* ਪਾਕਿਸਤਾਨ ਦੇ ਸਿੱਖ ਅਕਾਲ ਤਖਤ ਨੂੰ ਪੂਰੀ ਤਰਾਂ
ਨਤਮਸਤਕ
ਅੰਮ੍ਰਿਤਸਰ
(25 ਮਈ 2015): ਜਸਬੀਰ ਸਿੰਘ: ਸ੍ਰ ਗੋਪਾਲ ਸਿੰਘ ਚਾਵਲਾ ਜਨਰਲ ਸਕੱਤਰ ਪਾਕਿਸਤਾਨ ਸਿੰਘ
ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਅਵਤਾਰ ਸਿੰਘ ਮੱਕੜ ਵੱਲੋ ਪਾਕਿ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੋਣ
ਦੀ ਦਿੱਤੀ ਗਈ ਸਲਾਹ ਦਾ ਨੋਟਿਸ ਲੈਦਿਆ ਕਿਹਾ ਕਿ ਪਾਕਿ ਕਮੇਟੀ ਨੇ ਤਾਂ ਮੂਲ ਨਾਨਕਸ਼ਾਹੀ
ਕੈਲੰਡਰ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਜ ਤਖਤਾਂ ਦੇ ਜਥੇਦਾਰਾਂ ਦੀ ਪ੍ਰਵਾਨਗੀ
ਤੋ ਉਪਰੰਤ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਤੇ ਜਨਰਲ ਹਾਊਸ ਅਤੇ ਸ਼੍ਰੋਮਣੀ ਅਕਾਲੀ ਦਲ
ਬਾਦਲ ਵੱਲੋ ਵੀ ਮਾਨਤਾ ਮਿਲ ਜਾਣ ਉਪਰੰਤ ਵੀ ਸਿੱਖ ਪੰਥ ਦੇ ਅਹਿਮ ਦਸਤਾਵੇਜ ਨੂੰ ਪ੍ਰਵਾਨ
ਕਰਨ ਲਈ ਮੱਕੜ ਆਕੀ ਹੈ ਜਦ ਪਾਕਿ ਕਮੇਟੀ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੂਰੀ ਤਰਾਂ
ਪਹਿਰਾ ਦੇ ਰਹੀ ਹੈ।
ਪਾਕਿਸਤਾਨ ਤੋ ਗੱਲਬਾਤ ਕਰਦਿਆ ਸ੍ਰ ਗੋਪਾਲ ਸਿੰਘ ਚਾਵਲਾ ਨੇ ਕਿਹਾ
ਕਿ ਪੂਰਬੀ ਪੰਜਾਬ ਵਿੱਚ ਸਭ ਤੋ ਵੱਧ ਸਿੱਖ ਵੱਸਦੇ ਹਨ ਅਤੇ ਸ਼੍ਰ੍ਰੋਮਣੀ ਕਮੇਟੀ ਇੱਕ ਸਿੱਖਾਂ
ਦੀ ਸਰਵ ਉੱਚ ਸੰਸਥਾ ਮੰਨੀ ਜਾਂਦੀ ਹੈ ਜਿਸ ਦਾ ਬੱਜਟ 993 ਕਰੋੜ ਦਾ ਸਲਾਨਾ ਹੈ ਪਰ
ਪ੍ਰਚਾਰ ਪੱਖੋ ਪੂਰੀ ਤਰਾਂ ਨਿਖੱਧ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਪੂਰਬੀ ਪੰਜਾਬ ਦੇ
ਨੌਜਵਾਨ ਪ੍ਰਚਾਰ ਦੀ ਘਾਟ ਕਾਰਨ ਪੂਰੀ ਤਰਾਂ ਪਤਿਤ ਤੇ ਨਸ਼ਿਆ ਦੀ ਦਲਦਲ ਵਿੱਚ ਫੱਸ ਚੁੱਕੇ
ਹਨ । ਉਹਨਾਂ ਕਿਹਾ ਕਿ ਜੋ ਵੀ ਅਖਬਾਰੀ ਰੀਪੋਰਟਾਂ ਆ ਰਹੀਆ ਹਨ ਉਹਨਾਂ ਮੁਤਾਬਕ ਪੂਰਬੀ
ਪੰਜਾਬ ਦਾ 90 ਫੀਸਦੀ ਨੌਜਵਾਨ ਇਸ ਵੇਲੇ ਨਸ਼ਿਆ, ਪਤਿਤਪੁਣੇ ਅਤੇ ਸਮਾਜਿਕ ਬੁਰਾਈਆ ਦਾ
ਸ਼ਿਕਾਰ ਹੋ ਚੁੱਕਾ ਹੈ। ਇਥੋ ਤੱਕ ਕਿ ਸ਼ਰੋਮਣੀ ਕਮੇਟੀ ਦੇ ਆਪਣੇ ਮੁਲਾਜ਼ਮ ਦੇ ਪਰਿਵਾਰ ਵੀ
ਪਤਿਤਪੁਣੇ ਦਾ ਸ਼ਿਕਾਰ ਹੋ ਚੁੱਕੇ ਹਨ ਜਿਸ ਕਰਕੇ ਮੱਕੜ ਨੂੰ ਬਕਾਇਦਾ ਤੌਰ ਤੇ ਉਹਨਾਂ ਨੂੰ
ਇੱਕ ਮਹੀਨੇ ਦਾ ਨੋਟਿਸ ਦੇਣਾ ਪਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਕੋਈ ਵੀ ਸਿੱਖ
ਨੌਜਵਾਨ ਪਤਿਤ ਨਹੀਂ ਹੈ ਤੇ ਹਰ ਇੱਕ ਜਿਥੇ ਗੁਰਸਿੱਖ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ
ਸਮੱਰਪਿੱਤ ਹੈ ਉਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪੂਰੀ ਤਰਾਂ ਨਤਮਸਤਕ ਹੈ।
ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਇੱਕ ਅਹਿਮ
ਦਸਤਾਵੇਜ ਹੈ ਜਿਸ ਨੂੰ ਬਰਬਾਦ ਕਰਨ ਵਿੱਚ ਮੱਕੜ ਨੇ ਵਿਸ਼ੇਸ਼ ਭੂਮਿਕਾ ਨਿਭਾ ਕੇ ਬੱਜਰ ਗਲਤੀ
ਕੀਤੀ ਹੈ ਜਿਸ ਨੂੰ ਖੁਦ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੱਕੜ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹਨਾਂ ਦੇ ਆਪਣੇ
ਘਰ ਸ਼ੀਸ਼ੇ ਦੇ ਹੋਣ ਉਹ ਦੂਸਰਿਆ ਦੇ ਘਰ ਵੱਲ ਪੱਥਰ ਨਹੀਂ ਮਾਰਦੇ ਅਤੇ ਮੱਕੜ ਸਾਹਿਬ ਨੂੰ
ਚਾਹੀਦਾ ਹੈ ਕਿ ਉਹ ਪਾਕਿਸਤਾਨ ਕਮੇਟੀ ਨੂੰ ਕੋਈ ਵੀ ਸੁਝਾ ਦੇਣ ਤੋ ਪਹਿਲਾਂ ਆਪਣੀ ਪੀੜੀ
ਥੱਲੇ ਸੋਟਾ ਜਰੂਰ ਫੇਰ ਲੈਣ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਖੁਦ ਖਰੇ
ਉਤਰਦੇ ਹਨ ਜਾਂ ਨਹੀਂ।
ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰ
ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ
ਤੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਜਿਹਨਾਂ ਦੇ ਰਾਜ ਵਿੱਚ ਪੰਜਾਬ ਦਾ ਨੌਜਵਾਨ
ਪੂਰੀ ਤਰਾਂ ਬਰਬਾਦ ਹੋ ਗਿਆ ਹੈ ਪਰ ਰੋਮ ਨੂੰ ਅੱਗ ਲੱਗੀ ਅਨੁਸਾਰ ਦੋਵੇ ਪਿਉ ਪੁੱਤ ਨੀਰੂ
ਵਾਂਗ ਬੰਸਰੀ ਵਜਾ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਦੀ ਬੱਸ ਵਿੱਚ ਬਾਦਲ ਦੇ ਗੁੰਡਿਆ ਨੇ
ਜਿਹੜਾ ਇੱਕ ਨਾਬਾਲਗ ਅਬਲਾ ਨੂੰ ਚੱਲਦੀ ਬੱਸ ਵਿੱਚੋ ਧੱਕਾ ਦੇ ਕੇ ਕਤਲ ਕੀਤਾ ਹੈ ਉਹ ਪੂਰਬੀ
ਪੰਜਾਬ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ ਪਰ ਮੱਕੜ ਉਸ ਸਮੇਂ ਪਤਾ ਨਹੀਂ
ਕਿਉ ਮੂੰਹ ਬੋਲ ਸਕੇ ਅਤੇ ਉਹਨਾਂ ਨੂੰ ਉਸ ਸਮੇਂ ਮਰਿਆਦਾ ਯਾਦ ਨਹੀਂ ਆਈ।
ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ
ਕੁੜੀਮਾਰ ਤੇ ਨੜੀਮਾਰ ਲਈ ਕੋਈ ਜਗਾ ਨਹੀਂ ਹੈ, ਪਰ ਅੱਜ ਕੁੜੀਮਾਰ ਤੇ ਨੜੀਮਾਰ ਨੂੰ ਬਾਦਲ
ਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਇਆ ਹੈ। ਕੀ ਮੱਕੜ ਨੂੰ ਇਹ ਸਭ ਕੁਝ ਦਿਖਾਈ ਨਹੀਂ
ਦਿੰਦਾ? ਉਹਨਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਮੱਕੜ ਬਾਦਲ ਪਿਉ ਪੁੱਤਾਂ
ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਕਾਵਾਂਰੌਲੀ ਪਾਉਦੇ। ਉਹਨਾਂ ਕਿਹਾ ਕਿ
ਪਾਕਿਸਤਾਨ ਦੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹਨ ਤੇ ਅਕਾਲ ਤਖਤ ਦੇ ਹਰ
ਸਿਧਾਂਤਕ ਹੁਕਮ ਦੀ ਪਾਲਣਾ ਕਰਨ ਲਈ ਪਾਬੰਦ ਹਨ। ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ
ਨੂੰ ਲਾਗੂ ਕੀਤਾ ਜਾਵੇ ਅਤੇ ਇੱਕ ਸਰਬੱਤ ਖਾਲਸਾ ਪਾਕਿਸਤਾਨ ਦੇ ਗੁਰੂਦੁਆਰਾ ਨਨਕਾਣਾ
ਸਾਹਿਬ ਵਿਖੇ ਬੁਲਾਇਆ ਜਾਵੇ, ਜਿਥੇ ਦੁਨੀਆ ਭਰ ਦੀਆ ਸਿੱਖ ਸੰਸਥਾਵਾਂ ਤੇ ਜਥੇਬੰਦੀਆ ਦੇ
ਨੁੰਮਾਇੰਦੇ ਭਾਗ ਲੈ ਕੇ ਸਿੱਖ ਪੰਥ ਦੇ ਮਸਲਿਆ ‘ਤੇ ਵਿਚਾਰ ਕਰ ਸਕਣ।