Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚਕ੍ਰਿਸ਼ਨਾਵਤਾਰ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ ਪ:10ਵਿੱਚ ਦੁਰਗਾ ਦਾ ਸੰਕਲਪ
ਇੱਕ ਤੁੱਲਨਾਤਮਕ ਅਧਿਐਨ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਯਾਮ ਕਵੀ ਦੀ ਰਚਨਾ ‘ਕ੍ਰਿਸ਼ਨਾਵਤਾਰ’ ਵਿੱਚ ਕਵੀ ਵਲੋਂ ਦੁਰਗਾ ਦੇਵੀ ਦੀ ਉਸਤਤਿ ਕੀਤੀ ਮਿਲ਼ਦੀ ਹੈ। ਇਸ ਲੰਬੀ ਰਚਨਾ ਦੇ 2492 ਛੰਦ ਹਨ। ਦੁਰਗਾ ਮਾਈ ਦੀ ਉਸਤਤਿ, ਜੋ ਛੰਦ ਨੰਬਰ 5 ਤੋਂ 8 ਅਤੇ 421 ਤੋਂ 440 ਤਕ ਕੀਤੀ ਹੈ, ਅਧਿਐਨ ਵਿੱਚ ਸ਼ਾਮਲ ਕੀਤੀ ਹੈ। ‘ਵਾਰ ਦੁਰਗਾ ਕੀ’ ਦੀਆਂ 55 ਪਉੜੀਆਂ ਹਨ ਤੇ ਸਾਰੀਆਂ ਪਉੜੀਆਂ ਹੀ ਦੁਰਗਾ ਦੇਵੀ ਦੇ ਪਾਠ ਦੀਆਂ ਹਨ। ਇਹ ਬਿਆਨ ਕਵੀ ਨੇ ਆ ਹੀ ‘ਵਾਰ ਦੁਰਗਾ ਕੀ’ ਵਿੱਚ ਦਿੱਤਾ ਹੈ। ‘ਕ੍ਰਿਸ਼ਨਾਵਤਾਰ’ ਕਵੀ ਸਯਾਮ ਦੀ ਰਚਨਾ ਹੈ ਜਿੱਸ ਦਾ ਸਬੂਤ ਕਵੀ ਦੀ ਮੁਹਰ ਛਾਪ ‘ਸਯਾਮ’ ਇੱਸ ਰਚਨਾ ਵਿੱਚ ਵਰਤੀ ਮਿਲ਼ਦੀ ਹੈ। ‘ਵਾਰ ਦੁਰਗਾ ਕੀ’ ਵਿੱਚ ਕਵੀ ਦੀ ਕੋਈ ਮੁਹਰ ਛਾਪ ਨਹੀਂ ਮਿਲ਼ਦੀ, ਪਰ ਦੋਹਾਂ ਰਚਨਾਵਾਂ ਵਿੱਚ ਦੁਰਗਾ ਦੀ ਕੀਤੀ ਸਿਫ਼ਤਿ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਹਾਂ ਰਚਨਾਵਾਂ ਦਾ ਕਰਤਾ ਇੱਕੋ ਹੀ ਕਵੀ ਹੈ, ਜਿੱਸ ਦਾ ਇਸ਼ਟ ਦੁਰਗਾ ਹੈ।

‘ਕ੍ਰਿਸ਼ਨਾਵਤਾਰ’ ਰਚਨਾ ਵਿੱਚ ਸ੍ਰੀ ਕ੍ਰਿਸ਼ਨ ਲੀਲਾ ਦਾ ਬਿਆਨ ਹੈ। ਕਵੀ ਦੁਰਗਾ ਦੇਵੀ ਨੂੰ ਵੀ ਨਹੀਂ ਭੁੱਲਣਾ ਚਾਹੁੰਦਾ ਤੇ ਉਸ ਦੀ ਸਿਫ਼ਤਿ ਵਿੱਚ 24 ਛੰਦ ਵੀ ਉਸ ਨੇ ਇਸ ਰਚਨਾਂ ਵਿੱਚ ਲਿਖੇ ਹਨ। ਕਵੀ ਦੀ ਆਪਣੀ ਲਿਖਤ ਤੋਂ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਦੇਵੀ ਦੀ ਉਸਤਤਿ ਬਿਆਨ ਕਰਨ ਲੱਗਾ ਹੈ, ਜਿਵੇਂ, ਛੰਦ ਨੰਬਰ 5 ਤੋਂ 8 ਅਤੇ 421 ਤੋਂ 440 ਸ਼ੁਰੂ ਕਰਨ ਤੋਂ ਪਹਿਲਾਂ ਅਤੇ ਸਮਾਪਤੀ ਤੋਂ ਪਿੱਛੋਂ ਸੂਚਨਾ ਵਜੋਂ ਕਵੀ ਵਲੋਂ ਲਿਖਿਆ ਗਿਆ ਹੈ-

ਅਥ ਦੇਵੀ ਜੂ ਕੀ ਉਸਤਤ ਕਥਨੰ’ ਅਤੇ
ਇਤੀ ਸ੍ਰੀ ਦੇਵੀ ਉਸਤਤਿ ਸਮਾਪਤੰ’।

‘ਵਾਰ ਸ੍ਰੀ ਭਗਉਤੀ ਜੀ ਕੀ’ ਜਾਂ ‘ਵਾਰ ਦੁਰਗਾ ਕੀ’? ਡਾਕਟਰ ਰਤਨ ਸਿੰਘ ਜੱਗੀ ਨੇ ‘ਦਸ਼ਮ ਗ੍ਰੰਥ’ ਦੇ ਆਪਣੇ ਪੀ ਐੱਚ. ਡੀ. ਦੇ ਥੀਸਸ ਵਿੱਚ ਜਿਨ੍ਹਾਂ ਲਿਖਤਾਂ ਦੇ ਤਤਕਰੇ ਦਿੱਤੇ ਹਨ, ਉਨ੍ਹਾਂ ਤਤਕਰਿਆਂ ਵਿੱਚ ਸਿਰਲੇਖ ‘ਵਾਰ ਦੁਰਗਾ ਕੀ’ ਹੈ। ‘ਜੱਗੀ’ ਵਲੋਂ ਕੀਤੇ ਦਸ਼ਮ ਗ੍ਰੰਥ ਦੇ ਟੀਕੇ ਵਿੱਚ ਵੀ ਸਿਰਲੇਖ ‘ਵਾਰ ਦੁਰਗਾ ਕੀ’ ਹੀ ਲਿਖਿਆ ਹੈ, ‘ਚੰਡੀ ਦੀ ਵਾਰ’ ਜਾਂ ‘ਵਾਰ ਸ੍ਰੀ ਭਗਉਤੀ ਜੀ ਕੀ ਪ: 10’ ਨਹੀਂ। ਸਮੇਂ ਦੇ ਗੇੜ ਨਾਲ਼ ਇਹ ਸਿਰਲੇਖ ਕਦੇ ‘ਚੰਡੀ ਦੀ ਵਾਰ’ ਤੇ ਕਦੇ ‘ਵਾਰ ਸ੍ਰੀ ਭਗਉਤੀ ਜੀ ਕੀ’ ਬਣਿਆਂ ਜੋ ਅਸਲੀਅਤ ਨਾਲ਼ ਮੇਲ਼ ਨਹੀਂ ਖਾਂਦਾ। ਅੱਜ ਕੱਲ ਕਿਸੇ ਵਲੋਂ ਪ:10 ਵੀ ਇਸ ਵਾਰ ਨਾਲ਼ ਜੋੜ ਦਿੱਤਾ ਗਿਆ ਹੈ।

ਪ੍ਰਚੱਲਤ ਗੁਟਕਿਆਂ ਅਤੇ ਅਰਦਾਸਿ ਵਿੱਚ ਬਦਲਵਾਂ ਸਿਰਲੇਖ ‘ਵਾਰ ਸ੍ਰੀ ਭਗਉਤੀ ਜੀ ਕੀ ਪਾ: 10’ ਵੀ ਲਿਖਿਆ ਮਿਲ਼ਦਾ ਹੈ।

‘ਦੁਰਗਾ ਕੀ ਵਾਰ’ ਦੀ ਪਹਿਲੀ ਪਉੜੀ ਵਿੱਚ ਅਕਾਲ ਪੁਰਖ ਦੀ ਸਿਫ਼ਤਿ ਹੈ ਜਾਂ ਦੁਰਗਾ ਦੇਵੀ ਦੀ? ਇਸ ਦਾ ਉੱਤਰ ਲਿਖਾਰੀ ਨੇ ਆਪ ਹੀ ਇਸ ਰਚਨਾ ਵਿੱਚ ਦਿੱਤਾ ਹੋਇਆ ਹੈ ਤੇ ਕਿਤੇ ਬਾਹਰੋਂ ਭਾਲਣ ਦੀ ਲੋੜ ਨਹੀਂ। ਦੁਰਗਾ (ਭਗਉਤੀ) ਨੂੰ ਗੁਰੂ ਸਾਹਿਬਾਨ ਤੋਂ ਵੀ ਪਹਿਲਾਂ ਥਾਂ ਦਿੱਤੀ ਗਈ ਹੈ। ‘ਵਾਰ ਦੁਰਗਾ ਕੀ’ ਵਿੱਚ ਕਵੀ ਲਿਖਦਾ ਹੈ-

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।55।

ਕਵੀ ਦੱਸਦਾ ਹੈ ਕਿ ਉਸ ਨੇ ਦੁਰਗਾ ਮਾਈ ਦੇ ਪਾਠ ਦੀ ਇਹ ਵਾਰ ਲਿਖੀ ਹੈ ਤੇ ਇਸ ਦੀਆਂ ਸਾਰੀਆਂ 55 ਪਉੜੀਆਂ (ਪਹਿਲੀ ਪਉੜੀ ਇਨ੍ਹਾਂ 55 ਪਉੜੀਆਂ ਵਿੱਚ ਹੀ ਸ਼ਾਮਲ ਹੈ) ਹੀ ਦੁਰਗਾ ਦੇ ਪਾਠ ਦੀਆਂ ਹਨ{ ਸਿੱਖ ਨਿੱਜੀ ਜਾਂ ਸੰਗਤੀ ਅਰਦਾਸਿ ਕਰਦਾ ਪਹਿਲਾਂ ਦੁਰਗਾ ਦੇਵੀ ਨੂੰ ਹੀ ਯਾਦ ਕਰਦਾ ਹੋਇਆ, ਉਸ ਦੇ ਪਾਠ ਦੀ ਪਹਿਲੀ ਪਉੜੀ ਬੋਲਦਾ ਹੈ। ਜਿਨ੍ਹਾਂ ਨੂੰ ਇਹ ਭੇਤ ਪਤਾ ਲੱਗ ਗਿਆ ਹੈ ਉਹ ਧੰਨੁ ਧੰਨੁ ਗੁਰੂ ਨਾਨਕ ਸਾਹਿਬ ਜੀ ਸ਼ੁਰੂ ਕਰਕੇ ਬਾਕੀ 9 ਗੁਰੂ ਸਾਹਿਬਾਨ ਦੇ ਇਸੇ ਤਰ੍ਹਾਂ ਨਾਂ ਬੋਲ ਕੇ ਕਹਿੰਦੇ ਹਨ, "ਸੱਭ ਥਾਈਂ ਹੋਣਾ ਜੀ ਸਹਾਇ" ਤੇ ਦੁਰਗਾ ਦੇ ਪਾਠ ਦੀ ਪਉੜੀ ਨਹੀਂ ਬੋਲਦੇ, ਅਰਦਾਸਿ ਦਾ ਬਾਕੀ ਭਾਗ ਉਸੇ ਤਰ੍ਹਾਂ ਬੋਲਦੇ ਹਨ। ਗੁਰੂ ਦੀ ਹ਼ਜ਼ੂਰੀ ਵਿੱਚ ‘ਦੁਰਗਾ’ ਪਾਠ ਦੀ ਪਉੜੀ ਬੋਲਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਨਹੀਂ ਹੈ ਤੇ ਗੁਰੂ ਦੇ ਆਦੇਸ਼ਾਂ ਦੀ ਉਲੰਘਣਾ ਹੈ। ਲਿਖਾਰੀ ਆਪ ਹੀ ਕਹਿ ਰਿਹਾ ਹੈ ਕਿ ਇਹ ਦੁਰਗਾ ਦੇ ਪਾਠ ਦੀ ਵਾਰ ਹੈ ਤਾਂ ਇਸ ਨੂੰ ‘ਕਰਤਾ ਪੁਰਖੁ’ ਦੀ ਸਿਫ਼ਤਿ ਦੀ ਵਾਰ ਮੰਨਣ ਵਾਲ਼ੇ ਸਿੱਖੀ ਦੇ ਹਿਤਾਇਸ਼ੀ ਨਹੀਂ ਤੇ ਉਨ੍ਹਾਂ ਦਾ ਬੋਲਿਆ ਝੂਠ ਲਿਖਾਰੀ ਦੇ ਆਪਣੇ ਵਲੋਂ ਬਿਆਨ ਕੀਤੇ ਸੱਚ ਅੱਗੇ ਲੁਕਣ ਜੋਗਾ ਨਹੀਂ}।

ਦੋਹਾਂ ਰਚਨਾਵਾਂ ਵਿੱਚੋਂ ਪ੍ਰਮਾਣ ਲੈ ਕੇ ਤੁੱਲਨਾਤਮਕ ਵਿਚਾਰ ਪੇਸ਼ ਹੈ-

ਕ੍ਰਿਸ਼ਨਾਵਤਾਰ:
ਅਦ੍ਰ ਸੁਤਾ ਹੂੰ ਕੀ ਜੋ ਤਨਯਾ ਮਹਿਖਾਸੁਰ ਕੀ ਮਰਤਾ ਫੁਨਿ ਜੋਊ।
ਇੰਦ੍ਰ ਕੋ ਰਾਜਹਿ ਕੀ ਦਵਯਾ ਕਰਤਾ ਬਧ ਸੁੰਭ ਨਿਸੁੰਭਹਿ ਦੋਊ।8।
ਤੁਹੀ ਸੁੰਭ ਨਿਸੁੰਭ ਹੰਤੀ ਭਵਾਨੀ।423। ਅਦ੍ਰ ਸੁਤਾ- ਪਾਰਬਤੀ।

ਵਾਰ ਦੁਰਗਾ ਕੀ:
ਮਹਖਾਸੁਰ ਦੈਤ ਮਾਰੇ ਦੁਰਗਾ ਆਇਆ।ਚਉਦਹ ਲੋਕਾਂ ਰਾਣੀ ਸਿੰਘ ਨਚਾਇਆ।20। ਬਿੱਧਣ ਖੇਤ ਵਿਹਾਣੀ ਮਹਖੇ ਦੈਤ ਨੂੰ। 19।ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ।55।
ਵਿਚਾਰ: ‘ਕ੍ਰਿਸ਼ਨਾਵਤਾਰ’ ਅਤੇ ‘ਵਾਰ ਦੁਰਗਾ ਕੀ’ ਵਿੱਚ ਕਵੀ ਨੇ ਦੈਤਾਂ ਦੀਆਂ ਫ਼ੌਜਾਂ ਦੇ ਤਿੰਨ ਦੈਂਤ ਮੁਖੀਆਂ ਨੂੰ ਦੁਰਗਾ ਵਲੋਂ ਮਾਰਨ ਦੀ ਗੱਲ ਕੀਤੀ ਹੈ। ਦੈਂਤਾਂ ਨੂੰ ਮਾਰ ਕੇ ਇੰਦ੍ਰ ਨੂੰ ਮੁੜ ਰਾਜ-ਗੱਦੀ ਤੇ ਬਿਠਾਉਣ ਦੀ ਕਹਾਣੀ ਹੈ। ਇਸ ਕਹਾਣੀ ਦਾ ‘ਵਾਰ ਦੁਰਗਾ ਕੀ’ ਵਿੱਚ ਪੂਰਾ ਵਿਸਥਾਰ ਹੈ ਤੇ ‘ਕ੍ਰਿਸ਼ਨਾਵਤਾਰ’ ਵਿੱਚ ਕੇਵਲ ਸੰਕੇਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਸੇਧ- ਲੜਾਈ ਦੈਂਤਾਂ ਅਤੇ ਦੁਰਗਾ ਦੇਵੀ ਵਿੱਚ ਹੁੰਦੀ ਹੈ, ਦੇਹ ਧਾਰੀ ਹੀ ਜੰਗ ਲੜਦੇ ਹਨ। ਅਕਾਲ ਪੁਰਖ ਦੇਹ ਧਾਰੀ ਨਹੀਂ ਹੈ ਤੇ ਨਾਂ ਹੀ ਸ਼ਸਤ੍ਰ ਧਾਰੀ ਹੈ, ਕਿਉਂਕਿ ਉਸ ਨੂੰ ਸ਼ਸਤ੍ਰਾਂ ਦੀ ਲੋੜ ਹੀ ਨਹੀਂ। ਦੇਹ ਧਾਰੀ ਹੀ ਸ਼ਸਤ੍ਰ ਰੱਖਦੇ ਹਨ। ਰੱਬ ਕਿਸੇ ਤੋਂ ਡਰਦਾ ਨਹੀਂ, ਰੱਬ ਨੂੰ ਕੋਈ ਮਾਰ ਨਹੀਂ ਸਕਦਾ, ਰੱਬ ਹੀ ਸਾਰਿਆਂ ਦੀ ਮੌਤ ਕਰਦਾ ਹੈ। ਰੱਬ ਤੋਂ ਕੋਈ ਵੱਡਾ ਨਹੀਂ ਤੇ ਡਰ ਵੱਡਿਆਂ ਤੋਂ ਹੀ ਹੁੰਦਾ ਹੈ।


ਕ੍ਰਿਸ਼ਨਾਵਤਾਰ:
ਤੁਹੀ ਚਉਦਹੂੰ ਲੋਕ ਕੀ ਜੋਤਿ ਜਾਨੀ।
ਤੁਹੀ ਮੋਹ ਸੋ ਚਉਦਹੂੰ ਲੋਕ ਛਾਇਆ।423।

ਵਾਰ ਦੁਰਗਾ ਕੀ:
ਚਉਦਹ ਲੋਕਾਂ ਛਾਇਆ ਜਸ ਜਗਮਾਤ ਦਾ।55

ਵਿਚਾਰ: ਜਗਮਾਤ( ਦੁਰਗਾ) {ਇਸੇ ਦੁਰਗਾ ਨੂੰ ‘ਜਾਪੁ’ ਨਾਂ ਦੀ ਰਚਨਾਂ ਵਿੱਚ ‘ਨਮੋ ਲੋਕ ਮਾਤਾ’ ਲਿਖਿਆ ਹੈ। ‘ਜਗਮਾਤ’ ਅਤੇ ‘ਲੋਕਮਾਤਾ’ ਦੇ ਅਰਥ ਵਿੱਚ ਕੋਈ ਫ਼ਰਕ ਨਹੀਂ।} ਦਾ ਯਸ਼ ਚੌਦਾਂ ਲੋਕਾਂ ਵਿੱਚ ਛਾ ਗਿਆ ਜਦੋਂ ਉਸ ਨੇ ਦੈਤਾਂ ਨੂੰ ਮਾਰ ਕੇ ਇੰਦ੍ਰ ਨੂੰ ਰਾਜ ਤੇ ਬਿਠਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਸੇਧ- ਚੌਦਾਂ ਲੋਕਾਂ ਵਿੱਚ ਰੱਬ ਤੋਂ ਬਿਨਾਂ ਕਿਸੇ ਦਾ ਨਾਂ ਜਾਂ ਪ੍ਰਭਾਵ ਨਹੀਂ ਹੈ। ਸੱਭ ਦਾ ਕਰਤਾ ਰੱਬ ਹੈ। ਦੁਰਗਾ, ਰੱਬ ਦੇ ਬਰਾਬਰ ਨਹੀਂ ਹੈ। ਜਗਤ ਦਾ ਮਾਂ ਪਿਉ ਪ੍ਰਭੂ ਹੈ, ਦੁਰਗਾ ਨਹੀਂ।


ਕ੍ਰਿਸ਼ਨਾਵਤਾਰ:
ਜੋ ਜਪ ਕੈ ਇਹ ਸੇਵ ਕਰੈ ਬਰ ਕੋ ਸੁ ਲਹੈ ਮਨ ਇਛਤ ਸੋਊ।8।

ਵਾਰ ਦੁਰਗਾ ਕੀ:
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।55।

ਵਿਚਾਰ: ਦੋਹਾਂ ਰਚਨਾਵਾਂ ਵਿੱਚ ਦੁਰਗਾ ਦੀ ਸੇਵਾ ਦਾ ਫਲ਼ ਲਿਖਿਆ ਗਿਆ ਹੈ ਕਿ ਉਹ ਮਨ ਇੱਛੇ ਫਲ਼ ਦਿੰਦੀ ਹੈ { ਇਸੇ ਦੁਰਗਾ ਤੋਂ ਹੀ ਦੁਰਗਾ-ਪੂਜ ਕਵੀ ਨੇ ‘ਦੇਹ ਸਿਵਾ ਬਰ ਮੋਹਿ’ ਛੰਦ ਵਿੱਚ ਵਰ ਮੰਗਿਆ ਸੀ। ਇਹ ਛੰਦ ‘ਚੰਡੀ ਚਰਿਤ੍ਰ ਉਕਤਿ ਬਿਲਾਸ’ ਦੇ ਕੁੱਲ 233 ਛੰਦਾਂ ਵਿੱਚੋਂ 231 ਵਾਂ ਛੰਦ ਹੈ।}

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੋਲਂ ਸੇਧ- ਸਿੱਖ ਦਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਦੁਰਗਾ ਨਹੀਂ। ਗੁਰੂ ਤੋਂ ਹੀ ਸੱਭ ਕੁਝ ਮਿਲ਼ਦਾ ਹੈ। ਸਿੱਖ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ ਹੈ। ਇਨ੍ਹਾਂ ਦੁਰਗਾ-ਪੂਜ ਰਚਨਾਵਾਂ ਦਾ ਗੁਰਮੱਤ ਨਾਲ਼ ਕੋਈ ਸੰਬੰਧ ਨਹੀਂ ਹੈ।


ਕ੍ਰਿਸ਼ਨਾਵਤਾਰ:
ਤੁਮੀ ਰਾਮ ਹ੍ਵੈ ਕੈ ਦਸਾਗ੍ਰੀਵ ਖੰਡਿਯੋ। ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਬਿਹੰਡਿਯੋ।
ਤੁਮੀ ਸੁੰਭ ਨੈਸੁੰਭ ਦਾਨੋ ਖਪਾਯੋ।432।

ਵਾਰ ਦੁਰਗਾ ਕੀ:
ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ।
ਤੈਥੋਂ ਹੀ ਬਲੁ ਕ੍ਰਿਸ਼ਨ ਲੈ ਕੰਸੁ ਕੇਸੀ ਪਕੜਿ ਗਿਰਾਇਆ।2।

ਵਿਚਾਰ:
ਦੁਰਗਾ ਦੀ ਸਿਫ਼ਤਿ ਕਰਦਿਆਂ ਕਵੀ ‘ਕਿਸ਼ਨਾਵਤਾਰ’ ਵਿੱਚ ਲਿਖਦਾ ਹੈ ਕਿ ਜਿੱਸ ਦੁਰਗਾ ਨੇ ਸੁੰਭ ਤੇ ਨਿਸੁੰਭ ਦੈਤਾਂ ਨੂੰ ਮਾਰ ਕੇ ਇੰਦ੍ਰ ਨੂੰ ਰਾਜ ਦਿੱਤਾ ਸੀ ਓਸੇ ਦੁਰਗਾ ਨੇ ਰਾਮ ਬਣ ਕੇ ਰਾਵਣ ਨੂੰ ਮਾਰਿਆ ਸੀ। ਓਸੇ ਦੁਰਗਾ ਨੇ ਕ੍ਰਿਸ਼ਨ ਬਣ ਕੇ ਕੰਸ ਅਤੇ ਉਸ ਦੇ ਪਹਿਲਵਾਨ ਕੇਸੀ ਨੂੰ ਮਾਰਿਆ ਸੀ। ਇਸ ਦਾ ਭਾਵ ਹੈ ਕਿ ਰਾਮ ਅਤੇ ਕ੍ਰਿਸ਼ਨ ਕੋਲ਼ ਦੁਰਗਾ ਦੀ ਹੀ ਸ਼ਕਤੀ ਸੀ, ਭਾਵ, ਦੁਰਗਾ ਦੇ ਅਧੀਨ ਹੀ ਰਾਮ ਤੇ ਕ੍ਰਿਸ਼ਨ ਸਨ। ‘ਵਾਰ ਦੁਰਗਾ ਕੀ’ ਵਿੱਚ ਕਵੀ ਨੇ ‘ਤੁਮੀ’ ਦੇ ਥਾਂ ‘ਤੈਥੋਂ’ ਸ਼ਬਦ ਵਰਤਿਆ ਹੈ। ਇੱਥੇ ਵੀ ਕਵੀ ਕਹਿੰਦਾ ਹੈ ਕਿ ਦੁਰਗਾ ਤੋਂ ਹੀ ਰਾਮ ਅਤੇ ਕ੍ਰਿਸ਼ਨ ਨੇ ਸ਼ਕਤੀ ਲੈ ਕੇ ਰਾਵਣ, ਕੰਸ ਅਤੇ ਕੇਸੀ ਨੂੰ ਮਾਰਿਆ ਸੀ। ਵਾਰ ਦੀ ਹਰ ਇੱਕ ਪੳੇੜੀ ਦੁਰਗਾ ਦਾ ਹੀ ਪਾਠ ਹੈ, ਰੱਬ ਦਾ ਨਹੀਂ ਜਿਵੇਂ ਕਿ ਕਵੀ ਨੇ ਖ਼ੁਦ ਹੀ ਇਸ ਵਾਰ ਵਿੱਚ ਸੰਕੇਤ ਦਿੱਤਾ ਹੋਇਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ- ਸਰਬ ਸ਼ਕਤੀਮਾਨ ਕੇਵਲ ਪ੍ਰਭੂ ਹੈ। ਦੇਵੀਆਂ ਅਤੇ ਦੇਵਤੇ ਪ੍ਰਭੂ ਦਾ ਅੰਤ ਨਹੀਂ ਜਾਣਦੇ। ਸੱਭ ਨੂੰ ਸ਼ਕਤੀ ਦੇਣ ਵਾਲ਼ਾ ਪ੍ਰਭੂ ਆਪ ਹੈ ਦੁਰਗਾ ਦੇਵੀ ਨਹੀਂ। ਗੁਰਬਾਣੀ ਵਿੱਚ, ਅਗਿਆਨਤਾ ਦੀਆਂ ਅੱਖਾਂ ਖੋਲ੍ਹਣ ਲਈ, ਇਉਂ ਲਿਖਿਆ ਗਿਆ ਹੈ-

ਮਹਿਮਾ ਨ ਜਾਨੈ ਬੇਦ॥ ਬ੍ਰਹਮੇ ਨਹੀ ਜਾਨਹਿ ਭੇਦ॥ ਅਵਤਾਰ ਨ ਜਾਨਹਿ ਅੰਤੁ॥
ਪਰਮੇਸਰੁ ਪਾਰਬ੍ਰਹਮੁ ਬੇਅੰਤੁ॥ ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ॥2॥---ਗਗਸ ਅੰਕੁ 894
ਸਰਬ ਕਲਾਂ ਸਮਰੱਥ ਦੁਰਗਾ ਨਹੀਂ, ਹਰੀ ਪ੍ਰਭੂ ਆਪ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top