Share on Facebook

Main News Page

ਗੁਰੂ ਗੋਬਿੰਦ ਸਿੰਘ ਜੀ ਦੇ ਕੇਸਾਂ ਵਾਲਾ ਅਸਲੀ ਕੰਘਾ ਅਤੇ ਬਾਕੀ ਵਸਤਾਂ ਕਿੱਥੇ ਹਨ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਦਮ ਨਾਲ ਗੁਰੂ ਸਾਹਿਬਾਨਾਂ ਦੇ ਸਸ਼ਤਰ ਅਤੇ ਜੀਵਨ ਨਾਲ ਸਬੰਧਤ ਕੁੱਝ ਇਤਿਹਾਸਕ ਵਸਤੂਆਂ ਦੇ ਦਰਸ਼ਨ ਕਰਵਾਉਣ ਲਈ, ਇਕ ਦਰਸ਼ਨ ਯਾਤਰਾ ਆਰੰਭ ਕੀਤੀ ਸੀ। ਪਟਿਆਲਾ ਦੇ ਇਤਿਹਾਸਿਕ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਤੋਂ ਸ਼ੁਰੂ ਹੋਈ। ਇਸ ਸਸ਼ਤਰ ਦਰਸ਼ਨ ਯਾਤਰਾ ਆਰੰਭਤਾ ਵੇਲੇ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਚਲੀ ਆਉਂਦੀ ਹੈ, ਜਿੱਥੇ ਇਸ ਸ਼ਸਤਰ ਦਰਸ਼ਨ ਯਾਤਰਾ ਦਾ ਸਰਕਾਰੀ ਇਸਤਿਹਾਰਾਂ ਵਿੱਚ ਅਤੇ ਅਖਬਾਰਾਂ ਰਾਹੀ ਪ੍ਰਚਾਰ ਵੇਖ ਕੇ ਸਿੱਖ ਸੰਗਤ ਵਿੱਚ ਜਗਿਆਸਾ ਉਭਰੀ ਸੀ ਅਤੇ ਸੰਗਤਾਂ ਨੇ ਕਈ ਕਈ ਮੀਲ ਪੈਂਡਾ ਤਹਿ ਕਰਕੇ, ਘੰਟਿਆਂ ਬੱਧੀ ਕੜਕਦੀ ਧੁੱਪ ਅਤੇ ਰਾਤ ਦੇ ਹਨੇਰਿਆਂ ਵਿੱਚ ਉਡੀਕ ਕਰਕੇ, ਵੀ ਆਪਣੇ ਆਪ ਨੂੰ ਵਡਭਾਗਾ ਸਮਝਿਆ ਕਿ ਸਾਨੂੰ ਗੁਰੂ ਸਾਹਿਬ ਦੀਆਂ ਦੁਰਲੱਭ ਵਸਤਾਂ ਦੇ ਦਰਸ਼ਨ ਹੋਏ ਹਨ। ਸੰਗਤੀ ਉਤਸ਼ਾਹ ਕਰਕੇ, ਯਾਤਰਾ ਮਿਥੇ ਪਰੋਗਰਾਮ ਤੋਂ ਪਛੜਕੇ ਹੀ ਅਗਲੇ ਪੜਾ ਉੱਤੇ ਪਹੁੰਚਦੀ ਰਹੀ।

ਇਸ ਦਰਸ਼ਨ ਯਾਤਰਾ ਵਿੱਚ ਸਭ ਤੋਂ ਵਧੇਰੇ ਖਿੱਚ ਅਤੇ ਸ਼ਰਧਾ ਦਾ ਕੇਂਦਰ ਗੁਰੂ ਗੋਬਿੰਦ ਸਿੰਘ ਜੀ ਦਾ ਵਾਲਾ ਸਮੇਤ ਕੰਘਾ ਅਤੇ ਦਸਤਾਰ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਸ਼ਤਰ ਅਨੇਕਾ ਹਨ। ਜਿਸ ਕਿਸੇ ਨੇ ਵੀ ਸ਼ਰਧਾ ਨਾਲ ਕੋਈ ਸਸ਼ਤਰ ਜਾਂ ਵਸਤੂ ਭੇਟਾ ਕੀਤੀ ਅਤੇ ਉਸ ਨੂੰ ਗੁਰੂ ਸਾਹਿਬ ਦੇ ਹੱਥਾਂ ਦੀ ਮੁਬਾਰਿਕ ਛੋਹ ਪ੍ਰਾਪਤ ਹੋਈ ਤਾਂ ਉਹ ਵਸਤ ਗੁਰੂ ਸਾਹਿਬ ਦੀ ਹੀ ਬਣ ਗਈ ਅਤੇ ਸਿੱਖਾਂ ਵਾਸਤੇ ਉਹ ਇਕ ਅਮੁੱਲ ਅਤੇ ਅਲੌਕਿਕ ਵਸਤ ਜਾਂ ਸਸ਼ਤਰ ਬਣ ਗਿਆ। ਜਿਸ ਦੇ ਦਰਸ਼ਨ ਕਰਕੇ ਸਿੱਖ ਆਪਣੇ ਧੰਨਭਾਗ ਸਮਝਦਾ ਹੈ, ਪਰ ਜਿਸ ਸਮੇਂ ਇਹ ਸਸ਼ਤਰ ਦਰਸ਼ਨ ਯਾਤਰਾ, ਤਖਤ ਦਮਦਮਾ ਸਾਹਿਬ ਵਿਖੇ ਪਹੁੰਚੀ ਤਾਂ ਤਖਤ ਦਮਦਮਾ ਸਾਹਿਬ ਦੇ ਆਰਜ਼ੀ ਜਥੇਦਾਰ ਗੁਰਮੁੱਖ ਸਿੰਘ ਨੇ ਸਸ਼ਤਰਾਂ ਅਤੇ ਵਸਤੂਆਂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਕੰਘਾ, ਆਪਣੇ ਕੇਸਾਂ ਸਮੇਤ ਪੀਰ ਬੁਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤਾ ਸੀ, ਯਾਤਰਾ ਵਿੱਚ ਕੰਘਾ ਅਤੇ ਕੇਸਾਂ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ ਹੈ ਤਾਂ ਆਰਜ਼ੀ ਜਥੇਦਾਰ ਜੀ ਬੜੇ ਲੋਹੇ ਲਾਖੇ ਹੋਏ ਅਤੇ ਉਹਨਾਂ ਨੇ ਅਰਦਾਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿ ਜਿਸ ਕਿਸੇ ਨੇ ਵੀ ਇਹ ਕੀਤਾ ਹੈ, ਘੋਰ ਪਾਪ ਅਤੇ ਨਾ ਬਖਸ਼ਣਯੋਗ ਅਪਰਾਧ ਕੀਤਾ ਹੈ। ਉਹਨਾਂ ਨੇ ਇਸ ਦੀ ਸ਼ਕਾਇਤ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਵੀ ਕੀਤੀ।

ਲੇਕਿਨ ਸਸ਼ਤਰ ਦਰਸ਼ਨ ਯਾਤਰਾ ਨੇ ਹਾਲੇ ਮਾਲਵੇ ਦੀ ਫੇਰੀ ਵੀ ਸੰਪੂਰਨ ਨਹੀਂ ਕੀਤੀ ਸੀ ਕਿ ਸਾਬਕਾ ਸਿੱਖਿਆ ਮੰਤਰੀ ਸ. ਸੁਖਜਿੰਦਰ ਸਿੰਘ ਦੇ ਸਪੁੱਤਰ ਅਤੇ ਤੇਜ ਤਰਾਜ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਬਿਆਨ ਦੇ ਦਿੱਤਾ ਕਿ ਜਿਹੜਾ ਕੇਸਾਂ ਸਮੇਤ ਕੰਘਾ ਅਤੇ ਦਸਤਾਰ ਦੇ, ਸਸ਼ਤਰ ਦਰਸ਼ਨ ਯਾਤਰਾ ਵਿੱਚ, ਇਹ ਆਖ ਕੇ ਦਰਸ਼ਨ ਕਰਵਾਏ ਜਾ ਰਹੇ ਹਨ, ਇਹ ਉਹ ਕੰਘਾ ਹੈ ਜੋ ਭੰਗਾਣੀ ਦੇ ਯੁੱਧ ਵਿੱਚ, ਜਿਸ ਵੇਲੇ ਪੀਰ ਬੁੱਧੂ ਸ਼ਾਹ ਜੀ ਦੇ ਚਾਰ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋ ਗਏ ਸਨ ਤਾਂ ਦਸ਼ਮੇਸ਼ ਪਿਤਾ ਨੇ, ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਦਾ ਸਤਿਕਾਰ ਕਰਦਿਆਂ ਕਿਹਾ ਸੀ ਕਿ ਪੀਰ ਜੀ ਮੰਗ ਲਵੋ ਜੋ ਮੰਗਣਾ ਹੈ, ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੰਘੇ ਨਾਲ ਆਪਣੇ ਕੇਸ ਸੰਵਾਰ ਰਹੇ ਸਨ ਤਾਂ ਪੀਰ ਬੁੱਧੂਸ਼ਾਹ ਜੀ ਨੇ ਕਿਹਾ ਜੇ ਦੇਣਾ ਹੀ ਹੈ ਫਿਰ ਆਹ ਕੰਘਾ ਸਨੇ ਕੇਸ ਬਖਸ਼ ਦਿਓ, ਤਾਂ ਇਹ ਸਨ ਕੇਸ ਕੰਘਾ, ਹੁਕਮਨਾਮਾ ਕਰਦ ਅਤੇ ਦਸਤਾਰ ਪੀਰ ਬੁੱਧੂਸ਼ਾਹ ਜੀ ਨੂੰ ਬਖਸ਼ੇ ਸਨ। ਸ. ਖਹਿਰਾ ਨੇ ਕਿਹਾ ਕਿ ਅਜਿਹਾ ਆਖ ਕੇ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕੀਤੀ ਜਾ ਰਹੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀਆਂ ਸਾਰੀਆਂ ਦਾਤਾਂ ਪੀਰ ਬੁੱਧੂਸ਼ਾਹ ਜੀ ਦੀ ਅਠਵੀ ਸੰਤਾਨ ਪਾਸ ਮੌਜੂਦ ਹਨ।

ਇਸ ਗੱਲ 'ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਪਲਟਵਾਰ ਕਰਦਿਆਂ ਇਸ ਨੂੰ ਝੂਠ ਦਾ ਪਲੰਦਾ ਆਖਿਆ ਅਤੇ ਕਾਰਵਾਈ ਦੀ ਧਮਕੀ ਵੀ ਦਿੱਤੀ, ਲੇਕਿਨ ਅੱਜ ਅਮਰੀਕਾ ਦੇ ਇਕਲੌਤੇ ਅਤੇ ਬੜੇ ਪ੍ਰਚਲਤ ਟੀ.ਵੀ., ਜੱਸ ਪੰਜਾਬੀ ਤੋਂ ਇੱਕ ਨਾਮਵਾਰ ਟੀ.ਵੀ ਮੇਜ਼ਬਾਨ, ਹਰਵਿੰਦਰ ਰਿਆੜ ਨੇ ਅਮਰੀਕਾ ਦੇ ਸੂਬੇ ਲਾਂਸ ਏਂਜਲੈਂਸ ਵਿੱਚ ਰਹਿ ਰਹੇ, ਪੀਰ ਬੁੱਧੂਸ਼ਾਹ ਜੀ ਦੀ ਅਠਵੀ ਸੰਤਾਨ ਵਜੋਂ, ਉਸ ਖਾਨਦਾਨ ਦੇ ਚਿਰਾਗ, ਜਨਾਬ ਸਈਅਦ ਨਈਮ ਹੈਦਰ ਨੂੰ ਆਪਣੇ ਇੱਕ ਹਰਮਨ ਪਿਆਰੇ ਅਤੇ ਬਹੁ ਚਰਚਿਤ ਪਰੋਗਰਾਮ ਮੁੱਦਾ ਵਿੱਚ ਲਿਆ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਦੇ ਵੀ ਦਰਸ਼ਨ ਕਰਵਾ ਦਿੱਤੇ ਅਤੇ ਉਹਨਾਂ ਨੇ ਜਨਾਬ ਸਈਅਦ ਨਈਮ ਹੈਦਰ ਨਾਲ ਗਲਬਾਤ ਕਰਕੇ, ਪੰਜਾਬ ਵਿੱਚ ਅੱਧਾ ਪੈਂਡਾ ਤਹਿ ਕਰ ਚੁੱਕੀ ਸਸ਼ਤਰ ਦਰਸ਼ਨ ਯਾਤਰਾ ਦੇ ਪਿੱਛੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਅੱਜ ਦੇ ਪਰੋਗਰਾਮ ਮੁੱਦਾ ਵਿੱਚ ਦਾਸ ਲੇਖ਼ਕ ਨੇ ਵੀ ਕੁੱਝ ਮਿੰਟਾਂ ਵਾਸਤੇ ਵਿਚਾਰਾਂ ਦੀ ਸਾਂਝ ਪਾਈ, ਜਿੱਥੇ ਵੀਰ ਹਰਵਿੰਦਰ ਰਿਆੜ ਵੱਲੋਂ ਜਨਾਬ ਸਈਅਦ ਨਈਮ ਹੈਦਰ ਨਾਲ ਕੀਤੀ ਗੱਲਬਾਤ ਦੇ ਵੇਰਵਿਆਂ ਤੋਂ ਪਤਾ ਲੱਗਿਆ ਕਿ ਇਹ ਪਰਿਵਾਰ ਹਰ ਸਾਲ ਆਪਣੇ ਘਰ ਇੱਕ ਅਖੰਡ ਪਾਠ ਕਰਵਾਉਂਦਾ ਹੈ ਅਤੇ ਪੂਰਨ ਗੁਰੂ ਮਰਿਯਾਦਾ ਅਨੁਸਾਰ ਸਿਰਫ ਦਾਲ ਫੁੱਲਕੇ ਦਾ ਲੰਗਰ ਹੀ ਕੀਤਾ ਜਾਂਦਾ ਹੈ। ਇਸ ਸਲਾਨਾਂ ਸਮਾਗਮ ਵਾਸਤੇ ਕਿਸੇ ਤੋਂ ਇੱਕ ਡਾਲਰ ਦੀ ਵੀ ਮੱਦਦ ਨਹੀਂ ਲਈ ਜਾਂਦੀ ਅਤੇ ਜਿੱਥੇ ਵੀ ਕੋਈ ਸੰਗਤ ਇਹਨਾਂ ਗੁਰੂ ਵਸਤੂਆਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰੇ ਤਾਂ ਜਨਾਬ ਸਈਅਦ ਨਈਮ ਹੈਦਰ ਸਾਹਿਬ ਉਥੇ ਹੀ ਲੈ ਕੇ ਪਹੁੰਚਦੇ ਹਨ ਅਤੇ ਉਸ ਗੁਰੂ ਘਰ ਵਿੱਚੋਂ ਵੀ ਇੱਕ ਡਾਲਰ ਕਦੇ ਭੇਟਾ ਨਹੀਂ ਲੈਂਦੇ।

ਹੁਣ ਇਥੇ ਮਸਲਾ ਇਹ ਨਹੀਂ ਹੈ ਕਿ ਦਾਸ ਲੇਖਕ, ਰੋਜ਼ਾਨਾ ਪਹਿਰੇਦਾਰ ਜਾਂ ਸ.ਸੁਖਪਾਲ ਸਿੰਘ ਖਹਿਰਾ ਜਾਂ ਹਰਵਿੰਦਰ ਰਿਆੜ, ਜੱਸ ਟੀ.ਵੀ. ਰਾਹੀ ਇਸ ਯਾਤਰਾ ਬਾਰੇ ਕੁੱਝ ਸਵਾਲ ਖੜੇ ਕਰਕੇ ਕੋਈ ਲਾਹਾ ਲੈਣਾ ਚਾਹੁੰਦੇ ਹਨ, ਨਾਂ ਇਹ ਹੈ ਕਿ ਅਸੀਂ ਸਾਰੇ ਕਿਸੇ ਇੱਕ ਧਿਰ ਨਾਲ ਖੜ੍ਹੇ ਹੋ ਕੇ, ਕਿਸੇ ਦੂਜੀ ਧਿਰ ਨੂੰ ਬੇਵਜਾ ਬਦਨਾਮ ਕਰ ਰਹੇਹਾ। ਸਗੋਂ ਸਵਾਲ ਇਸ ਗੱਲ ਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਨ ਕੇਸ ਕਿਸੇ ਨੂੰ ਆਪਣਾ ਕੰਘਾ ਬਖਸ਼ਿਸ਼ ਕੀਤਾ ਗਿਆ ਹੈ ਤਾਂ ਉਹ ਸਿਰਫ ਪੀਰ ਬੁੱਧੂਸ਼ਾਹ ਜੀ ਹੀ ਹਨ। ਅਜੇ ਤੱਕ ਕੋਈ ਹੋਰ ਦੂਸਰਾ ਨਾਮ ਜਾਂ ਕੋਈ ਅਜਿਹੀ ਇਤਿਹਾਸਿਕ ਘਟਨਾ ਨਾ ਸੁਣੀ ਹੈ ਅਤੇ ਨਾਂ ਹੀ ਕਿਸੇ ਇਤਿਹਾਸ ਦੀ ਕਿਤਾਬ ਵਿੱਚੋਂ ਪੜ੍ਹੀ ਹੈ। ਜੇ ਭਾਈ ਕਾਹਨ ਸਿੰਘ ਨਾਭਾ ਜੀ ਵੱਲੋਂ ਰਚਿਤ ਮਹਾਨ ਕੋਸ਼ ਪੜ੍ਹੀਏ ਤਾਂ ਉਸ ਦੇ ਪੰਨਾਂ 696 ਅਤੇ 882 ਉਤੇ ਦਰਜ਼ ਵੇਰਵਿਆਂ ਵਿੱਚ ਲਿਖਿਆ ਹੈ ਕਿ ਹੁਕਮਨਾਮਾਂ ਅਸਲੀ ਪਟਿਆਲਾ ਵਿਖੇ ਹੈ ਅਤੇ ਉਸ ਦੀ ਨਕਲ ਨਾਭਾ ਵਿਖੇ ਹੈ, ਬਾਕੀ ਇਹ ਤਿੰਨ ਵਸਤਾਂ ਮਹਾਰਾਜਾ ਭਰਪੂਰ ਸਿੰਘ ਨੇ ਦਸਤਾਰ, ਸਨਕੇਸ ਕੰਘਾ ਅਤੇ ਕਟਾਰ ਸਾਂਈ ਬੁੱਧੂਸ਼ਾਹ ਜੀ ਦੀ ਔਲਾਦ ਦਾ ਮਕੂਲ ਗੁਜ਼ਾਰਾ ਕਰਕੇ ਭਾਵ ਕੁੱਝ ਮਾਇਕ ਮੱਦਦ ਦੇ ਕੇ ਲੈ ਲਈਆਂ ਸਨ, ਜਿਹੜੀਆਂ ਨਾਭਾ ਦੇ ਸ਼ਾਹੀ ਮਹਿਲਾਂ ਵਿਚਲੇ ਗੁਰਦਵਾਰਾ ਸਾਹਿਬ ਸਿਰੋਪਾਓ ਵਿਖੇ ਸ਼ਸ਼ੋਬਤ ਹਨ। ਇਸ ਨਾਲ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਵੱਲੋਂ ਆਰੰਭ ਕੀਤੀ, ਸਸ਼ਤਰ ਦਰਸ਼ਨ ਯਾਤਰਾ ਦਾ ਪੱਖ ਮਜਬੂਤ ਹੁੰਦਾ ਹੈ, ਪਰ ਜੇ ਅੱਜ ਦੇ ਜੱਸ ਟੀ.ਵੀ. ਦੇ ਪਰੋਗਰਾਮ ਮੁੱਦਾ ਵਿੱਚ ਪੀਰ ਬੁੱਧੂਸ਼ਾਹ ਜੀ ਦੀ ਅੱਠਵੀਂ ਸੰਤਾਨ ਜਨਾਬ ਸਈਅਦ ਨਈਮ ਹੈਦਰ ਜੀ ਦੇ ਵਿਚਾਰ ਸੁਣੀਏ ਅਤੇ ਉਹਨਾਂ ਵਸਤੂਆਂ ਦੇ ਦਰਸ਼ਨ ਕਰੀਏ ਤਾਂ ਉਹ ਵੀ ਅਸਲੀ ਜਾਪਦੀਆਂ ਹਨ।

ਹੁਣ ਇੱਕ ਗੱਲ ਸਪਸ਼ਟ ਹੈ ਕਿ ਸਸ਼ਤਰ ਗੁਰੂ ਸਾਹਿਬ ਦੇ ਬਹੁਤ ਪਰਿਵਾਰਾਂ ਕੋਲ ਹਨ ,ਬਹੁਤ ਇਤਿਹਾਸਿਕ ਗੁਰੂਘਰਾਂ ਵਿੱਚ ਵੀ ਹਨ, ਪਰ ਸਨਕੇਸ ਕੰਘਾ ਸਿਰਫ ਇੱਕ ਹੀ ਜ਼ਿਕਰ ਵਿੱਚ ਆਉਂਦਾ ਹੈ। ਜੇ ਅੱਜ ਦੋ ਸਾਹਮਣੇ ਆਏ ਹਨ ਤਾਂ ਇਹ ਦੂਜਾ ਕੰਘਾ ਕਿਸ ਦਾ ਹੈ? ਹਾਲੇ ਤਾਂ ਕੌਮ ਸੌਦਾ ਸਾਧ ਵੱਲੋਂ, ਗੁਰੂ ਵਰਗੀ ਪੁਸ਼ਾਕ ਪਹਿਣਕੇ ਸਵਾਂਗ ਰਚਾਉਣ ਦੇ ਮਾਮਲੇ, ਦੇ ਸਦਮੇ ਵਿੱਚੋਂ ਹੀ ਨਹੀਂ ਨਿਕਲੀ, ਹੁਣ ਇਹ ਗੁਰੂ ਸਾਹਿਬ ਦੇ ਕੰਘੇ, ਕੇਸਾਂ, ਦਸਤਾਰ ਅਤੇ ਹੁਕਮਨਾਮੇ ਦਾ ਸਵਾਂਗ ਸਾਹਮਣੇ ਆ ਰਿਹਾ ਹੈ।

ਦਾਸ ਲੇਖਕ ਕਿਸੇ ਇੱਕ ਧਿਰ ਦੀ ਤਰਫਦਾਰੀ ਨਹੀਂ ਕਰਦਾ ਅਤੇ ਨਾਂ ਕਿਸੇ ਨੂੰ ਨੀਂਵਾ ਦਿਖਾਉਣਾ ਚਾਹੁੰਦਾ ਹੈ, ਦਾਸ ਲੇਖਕ ਤਾਂ ਇਹ ਜਾਨਣਾ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੇਸਾਂ ਵਾਲਾ ਕੰਘਾ ਅਸਲੀ ਕਿਹੜਾ ਹੈ? ਇੱਕ ਧਿਰ ਤਾਂ ਦੋਸ਼ੀ ਹੈ, ਜਿਹੜੀ ਮਰਜ਼ੀ ਹੋਵੇ, ਪਰ ਸਿੱਖ ਕੌਮ ਦਾ ਕੀਹ ਕਸੂਰ ਹੈ, ਜਿਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਅਤੇ ਸਰਬੰਸਦਾਨੀ ਪਿਤਾ ਦੀਆਂ ਵਸਤੂਆਂ ਦੀ ਨਕਲ ਤਿਆਰ ਕਰਕੇ ਸਿੱਖਾਂ ਦਾ ਭਰੋਸਾ ਤੋੜਿਆ ਜਾ ਰਿਹਾ ਹੈ, ਸ਼ੱਕ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਤਾਂ ਕਿ ਸਿੱਖ ਕਿਸੇ ਵੀ ਇਤਿਹਾਸਿਕ ਚੀਜ ਨੂੰ ਗੁਰੂ ਸਾਹਿਬ ਦੀ ਵਸਤ ਨਾ ਮੰਨਨ, ਹਰੇਕ ਇਤਿਹਾਸਿਕ ਚੀਜ ਅਤੇ ਸਸ਼ਤਰ ਸ਼ੱਕ ਦੇ ਘੇਰੇ ਵਿੱਚ ਆ ਜਾਣ?

ਸਿੱਖ ਹੁਣ ਹੋਰ ਕੀਹ ਉਡੀਕਦੇ ਹਨ ? ਇੱਕ ਇੱਕ ਕਰਕੇ, ਸਭ ਕੁੱਝ ਖਤਮ ਹੋ ਰਿਹਾ ਹੈ, ਇਤਿਹਾਸ, ਸਿਧਾਂਤ, ਮਰਿਯਾਦਾ, ਇਤਿਹਾਸਿਕ ਜਾਂ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਅਮੁਲ ਵਸਤੂਆਂ, ਸਭ ਕੁੱਝ ਵੇਖਦੇ ਵੇਖਦੇ ਜਾ ਰਿਹਾ ਹੈ, ਅਸੀਂ ਚੁੱਪ ਬੈਠੇ ਦੇਖ ਰਹੇ ਹਾਂ, ਆਖਿਰ ਕਿਉਂ ? ਸਾਡੀ ਸਹਿਮਤੀ ਹੈ ਕਿ ਗੁਰੂ ਦੀਆਂ ਦਾਤਾਂ, ਬਖਸ਼ਿਸ਼ਾਂ, ਵਸਤੂਆਂ ਸਭ ਖਤਮ ਹੋ ਜਾਣ ?

ਜੇ ਜਾਗਦੇ ਹੋ ਤਾਂ ਉਠੋ ! ਪੰਥ ਦੀ ਆਵਾਜ਼ ਬਣੋ! ਅਤੇ ਗੁਰੂ ਦੇ ਕੇਸਾਂ ਵਾਲਾ ਅਸਲੀ ਕੰਘਾ ਕਿਹੜਾ ਹੈ, ਉਸ ਦੀ ਪੜਤਾਲ ਕਰੀਏ, ਹੈਰਾਨੀ ਹੈ ਕਦੇ ਗੁਰੂ ਸਾਹਿਬ ਦੀਆਂ ਕਲਗੀਆਂ ਦੋ ਬਣੀਆਂ ਤੇ ਅੱਜ ਕੇਸਾਂ ਵਾਲੇ ਕੰਘੇ ਵੀ ਦੋ, ਸਾਡੇ ਵਾਸਤੇ ਇਹ ਗੰਭੀਰ ਚੈਲਿੰਜ ਹੈ!

ਆਓ! ਮਿਲਕੇ ਸਾਰਾ ਪੰਥ ਇਸ ਦਾ ਪਤਾ ਲਾਈਏ ਕਿ ਗੁਰੂ ਸਾਹਿਬ ਦੀਆਂ ਅਸਲੀ ਵਸਤੂਆਂ ਕਿਹੜੀਆਂ ਹਨ, ਤਾਂ ਕਿ ਅੱਗੇ ਤੋਂ ਕੋਈ ਅਜਿਹਾ ਕਰਕੇ ਸ਼ੱਕ ਅਤੇ ਬਖੇੜੇ ਖੜ੍ਹੇ ਕਰਨ ਦੀ ਹਿੰਮਤ ਨਾ ਕਰੇ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top