ਪਰਾਏ
ਘਰ ਦੀ ਚਾਬੀ ਆਪਣੇ ਕੋਲ ਨਹੀਂ ਹੋਂਦੀ, ਪਰਾਏ ਘਰ ਵਿੱਚ ਘਰ ਦੇ ਮਾਲਕ ਦੀ ਮਰਜ਼ੀ ਨਾਲ ਹੀ
ਰਹਿਣਾ ਪੈਂਦਾ ਹੈ। ਰਾਜ ਮਿਸਤਰੀ ਪਰਾਇਆ ਘਰ ਉਸਾਰਦੇ ਨੇ, ਪਰ ਰਾਜ ਮਿਸਤਰੀ ਬਣ ਕੇ ਦਿਨ
ਰਾਤ ਦੀ ਮੇਹਨਤ ਨਾਲ ਉਸਾਰੇ ਹੋਏ ਘਰ ਨੂੰ ਕਦੀ ਅਪਣਾ ਘਰ ਨਹੀਂ ਮੰਨਦੇ, ਘਰ ਉਸਾਰ ਕੇ ਚਾਬੀ
ਮਾਲਕ ਨੂੰ ਦੇ ਦੇਂਦੇ ਹਨ। ਤੁਸੀਂ ਕਿੰਨੇ ਭੋਲੇ ਹੋ, ਰਾਜ ਮਿਸਤਰੀ ਵਾਂਗੂੰ ।ਘਾਲਣਾ॥
ਕੁਰਬਾਨੀਆਂ ਨਾਲ ਘਰ ਬਣਾ ਕੇ, ਚਾਬੀ ਮਾਲਕਾਂ ਨੂੰ ਸੌਂਪ ਦਿੱਤੀ, ਹੁਣ ਇਸ ਘਰ ਨੂੰ ਉਸਾਰਨ
ਵਿਚ ਕੀਤੀਆਂ ਕੁਬਾਨੀਆਂ ਹੀ ਗਿਣੀ ਜਾਂਦੇ ਹੋ?
ਭੋਲਿਓ, ਘਰ ਉਸਾਰਨ ਵਿੱਚ ਕੀਤੀ ਮੇਹਨਤ ਤੇ ਕੁਰਬਾਨੀ ਨਾਲ ਕਦੀ ਘਰ ਆਪਣਾ ਨਹੀਂ ਬਣ ਜਾਂਦਾ।
ਤੁਸੀਂ ਦੇਖਦੇ ਹੋ, ਦੂਜਿਆਂ ਦੇ ਵੱਡੇ ਵੱਡੇ ਮਹੱਲ ਉਸਾਰਨ ਵਾਲਾ ਰਾਜ ਮਿਸਤਰੀ, ਆਪਣੇ ਛੋਟੇ
ਜਿਹੇ ਘਰ ਵਿੱਚ ਰਹਿੰਦਾ ਹੈ, ਜਿਹੜਾ ਘਰ ਉਸਦਾ ਆਪਣਾ ਹੈ, ਜਿਸਦੀ ਚਾਬੀ ਉਸ ਕੋਲ ਹੈ।
ਦੂਜੀ ਗੱਲ, ਇੱਟ ਇੱਟ ਜੁੜਦੀ
ਹੈ, ਤਾਂ ਘਰ ਬਣਦਾ ਹੈ। ਇੱਟ ਇੱਟ ਨੂੰ ਜੋੜਨ ਲਈ ਇਕੋ ਮਿਕਦਾਰ ਦੇ ਸ਼ਕਤੀ ਸ਼ਾਲੀ ਸੀਮਿੰਟ (ਮਸਾਲੇ)
ਦੀ ਵਰਤੋਂ ਹੋਂਦੀ ਹੈ, ਇਉਂ ਜੋੜਨ ਹਾਰੇ (ਇਕੋ ਇਕ ਗੁਰੂ ਸਿਧਾਂਤ) ਸੀਮਿੰਟ ਦੀ ਓਟ ਲੈ
ਕੇ, ਹਰ ਇੱਕ ਇੱਟ ਨੂੰ ਇੱਕ ਦੂਜੇ ਨਾਲ ਜੁੜਨਾ ਪੈਂਦਾ ਹੈ। ਰਾਜ ਮਿਸਤਰੀ ਅਪਣੀ ਸਾ੍ਹਲ ਤੇ
ਸੂਤ ਦੀ ਵਰਤੋਂ ਨਾਲ, ਇਹ ਭੀ ਪਰਖ ਕਰਦਾ ਰਹਿੰਦਾ ਹੈ ਕਿ ਹਰ ਇੱਟ ਦੀ ਸੇਧ ਠੀਕ ਇਕ ਹੀ
ਹੈ, ਕਿਤੇ ਕੋਈ ਇੱਟ ਇੱਕ ਸੇਧ ਛੱਡ ਕੇ ਬਾਹਰ ਤਾਂ ਨਹੀਂ ਨਿਕਲ ਰਹੀ।
ਅਸੀਂ ਸਾਲ ਤੇ ਸੂਤ ਭੀ ਗੁਆ ਬੈਠੇ ਹਾਂ, ਇਉਂ ਕੁੱਛ ਇਟਾਂ ਦੇ
ਇਕ ਸੇਧ ਛੱਡਣ ਨਾਲ, ਘਰ ਦੀ ਦੀਵਾਰ ਢਹਿ ਜਾਂਦੀ ਹੈ ਅਤੇ ਘਰ ਟੁੱਟ ਕੇ ਇੱਟ ਇੱਟ ਹੋ ਜਾਂਦਾ
ਹੈ।
ਯਾਦ ਰੱਖੋ ਇੱਟ ਇੱਕ ਦੂਜੇ ਦਾ ਸਿਰ ਪਾੜ ਸਕਦੀ ਹੈ, ਕਈ ਵਾਰ ਕੋਈ ਇੱਟ ਦਾ ਜਵਾਬ ਪੱਥਰ
ਨਾਲ ਭੀ ਦੇ ਜਾਂਦਾ ਹੈ। ਪਰ ਵਿਸ਼ਵਾਸ਼ ਕਰੋ, ਵੱਖ ਵੱਖ ਹੋਈ ਇੱਟ
ਕਦੀ ਘਰ ਨਹੀਂ ਹੋਂਦੀ।