇ, ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗ੍ਰਾਮ ਦਿੱਤਾ ਕਿ ਗੁਰਦਵਾਰਾ ਅੰਬ ਸਾਹਿਬ ਤੋਂ ਤੁਰਿਆ ਜਾਵੇਗਾ ਤਾਂ ਸਵੇਰੇ ਤੋਂ ਹੀ ਟਾਸਕ ਫੋਰਸ ਨੇ ਗੁਰੂਘਰ ਨੂੰ ਘੇਰ ਲਿਆ। ਕੀਹ ਜਿਹੜੇ ਕਾਰਜ਼ ਵਾਸਤੇ ਇਹ ਜਥਾ ਜਾ ਰਿਹਾ ਸੀ, ਉਹ ਕਿਸੇ ਦਾ ਨਿੱਜੀ ਹੈ ? ਸ਼੍ਰੋਮਣੀ ਕਮੇਟੀ ਸਿੱਖਾਂ ਦੀ ਵਾਹਿਦ ਹੈ ਨਾਂ ਕਿ ਸਰਕਾਰ ਦੀ ਰਖੇਲ ਹੈ। ਇਸ ਕਾਰਜ਼ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਤਾਂ ਅੱਗੇ ਲਗਣਾ ਚਾਹੀਦਾ ਸੀ, ਪਰ ਸ. ਬਾਦਲ ਦੀਆਂ ਹਦਾਇਤਾਂ ਕਰਕੇ ਸਵੇਰੇ ਅਮ੍ਰਿਤ ਵੇਲੇ ਹੀ ਗੁਰੂ ਘਰ ਦੇ ਅੰਦਰ ਟਾਸਕ ਫੋਰਸ ਅਤੇ ਗੁਰੂ ਘਰ ਦੇ ਬਾਹਰ ਪੁਲਿਸ ਫੋਰਸ ਲਗਵਾ ਦਿੱਤੀ।

ਅੱਜ ਦਾ ਇਹ ਵਰਤਾਰਾ ਵੇਖ ਕੇ ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਜਿਵੇ ਗੁਰੂ ਘਰ ਉੱਤੇ ਫਿਰ ਤੋਂ ਨਰੈਣੂ ਕਾਬਜ਼ ਹੋ ਬੈਠਾ ਹੈ, ਜਿਹੜਾ ਸਿੱਖਾਂ ਦੇ ਕੌਮੀ ਕਾਰਜਾਂ ਵਾਸਤੇ, ਗੁਰੂਘਰਾਂ ਵਿੱਚ ਇਕੱਠੇ ਹੋਣ ਤੇ ਵੀ ਪਬੰਦੀਆਂ ਲਾਈ ਬੈਠਾ ਹੈ। ਜੇ ਸਿੱਖ ਆਪਣੇ ਕਿਸੇ ਪੰਥਕ ਜਾਂ ਕੌਮੀ ਕਾਰਜ਼ ਵਾਸਤੇ ਗੁਰੂਘਰ ਵਿੱਚ ਹੀ ਨਹੀਂ ਜੁੜ ਸਕਦੇ ਤਾਂ ਫਿਰ ਕੀਹ ਉਹ ਕਿਸੇ ਮਸਜਿਦ, ਮੰਦਿਰ ਜਾਂ ਗਿਰਜ਼ਾਘਰ ਵਿੱਚ ਪਨਾਹ ਲੈਣ ? ਜਿੰਨੀਆਂ ਵੀ ਸੰਗਤਾਂ ਅੱਜ ਉੱਥੇ ਪਹੁੰਚੀਆਂ ਸਭ ਦੇ ਮੁੰਹ ਵਿੱਚ ਇੱਕ ਹੀ ਆਵਾਜ਼ ਸੀ ਕਿ ਹੁਣ ਤਾਂ ਸਾਫ਼ ਹੋ ਗਿਆ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਅੰਦਰ ਨਰੈਣੂ ਮਹੰਤ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਕੁੱਝ ਇਹ ਵੀ ਆਖ ਰਹੇ ਸਨ ਕਿ ਰੂਹ ਨਾ ਆਖੋ, ਹੁਣ ਤਾਂ ਇਹ ਸਮਝੋ ਕਿ ਸ. ਪ੍ਰਕਾਸ਼ ਸਿੰਘ ਬਾਦਲ ਨਰੈਣੂ ਮਹੰਤ ਦਾ ਅਵਤਾਰ ਹੀ ਹੈ।

ਨਰੈਣੂ ਨੇ ਤਾਂ ਅਵਤਾਰ ਧਾਰ ਲਿਆ ਅਤੇ ਆਪਣਾ ਕੰਮ ਆਰੰਭ ਕਰ ਦਿੱਤਾ ਹੈ, ਸਿੱਖਾਂ ਵਾਸਤੇ ਗੁਰਦਵਾਰਿਆਂ ਵਿੱਚ ਦਾਖਲੇ 'ਤੇ ਪਬੰਦੀ ਲਗਾ ਦਿੱਤੀ ਹੈ ਅਤੇ ਵੀਹਵੀ ਸਦੀ ਦੇ ਨਰੈਣੂ ਨਾਲੋ ਇੱਕੀਵੀ ਸਦੀ ਦਾ ਨਰੈਣੂ ਇਸ ਗੱਲੋਂ ਵੀ ਵਿਲੱਖਣ ਹੈ ਕਿ ਉਸ ਸਮੇ ਉਹ ਸਿਰਫ ਮਹੰਤ ਸੀ, ਪਰ ਅੱਜ ਉਹ ਮਹੰਤ ਹੀ ਨਹੀਂ, ਨਾਲ ਨਾਲ ਸੂਬੇਦਾਰ ਵੀ ਹੈ, ਪਰ ਪਤਾ ਨਹੀਂ ਸਿੱਖ ਮਾਵਾਂ ਨੇ ਸ. ਕਰਤਾਰ ਸਿੰਘ ਝੱਬਰ ਜਾਂ ਭਾਈ ਲਛਮਣ ਸਿੰਘ ਧਾਰੋਕੀ ਵਰਗੇ ਯੋਧੇ ਜੰਮਣੇ ਕਿਉਂ ਬੰਦ ਕਰ ਦਿੱਤੇ ਹਨ। ਜਿੰਨਾਂ ਚਿਰ ਸਿੱਖ ਗੁਰੂਘਰ ਆਜ਼ਾਦ ਨਹੀਂ ਕਰਵਾਉਂਦੇ, ਓਨਾਂ ਚਿਰ ਗੁਰਦਵਾਰਿਆਂ ਵਿੱਚ ਪੰਥਕ ਲੋਕਾਂ ਨੂੰ ਇਸ ਤਰ੍ਹਾਂ ਹੀ ਜਲਾਲਤ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਇੱਕੀਵੀ ਸਦੀ ਦੇ ਨਰੈਣੂ ਨੂੰ ਗੁਰਦਵਾਰਾ ਪ੍ਰਬੰਧ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ, ਫਿਰ ਸਿੱਖਾਂ ਦੇ ਸੰਘਰਸ਼ ਸਫਲ ਹੋਣਗੇ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top