Share on Facebook

Main News Page

ਸ਼੍ਰੋਮਣੀ ਕਮੇਟੀ ਤੇ ਘੰਟਾ ਘਰ ਵਾਲੇ ਪਾਸੇ ਵਾਲੇ ਦੁਕਾਨਦਾਰ ਆਹਮੋ ਸਾਮਹਣੇ , ਕਿਸੇ ਵੇਲੇ ਵੀ ਕੋਈ ਵਾਪਰ ਸਕਦੀ ਅਣ ਸੁਖਾਵੀਂ ਘਟਨਾ

- ਸਰਕਾਰ ਲਈ ਬਣੇਗੀ ਸਿਰਦਰਦੀ

ਅੰਮ੍ਰਿਤਸਰ 1 ਜੂਨ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆ ਵੱਲੋ ਯਾਦਗਾਰੀ ਵਸਤਾਂ ਖਰੀਦਣ ਲਈ ਗੁਰੂ ਸਾਹਿਬ ਨੇ ਖੁਦ ਇੱਕ ਗੁਰੂ ਬਜ਼ਾਰ ਦੀ ਨੀਂਹ ਪੱਥਰ ਰੱਖਿਆ ਸੀ ਤੇ ਅੱਜ ਵੀ ਇਸ ਬਜ਼ਾਰ ਦਾ ਕੁਝ ਹਿੱਸਾ ਇਤਿਹਾਸ ਦੀ ਗਵਾਹੀ ਭਰਦਾ ਹੈ ਜਦ ਕਿ ਇਸ ਬਜ਼ਾਰ ਦਾ ਬਹੁਤਾ ਹਿੱਸਾ ਸਾਕਾ ਕਾਲੀ ਗਰਜ਼ ਤੋ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸੁੰਦਰੀਕਰਨ ਦੇ ਨਾਮ 'ਤੇ ਢਾਹ ਦਿੱਤਾ ਗਿਆ ਤੇ ਉਸ ਨੂੰ ਗਲਿਆਰੇ ਦਾ ਨਾਮ ਦਿੱਤਾ ਗਿਆ।

ਅੱਜ ਤੱਕ ਕਰੀਬ ਇੱਕ ਸਦੀ ਪਹਿਲਾਂ ਘੰਟਾ ਘਰ ਵਾਲੇ ਪਾਸੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਦੁਕਾਨਾਂ ਦੀ ਉਸਾਰੀ ਕੀਤੀ ਸੀ ਤੇ ਉਹ ਦੁਕਾਨਾਂ ਕਿਰਾਏ ਤੇ ਦਿੱਤੀਆ ਗਈਆ ਸਨ ਜਿਹਨਾਂ ਦਾ ਬੜਾ ਵਾਜਬ ਕਿਰਾਇਆ ਲਿਆ ਜਾਂਦਾ ਹੈ। ਇਹਨਾਂ ਦੁਕਾਨਾਂਦਾਰਾਂ ਨੂੰ ਹੁਣ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋ ਉਜਾੜਨ ਦਾ ਮਨਸੂਬਾ ਬਣਾਇਆ ਜਾ ਰਿਹਾ ਹੈ ਤੇ ਵਿਕਾਸ ਦੇ ਨਾਮ 'ਤੇ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵੱਲੋ ‘‘ਪਿੱਕ ਐਂਡ ਚੂਜ ’’ਦੀ ਨੀਤੀ ਤਹਿਤ ਦੁਕਾਨਾਂ ਕਿਰਾਏ ਤੇ ਦਿੱਤੀਆ ਜਾ ਰਹੀਆ ਹਨ ਤਾਂ ਕਿ ਸ਼੍ਰੋਮਣੀ ਕਮੇਟੀ ਦੀਆ ਦੁਕਾਨਾਂ ਖਾਲੀ ਕਰਵਾਈਆ ਜਾ ਸਕਣ। ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਹੁਣ ਦੁਕਾਨਾਦਾਰਾਂ ਨੂੰ ਮਾਨਸਿਕ ਤੌਰ ‘ਤੇ ਤੰਗ ਪਰੇਸ਼ਾਨ ਕਰਨ ਲਈ ਜੰਗਲੇ ਢਾਉਣ ਦੇ ਨਾਮ ਹੇਠ ਕਿਰਾਏਦਾਰਾਂ ਦੀਆ ਦੁਕਾਨਾਂ ਅੱਗੇ ਸਟਰਿੰਗ ਕਰ ਦਿੱਤੀ ਗਈ ਹੈ ਤਾਂ ਕਿ ਮਜਬੂਰ ਹੋ ਕੇ ਉਹ ਆਪਣੀਆ ਦੁਕਾਨਾਂ ਖੁਦ ਹੀ ਖਾਲੀ ਕਰ ਜਾਣ। ਸ਼੍ਰੋਮਣੀ ਕਮੇਟੀ ਦੀ ਅਜਿਹੀ ਬੁਰਛਾਗਰਦੀ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਕਾਫੀ ਬੇਚੈਨੀ ਮਹਿਸੂਸ ਕਰ ਰਹੇ ਹਨ।

ਕੁਝ ਦੁਕਾਨਦਾਰਾਂ ਨੇ ਆਪਣੇ ਨਾਮ ਗੁਪਤ ਰੱਖਦਿਆ ਦੱਸਿਆ ਕਿ ਗੁਰੂ ਸਾਹਿਬ ਨੇ ਤਾਂ ਬਾਹਰੋ ਲੋਕਾਂ ਨੂੰ ਲਿਆ ਕੇ ਚਾਰ ਸਦੀਆ ਪਹਿਲਾਂ ਵਸਾਇਆ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਅਕਾਲੀ ਸਰਕਾਰ ਵਸਾਏ ਲੋਕਾਂ ਨੂੰ ਉਜਾੜ ਰਹੀ ਹੈ। ਉਹਨਾਂ ਕਿਹਾ ਕਿ ਜਿਹੜੀਆ ਨਵੀਆ ਦੁਕਾਨਾਂ ਸਰਕਾਰ ਵੱਲੋ ਉਹਨਾਂ ਨੂੰ ਅਲਾਟ ਕੀਤੀਆ ਗਈਆ ਹਨ ਉਹ ਵੀ ਆਪਣਿਆ ਨੂੰ ਉਹਨਾਂ ਦੀ ਮਨ ਪਸੰਦ ਤੇ ਦੂਜਿਆ ਨੂੰ ਦੁਕਾਨਾਂ ਛੋਟੀਆ ਦਿੱਤੀਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਜਿਹੜੀ ਦੁਕਾਨ ਦਾ 20 ਫੁੱਟ ਮੱਥਾ ਹੈ ਉਸ ਨੂੰ ਦੂਸਰੇ ਪਾਸੇ ਦਿੱਤੀ ਗਈ ਨਵੀ ਦੁਕਾਨ ਦਾ ਮੱਥਾ ਸਿਰਫ 16 ਫੁੱਟ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਪਹਿਲਾਂ ਉਹਨਾਂ ਨੂੰ ਦੁਕਾਨਾਂ ਉਸ ਸਾਈਜ਼ ਦੀਆ ਦਿੱਤੀਆ ਜਾਣ ਤੇ ਫਿਰ ਉਹਨਾਂ ਨੂੰ ਨਵੇਂ ਸਿਰੇ ਤੋ ਦੁਕਾਨ ਤਿਆਰ ਕਰਨ ਦਾ ਪੰਜ ਲੱਖ ਰੁਪਈਆ ਮੁਆਵਜਾ ਦਿੱਤਾ ਜਾਵੇ ਅਤੇ ਜਿੰਨਾ ਚਿਰ ਤੱਕ ਦੁਕਾਨ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੀ ਉਨਾ ਚਿਰ ਤੱਕ ਉਸ ਨੂੰ ਦੁਕਾਨ ਵਿੱਚੋ ਕੱਢਿਆ ਨਾ ਜਾਵੇ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਨੂੰ 1800 ਰੁਪਏ ਕਿਰਾਇਆ ਦਿੰਦੇ ਹਨ ਤੇ ਨਵੀ ਜਗ੍ਰਾ ਤੇ ਜਾ ਕੇ ਵੀ ਨੌ ਹਜਾਰ ਨਹੀਂ ਸਗੋ 1800 ਹੀ ਅਦਾ ਕਰਨਗੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਤਿੰਨ ਅਦਾਲਤ ਵਿੱਚ ਕੇਸ ਵੀ ਚੱਲਦੇ ਹਨ ਉਹਨਾਂ ਦਾ ਜਿੰਨਾ ਚਿਰ ਤੱਕ ਨਿਪਟਾਰਾ ਨਹੀਂ ਹੋ ਜਾਂਦਾ ਉਨਾ ਚਿਰ ਤੱਕ ਕਿਸੇ ਵੀ ਦੁਕਾਨਦਾਰ ਨੂੰ ਦੁਕਾਨ ਤਬਦੀਲ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਕਿਉਕਿ ਅਦਾਲਤ ਦਾ ਫੈਸਲਾ ਕੁਝ ਵੀ ਆ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਭਲੇ ਹੀ ਉਹਨਾਂ ਨੂੰ ਜਿੰਨਾ ਮਰਜ਼ੀ ਤੰਗ ਪਰੇਸ਼ਾਨ ਕਰੇ ਉਹਨਾਂ ਦੀਆ ਦੁਕਾਨਾਂ ਦੇ ਅੱਗੇ ਬੈਰੀਕੇਡ ਲਗਾ ਦੇਵੇ ਪਰ ਉਹ ਦੁਕਾਨਾਂ ਉਸ ਵੇਲੇ ਤੱਕ ਖਾਲੀ ਨਹੀਂ ਕਰਨਗੇ ਜਿੰਨਾ ਚਿਰ ਤੱਕ ਉਹਨਾਂ ਦੀਆ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਲਿਆ ਜਾਂਦਾ।

ਦੂਸਰੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰੀ ਪਰਤਾਪ ਸਿੰਘ ਨੂੰ ਜਦੋ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਦੁਕਾਨਦਾਰਾਂ ਦੇ ਬਦਲਵੇ ਪ੍ਰਬੰਧ ਕਰ ਦਿੱਤੇ ਹਨ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਮਾਰਤ ਦੀ ਮੁਰੰਮਤ ਕਰਨ ਲਈ ਉਹਨਾਂ ਵੱਲੋ ਬੈਰੀਕੇਡ ਲਗਾਏ ਗਏ ਹਨ। ਉਹਨਾਂ ਕਿਹਾ ਕਿ ਜਲਦੀ ਹੀ ਇਹਨਾਂ ਨੂੰ ਚਿੱਠੀਆ ਕੱਢ ਕੇ ਤੁਰੰਤ ਦੁਕਾਨਾਂ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਜਾਣਗੇ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਮਾਮਲੇ ਨੂੰ ਲੈ ਕੇ ਤਿੰਨ ਅਦਾਲਤ ਵਿੱਚ ਕੇਸ ਚੱਲਦੇ ਹਨ ਤਾਂ ਉਹਨਾਂ ਨੇ ਤੈਸ਼ ਵਿੱਚ ਆਉਦਿਆ ਕਿਹਾ ਕਿ ਤਿੰਨ ਹੀ ਚੱਲਦੇ ਹਨ ਬਾਕੀ ਤੁਰੰਤ ਖਾਲੀ ਕਰਨ ਤੇ ਨਾਲ ਹੀ ਟੈਲੀਫੂਨ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਜਿਸ ਤੋ ਸਪੱਸ਼ਟ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਅਗਲੇ ਕੁਝ ਦਿਨਾਂ ਦੇ ਅੰਦਰ ਅੰਦਰ ਕੋਈ ਨਵੀ ਲੀਲਾ ਪਾ ਸਕਦੀ ਹੈ ਜਿਹੜੀ ਪੰਥ ਦੇ ਹਿੱਤ ਵਿੱਚ ਨਹੀਂ ਹੋਵੇਗੀ।

ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਸਕੱਤਰ ਸ੍ਰ ਮਨਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਹਿਕਮਾ ਰੂਪ ਸਿੰਘ ਕੋਲ ਹੈ ਤੇ ਉਹ ਜਵਾਬ ਦੇਣਗੇ। ਰੂਪ ਸਿੰਘ ਨਾਲ ਜਦੋ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਦਲਜੀਤ ਸਿੰਘ ਬੇਦੀ ਜਵਾਬ ਦੇਣਗੇ ਕਿਉਕਿ ਮੀਡੀਆ ਨੂੰ ਉਹ ਹੀ ਵੇਖਦੇ ਹਨ। ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਮੈਨੇਜਰ ਦਰਬਾਰ ਸਾਹਿਬ ਨਾਲ ਗੱਲਬਾਤ ਕਰਨ ਉਪਰੰਤ ਹੀ ਕੋਈ ਟਿੱਪਣੀ ਕਰ ਸਕਦੇ ਹਨ। ਕੁਲ ਮਿਲਾ ਕੇ ਕੋਈ ਵੀ ਅਧਿਕਾਰੀ ਆਪਣੀ ਬਣਦੀ ਜਿੰਮੇਵਾਰੀ ਨੂੰ ਸਮਝਦਿਆ ਇਸ ਸਬੰਧੀ ਜਵਾਬ ਦੇਣ ਲਈ ਤਿਆਰ ਨਹੀਂ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਫੋਨ ਨਹੀਂ ਉਠਾਇਆ ਜਿਹਨਾਂ ਬਾਰੇ ਜਾਣਕਾਰੀ ਹੈ ਕਿ ਉਹ ਦੀ ਸਿਹਤ ਨਿਰਸ ਪਾਈ ਜਾ ਰਹੀ ਹੈ। ਜੇਕਰ ਦੁਕਾਨਦਾਰਾਂ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਕੋਈ ਟਕਰਾ ਹੁੰਦਾ ਹੈ ਤਾਂ ਵੀ ਸਰਕਾਰ ਲਈ ਦੂਸਰਾ ਔਰਬਿੱਟ ਕਾਂਡ ਹੋਵੇਗਾ ਜਿਹੜਾ ਸਰਕਾਰ ਲਈ ਨਵੀ ਸਿਰਦਰਦੀ ਪੈਦਾ ਕਰੇਗਾ ਤੇ ਵਿਰੋਧੀ ਧਿਰ ਨੂੰ ਕਿ ਵਾਰੀ ਫਿਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜਾਰੀ ਦੇ ਖਿਲਾਫ ਰੌਲਾ ਪਾਉਣ ਦਾ ਮੌਕਾ ਮਿਲ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top