Share on Facebook

Main News Page

ਖ਼ਾਲਸਾ ਜੀ ! ਇਤਿਹਾਸ ਦੇ ਪੰਨਿਆਂ ਨੂੰ ਫਰੋਲੋ ਅੱਜ ਵੀ ਇਕ ਫ਼ਤਹਿ ਦਿਵਸ ਹੈ ਜੀ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਹਮੇਸ਼ਾਂ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਨਾਲ ਟਕਰਾਉਂਦੇ ਰਹੇ ਅਤੇ ਹਰ ਦਿਨ ਇਕ ਨਵੇਂ ਇਤਿਹਾਸ ਨੂੰ ਜਨਮ ਦਿੰਦੇ ਰਹੇ। ਇਸ ਕਰਕੇ ਸਾਲ ਦੇ ਤਿੰਨ ਸੌ ਪੈਂਹਟ ਜਾਂ ਲੀਪ ਦੇ ਸਾਲ ਦੇ ਤਿੰਨ ਸੌ ਛਿਆਹਠ ਦਿਨ ਹੀ ਸਿੱਖਾਂ ਦੇ ਇਤਿਹਾਸ ਨਾਲ ਜੁੜੇ ਹੋਏ ਹਨ। ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਸਿੱਖਾਂ ਨੇ ਕੋਈ ਆਲੋਕਿਕ ਕਾਰਨਾਮਾ ਨਾ ਕੀਤਾ ਹੋਵੇ ਜਾਂ ਸ਼ਹਾਦਤ ਨਾ ਦਿੱਤੀ ਹੋਵੇ, ਇਸ ਕਰਕੇ ਜਦੋਂ ਆਪਣੇ ਪਿਛੋਕੜ ਵਿੱਚ ਝਾਤੀ ਮਾਰੀਏ ਤਾਂ ਹਰ ਨਵੀਂ ਸਵੇਰ ਇੱਕ ਚੇਤਾ ਕਰਵਾਉਂਦੀ ਹੈ ਕਿ ਅੱਜ ਦਾ ਸੂਰਜ ਕੁੱਝ ਸਮਾਂ ਪਹਿਲਾਂ ਸਾਡੀ ਕੌਮ ਦੇ ਵੇਹੜੇ, ਕਿਸ ਤਰ੍ਹਾਂ ਚੜਿਆ ਸੀ ਤਾਂ ਉਸ ਵਿੱਚੋਂ ਕੋਈ ਨਾ ਕੋਈ ਕੁਰਬਾਨੀ ਜਾਂ ਸੇਵਾ ਦੀ ਰੌਸ਼ਨੀ ਨਜ਼ਰ ਆਉਂਦੀ ਹੈ। ਸਿੱਖਾਂ ਦਾ ਸਮੇਂ ਦੇ ਹਾਕਮਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਦੇ ਬੜੇ ਖ਼ਤਰਨਾਕ ਫ਼ੌਜਦਾਰਾਂ ਨਾਲ ਸਮੇਂ ਸਮੇਂ ਸਾਹਮਣਾ ਹੁੰਦਾ ਰਿਹਾ। ਅੱਜ ਦੇ ਦਿਨ ਵੀ ਇਕ ਬਹੁਤ ਖ਼ਤਰਨਾਕ ਮੁਗ਼ਲ ਜਰਨੈਲ ਸੱਯਦ ਅਹਿਮਦ ਸ਼ਾਹ ਬਰੇਲਵੀ ਨਾਲ ਜ਼ਬਰਦਸਤ ਟਾਕਰਾ ਹੋਇਆ ਸੀ ਅਤੇ ਸਿੱਖਾਂ ਨੇ ਬਰੇਵਲੀ ਨੂੰ ਮਾਰ ਕੇ ਇਕ ਵੱਡੀ ਜਿੱਤ ਦਾ ਝੰਡਾ ਗੱਡਿਆ ਸੀ।

ਸਯੱਦ ਅਹਿਮਦ ਸ਼ਾਹ ਬਰੇਲਵੀ, ਜਿਸਦਾ ਨਾਮ ਜਿੱਥੇ ਖੂੰਖ਼ਾਰ ਕਰਕੇ ਚਰਚਿਤ ਸੀ, ਉਥੇ ਇਸ ਕਰਕੇ ਵੀ ਵਧੇਰੇ ਜਾਣਿਆ ਜਾਂਦਾ ਸੀ ਕਿ ਉਸਦੇ ਵਡਾਰੂ ਮੁਗ਼ਲਈ ਸਲਤਨਤ ਦੇ ਰਾਜਭਾਗ ਵਿੱਚ ਸਰਹਿੰਦ ਸੂਬੇ ਦੇ ਕਾਜ਼ੀ ਜਾਂ ਜੱਜ ਰਹੇ ਸਨ, ਪਰ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ, ਸੂਬਾ ਸਰਹਿੰਦ ਵਜ਼ੀਦਾ ਖਾਂ ਦੇ ਜ਼ੁਲਮੀ ਰਾਜ ਦਾ ਅੰਤ ਕਰ ਦਿੱਤਾ ਸੀ ਅਤੇ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤਾਂ ਉਸ ਸਮੇਂ ਸਯੱਦ ਅਹਿਮਦ ਸ਼ਾਹ ਬਰੇਲਵੀ ਦੇ ਪੁਰਖ਼ੇ, ਬਾਬਾ ਬੰਦਾ ਸਿੰਘ ਬਹਾਦਰ ਦੀ ਮਾਰ ਤੋਂ ਬਚੇ ਰਹਿਣ ਲਈ, ਸਰਹਿੰਦ ਨੂੰ ਛੱਡ ਕੇ ਉਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਵਿੱਚ ਆਪਣਾ ਸਿਰ ਲੁਕਾਉਂਣ ਵਾਸਤੇ ਚਲੇ ਗਏ ਸਨ।

ਸਯੱਦ ਅਹਿਮਦ ਸ਼ਾਹ ਬਰੇਲਵੀ ਨੂੰ, ਜਿਹੜਾ ਕਿ ਵਜ਼ੀਦਾ ਖਾਂ ਅਤੇ ਮੁਗ਼ਲ ਸਲਤਨਤ ਦਾ ਵਫ਼ਾਦਾਰ ਸੀ, ਮਨ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਦੇ ਖ਼ਿਲਾਫ਼, ਇਸ ਕਰਕੇ ਵੱਡਾ ਗੁੱਸਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੇ, ਉਨ੍ਹਾਂ ਦੀ ਸਦੀਆਂ ਪੁਰਾਣੀ ਸਲਤਨਤ ਨੂੰ ਨੇਸਤੋ ਨਬੂਦ ਕਰ ਦਿੱਤਾ ਸੀ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਜਦੋਂ ਸਿੱਖ ਇੱਕ ਤਰ੍ਹਾਂ ਉਖੜ ਚੁੱਕੇ ਸਨ ਤਾਂ ਸਯੱਦ ਅਹਿਮਦ ਸ਼ਾਹ ਬਰੇਲਵੀ ਸੰਨ 1826 ਵਿੱਚ ਜਹਾਦ ਦਾ ਐਲਾਨ ਕਰ ਦਿੱਤਾ ਅਤੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਦੀਆਂ ਨੂੰ ਇਕੱਠੇ ਕਰਕੇ, ਸੂਬਾ ਸਰਹਿੰਦ ਪਹੁੰਚਿਆ, ਜਿੱਥੋਂ ਉਸਨੇ 1827 ਵਿੱਚ ਮੁਕੰਮਲ ਰੂਪ ਵਿੱਚ ਜਹਾਦ ਦੀ ਸ਼ੁਰੂਆਤ ਕੀਤੀ। ਲੇਕਿਨ ਸ਼ੁਰੂ ਵਿੱਚ ਹੀ ਉਸਨੂੰ ਅਕੋਰਾ ਦੇ ਮੈਦਾਨ ਵਿੱਚ ਕਿਲਾ ਖ਼ਹਿਰਾਬਾਦ ਕੋਲ ਸਿੱਖਾਂ ਨਾਲ ਟੱਕਰ ਲੈਣੀ ਪਈ। ਬੇਸ਼ੱਕ ਇਸ ਘਮਾਸਾਨ ਦੇ ਯੁੱਧ ਵਿੱਚ ਸਿੱਖਾਂ ਦਾ ਵੀ ਬਹੁਤ ਭਾਰਾ ਨੁਕਸਾਨ ਹੋਇਆ, ਪਰ ਫ਼ਤਹਿ ਸਿੱਖਾਂ ਦੇ ਹਿੱਸੇ ਆਈ ਸੀ। ਇਸ ਤੋਂ ਪਿੱਛੋਂ ਸੰਨ 1829 ਵਿੱਚ ਪੇਸ਼ਾਵਰ ਅਤੇ ਹਜ਼ਾਰੇ ਵਿੱਚ ਸਯੱਦ ਅਹਿਮਦ ਸ਼ਾਹ ਬਰੇਲਵੀ ਦੀਆਂ ਝੜਪਾਂ ਸਿੰਘਾ ਨਾਲ ਹੁੰਦੀਆਂ ਰਹੀਆਂ, ਪਰ 1830 ਵਿੱਚ ਸਯੱਦ ਅਹਿਮਦ ਸ਼ਾਹ ਬਰੇਲਵੀ ਪੇਸ਼ਾਵਰ ’ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ ਸੀ।

ਇਸ ਤੋਂ ਬਾਅਦ ਸਯੱਦ ਅਹਿਮਦ ਸ਼ਾਹ ਬਰੇਲਵੀ ਅਤੇ ਸਿੱਖ ਦੋਵਾਂ ਨੇ ਆਰ ਪਾਰ ਦੀ ਲੜਾਈ ਲਈ ਮਨ ਬਣਾ ਲਿਆ। ਸਿੱਖਾਂ ਨੇ ਬਾਲਾਕੋਟ ਦੇ ਕਿਲੇ ਸਾਹਮਣੇ ਪਹਾੜੀ ਮਤੀਕੋਟ ’ਤੇ ਡੇਰੇ ਲਗਾ ਕੇ, ਆਪਣੀ ਕਿਲਾਬੰਦੀ ਕਰ ਲਈ। ਇਤਿਹਾਸਕਾਰ ਇਸਨੂੰ ਸਯੱਦ ਅਹਿਮਦ ਸ਼ਾਹ ਬਰੇਲਵੀ ਨਾਲ ਅੰਤਿਮ ਅਤੇ ਬੜੀ ਭਿਆਨਕ ਟੱਕਰ ਵਜੋਂ ਲਿਖਦੇ ਹਨ। ਇਸ ਲੜਾਈ ਵਿੱਚ ਦੋਵਾਂ ਪਾਸਿਆਂ ਤੋਂ ਤੋਪਾਂ ਦੇ ਗੋਲੇ ਵਰੇ, ਜਿਸ ਕਰਕੇ ਸਿੱਖਾਂ ਫ਼ੌਜਾਂ ਦੇ ਦੋ ਝੰਡਾ ਬਰਦਾਰ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਜਵਾਲਾ ਸਿੰਘ ਜਾਮ ਏ ਸ਼ਹਾਦਤ ਪੀ ਗਏ। ਭਾਵੇਂ ਹੋਰ ਸਿਪਾਹੀ ਝੰਡੇ ਉਚੇ ਰੱਖਣ ਲਈ ਅਗਾਂਹ ਵਧਦੇ ਰਹੇ, ਪਰ ਸਰਦਾਰ ਜਵਾਲਾ ਸਿੰਘ ਅਤੇ ਸਰਦਾਰ ਮਹਾਂ ਸਿੰਘ ਦੇ ਸ਼ਹੀਦ ਹੋਣ ਕਰਕੇ, ਜਦੋਂ ਇਕ ਵਾਰ ਖ਼ਾਲਸਾਈ ਨਿਸ਼ਾਨ ਸਾਹਿਬ ਡਿੱਗਦੇ ਦਿੱਸੇ ਤਾਂ ਉਸ ਸਮੇਂ ਸਯੱਦ ਅਹਿਮਦ ਸ਼ਾਹ ਬਰੇਲਵੀ ਦੇ ਜਹਾਦੀ ਬੜੇ ਜੋਸ਼ ਵਿੱਚ ਆ ਗਏ ਅਤੇ ਉਨ੍ਹਾਂ ਨੇ ਇਹ ਸੋਚ ਕੇ ਸ਼ਾਇਦ, ਸਿੱਖ ਫੌਜਾਂ ਦੇ ਹੌਂਸਲੇ ਪਸਤ ਹੋ ਗਏ ਹੋਣਗੇ, ਬਾਲਾ ਕੋਟ ਕਿਲੇ ’ਚੋਂ ਬਾਹਰ ਨਿਕਲ ਕੇ ਸਿੱਖ ਫ਼ੌਜਾਂ ’ਤੇ ਜ਼ੋਰਦਾਰ ਹੱਲਾ ਬੋਲਿਆ। ਪਰ ਸਿੰਘਾਂ ਨੇ ਵੀ ਅੱਗੋਂ ਪੂਰੇ ਕਮਰਕਸੇ ਕੀਤੇ ਹੋਏ ਸਨ, ਜਹਾਦੀ ਸਿੰਘਾ ਨੂੰ ਉਖ਼ਾੜ ਨਾ ਸਕੇ। ਉਸ ਸਮੇਂ ਸਿੱਖ ਫ਼ੌਜਾਂ ਦੇ ਆਗੂ ਸਰਦਾਰ ਅਤਰ ਸਿੰਘ ਕਾਲਿਆਂਵਾਲੀ ਅਤੇ ਗੁਰਮੁੱਖ ਸਿੰਘ ਲਾਂਬੇ ਜਹਾਦੀਆਂ ਅੱਗੇ ਕੰਕਰੀਟ ਦੀ ਦੀਵਾਰ ਬਣਕੇ ਖੜ੍ਹੇ ਹੋ ਗਏ। ਕੁੱਝ ਸਮੇਂ ਵਿੱਚ ਹੀ ਕੰਵਰ ਸ਼ੇਰ ਸਿੰਘ ਵੀ ਸ਼ੇਰ ਵਰਗਾ ਜੋਸ਼ ਲੈ ਕੇ ਮੈਦਾਨੇ ਜੰਗ ਵਿੱਚ ਆ ਗਰਜ਼ੇ, ਜਿਸ ਨਾਲ ਸਿੱਖ ਫ਼ੌਜ ਦੇ ਹੌਂਸਲੇ ਹੋਰ ਬੁ¦ਦ ਹੋ ਗਏ। ਦੋਵਾਂ ਧਿਰਾਂ ਵਿੱਚ ਤੱਕੜੀ ਦੇ ਪੱਲੜਿਆਂ ਵਰਗਾ ਉਤਰਾਅ ਚੜ੍ਹਾਅ ਹੋਣ ਲੱਗ ਪਿਆ। ਪਲਾਂ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਹਰ ਪਾਸੇ ਤਲਵਾਰਾਂ ਅਤੇ ਢਾਲਾਂ ਦੇ ਖੜਕਣ ਦੀ ਆਵਾਜ਼ ਸੁਣ ਰਹੀ ਸੀ।

ਕੰਵਰ ਸ਼ੇਰ ਸਿੰਘ ਜਿਹੜੇ ਕਿ ਜੰਗੀ ਵਿੱਦਿਆ ਦੇ ਵਿੱਚ ਬੜੇ ਮਾਹਿਰ ਸਨ ਅਤੇ ਉਨ੍ਹਾਂ ਦੀ ਤਲਵਾਰ ਚਲਾਉਣ ਦੀ ਸ਼ਕਤੀ ਨੂੰ ਸਾਰੇ ਮਨਦੇ ਸਨ। ਇਸ ਜੰਗ ਵਿੱਚ ਕੰਵਰ ਸ਼ੇਰ ਸਿੰਘ ਨੇ ਜੰਗ ਨੂੰ ਜਿੱਤ ਦੇ ਪੜ੍ਹਾਅ ਵੱਲ ਲਿਜਾਣ ਲਈ, ਅਚਾਨਕ ਸ਼ੇਰ ਵਰਗੀ ਫੁਰਤੀ ਨਾਲ ਝਪਟਦਿਆਂ ਸਯੱਦ ਅਹਿਮਦ ਸ਼ਾਹ ਬਰੇਲਵੀ ਦਾ ਸਿਰ ਕਲਮ ਕਰ ਦਿੱਤਾ। ਇਸ ਸਮੇਂ ਸਰਦਾਰ ਹਰੀ ਸਿੰਘ ਨਲੂਆ ਵੀ ਮੈਦਾਨ ਏ ਜੰਗ ਵਿਚ ਜ਼ਬਰਦਸਤ ਟੱਕਰ ਦੇ ਰਹੇ ਸਨ ਤਾਂ ਉਨ੍ਹਾਂ ਨੇ ਮੌਲਵੀ ਇਸਮਾਇਲ ਦੇ ਦੋ ਟੋਟੇ ਕਰ ਦਿੱਤੇ। ਇਹ ਵੇਖ ਕੇ ਸਿੱਖਾਂ ਦਾ ਜ਼ੋਰ ਹੋਰ ਵਧ ਗਿਆ, ਜਿਸ ਨਾਲ ਜਹਾਦੀਆਂ ਦੇ ਪੈਰ ਉਖੜ ਗਏ। ਉਨ੍ਹਾਂ ਕੋਲ ਹਥਿਆਰ ਸੁੱਟ ਕੇ ਭੱਜਣ ਤੋਂ ਬਿਨਾਂ ਕੋਈ ਚਾਰਾ ਬਾਕੀ ਨਾ ਰਿਹਾ। ਆਹਮੋ ਸਾਹਮਣੇ ਦੋਵਾਂ ਪਹਾੜੀ ਦੇ ਵਿੱਚਕਾਰ ਨੀਵੀਂ ਥਾਂ ਵਿੱਚ ਲਗਭਗ 179 ਲਾਸ਼ਾ ਪਈਆਂ ਸਨ, ਜਿਨ੍ਹਾਂ ਵਿੱਚ ਇਕ ਖੂੰਖ਼ਾਰ ਜ਼ਾਲਮ ਸਯੱਦ ਅਹਿਮਦ ਸ਼ਾਹ ਬਰੇਲਵੀ ਦੀ ਲਾਸ਼ ਵੀ ਸਿਰ ਤੇ ਧੜ ਅੱਡੋ ਅੱਡ ਕਰਕੇ ਪਈ ਸੀ। ਇਸ ਲਈ ਅੱਜ ਦਾ ਦਿਹਾੜਾ ਸਿੱਖਾਂ ਦੇ ਇਤਿਹਾਸ ਵਿੱਚ ਇੱਕ ਫ਼ਤਹਿ ਦੇ ਦਿਨ ਵਜੋਂ ਜਾਣਿਆ ਜਾਂਦਾ ਹੈ।

ਬੇਸ਼ੱਕ ਅੱਜ ਯੁੱਗ ਬਦਲ ਗਿਆ ਹੈ, ਪਰ ਸਿੱਖਾਂ ਦੇ ਮਸਲੇ ਅਤੇ ਸਿੱਖਾਂ ਦਾ ਦੁਸ਼ਮਣ ਜਿਹੜਾ ਕਦੇ ਸਯੱਦ ਅਹਿਮਦ ਸ਼ਾਹ ਬਰੇਲਵੀ ਦੇ ਰੂਪ ਵਿੱਚ ਸੀ, ਅੱਜ ਉਹ ਬਦਲਵੇ ਰੂਪ ਵਿੱਚ ਕਿਸੇ ਦੇਸ਼ ਦੀ ਹਕੂਮਤ ਬਣਕੇ ਜਾਂ ਕਿਸੇ ਸੂਬੇ ਦਾ ਸੂਬੇਦਾਰ ਬਣਕੇ, ਸਿੱਖਾਂ ਨੂੰ ਉਸੇ ਨਜ਼ਰ ਨਾਲ ਤੱਕ ਰਿਹਾ ਹੈ, ਪਰ ਇਕ ਘਾਟ ਅੱਜ ਸਾਡੇ ਅੰਦਰ ਨਜ਼ਰ ਆ ਰਹੀ ਹੈ ਕਿ ਅੱਜ ਸਾਡੇ ਵਿੱਚ ਸਰਦਾਰ ਜਵਾਲਾ ਸਿੰਘ ਅਤੇ ਸਰਦਾਰ ਮਹਾਂ ਸਿੰਘ ਦੀ ਸ਼ਹਾਦਤ ਤੋਂ ਬਾਅਦ ਕੋਈ ਝੰਡਾ ਚੁੱਕਣ ਵਾਲਾ ਨਹੀਂ ਅਤੇ ਨਾ ਹੀ ਕੋਈ ਸਰਦਾਰ ਅਤਰ ਸਿੰਘ ਜਾਂ ਗੁਰਮੁੱਖ ਸਿੰਘ ਨੂੰ ਆਪਣੇ ਹੱਕ ਲੈਣ ਲਈ ਹਕੂਮਤ ਵਿਰੁੱਧ ਲੜ੍ਹਦਿਆਂ ਵੇਖ ਕੇ, ਕੰਵਰ ਸ਼ੇਰ ਸਿੰਘ ਵਾਲੀ ਬਿਰਤੀ ਲੈ ਕੇ, ਉਨ੍ਹਾਂ ਦਾ ਸਾਥ ਦੇਣ ਵਾਲਾ ਹੈ। ਬੇਸ਼ੱਕ ਸਮਾਂ ਬਦਲ ਗਿਆ ਹੈ, ਅੱਜ ਯੁੱਗ ਤਲਵਾਰਾਂ ਜਾਂ ਬੰਦੂਕਾਂ ਦੀ ਲੜਾਈ ਦਾ ਨਹੀਂ ਰਿਹਾ, ਪਰ ਜੰਗ ਜ਼ਰੂਰ ਚੱਲ ਰਹੀ ਹੈ। ਸਮੇਂ ਦੇ ਲਿਹਾਜ਼ ਨਾਲ ਬਦਲਦਿਆਂ, ਸਾਨੂੰ ਵੀ ਆਪਣੇ ਹਥਿਆਰ ਬਦਲ ਲੈਣੇ ਚਾਹੀਦੇ ਹਨ। ਕਲਮਾਂ ਅਤੇ ਵੋਟ ਪਰਚੀਆਂ ਨਾਲ ਅਜੋਕੇ ਸਯੱਦ ਅਹਿਮਦ ਸ਼ਾਹ ਬਰੇਲਵੀ ਨੂੰ ਭਾਜ ਦੇਣ ਲਈ ਸਾਨੂੰ ਕੌਮੀ ਏਕਤਾ ਵੱਲ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਦਾ ਦਿਨ ਇਹੀ ਸੁਨੇਹਾ ਦਿੰਦਾ ਹੈ ਕਿ ਇਕ ਦੂਜੇ ਦੀ ਮੱਦਦ ਨਾਲ ਹੀ ਫ਼ਤਹਿ ਨਸੀਬ ਹੋਈ ਸੀ ਤੇ ਅੱਜ ਵੀ ਹੋ ਸਕਦੀ ਹੈ।

ਗੁਰੂ ਰਾਖ਼ਾ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top