Share on Facebook

Main News Page

ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ, ਦਰਬਾਰ ਸਾਹਿਬ ਤੋਂ ਬਾਹਰ ਮਨਾਉਣੀ ਉਚਿਤ ਨਹੀਂ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਜਿਹੜੀ ਕੌਮ ਆਪਣਾ ਇਤਿਹਾਸ ਜਾਂ ਇਤਿਹਾਸ ਨਾਲ ਸਬੰਧਿਤ ਵਾਕਿਆ ਨੂੰ ਭੁੱਲ ਜਾਵੇ, ਉਸ ਕੌਮ ਵੱਲੋਂ ਆਪਣਾ ਵਜੂਦ ਕਾਇਮ ਰੱਖਣਾ ਨਾ-ਮੁਮਕਿਨ ਹੁੰਦਾ ਹੈ। ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇੱਕ ਭਰਪੂਰ ਖਜ਼ਾਨਾ ਹੈ, ਜਿਸ ਵਿੱਚ ਮਸੂਮ ਤੋਂ ਲੈ ਕੇ 90 ਸਾਲ ਦੇ ਬਜ਼ੁਰਗ ਬਾਪੂ, ਦੁੱਧ ਚੁੰਗਦੀਆਂ ਬੱਚੀਆਂ ਤੋਂ ਬਿਰਧ ਮਾਤਾਵਾਂ ਅਤੇ ਇੱਕ ਸਿੱਖ ਤੋਂ ਲੈ ਕੇ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰਾਂ ਵੱਲੋਂ ਦਿੱਤੀਆਂ ਸ਼ਹਾਦਤਾਂ, ਸਿੱਖ ਇਤਿਹਾਸ ਦੀ ਪ੍ਰਮਾਣਿਕਤਾ ਦਾ ਜਾਗਤ ਸਰੋਤ ਹਨ। ਹਕੂਮਤ ਭਾਵੇਂ ਕਿਸੇ ਦੀ ਵੀ ਰਹੀ, ਸਿੱਖਾਂ ਉੱਤੇ ਬਹੁਤ ਮਾਰੂ ਹਮਲੇ ਹੋਏ ਹਨ। ਜਿਸ ਵਿੱਚ ਗੁਰੂ ਸਾਹਿਬ ਦੀਆਂ ਜਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਇਲਾਵਾ, ਕਈ ਵਾਰ ਕੌਮੀ ਸੰਘਾਰ ਵੀ ਹੋਇਆ ਹੈ, ਜਿਵੇਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਮੀਰ ਮੰਨੂ ਦਾ ਜ਼ਮਾਨਾ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਕਿਵੇਂ ਸਿਦਕਵਾਨ ਬੀਬੀਆਂ ਅਤੇ ਗੁਰੂ ਰੰਗ ਵਿੱਚ ਰੰਗੇ ਗੁਰਸਿੱਖਾਂ ਨੇ ਗੁਰੂ ਨਾਨਕ ਵੱਲੋਂ ਜਗਾਈ ਇਸ ਜੋਤ ਨੂੰ ਹੁਣ ਤੱਕ ਨਿਰੰਤਰ ਜਗਦਾ ਰੱਖਿਆ ਹੈ।

ਪੁਰਾਤਨ ਯੁੱਗ ਵਿੱਚ ਇੱਕ ਪੁਰਖੀ ਰਾਜ ਅਤੇ ਲੋਕਾਂ ਦੀ ਅਗਿਆਨਤਾ ਕਰਕੇ, ਇਨਸਾਨ ਮਨੁੱਖਤਾ ਦਾ ਖੁਦ ਵੈਰੀ ਰਿਹਾ ਹੈ, ਬੇਸ਼ੱਕ ਅਜੌਕੇ ਯੁੱਗ ਵਿੱਚ ਵਿਗਿਆਨ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਅੱਜ ਵੀ ਇਨਸਾਨ ਮਨੁੱਖਤਾ ਦੀ ਅੰਤਰੀਵ ਭਾਵਨਾ ਜਾਂ ਧਰਮ ਦੇ ਮਾਰਗ ਨੂੰ ਸਮਝ ਨਹੀਂ ਸਕਿਆ, ਭਾਵੇਂ ਅੱਜ-ਕੱਲ ਰਾਜ ਵੋਟਾਂ ਨਾਲ ਬਣਦੇ ਹਨ ਪਰ ਨੀਤੀਆਂ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ।

ਭਾਰਤ ਦੁਨੀਆਂ ਦਾ ਵੱਡਾ ਲੋਕਤੰਤਰ ਅਤੇ ਇੱਕ ਬਹੁਕੌਮੀ ਦੇਸ਼ ਅਖਵਾਉਂਦਾ ਹੈ, ਲੇਕਿਨ ਇਸ ਦੇਸ਼ ਦੇ ਹਿੰਦੂਵਾਦੀ ਨਿਜ਼ਾਮ ਨੇ ਆਪਣੀ ਕਿੜ ਕੱਢਣ ਲਈ, ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਆਪਣੀਆਂ ਫੌਜਾਂ ਨਾਲ ਬੜਾ ਵੱਡਾ ਭਿਆਨਕ ਹਮਲਾ ਕੀਤਾ ਸੀ, ਜਿਸ ਵਿੱਚ ਹਜ਼ਾਰਾਂ ਬੇਗੁਨਾਹ ਬੀਬੀਆਂ, ਬੱਚੇ ਅਤੇ ਸਿੱਖ ਸ਼ਹੀਦ ਹੋਏ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਕੌਮ ਦੇ ਲੇਖੇ ਲੱਗੇ।

ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ। ਇਹ ਹਮਲਾ ਇਸ ਕਰਕੇ ਵੀ ਅੱਤ ਮਾਰੂ ਸੀ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਡੇਢ ਪ੍ਰਤੀਸ਼ਤ ਆਬਾਦੀ ਹੁੰਦਿਆਂ, 85 ਫੀਸਦੀ ਕੁਰਬਾਨੀਆਂ ਅਤੇ 98 ਫੀਸਦੀ ਸ਼ਹਾਦਤਾਂ ਦੇ ਕੇ, ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੋਵੇ, ਤੇ ਉਸ ਦੇਸ਼ ਦੀ ਲੋਕ ਰਾਜੀ ਅਖਵਾਉਣ ਵਾਲੀ ਹਕੂਮਤ ਵੱਲੋਂ, ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਮਾਨਵਤਾ ਦੇ ਰੂਹਾਨੀ ਪ੍ਰੇਰਨਾ ਸਰੋਤ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਇੱਕ ਵਾਰ ਕੁਦਰਤੀ ਦੀ ਰੂਹ ਨੂੰ ਹਿਲਾ ਦਿੱਤਾ ਹੈ।

ਇਸ ਹਮਲੇ ਨੂੰ ਭਾਰਤ ਦੀ ਸਰਕਾਰ ਆਪਣੇ ਅੰਦਰ ਹੀ ਅੰਦਰ ਪ੍ਰਵਾਨ ਕੀਤਾ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਲੇਕਿਨ ਇਸ ਗਲਤੀ ਨੂੰ ਛੁਪਾਉਣ ਲਈ ਜੋ ਗੁਨਾਹ ਸਰਕਾਰ ਨੇ ਕਰਨਾ ਸੀ ਉਹ ਤਾਂ ਕਿਸੇ ਹੱਦ ਤੱਕ ਵਾਜਬ ਹੈ, ਪਰ ਅਫਸੋਸ ਕਿ ਸਿੱਖ ਵੀ ਉਸ ਵਿੱਚ ਗੁਨਾਹਗਾਰ ਸਾਬਤ ਹੋਏ। ਜਲਿਆਂ ਵਾਲਾ ਸਾਕਾ 1919 ਵਿੱਚ ਵਾਪਰਿਆ ਸੀ ਲੇਕਿਨ ਅੱਜ ਤੱਕ ਭਾਰਤ ਸਰਕਾਰ ਨੇ ਉਸ ਦੀ ਯਾਦ ਨੂੰ ਉਵੇਂ ਹੀ ਸੰਭਾਲਿਆ ਹੋਇਆ ਹੈ। ਮਹਾਤਮਾ ਗਾਂਧੀ ਨੂੰ ਜਿਸ ਘਰ ਵਿੱਚ ਨੱਥੂ ਰਾਮ ਗੌਂਡਸੇ ਨੇ ਗੋਲੀ ਮਾਰੀ ਸੀ ਦਹਾਕਿਆਂ ਤੋਂ ਉਸ ਨੂੰ ਵੀ ਸੰਭਾਲ ਲਿਆ ਗਿਆ ਹੈ। ਜਿੱਥੇ ਇੰਦਰਾ ਗਾਂਧੀ ਦਾ ਕਤਲ ਹੋਇਆ, ਉਸ ਸਰਕਾਰੀ ਘਰ ਨੂੰ ਵੀ ਸਮਾਰਕ ਦਾ ਦਰਜਾ ਦੇ ਦਿੱਤਾ ਗਿਆ, ਪਰ ਦਰਬਾਰ ਸਾਹਿਬ ਉਪਰ ਵੱਜੀਆਂ ਗੋਲੀਆਂ ਦੇ ਨਿਸ਼ਾਨ ਅਤੇ ਤੋਪਾਂ ਦੇ ਗੋਲਿਆਂ ਦੇ ਪਾੜ ਕਾਰ ਸੇਵਾ ਦਾ ਬਹਾਨਾ ਕਰਕੇ, ਸਿੱਖਾਂ ਨੇ ਖੁਦ ਮਿਟਾ ਦਿੱਤੇ ਹਨ। ਇਹ ਮੰਨਣਯੋਗ ਹੈ ਕਿ ਅਕਾਲ ਤਖਤ ਸਾਹਿਬ ਵਰਗੀ ਇਮਾਰਤ, ਜਿਹੜੀ ਗੁਰੂ ਸਾਹਿਬ ਦੇ ਹੱਥੀਂ ਵਰੋਸਾਈ ਸੰਸਥਾ ਹੈ, ਨੂੰ ਮੁੜ ਉਸਾਰਨਾ ਕੌਮ ਵਾਸਤੇ ਬੜਾ ਜ਼ਰੂਰੀ ਸੀ, ਪਰ ਤੇਜਾ ਸਿੰਘ ਸਮੁੰਦਰੀ ਹਾਲ ਸਮੇਤ ਕੁਝ ਬਿਲਡਿੰਗਾਂ ਦੇ ਖੰਡਰ ਸਾਨੂੰ ਜ਼ਰੂਰ ਸੰਭਾਲ ਕੇ ਰੱਖਣੇ ਚਾਹੀਦੇ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਨੂੰ ਅਤੇ ਭਾਰਤੀ ਹਕੂਮਤ ਦੀ ਬਦਨੀਤੀ ਨੂੰ ਅੱਖੀਂ ਦੇਖ ਸਕਦੀਆਂ।

ਹੁਣ ਗੱਲ ਨਿਸ਼ਾਨਾਂ ਦੀ ਵੀ ਨਹੀਂ ਰਹੀ, ਅੱਜ ਦਰਬਾਰ ਸਾਹਿਬ ਵਿਚੋਂ 6 ਜੂਨ ਦੇ ਸਾਕੇ ਦੀ ਯਾਦ ਮਨਾਉਣ ਤੋਂ ਵੀ ਮੁਨਕਰ ਹੋਇਆ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਹਮੇਸ਼ਾਂ ਹੀ ਉਸ ਜਗ•ਾ ਅਜਿਹਾ ਮਾਹੌਲ ਸਰਕਾਰੀ ਏਜੰਸੀਆਂ, ਸ਼੍ਰੋਮਣੀ ਕਮੇਟੀ ਅਤੇ ਹਕੂਮਤ ਕਰਦੇ ਅਕਾਲੀ ਦਲ ਰਾਹੀਂ ਪੈਦਾ ਕਰਦੀਆਂ ਹਨ ਕਿ ਅੰਦਰਲੇ ਪਾਸੇ ਇੰਝ ਮਹਿਸੂਸ ਹੋਵੇ ਕਿ ਦਰਬਾਰ ਸਾਹਿਬ ਵਿੱਚ ਸਿੱਖ ਕੋਈ ਝਗੜਾ ਕਰ ਰਹੇ ਹਨ ਅਤੇ ਇਹ ਗੱਲ ਪਿਛਲੇ ਸਾਲ ਤੋਂ ਉਸ ਸਮੇਂ ਸੋਲਾਂ ਆਨੇ ਸੱਚ ਹੋਈ, ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਕਿਰਪਾਨਾਂ ਅਤੇ ਛਵੀਆਂ ਲੈ ਕੇ, ਸਿੱਖਾਂ ਦਾ ਬਾਹਰ ਗਲੀਆਂ ਤੱਕ ਪਿੱਛਾ ਕਰ ਰਹੇ ਸਨ। ਇਹ ਬਹਾਨੇ ਲੈ ਕੇ ਸ਼੍ਰੋਮਣੀ ਕਮੇਟੀ ਜਿਹੜੀ ਕਿ ਇਸ ਵੇਲੇ ਆਰ.ਐਸ.ਐਸ. ਦੇ ਇੱਕ ਵਿੰਗ ਵਜੋਂ ਕੰਮ ਕਰਦੀ ਹੈ, ਸਿੱਖਾਂ ਨੂੰ 6 ਜੂਨ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਇਕੱਤਰ ਹੋਣ ਤੋਂ ਰੋਕਣਾ ਚਾਹੁੰਦੀ ਹੈ।

ਲੇਕਿਨ ਉਸ ਤੋਂ ਵੀ ਵੱਡਾ ਕਾਰਨਾਮਾ ਜੋ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਪਣੀ ਸੰਸਥਾ, ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿਓਂ ਧੁੰਮਾ ਕਰ ਰਹੇ ਹਨ, ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਐਲਾਨ ਕਰ ਦਿੱਤਾ ਹੈ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਹਾੜਾ ਚੌਂਕ ਮਹਿਤਾ ਵਿਖੇ ਮਨਾਇਆ ਜਾਵੇਗਾ। ਇਸ ਨਾਲ ਉਹ ਦਰਬਾਰ ਸਾਹਿਬ ਦੇ ਹਮਲੇ ਨਾਲੋਂ ਬਾਬਾ ਜਰਨੈਲ ਸਿੰਘ ਨੂੰ ਵੱਖ ਕਰਨਾ ਚਾਹੁੰਦੇ ਹਨ, ਜਦੋਂ ਕਿ ਭਿੰਡਰਾਂਵਾਲਿਆਂ ਦੀ ਸ਼ਹੀਦੀ ਚੌਂਕ ਮਹਿਤਾ ਵਿੱਚ ਨਹੀਂ ਹੋਈ, ਉਨ੍ਹਾਂ ਨੇ ਅਕਾਲ ਤਖਤ ਸਾਹਿਬ ਉਪਰ ਸ਼ਹੀਦੀ ਪਾਈ ਹੈ, ਫਿਰ ਬਾਬਾ ਹਰਨਾਮ ਸਿਓਂ ਨੂੰ ਕੀ ਹੱਕ ਹੈ ਕਿ ਉਹ ਇਸ ਦਿਹਾੜੇ ਨੂੰ ਦਰਬਾਰ ਸਾਹਿਬ ਤੋਂ ਹਟਾ ਕੇ ਚੌਕ ਮਹਿਤਾ ਵਿੱਚ ਮਨਾਉਣ ਦੀ ਪਿਰਤ ਪਾਵੇ। ਇਹੀ ਕੁਝ ਤਾਂ ਭਾਰਤੀ ਨਿਜ਼ਾਮ ਚਾਹੁੰਦਾ ਹੈ ਜਾਂ ਇੱਥੋਂ ਦੀਆਂ ਕੱਟੜਵਾਦੀ ਹਿੰਦੂ ਜਥੇਬੰਦੀਆਂ ਨੂੰ ਚੰਗਾ ਲੱਗਦਾ ਹੈ, ਜਿਹੜਾ ਅੱਜ ਦਮਦਮੀ ਟਕਸਾਲ ਕਰ ਰਹੀ ਹੈ।

ਇਸ ਵਿੱਚ ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਵੀ ਥੋੜ੍ਹੀ ਜਿਹੀ ਸਹਿਰਦਤਾ ਅਤੇ ਸਿੱਦਕ ਦਿਲੀ ਤੋਂ ਕੰਮ ਲੈਣਾ ਚਾਹੀਦਾ ਹੈ, ਜਿਹੜੀਆਂ ਸ਼ਰਧਾ ਨਾਲ ਉਥੇ ਜਾਂਦੀਆਂ ਹਨ ਕਿ ਜੇਕਰ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਵਾਲੇ ਹਾਲ ਨੂੰ ਟਾਸਕ ਫੋਰਸ ਜਾਂ ਆਪਣੇ ਮੁਲਾਜ਼ਮਾਂ ਨਾਲ ਭਰ ਕੇ ਬੈਠ ਜਾਂਦੀ ਹੈ ਤਾਂ ਸਾਨੂੰ ਪੌੜੀਆਂ ਵਿੱਚ ਬੈਠ ਕੇ ਸਬਰ ਕਰ ਲੈਣਾ ਚਾਹੀਦਾ ਹੈ, ਜਿਵੇਂ ਕਿਸੇ ਵੇਲੇ ਮਸੰਦਾਂ ਵੱਲੋਂ ਦਰਬਾਰ ਸਾਹਿਬ ਦੇ ਕਿਵਾੜ ਬੰਦ ਕਰ ਲੈਣ ਤੇ, ਦਰਸ਼ਨ ਕਰਨ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਹਰ ਬੈਠ ਕੇ ਹੀ ਸੀਸ ਨਿਵਾਉਣ ਵਿੱਚ ਭਲਾ ਸਮਝਿਆ ਸੀ। ਅੱਜ ਉੱਥੇ ਝਗੜਾ ਕਰਕੇ ਅਸੀਂ ਇਸ ਫੌਜੀ ਹਮਲੇ ਨੂੰ ਜਾਇਜ ਠਹਿਰਾਉਣ ਲਈ ਸਰਕਾਰ ਨੂੰ ਕੋਈ ਬਹਾਨਾ ਨਾ ਦਈਏ, ਜਿਸ ਨਾਲ ਕੌਮ ਦਾ ਜਲੂਸ ਵੀ ਨਿਕਲੇ ਅਤੇ ਇਤਿਹਾਸ ਦੇ ਪੰਨਿਆਂ ਉੱਤੇ ਕੌਮ ਦੋਸ਼ੀਆਂ ਦੀ ਕਤਾਰ ਵਿੱਚ ਖੜ੍ਹੀ ਨਜ਼ਰ ਆਵੇ।

ਸਮੂਹ ਸਿੱਖਾਂ ਨੂੰ ਇਸ ਮਸਲੇ ਉੱਤੇ ਸੰਜਮ ਅਤੇ ਪੰਥਕ ਜੁਗਤ ਵਿੱਚ ਰਹਿੰਦਿਆਂ, ਗੁਰੂ ਸਾਹਿਬ ਦੀ ਕਿਰਪਾ ਅਤੇ ਹਮਲੇ ਦੀ ਭਿੰਅਕਰਤਾ ਨੂੰ ਧਿਆਨ ਵਿੱਚ ਰੱਖਦਿਆਂ, ਸਾਨੂੰ ਇਸ ਦਿਨ ਨੂੰ ਬੜੇ ਹੀ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ ਅਤੇ ਇਹ ਸਮਾਗਮ ਕੇਵਲ ਇੱਕ ਦਿਨ ਦਾ ਹੋ ਹੱਲੇ ਵਾਲਾ ਜਾਂ ਅਰਦਾਸ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਹਰ ਸਾਲ 3 ਜੂਨ ਤੋਂ ਲੈ ਕੇ 6 ਜੂਨ ਤੱਕ ਨਿਰੰਤਰ ਦਰਬਾਰ ਸਾਹਿਬ ਵਿੱਚ ਇਹ ਸਮਾਗਮ ਚੱਲਣੇ ਚਾਹੀਦੇ ਹਨ। 3 ਜੂਨ ਨੂੰ ਪੂਰੇ ਪੰਜਾਬ ਵਿਚੋਂ ਵੱਖ-ਵੱਖ ਥਾਵਾਂ ਤੋਂ ਸ਼ਹੀਦੀ ਮਾਰਚ, ਖਾਸ ਕਰਕੇ ਉਨ੍ਹਾਂ ਗੁਰਦੁਆਰਾ ਸਾਹਿਬਾਨਾਂ ਤੋਂ ਜਿੰਨਾਂ ਉੱਤੇ ਫੌਜ ਨੇ ਹਮਲਾ ਕੀਤਾ ਸੀ ਜਾਂ ਉਨ੍ਹਾਂ ਪਰਿਵਾਰਾਂ ਦੇ ਨਗਰਾਂ ਤੋਂ ਜਿਹੜੇ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਹਨ, ਦਰਬਾਰ ਸਾਹਿਬ ਆਉਣੇ ਚਾਹੀਦੇ ਹਨ।

4 ਜੂਨ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ-ਨਾਲ, ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਨੂੰ, ਪੰਥਕ ਵਿਚਾਰਾਂ ਕਰਨ ਲਈ ਅਤੇ ਇਸ ਹਮਲੇ ਦੀ ਅਸਲੀਅਤ ਬਿਆਨ ਕਰਨ ਅਤੇ ਤੱਥਾਂ ਨੂੰ ਜਾਨਣ ਜਾਂ ਸਮਝਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਰਾਤ ਨੂੰ ਹਰ ਰੋਜ਼ ਢਾਡੀ ਦਰਬਾਰ ਹੋਣੇ ਚਾਹੀਦੇ ਹਨ, ਜਿਸ ਵਿੱਚ ਕੌਮੀ ਦਰਦ ਅਤੇ ਬੀਰ ਰਸ ਦੀਆਂ ਵਾਰਾਂ ਗਾਇਣ ਕਰਨੀਆਂ ਚਾਹੀਦੀਆਂ ਹਨ। ਅਖੀਰਲੇ ਦਿਨ ਅਕਾਲ ਤਖਤ ਸਾਹਿਬ ਉਪਰ 6 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੇਵਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੀ ਅਰਦਾਸ ਹੋਣੀ ਚਾਹੀਦੀ ਹੈ ਤੇ ਉੱਥੇ ਜੁੜ੍ਹਣ ਵਾਲੀਆਂ ਸੰਗਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਨਹੀਂ, ਸਗੋਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਜਾਂ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੀ ਤਰਜ਼ 'ਤੇ ਸਾਨੂੰ ਉੱਥੇ ਇਕੱਤਰ ਹੋਣਾ ਚਾਹੀਦਾ ਹੈ ਤਾਂ ਕਿ ਸਿਰਫ ਭਾਰਤੀ ਹਕੂਮਤ ਨੂੰ ਨਹੀਂ, ਸਗੋਂ ਅਵਾਮ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜੋ ਕੁਝ ਜੂਨ 84 ਵਿੱਚ ਭਾਰਤੀ ਹਕੂਮਤ ਨੇ ਕੀਤਾ ਸੀ, ਉਹ ਮਨੁੱਖਤਾ ਦਾ ਕਤਲ, ਸਿੱਖਾਂ ਦੇ ਧਰਮ ਤੇ ਵੱਡਾ ਹਮਲਾ ਅਤੇ ਦਰਬਾਰ ਸਾਹਿਬ ਵਰਗੇ ਰੂਹਾਨੀ ਸਰੋਤ, ਜਿਹੜਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ, ਨੂੰ ਨੇਸਤੋ ਨਬੂਦ ਕਰਨ ਦੀ ਇੱਕ ਸਾਜਿਸ਼ ਸੀ।

ਜਿਸ ਨੂੰ ਸਿੱਖ ਕਦੇ ਪ੍ਰਵਾਨ ਨਹੀਂ ਕਰਦੇ ਅਤੇ ਇਹ ਉਹ ਇਤਿਹਾਸ ਦਾ ਖੂਨੀ ਪੱਤਰਾ ਹੈ ਜਿਸ ਨੂੰ ਪਰਤਦਿਆਂ ਜੂਨ ਦੇ ਮਹੀਨੇ ਦੀ ਤਪਸ਼ ਨਾਲੋਂ ਵੱਧ ਗਰਮੀ ਸਿੱਖਾਂ ਦੇ ਖੂਨ ਵਿੱਚ ਪੈਦਾ ਹੁੰਦੀ ਹੈ। ਸੋ ਆਓ ਰਲ ਕੇ ਯਤਨ ਕਰੀਏ, ਇਤਿਹਾਸ ਨੂੰ ਟੁੱਟਣ ਤੋਂ ਬਚਾਈਏ ਅਤੇ ਚੁੱਪ ਚੁਪੀਤੇ ਬਰੀ ਹੋਣ ਦੀ ਤਾਕ ਵਿੱਚ ਬੈਠੀ ਭਾਰਤੀ ਹਕੂਮਤ ਨੂੰ, ਸਦਾ ਸੰਗਤ ਦੇ ਕਟਿਹੜੇ ਵਿੱਚ ਖੜ੍ਹਾ ਰੱਖੀਏ ਤਾਂ ਕਿ ਜਦੋਂ ਤੱਕ ਦੁਨੀਆਂ ਰਹੇਗੀ, ਉਦੋਂ ਤੱਕ ਭਾਰਤੀ ਨਜ਼ਾਮ ਨੂੰ ਇਸ ਹਮਲੇ ਪਿੱਛੇ ਜੂਨ ਮਹੀਨੇ ਆਪਣੇ ਮੂੰਹ ਤੇ ਕਾਲਖ ਮਲ ਕੇ ਪਛਤਾਵਾ ਕਰਨਾ ਪਵੇ। ਇਸ ਵਾਸਤੇ ਗੁਰੂ ਦਾ ਵਾਸਤਾ ਹੈ ਕਿ ਬਾਕੀ ਸਭ ਕੁਝ ਖਤਮ ਕਰ ਦਿੱਤਾ ਗਿਆ ਹੈ, ਹੁਣ ਇਸ ਦਿਨ ਨੂੰ ਲੀਰੋ ਲੀਰ ਕਰਨ ਤੋਂ ਤੋਬਾ ਕਰਕੇ ਤੇ ਇਸ ਦਿਨ ਨੂੰ ਦਰਬਾਰ ਸਾਹਿਬ ਵਿਖ ਅਕਾਲ ਤਖਤ ਸਾਹਿਬ ਉਪਰ ਹੀ ਮਨਾਉਣਾ ਉਚਿਤ ਹੋਵੇਗਾ। ਗੁਰੂ ਰਾਖਾ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top