Share on Facebook

Main News Page

ਅੱਜ ਦੇ ਦਿਨ 1981 ਵਿੱਚ ਵੀ ਭਾਰਤੀ ਨਿਜ਼ਾਮ ਨੇ ਬਾਰਾਂ ਸਿੰਘਾਂ ਨੂੰ ਅਮ੍ਰਿੰਤਸਰ ਵਿਖੇ ਸ਼ਹੀਦ ਕੀਤਾ ਸੀ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਰਤ ਪਾਕਿ ਦੀ ਵੰਡ ਤੋਂ ਬਾਅਦ, ਜਦੋਂ ਸਿੱਖਾਂ ਨੂੰ ਇਹ ਪੱਕਾ ਅਹਿਸਾਸ ਹੋ ਗਿਆ ਕਿ ਭਾਰਤੀ ਹਕੂਮਤ ਕਿਸੇ ਵੀ ਕੀਮਤ ’ਤੇ, ਉਨ੍ਹਾਂ ਨੂੰ ਨਿਆਂ ਦੇਣ ਦੇ ਵਿੱਚ ਸੁਹਿਰਦ ਨਹੀਂ ਜਾਪਦੀ ਤਾਂ ਸਿੱਖਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਹਰ ਜਾਇਜ਼ ਮੰਗ ਜਾਂ ਹੱਕ ਲੈਣ ਲਈ ਸਿੱਖਾਂ ਨੂੰ ਸੰਘਰਸ਼ ਦਾ ਹੀ ਸਹਾਰਾ ਲੈਣਾ ਪਿਆ। ਅਜਿਹੇ ਸਮੇਂ ਸਰਕਾਰ ਨੇ ਅਮਨ ਕਾਨੂੰਨ ਦਾ ਮਾਮਲਾ ਬਣਾਕੇ, ਸਿੱਖਾਂ ’ਤੇ ਗ਼ੈਰ ਮਨੁੱਖੀ ਤਸ਼ੱਦਦ ਕੀਤਾ। ਬਹੁਤ ਵਾਰ ਨੌਬਤ ਗੋਲੀਆਂ ਤੱਕ ਵੀ ਆਈ ਅਤੇ ਅਜਿਹੀਆਂ ਘਟਨਾਵਾਂ ਵਿਚ ਦਰਜ਼ਨਾਂ ਸਿੱਖ ਸ਼ਹੀਦ ਹੁੰਦੇ ਰਹੇ, ਜਿਸ ਦਾ ਸਰਕਾਰ ਨੇ ਕਦੇ ਵੀ ਕੋਈ ਮੁੱਲ ਨਹੀਂ ਪਾਇਆ, ਸਗੋਂ ਹਰ ਅਗਲੀ ਦੁਰਘਟਨਾ ਪਿਛਲੀ ਨੂੰ ਭੁਲਾਉਂਦੀ ਗਈ ਤੇ ਅਖ਼ੀਰ ਸਿੱਖ ਅਸਲੀ ਮੁੱਦਿਆਂ ਦੇ ਵਿਰੋਧ ਲੜਨ ਦੀ ਬਜਾਇ, ਮੁੱਦਿਆਂ ਵਿੱਚੋਂ ਉਪਜੇ ਮੁੱਦਿਆਂ ਵਾਸਤੇ ਲੜਨ ਜੋਗੇ ਹੀ ਰਹਿ ਗਏ। ਸਰਕਾਰੀ ਤਸ਼ੱਦਦ ਤੋਂ ਬਾਅਦ ਹੋਏ ਨੁਕਸਾਨ ਦੀ ਭਰਪਾਈ, ਬੁਨਿਆਦੀ ਮੁੱਦੇ ਤੋਂ ਵੀ ਵੱਡਾ ਮਾਮਲਾ ਬਣ ਗਿਆ। ਜਿਸ ਕਰਕੇ ਸਿੱਖਾਂ ਦੇ ਅੰਦੋਲਨ ਜਾਂ ਜੱਦੋ ਜ਼ਹਿਦ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦੀ ਤੁਰੀ ਗਈ।

ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਕੋਲ ਦੋ ਮਜ਼ਬੂਤ ਸੰਸਥਾਵਾਂ, ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਨੂੰ ਸਿੱਖ ਪਾਰਲੀਮੈਂਟ ਵੀ ਆਖਿਆ ਜਾਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ, ਜਿਹੜੀ ਸਿੱਖਾਂ ਦੀ ਰਾਜਸੀ ਨੁਮਾਇੰਦਾ ਜਥੇਬੰਦੀ ਹੈ, ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਸੰਸਥਾਵਾਂ ਅਤੇ ਸਮੁੱਚੇ ਪੰਥ ਉਪਰ ਕੁੰਡੇ ਦੇ ਰੂਪ ਵਿਚ, ਅਕਾਲ ਤਖ਼ਤ ਸਾਹਿਬ ਦਾ ਬੜਾ ਮਹੱਤਵ ਸੀ। ਜਦੋਂ ਵੀ ਸਿੱਖਾਂ ’ਤੇ ਕੋਈ ਬਿਪਤਾ ਪਈ ਜਾਂ ਧੱਕੇਸ਼ਾਹੀ ਹੋਈ, ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ। ਸਮੇਂ ਸਮੇਂ ਇਹ ਜਥੇਬੰਦੀਆਂ ਸਿੱਖਾਂ ਦੇ ਭਵਿੱਖ ਦੀਆਂ ਜਾਮਨ ਬਣਕੇ, ਕੌਮ ਦੀ ਬੇਹਤਰੀ ਵਾਸਤੇ ਮਤੇ ਪਾ ਕੇ, ਜਿੱਥੇ ਸਮੇਂ ਦੀਆਂ ਹਕੂਮਤਾਂ ਨੂੰ ਅਗਾਹ ਕਰਵਾਉਂਦੇ ਰਹੇ, ਉਥੇ ਸਿੱਖ ਪੰਥ ਨੂੰ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਦੇ ਕੇ, ਸੰਘਰਸ਼ ਕਰਨ ਲਈ ਸਦਾ ਗਤੀਸ਼ੀਲ ਰੱਖਦੇ ਰਹੇ।

ਪੰਜਾਬੀ ਸੂਬੇ ਦੇ ਮੋਰਚੇ ਤੋਂ ਬਾਅਦ, ਭਾਵੇਂ ਲੰਗੜਾ ਲੂਲਾ ਹੀ ਪੰਜਾਬੀ ਸੂਬਾ ਹੋਂਦ ਵਿਚ ਆਇਆ, ਪਰ ਸਿੱਖ ਪੰਥ ਇਸਨੂੰ ਆਪਣੀ ਵੱਡੀ ਪ੍ਰਾਪਤੀ ਸਮਝਦਾ ਸੀ, ਲੇਕਿਨ ਇਸਦੇ ਬਾਵਜੂਦ ਵੀ ਹੋਰ ਬਹੁਤ ਸਾਰੀਆਂ ਦੁਸ਼ਵਾਰੀਆਂ ਨਿਰੰਤਰ ਕਾਇਮ ਸਨ। ਜਿਨ੍ਹਾਂ ਕਰਕੇ ਸਿੱਖਾਂ ਨੂੰ ਕੋਈ ਨਾ ਕੋਈ ਪੀੜਾ, ਹਰ ਸਵੇਰ ਦਰਵਾਜੇ ਉਪਰ ਦਸਤਕ ਆ ਦਿੰਦੀ ਸੀ। ਜਿਸ ਕਾਰਨ ਸਿੱਖਾਂ ਵਿੱਚ ਉਪਰਾਮਤਾ ਬਣੀ ਰਹਿਣੀ ਕੁਦਰਤੀ ਸੀ। 1975 ਦੀ ਐਮਰਜੈਂਸੀ ਤੋਂ ਬਾਅਦ ਭਾਰਤੀ ਹਕੂਮਤ ਦੀ ਸਰਵੇ ਸਰਵਾ, ਇੰਦਰਾ ਗਾਂਧੀ ਦੇ ਇਸ਼ਾਰੇ ਨਾਲ, 1978 ਦੀ ਵਿਸਾਖ਼ੀ ਤੇ ਨਿਰਕਾਰੀਆਂ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਲਾਬੂੰ ਲਾ ਦਿੱਤਾ ਗਿਆ, ਜਿਸ ਕਰਕੇ ਸਾਰੀ ਸਿੱਖ ਮਾਨਸਿਕਤਾ ਝੰਜੋੜੀ ਗਈ ਅਤੇ ਸਿੱਖ ਲੀਡਰਸ਼ਿਪ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਹੁਣ ਹਕੂਮਤ ਨਾਲ ਦੋ ਹੱਥ ਕੀਤੇ ਬਿਨਾਂ ਨਿਆਂ ਮਿਲਣਾ ਸੰਭਵ ਨਹੀਂ ਹੈ। ਇਸ ਕਰਕੇ ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜ਼ੋਰਦਾਰ ਸੰਘਰਸ਼ ਕਰਨਾ ਪਵੇਗਾ।

ਉਸ ਵੇਲੇ ਸਿੱਖਾਂ ਅੰਦਰ ਖ਼ਾਸ ਕਰਕੇ ਨੌਜਵਾਨ ਤਬਕਾ ਬੜਾ ਉਤਾਵਲਾ ਸੀ ਕਿ ਜੋ ਕੁੱਝ ਸਾਡੇ ਨਾਲ ਹੋ ਰਿਹਾ ਹੈ, ਇਸਨੂੰ ਠੱਲ੍ਹ ਕਿਵੇਂ ਪਾਈ ਜਾਵੇ। ਸਿੱਖ ਕੌਮ ਦੇ ਹਰਾਵਲ ਦਸਤੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਜਦੋਂ ਬਨਾਰਸ ਅਤੇ ਹਰਿਦੁਆਰ ਨੂੰ ਪਵਿੱਤਰ ਸ਼ਹਿਰ ਕਰਾਰ ਦੇ ਕੇ, ਉਥੇ ਮੀਟ ਸ਼ਰਾਬ ਆਦਿਕ ਦੀ ਪਾਬੰਦੀ ਦੀ ਗੱਲ ਨੂੰ ਮੁੱਖ ਰਖਦਿਆਂ, ਉਸ ਅਧਾਰ ਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ, 31 ਮਈ 1981 ਨੂੰ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਇੱਕ ਵਿਸ਼ਾਲ ਜਲੂਸ ਕੱਢਣ ਦਾ ਉਪਰਾਲਾ ਕੀਤਾ, ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਹੜੇ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਹੁਤ ਨੇੜੇ ਸਨ, ਨੇ ਵੀ ਇਸ ਮੰਗ ਅਤੇ ਮੁਹਿੰਮ ਦਾ ਜ਼ੋਰਦਾਰ ਸਮਰਥਨ ਕੀਤਾ।

ਇਸ ਦਿਨ ਹੀ 31 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਕ ਮਤਾ ਪਾਸ ਕਰਕੇ ਐਲਾਨ ਕੀਤਾ ਕਿ ਸਿੱਖ ਕਿਸੇ ਹੋਰ ਧਰਮ ਜਾਂ ਕੌਮ ਦਾ ਹਿੱਸਾ ਨਹੀਂ ਹਨ, ਸਗੋਂ ਸਿੱਖ ਇੱਕ ਵੱਖਰੀ ਕੌਮ ਹੈ। ਹਾਲਾਤਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਜਲੂਸ ਦੀ ਹਮਾਇਤ ਕੀਤੀ। ਪਰ ਜਦੋਂ ਇਸ ਜਲੂਸ ਬਾਰੇ ਵਿਉਂਤਬੰਦੀ ਹੋ ਰਹੀ ਸੀ ਤਾਂ ਉਸ ਸਮੇਂ ਖ਼ੁਫ਼ੀਆ ਏਜੰਸੀਆਂ ਨੇ ਇਹ ਸਾਰੀ ਕਾਰਵਾਈ ਹਕੂਮਤ ਦੇ ਧਿਆਨ ਵਿਚ ਲਿਆਂਦੀ ਤਾਂ ਹਕੂਮਤ ਨੇ ਜਾਂ ਸਪੱਸ਼ਟ ਲਫ਼ਜ਼ਾ ਵਿੱਚ ਕਿ ਇੰਦਰਾ ਗਾਂਧੀ ਨੇ ਸਿੱਖਾਂ ਪ੍ਰਤੀ ਨਹਿਰੂ ਦੀ ਵਸੀਅਤ ’ਤੇ ਚਲਦਿਆਂ, ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਨਾ ਮਨਣ ਵਾਸਤੇ ਬਹਾਨੇਬਾਜ਼ੀ ਬਨਾਉਣ ਜਾਂ ਅੜਿੱਕੇ ਪੈਦਾ ਕਰਨ ਲਈ, ਅੰਮ੍ਰਿਤਸਰ ਸਾਹਿਬ ਦੀਆਂ ਕੁੱਝ ਹਿੰਦੂ ਜਥੇਬੰਦੀਆਂ ਨੂੰ ਨਾਲ ਲੈ ਕੇ ਕਾਂਗਰਸ, ਭਾਜਪਾ ਅਤੇ ਆਰੀਆ ਸਮਾਜ ਨੇ 29 ਮਈ ਨੂੰ ਅਚਾਨਕ ਹੀ ਸ਼ਹਿਰ ਵਿੱਚ ਇੱਕ ਜਲੂਸ ਕੱਢ ਦਿੱਤਾ, ਪਰ ਉਨ੍ਹਾਂ ਨੇ ਬਹੁਤ ਹੀ ਸ਼ਾਤਰਪੁਣੇ ਨਾਲ ਅੱਧੀ ਮੰਗ ਦੀ ਹਮਾਇਤ ਕੀਤੀ ਅਤੇ ਅੱਧੀ ਮੰਗ ਦਾ ਵਿਅੰਗਮਈ ਤਰੀਕੇ ਨਾਲ ਵਿਰੋਧ ਕਰਕੇ, ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦਾ ਯਤਨ ਕੀਤਾ। ਇਨ੍ਹਾਂ ਜਥੇਬੰਦੀਆਂ ਦੇ ਮੈਂਬਰ ਜਿੱਥੇ ਅੰਮ੍ਰਿਤਸਰ ਸਾਹਿਬ ਦੀ ਹਦੂਦ ਦੇ ਅੰਦਰ ਮਾਸ, ਸ਼ਰਾਬ ਦੀ ਵਰਤੋਂ ਅਤੇ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੇ ਸਨ, ਉਥੇ ਨਾਲ ਹੀ ਲੰਬੀਆਂ ਡਾਗਾਂ ਅਤੇ ਕਿਰਪਾਨਾਂ ਦੀਆ ਨੋਕਾਂ ’ਤੇ ਸਿਗਰਟਾਂ ਬੀੜੀਆਂ ਦੀਆਂ ਡੱਬੀਆਂ ਬੰਨ੍ਹ ਕੇ ਨਾਅਰੇ ਵੀ ਲਗਾ ਰਹੇ ਸਨ, ‘‘ਬੀੜੀ ਸਿਗਰਟ ਪੀਏਂਗੇ, ਹਮ ਸ਼ਾਨ ਸੇ ਜੀਏਂਗੇ’’।

ਇਸ ਸ਼ਰਾਰਤੀ ਨਾਹਰਿਆਂ ਨੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਬਲਦੀ ਤੇ ਤੇਲ ਪਾਉਣ ਵਾਂਗੂੰ ਹੋਰ ਭੜਕਾ ਦਿੱਤਾ ਅਤੇ 31ਮਈ 1981 ਦਾ ਇਹ ਜਲੂਸ ਜਿਹੜਾ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਕਰਾਉਣ ਲਈ ਕੱਢਿਆ ਜਾ ਰਿਹਾ ਸੀ ਅਤੇ ਜਿਸਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰ ਰਹੇ ਸਨ, ਹੋਰ ਵੀ ਜੋਸ਼ ਵਾਲਾ ਪ੍ਰੋਗਰਾਮ ਬਣ ਗਿਆ। ਸਰਕਾਰ ਪਹਿਲਾਂ ਹੀ ਝਗੜੇ ਦੇ ਰੌਂਅ ਵਿੱਚ ਸੀ ਅਤੇ ਸਿੱਖਾਂ ਨੂੰ ਸਬਕ ਸਿਖਾਉਂਣ ਦੀ ਤਾਕ ਵਿੱਚ ਸੀ ਤਾਂ ਹਕੂਮਤ ਨੇ ਵਿਖਾਵਾਕਾਰੀਆਂ ’ਤੇ ਅੰਧਾਧੁੰਦ ਗੋਲੀ ਚਲਾ ਦਿੱਤੀ ਜਿਸ ਨਾਲ ਤਕਰੀਬਨ 12 ਸਿੰਘ ਸ਼ਹੀਦ ਹੋ ਗਏ। ਇਸ ਤਰ੍ਹਾਂ 31 ਮਈ ਦਾ ਦਿਨ ਇਤਿਹਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਿੱਖ ਵੱਖਰੀ ਕੌਮ ਦੇ ਮਤੇ ਅਤੇ 12ਸਿੰਘਾਂ ਦੀ ਸ਼ਹੀਦੀ ਕਰਕੇ ਦਰਜ਼ ਹੋ ਗਿਆ।

ਇਹ ਵੱਖਰੀ ਗੱਲ ਹੈ ਕਿ ਅੱਜ ਦੀ ਲੀਹੋਂ ਲੱਥੀ ਸ਼੍ਰੋਮਣੀ ਕਮੇਟੀ, ਹੁਣ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਖ਼ੁਦ ਖ਼ਤਮ ਕਰਨ ਲਈ ਕਾਰਵਾਈਆਂ ਕਰਨ ਵਿੱਚ ਮਸ਼ਰੂਫ਼ ਦਿੱਸ ਰਹੀ ਹੈ ਅਤੇ ਸਿੱਖ ਆਗੂ ਅੰਮ੍ਰਿਤਸਰ ਸਾਹਿਬ ਨੂੰ ਨਸ਼ਾ ਰਹਿਤ ਸ਼ਹਿਰ ਬਣਾਉਣ ਦੀ ਗੱਲ ਵੀ ਭੁੱਲ ਚੁੱਕੇ ਹਨ। ਹੋਰ ਤਾਂ ਹੋਰ ਕਦੇ 31 ਮਈ ਦੇ ਉਨ੍ਹਾਂ 12 ਸ਼ਹੀਦਾਂ ਨੂੰ ਯਾਦ ਵੀ ਨਹੀਂ ਕੀਤਾ ਜਾਂਦਾ।

ਇਸ ਲਈ ਆਓ ਅੱਜ ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਮਨ ਵਿੱਚ ਰੱਖ ਕੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਲਈ, ਇਸ ਨੂੰ ਹਰ ਨਸ਼ੇ ਤੋਂ ਰਹਿਤ ਸ਼ਹਿਰ ਬਣਾਉਣ ਵਾਸਤੇ, ਆਪਾ ਕੁਰਬਾਨ ਕਰ ਗਏ ਉਨ੍ਹਾਂ 12 ਮਰਜੀਵੜਿਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ, ਅਧੂਰੇ ਕੌਮੀ ਕਾਰਜਾਂ ਨੂੰ ਅੱਗੇ ਲੈ ਕੇ ਚੱਲਣ ਦਾ ਪ੍ਰਣ ਕਰੀਏ। ਗੁਰੂ ਰਾਖ਼ਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top