Share on Facebook

Main News Page

ਜੂਨ 1984 ਦੇ ਤਿੰਨ ਜਰਨੈਲ, ਦੋ ਨਾਇਕ ਤੇ ਇੱਕ ਖਲਨਾਇਕ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਵੇਂ ਅਜੋਕੇ ਜੁਗ ਦੇ ਆਜ਼ਾਦ ਮੁਲਕਾਂ ਵਿਚਲੀ ਫੌਜ ਜਾਂ ਪਿਛੋਕੜ ਵਿਚਲੇ ਰਾਜੇ ਮਹਾਰਾਜਿਆਂ ਦੇ ਕਾਲ ਨੂੰ ਦੇਖੀਏ ਤਾਂ ਹਰ ਥਾਂ ਇਤਹਾਸ ਵਿਚੋਂ ਕੁਝ ਜਰਨੈਲਾ ਦੇ ਨਾਂ ਸਾਹਮਣੇ ਆਉਂਦੇ ਹਨ, ਪਰ ਜਦੋਂ ਉਹਨਾਂ ਦੇ ਜੀਵਨ ਜਾਂ ਕਾਰਜਸੈਲੀ ਨੂੰ ਘੋਖੀਏ ਤਾਂ ਫਿਰ ਉਹਨਾਂ ਵੱਲੋ ਨਿਭਾਏ ਕਿਰਦਾਰ ਦੀ ਸਮਝ ਪੈਂਦੀ ਹੈ, ਜਿਸ ਨਾਲ ਉਹਨਾਂ ਦੀ ਸਫਲਤਾਂ ਜਾਂ ਅਸਫਲਤਾ ਦਾ ਲੇਖਾ ਜੋਖਾ ਕੀਤਾ ਜਾ ਸਕਦਾ ਹੈ। ਸਾਰੇ ਇਤਿਹਾਸ ਨੂੰ ਇਕ ਛੋਟੇ ਜਿਹੇ ਲੇਖ ਵਿੱਚ ਬਿਆਨ ਕਰਨਾ ਤਾਂ ਸੰਭਵ ਨਹੀਂ, ਪਰ ਹੁਣੇ ਜਿਹੇ ਨਵੇਂ ਇਤਿਹਾਸ ਵਿੱਚ ਤਿੰਨ ਜਰਨੈਲਾਂ ਦੀ ਕਾਰਜਸੈਲੀ ਨੂੰ ਵੇਖੀਏ ਤਾਂ ਬਹੁਤ ਕੁਝ ਆਪਣੇ ਆਪ ਸਮਝ ਵਿਚ ਆ ਜਾਂਦਾ ਹੈ।

ਅੱਜ ਤੋਂ ਇਕੱਤੀ ਵਰੇ ਪਹਿਲਾਂ ਜੂਨ ਮਹੀਨੇ ਤੇ ਪਹਿਲੇ ਹਫਤੇ 1984 ਵਿੱਚ ਦਰਬਾਰ ਸਾਹਿਬ ਉੱਤੇ ਭਾਰਤੀ ਨਿਜਾਮ ਨੇ ਫੌਜੀ ਹਮਲਾ ਕੀਤਾ ਸੀ. ਜਿਸ ਵਿੱਚ ਬੇਸੱਕ ਬਹੁਤ ਸਾਰੇ ਸਿਆਸਤਦਾਨ ਅਤੇ ਫੌਜੀ ਅਫਸਰ ਜਾਂ ਜਵਾਨ ਸਾਮਿਲ ਸਨ, ਪਰ ਇਹਨਾਂ ਵਿਚੋਂ ਤਿੰਨ ਜਰਨੈਲ ਵੀ ਸਨ, ਜਿਨ੍ਹਾਂ ਨੇ ਆਪਣਾ ਆਪਣਾ ਕਿਰਦਾਰ ਨਿਭਾਅ ਕੇ ਇਤਿਹਾਸ ਵਿੱਚ ਨਾਇਕ ਅਤੇ ਖਲਨਾਇਕ ਦੀ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਜਿਕਰ ਕਰਦੇ ਹਾਂ ਕਿ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋ ਕੀਤਾ ਗਿਆ ਹਮਲਾ ਕੋਈ ਅਚਾਨਕ ਕੀਤੀ ਗਈ ਕਾਰਵਾਈ ਨਹੀਂ ਸੀ ਸਗੋ ਪਿਛਲੇ ਲੰਬੇ ਸਮੇਂ ਤੋ ਇਸਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਸੀ।

ਸਭ ਤੋਂ ਪਹਿਲਾਂ ਜਿਸ ਵੇਲੇ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੂੰ ਅੰਜਾਮ ਦੇਣ ਵਾਸਤੇ ਭਾਰਤੀ ਫੌਜ ਦੇ ਜਰਨਲ ਸ੍ਰੀ ਸਿਰੀਨਿਵਾਸ ਕੁਮਾਰ ਸਿਨਹਾ ਨੂੰ ਸੰਦੇਸ ਭੇਜਿਆ ਤਾਂ 1926 ਵਿੱਚ ਬਿਹਾਰ ਦੇ ਪਹਿਲੇ ਪੁਲਿਸ ਮੁਖੀ ਸ੍ਰੀ ਮਿਥਲੇਸ ਕੁਮਾਰ ਸਿਨਹਾ ਦੇ ਘਰ, ਪਟਨਾ ਸਾਹਿਬ ਵਿਖੇ ਜਨਮੇ ਅਤੇ 1953 ਵਿੱਚ ਭਾਰਤੀ ਫੌਜ ਵਿੱਚ ਬਤੌਰ ਇਕ ਅਫਸਰ ਬਣੇ, ਇਸ ਬਹਾਦਰ ਜਰਨੈਲ ਨੇ ਦੇਸ ਦੇ ਰੱਖਿਆ ਮੰਤਰੀ ਨੂੰ ਇਹ ਕਿਹਾ ਕਿ ਅਸੂਲ ਅਨੁਸਾਰ ਮੈਂ ਤੁਹਾਨੂੰ ਇਹ ਬੇਨਤੀ ਕਰਦਾਂ ਹਾਂ ਕਿ ਇਕ ਵਾਰ ਦੇਸ ਦੀ ਪ੍ਰਧਾਨ ਮੰਤਰੀ ਨੂੰ ਸਲਾਹ ਦਿਉ ਕਿ ਉਹ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੇ ਫੈਸਲੇ ਉੱਤੇ ਮੁੜ ਤੋਂ ਵਿਚਾਰ ਕਰੇ ਕਿਉਂਕਿ ਅਜਿਹਾ ਕਰਨ ਨਾਲ ਭਾਰਤੀ ਫੌਜ ਦੇ ਸਾਰੇ ਸਿੱਖ ਜਵਾਨਾ ਅਤੇ ਅਫਸਰਾਂ ਦੇ ਮਨ ਉੱਤੇ ਅਤਿ ਮਾੜਾ ਪ੍ਰਭਾਵ ਪਵੇਗਾ ਅਤੇ ਉਹਨਾਂ ਦਾ ਦੇਸ ਦੇ ਸਵਿਧਾਨਿਕ ਕਾਨੂੰਨ ਤੋਂ ਪੂਰੀ ਤਰਾਂ ਭਰੋਸਾ ਚੁੱਕਿਆ ਜਾਵੇਗਾ। ਕਿਉਂਕਿ ਜਿਸ ਇਸਟ ਦੀ ਕਸਮ ਖਾ ਕੇ ਉਹ ਭਾਰਤ ਦੀ ਰੱਖਿਆ ਲਈ ਲੜਦੇ ਹਨ, ਜਦੋ ਉਸ ਉੱਤੇ ਹਮਲਾ ਹੋ ਗਿਆ ਤਾਂ ਉਹਨਾਂ ਦੀ ਮਾਨਸਿਕਤਾ ਜਾਂ ਜਜਬਾਤ ਕਾਬੂ ਵਿੱਚ ਰਹਿਣੇ ਨਾਮੁਮਕਿਨ ਜਾਪਦੇ ਹਨ। ਜਨਰਲ ਐਸ.ਕੇ ਸਿਨਹਾ ਨੇ ਕਿਹਾ ਕਿ ਘੱਟੋ ਘੱਟ ਅਜਿਹੀ ਗਲਤੀ ਮੇਰੀ ਕਮਾਂਡ ਵਿੱਚ ਨਹੀਂ ਹੋ ਸਕਦੀ। ਪਾਠਕਾਂ ਦੇ ਗਿਆਤ ਲਈ ਦੱਸਣਾ ਜਰੂਰੀ ਹੈ ਕਿ ਪਟਨਾ ਸਾਹਿਬ ਦੀ ਉਹ ਧਰਤੀ ਜਿੱਥੇ ਦਸਮੇਸ਼ ਜੀ ਨੇ ਜਨਮ ਲਿਆ ਸੀ ਤੇ ਜਨਰਲ ਸਿਨਹਾ ਨੇ ਉਸ ਜਗਾ ਦੀ ਧੂੜੀ ਆਪਣੇ ਮੱਥੇ ਨਾਲ ਲਾਈ ਹੋਈ ਸੀ, ਜਿਸ ਕਰਕੇ ਉਸਨੇ ਆਪਣੇ ਰੁਤਬੇ ਜਾਂ ਤਰੱਕੀ ਦੀ ਪ੍ਰਵਾਹ ਕੀਤੇ ਬਿਨਾ, ਧਰਮ-ਕਰਮ ਨਿਭਾਉਂਦਿਆ ਆਪਣੇ ਉੱਚੇ ਕਿਰਦਾਰ ਦਾ ਸਬੂਤ ਦੇ ਕੇ ਹਮਲੇ ਤੋਂ ਨਾਂਹ ਕੀਤੀ। ਜਿਸਦੇ ਰੋਸ ਵਜੋ ਭਾਰਤੀ ਹਕੂਮਤ ਨੇ ਉਸ ਨੂੰ ਤਰੱਕੀ ਦੇ ਕੇ ਸੈਨਾ ਮੁਖੀ ਨਹੀਂ ਬਣਾਇਆ, ਇਸਦੇ ਰੋਸ ਵਜੋ ਜਨਰਲ ਸਿਨਹਾ ਨੇ ਸਮਾਂ ਰਹਿੰਦੇ ਹੀ ਭਾਰਤੀ ਫੌਜ ਤੋਂ ਸੇਵਾ ਮੁਕਤੀ ਲੈ ਲਈ ਸੀ, ਜਿਸਦਾ ਦੇਸ ਦੀ ਪਾਰਲੀਮੈਂਟ ਵਿੱਚ ਵੀ ਕਾਫੀ ਰੌਲਾ ਰੱਪਾ ਵੀ ਪਿਆ ਸੀ।

ਇਕ ਹੋਰ ਜਰਨਲ ਜਿਹੜਾ ਦੂਜੀ ਵਿਸਵ ਜੰਗ ਦੇ ਵਿੱਚ ਲੜਨ ਵਾਲੇ ਲੈਫ. ਜਨਰਲ ਕੇ.ਐਸ.ਬਰਾੜ ਦੇ ਘਰ 1934 ਪਿੰਡ ਪੱਤੋਹੀਰਾ ਸਿੰਘੂ ਵਿਖੇ ਪੈਦਾ ਹੋਇਆ। ਜਿਸ ਨੂੰ ਸਿੱਖ ਘਰ ਵਿੱਚ ਪੈਦਾ ਹੋਣ ਦੇ ਨਾਲ ਪਿਤਾ ਦੇ ਵੱਡੇ ਰੁਤਬੇ ਕਰਕੇ ਬਹੁਤ ਉੱਚੀ ਅਤੇ ਦੁਨੀਆ ਦੇ ਨਾਮਵਰ ਸੰਸਥਾਵਾਂ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਜਿਸ ਤੋਂ ਬਾਅਦ ਭਾਰਤੀ ਫੌਜ ਵਿੱਚ ਬਤੌਰ ਫੌਜੀ ਅਫਸਰ ਦੇ ਆਪਣੀ ਜਿੰਦਗੀ ਦੀ ਸੁਰੂਆਤ ਕੀਤੀ। ਇਹ ਅਫਸਰ ਜਰਨਲ ਕੇ.ਐਸ. ਬਰਾੜ ਜਿਸ ਨੇ ਸੁਰੂ ਵਿੱਚ ਹੀ ਆਪਣੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਧਰਮ ਕਰਮ ਇਸ ਵਾਸਤੇ ਕੋਈ ਬਹੁਤੇ ਮਤਲਬ ਨਹੀਂ ਰੱਖਦਾ ਸੀ। ਜਿਸ ਸਮੇਂ ਜਰਨਲ ਸਿਨਹਾ ਨੂੰ ਫੌਜੀ ਹਮਲੇ ਤੋਂ ਹਕੂਮਤ ਨੂੰ ਜੁਆਬ ਦਿੱਤਾ ਤਾਂ ਜਰਨਲ ਕੇ.ਐਸ. ਬਰਾੜ ਨੇ ਇਸ ਫੌਜੀ ਹਮਲੇ ਨੂੰ ਅੰਜਾਮ ਦੇਣਾ ਖਿੜੇ ਮੱਥੇ ਪ੍ਰਵਾਨ ਕਰ ਲਿਆ।

ਸਾਰੇ ਪਾਠਕ ਜਾਣੂ ਹਨ ਕਿ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲਾ ਮੁੱਖ ਅਫਸਰ ਇਹ ਹੀ ਲੈਫ. ਜਰਨਲ ਕੇ.ਐਸ. ਬਰਾੜ ਸੀ। ਭਾਂਵੇ ਅੱਜ ਆਪਣੀਆਂ ਲਿਖੀਆਂ ਕਿਤਾਬਾ ਵਿੱਚ ਉਹ ਇਸ ਫੌਜੀ ਹਮਲੇ ਨੂੰ ਜਾਇਜ ਦੱਸ ਕੇ, ਘੱਟ ਤੋ ਘੱਟ ਨੁਕਸਾਨ ਕਰਨ ਦਾ ਦਾਅਵਾ ਕਰਦਾ ਹੈ, ਲੇਕਿਨ ਜੋ ਗੁਨਾਹ ਉਸਦੀ ਕਮਾਂਡ ਹੇਠ ਹੋਇਆ ਜਿਸ ਵਿੱਚ ਹਜਾਰਾ ਬੇਗੁਨਾਹ ਸ਼ਰਧਾਲੂਆਂ ਦਾ ਖੂਨ ਵਹਿ ਗਿਆ, ਉਸਦੇ ਦਾਗ ਇਸਦੀ ਆਤਮਾਂ ਤੋਂ ਵੀ ਨਹੀਂ ਉਤਰਨਗੇ। ਜਿਸ ਨੇ ਆਪਣੇ ਇਸਟ ਉੱਤੇ ਸਿਰਫ ਹਮਲਾ ਹੀ ਨਹੀਂ ਕੀਤਾ ਸਗੋਂ ਸਿੱਖ ਰੈਫਰੈਂਨਸ ਲਾਇਬ੍ਰੇਰੀ ਵਿਚਲੀਆਂ ਇਤਿਹਾਸਕ ਲਿਖਤਾਂ ਅਤੇ ਤੋਸਾਖਾਨਾ ਵਿਚਲੇ ਅਮੁੱਲੇ ਸਮਾਨ ਦੀ ਅਬਦਾਲੀ ਵਾਂਗੂ ਲੁੱਟ ਵੀ ਆਪਣੀ ਕਮਾਂਡ ਹੇਠ ਕਰਵਾਈ। ਇਸ ਤਰਾਂ ਇਹ ਸਿੱਖ ਇਤਿਹਾਸ ਵਿੱਚ ਅਬਦਾਲੀ ਜਾਂ ਮੀਰਮੰਨੂ ਵਰਗਿਆ ਦੀ ਕਤਾਰ ਵਿੱਚ ਖੜਾ ਹੀ ਨਜ਼ਰ ਆਵੇਗਾ।

ਤੀਸਰਾ ਇਕ ਮਹਾਨ ਜਰਨੈਲ ਜਰਨਲ ਸੁਬੇਗ ਸਿੰਘ ਜਿਸ ਦਾ ਜਨਮ ਖਿਆਲਾ ਨੰਦ ਸਿੰਘ ਵਾਲਾ ਵਿਖੇ ਸ. ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੀ ਕੁੱਖੋ ਹੋਇਆ। ਤਿੰਨ ਭਰਾ ਅਤੇ ਇਕ ਭੈਣ ਵਿਚੋਂ ਸਭ ਤੋਂ ਹੋਣਹਾਰ ਅਤੇ ਨਿਡਰ ਜਰਨਲ ਸੁਬੇਗ ਸਿੰਘ ਦੀ ਮਾਤਾ ਨੇ ਹਮੇਸਾ ਉਸ ਨੂੰ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਦੇ ਸਾਥੀ ਭਾਈ ਮਹਿਤਾਬ ਸਿੰਘ ਦੇ ਨਾਲ, ਉਹਨਾਂ ਦਾ ਜੁੜਿਆ ਪਿਛੋਕੜ ਯਾਦ ਕਰਵਾ ਕੇ ਸਿੱਖੀ ਕੁੱਟ-ਕੁੱਟ ਕੇ ਮਨ ਵਿੱਚ ਭਰ ਦਿੱਤੀ ਸੀ। ਉਹਨਾ ਦੇ ਪਿਤਾ ਸ. ਭਗਵਾਨ ਸਿੰਘ ਨੇ ਵੀ 100 ਏਕੜ ਜਮੀਨ ਦੇ ਮਾਲਿਕ ਅਤੇ ਨੰਬਰਦਾਰ ਹੁੰਦਿਆਂ ਹਮੇਸ਼ਾ ਲੋਕਾਂ ਵਿੱਚ ਅਜਿਹਾ ਭਰੋਸਾ ਬਣਾਇਆ ਕਿ ਲੋੜ ਪੈਣ ਤੇ ਹਰ ਕੋਈ ਉਹਨਾਂ ਤੇ ਆਸ ਰੱਖਦਾ ਸੀ। 1952 ਵਿੱਚ ਇਸ ਪਰਿਵਾਰ ਨੇ ਤਰਾਈ ਏਰੀਏ ਦੇ ਵਿੱਚ ਵੀ ਜਮੀਨ ਖਰੀਦੀ ਜਿੱਥੇ ਵੱਡੇ ਭਰਾ ਦੀ ਮੌਤ ਹੋ ਗਈ ।

ਪਰ ਜਰਨਲ ਸੁਬੇਗ ਸਿੰਘ ਛੋਟੇ ਹੋਣ ਦੇ ਬਾਵਜੂਦ ਵੀ ਲੀਡਰਸ਼ਿਪ ਅਤੇ ਸਿਆਣਪ ਕਰਕੇ ਪਰਿਵਾਰ ਵਿੱਚ ਇਕ ਵੱਖਰੀ ਹੀ ਪਹਿਚਾਣ ਰੱਖਦੇ ਸਨ। ਸਕੂਲ ਵਿੱਚ ਪੜਦਿਆਂ ਹੀ ਜਿਸ ਸਮੇਂ ਉਹ ਆਪਣੇ ਅਧਿਆਪਕਾਂ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕਰਦੇ ਸਨ ਤਾਂ ਸਭ ਨੂੰ ਹੈਰਾਨ ਕਰ ਦਿੰਦੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਅਧਿਆਪਕਾਂ ਨੇ ਮਾਤਾ ਪਿਤਾ ਨੂੰ ਸਲਾਹ ਦਿੱਤੀ ਕਿ ਇਸ ਬੱਚੇ ਨੂੰ ਉਚੇਰੀ ਸਿੱਖਿਆ ਦਿਵਾਈ ਜਾਵੇ ਕਿਉਂਕਿ ਇਹ ਜ਼ਰੂਰ ਕੋਈ ਨਾਮਵਾਰ ਸਖਸੀਅਤ ਬਣ ਕੇ ਸਾਹਮਣੇ ਆਵੇਗਾ। ਜਰਨਲ ਸੁਬੇਗ ਸਿੰਘ ਖਾਲਸਾ ਕਾਲਜਾ ਅੰਮ੍ਰਿਤਸਰ ਅਤੇ ਫਿਰ ਗੋਰਮਿੰਟ ਕਾਲਜ ਲਾਹੋਰ ਵਿੱਚ ਪੜੇ। ਜਿੱਥੇ ਉਹਨਾਂ ਦਾ ਪੜਾਈ ਵਿੱਚੋ ਪਹਿਲਾ ਨੰਬਰ ਰਹਿੰਦਾ ਸੀ ਉਥੇ ਖੇਡਾ ਵਿੱਚ ਵੀ ਬੜੇ ਨਿਪੁੰਨ ਸਨ । ਫੁੱਟਬਾਲ, ਹਾਕੀ ਆਦਿ ਵਿੱਚ ਮਾਅਰਕੇ ਮਾਰੇ, ਪਰ ਅਥਲੈਟਿਕ ਵਿੱਚ ਅਠਾਰਾਂ ਸਾਲ ਦੀ ਉਮਰੇ ਹੀ 100 ਮੀਟਰ ਰੇਸ ਦਾ ਰਿਕਾਰਡ ਤੋੜਿਆ ਤੇ ਡਿਸਟਿਕ ਬੋਰਡ ਜੰਪ ਚੈਮਪੀਅਨ ਵੀ ਬਣੇ। ਖੇਡਾਂ ਵਿੱਚ ਪੂਰੀ ਤਰਾਂ ਨਿਪੁਨ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਧਿਆਨ ਹਮੇਸਾ ਫੌਜ ਵੱਲ ਰਹਿੰਦਾ ਸੀ।

ਜਿਸ ਸਮੇਂ ਫੌਜੀ ਅਫਸਰਾਂ ਦੀ ਟੀਮ 1940 ਵਿੱਚ ਲਾਹੌਰ ਕਾਲਜ ਆਈ ਤਾਂ ਸਾਰੇ ਕਾਲਜ ਵਿੱਚੋ ਕੇਵਲ ਜਰਨਲ ਸੁਬੇਗ ਸਿੰਘ ਹੀ ਉਸ ਟੀਮ ਨੇ ਚੁਣੇ ਅਤੇ ਤੁਰੰਤ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਫੌਜੀ ਅਫਸਰ ਟ੍ਰੇਨਿੰਗ ਸਕੂਲ ਵਿੱਚ ਭੇਜ ਦਿੱਤਾ ਗਿਆ। ਥੋੜੇ ਸਮੇਂ ਬਾਅਦ ਹੀ ਆਪ ਨੂੰ ਬਰਮਾ ਵਿੱਚ ਜਪਾਨ ਖਿਲਾਫ ਜੰਗ ਲੜਨ ਵਾਸਤੇ ਭੇਜਿਆ ਗਿਆ ਜਿੱਥੇ ਆਪ ਸਫਲ ਹੋਏ। 1944 ਵਿੱਚ ਇਹ ਜੰਗ ਖਤਮ ਹੋਈ ਤਾਂ ਉਹ ਮਲਾਇਆ ਚਲੇ ਗਏ ਸਨ। ਭਾਰਤ-ਪਾਕਿ ਦੀ ਵੰਡ ਤੋਂ ਬਾਅਦ ਜਰਨਲ ਸੁਬੇਗ ਸਿੰਘ ਨੂੰ ਭਾਰਤੀ ਫੌਜ ਵਿੱਚ ਪੈਰਾ ਬਟਾਲੀਅਨ ਵਿੱਚ ਤਾਇਨਾਤ ਕੀਤਾ ਗਿਆ। ਜਿੱਥੇ ਉਹ 1959 ਤੱਕ ਸੇਵਾ ਕਰਦੇ ਰਹੇ। ਜਰਨਲ ਸੁਬੇਗ ਸਿੰਘ ਪੰਜਾਬੀ ਉਰਦੂ, ਪਰਸੀਅਨ, ਗੋਰਖੀ, ਹਿੰਦੀ ਅਤੇ ਅੰਗਰੇਜ਼ੀ ਲਿਖਣ ਬੋਲਣ ਅਤੇ ਪੜਨ ਦੀ ਚੰਗੀ ਮੁਹਾਰਤ ਰੱਖਦੇ ਸਨ ਅਤੇ ਹਰ ਸਮੇਂ ਵੱਖ-ਵੱਖ ਦੇਸ਼ਾ ਵਿਚਲੀਆਂ ਫੌਜੀ ਮੁਹਿੰਮਾ ਅਤੇ ਫੌਜੀ ਜਰਨੈਲਾ ਦੇ ਜੀਵਨ ਨੂੰ ਕਿਤਾਬਾ ਵਿਚੋਂ ਪੜ ਕੇ ਉਸਦਾ ਅਧਿਐਨ ਕਰਦੇ ਰਹਿੰਦੇ ਸਨ। ਦੇਹਰਾਦੂਨ ਵਿਖੇ ਮਿਲਟਰੀ ਅਕੈਡਮੀ ਦੇ ਇੰਸਟਕਟਰ ਦੇ ਤੌਰ ਤੇ ਉਹਨਾਂ ਕੋਲ ਟ੍ਰੇਨਿੰਗ ਕਰਨ ਆਏ ਸਾਰੇ ਅਫਸਰ ਜਿੱਥੇ ਉਹਨਾਂ ਤੋਂ ਡਰਦੇ ਸਨ ਉਹਨਾ ਨੂੰ ਪਿਆਰ ਵੀ ਕਰਦੇ ਸਨ। ਉਹਨਾਂ ਬਾਰੇ ਇਹ ਮਸਹੂਰ ਸੀ ਕਿ ਉਹ ਇਕ ਬੜੇ ਨਿਡਰ ਅਤੇ ਅਨੁਸਾਸਨ ਪਸੰਦ ਅਫਸਰ ਹਨ।

ਉਹਨਾਂ ਨੇ ਭਾਰਤੀ ਦੀਆਂ ਕਿਸੇ ਵੀ ਮੁਲਕ ਨਾਲ ਹੋਣ ਵਾਲੀਆਂ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਕਿਸੇ ਵੀ ਜਗ੍ਹਾ ਤੋਂ ਉਹਨਾਂ ਦੀ ਕਾਰਗੁਜਾਰੀ ਨੂੰ ਅੱਜ ਤੱਕ ਕਿਸੇ ਨੇ ਨਿੰਦਿਆ ਨਹੀਂ। ਸਟਾਫ ਕਾਲਜ ਵਿੱਚ ਪੜਦਿਆਂ ਵੀ ਉਹਨਾਂ ਨੇ ਘੋੜਦੋੜ ਦਾ ਤਿੰਨ, ਪੁਆਇੰਟ ਟੂ ਪੁਆਇੰਟ ਅਤੇ ਪੰਜ ਸਿਧੀਆਂ ਦੌੜਾ ਵਿੱਚ ਅਜਿਹਾ ਰਿਕਾਰਡ ਬਣਾਇਆ ਕਿ ਅੱਜ ਤੱਕ ਵੀ ਉਸਨੂੰ ਕੋਈ ਤੋੜ ਨਹੀਂ ਸਕਿਆ। ਜਰਨਲ ਸੁਬੇਗ ਸਿੰਘ ਨੂੰ ਭਾਰਤੀ ਹਕੂਮਤ ਨੇ ਜਦੋਂ ਵੀ ਕਿਸੇ ਪਰੀਖਿਆ ਵਿੱਚ ਪਾਇਆ ਤਾਂ ਉਹ ਹਮੇਸ਼ਾ ਖਰੇ ਉਤਰੇ। ਉਹਨਾਂ ਦੀ ਸੇਵਾ ਸਾਹਮਣੇ ਪਰਿਵਾਰ ਦੇ ਹਿੱਤ ਜਾਂ ਨਿੱਜ ਕਦੇ ਖੜਾ ਨਹੀਂ ਹੋ ਸਕਿਆ। ਜਿਸ ਸਮੇਂ ਜਰਨਲ ਸੁਬੇਗ ਸਿੰਘ ਚੀਨ ਦੀ ਲੜਾਈ ਵਿੱਚ ਹਮਲਾ ਕਰਨ ਲਈ ਤੁਰਨ ਲੱਗੇ ਤਾਂ ਐਨ ਉਸ ਵੇਲੇ ਉਹਨਾਂ ਦੀ ਮਾਤਾ ਜੀ ਵੱਲੋਂ ਭੇਜਿਆ ਹੋਇਆ ਤਾਰ ਸੰਦੇਸ ਮਿਲਿਆ ਕਿ ਤੁਹਾਡੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ, ਤਾਂ ਜਰਨਲ ਸੁਬੇਗ ਸਿੰਘ ਨੇ ਉਹ ਕਾਗਜ ਨੂੰ ਤਹਿ ਲਗਾ ਕੇ ਜੇਬ ਵਿੱਚ ਪਾ ਲਿਆ। ਕਿਸੇ ਅਫਸਰ ਜਾਂ ਜਵਾਨ ਨੂੰ ਭਿਣਕ ਨਹੀਂ ਪੈਣ ਦਿੱਤੀ ਅਤੇ ਨਾ ਹੀ ਆਪਣੇ ਚਿਹਰੇ ਉੱਤੇ ਕੋਈ ਸ਼ਿਕਨ ਨਜ਼ਰ ਆਉਣ ਦਿੱਤਾ ਕਿ ਅੱਜ ਮੇਰਾ ਕਮਾਂਡਰ ਅਤੇ ਮੇਰਾ ਬਾਪ ਮੇਰੇ ਸਿਰ ਤੇ ਨਹੀਂ ਰਿਹਾ। ਜੰਗ ਦੀ ਸਮਾਪਤੀ ਤੋਂ ਬਾਅਦ ਫੌਜ ਤੋਂ ਛੁੱਟੀ ਲੈਣ ਵੇਲੇ ਜਾਹਰ ਕੀਤਾ ਕਿ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਹੈ, ਮੈ ਛੁੱਟੀ ਜਾਣਾ ਹੈ। ਘਰ ਆਉਣ ਤੇ ਮਾਤਾ ਜੀ ਨੇ ਵੀ ਇਕ ਵਾਰ ਉਲਾਂਭਾ ਨਹੀਂ ਦਿੱਤਾ ਕਿ ਤੁਸੀ ਪਿਤਾ ਦੀ ਮੌਤ ਤੇ ਨਹੀਂ ਆਏ। ਕਿਉਂਕਿ ਮਾਤਾ ਜੀ ਜਾਣਦੇ ਸਨ ਕਿ ਜੋ ਸੰਸਕਾਰ ਮੈਂ ਆਪਣੇ ਪੁੱਤਰ ਨੂੰ ਦਿੱਤੇ ਹਨ ਜਾਂ ਜਿਸ ਤਰਾਂ ਦਾ ਇਹ ਖੂਨ ਹੈ ਉਹ ਕਦੇ ਵੀ ਕਿਸੇ ਮੁਸ਼ਕਿਲ ਕਰਕੇ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟ ਸਕਦਾ। ਉਸਨੂੰ ਉਸ ਸਮੇਂ ਆਪਣੀ ਦੇਸ ਦੀ ਆਬਰੂ ਸਾਹਮਣੇ ਨਜ਼ਰ ਆਉਂਦੀ ਸੀ।

1971 ਵਿੱਚ ਜਦੋਂ ਭਾਰਤੀ ਹਕੂਮਤ ਪਾਕਿਸਤਾਨ ਦੇ ਦੋ ਟੁਕੜੇ ਕਰਨਾ ਚਾਹੁੰਦੀ ਸੀ ਤਦ ਵੀ ਮੁਕਤੀ ਬਹਿਣੀ ਨਾਮ ਦੀ ਜਹਾਦੀ ਜੱਥੇਬੰਦੀ ਬਣਾਉਣ ਸਮੇਂ ਸਭ ਤੋਂ ਇਮਾਨਦਾਰ ਅਤੇ ਨਿਪੁੰਨ ਅਫਸਰ ਜਰਨਲ ਸੁਬੇਗ ਸਿੰਘ ਨੂੰ ਹੀ ਚੁਣਿਆ ਗਿਆ। ਇਥੇ ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਉਹ ਇਸ ਮਿਸ਼ਨ ਵੱਲ ਲੱਗ ਗਏ ਤਾਂ ਉਹਨਾਂ ਨੇ ਦਸੰਬਰ 1970 ਤੋਂ 1971 ਅਪ੍ਰੈਲ ਤੱਕ ਆਪਣੇ ਪਰਿਵਾਰ ਨਾਲ ਵੀ ਰਾਬਤਾ ਨਹੀਂ ਰੱਖਿਆ। ਇਹ ਮਿਸ਼ਨ ਐਨਾ ਗੁਪਤ ਸੀ ਕਿ ਇਸ ਅਰਸੇ ਦੌਰਾਨ ਉਹਨਾਂ ਨੇ ਸਿਰਫ ਅਗਰਤਲਾ ਦੇ ਇਕ ਦੁਕਾਨ ਦੇ ਪਤੇ ਤੋਂ ਆਪਣੇ ਘਰ ਨੂੰ ਇਕ ਚਿੱਠੀ ਲਿਖੀ ਜਿਹੜੀ, ਐਸ.ਬੇਗ. ਸਿੰਘ ਦੇ ਨਾਮ ਤੇ ਭੇਜੀ ਅਤੇ ਇਸ ਵਿੱਚ ਸਿਰਫ ਐਨਾ ਹੀ ਲਿਖਿਆ ਡੌਟ ਵਰੀ ਆਈ.ਐਮ. ਓਕੇ, ਇਸ ਤਰਾਂ ਦੀ ਛਵੀ ਰੱਖਣ ਵਾਲੇ ਇਸ ਮਹਾਨ ਜਰਨੈਲ ਨੇ ਇਕ ਲੱਖ ਪਾਕਿਸਤਾਨੀ ਦੇ ਹਥਿਆਰ ਸੁੱਟਵਾ ਕੇ ਮੇਜਰ ਜਰਨਲ ਦੀ ਤਰੱਕੀ ਦੇ ਨਾਲ ਨਾਲ ਪਰਮ ਵਿਸ਼ਿਸ਼ਟ ਸੇਵਾ ਮੈਡਲ ਵੀ ਭਾਰਤ ਸਰਕਾਰ ਵੱਲੋ ਦਿੱਤੇ ਗਏ। ਇਥੋਂ ਤੱਕ ਜਰਨਲ ਸੁਬੇਗ ਸਿੰਘ ਭਾਰਤੀ ਫੌਜ ਦਾ ਹੀਰਾ ਅਤੇ ਭਾਰਤੀ ਨਾਇਕ ਸੀ।

ਪਰ ਆਪਣੀ ਸੇਵਾ ਅਤੇ ਕਰਤੱਵ ਨੂੰ ਬਾਖੂਬੀ ਨਿਭਾਉਣ ਵਾਲੇ ਇਸ ਅਫਸਰ ਦੀ,ਭਾਰਤੀ ਹਕੂਮਤ ਮੁਤਾਬਿਕ ਖਲਨਾਇਕੀ ਦੀ ਕਹਾਣੀ ਇਥੋ ਸੁਰੂ ਹੁੰਦੀ ਹੈ, ਜਿੱਥੋ ਭਾਰਤੀ ਹਕੂਮਤ ਨੇ ਇਸਦੇ ਸੱਚ ਅਤੇ ਹਕੀਕੀ ਸੇਵਾ ਨੂੰ ਲਾਂਭੇ ਕਰਕੇ ਜਰਨਲ ਸੁਬੇਗ ਸਿੰਘ ਨਾਲ ਨਿੱਜੀ ਦੁਸਮਣੀ ਵਾਲਾ ਰਸਤਾ ਅਪਣਾ ਲਿਆ। ਜਿਸ ਸਮੇ ਲੋਕ ਨਾਇਕ ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੇ ਭਾਰਤ ਵਿੱਚ ਜੋਰਦਾਰ ਅੰਦੋਲਨ ਆਰੰਭ ਕੀਤਾ ਤਾਂ ਉਸ ਸਮੇਂ ਪੁਲਿਸ ਵੀ ਜੈ ਪ੍ਰਕਾਸ਼ ਨਾਰਾਇਣ ਦੇ ਹੱਕ ਵਿੱਚ ਸੀ ਅਤੇ ਅੰਦੋਲਨਕਾਰੀਆਂ ਨੂੰ ਫੜਨ ਜਾਂ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। ਤਾਂ ਭਾਰਤ ਦੀ ਕਾਂਗਰਸ ਹਕੂਮਤ ਨੇ ਜਰਨਲ ਸੁਬੇਗ ਸਿੰਘ ਨੂੰ ਇਹ ਅੰਦੋਲਨ ਦਬਾਉਣ ਵਾਸਤੇ ਸਖਤ ਕਾਰਵਾਈ ਕਰਨ ਲਈ ਕਿਹਾ। ਪਰ ਜਰਨਲ ਸੁਬੇਗ ਸਿੰਘ ਜਿਹੜੇ ਅਸੂਲਾਂ ਦੇ ਪੱਕੇ ਸਨ ਨੇ ਕੋਰਾ ਜੁਆਬ ਦੇ ਦਿੱਤਾ ਕਿ ਇਹ ਕੰਮ ਫੌਜ ਦੇ ਹਿੱਸੇ ਨਹੀਂ ਆਉਂਦਾ ਇਸ ਵਾਸਤੇ ਇਹ ਮੇਰੀ ਡਿਊਟੀ ਨਹੀਂ। ਸਰਕਾਰ ਨੇ ਰੰਜਿਸ ਰੱਖਦਿਆਂ ਜਰਨਲ ਸੁਬੇਗ ਸਿੰਘ ਖਿਲਾਫ ਸੀ.ਬੀ.ਆਈ ਦੀ ਪੜਤਾਲ ਕਰਵਾ ਕੇ ਉਹਨਾਂ ਦੀ ਬਦਲੀ ਵੀ ਕਰ ਦਿੱਤੀ। ਕਮਾਊ ਰੈਜਮੈਂਟ ਵਿੱਚ ਜਰਨਲ ਰੈਣਾ ਦੇ ਖਿਲਾਫ ਪੜਤਾਲ ਵਿੱਚ ਕਾਰਵਾਈ ਦੀ ਸਿਫਾਰਸ ਕਰਨ ਕਰਕੇ ਜਰਨਲ ਸੁਬੇਗ ਸਿੰਘ ਦੀ ਉੱਥੋਂ ਦੀ ਬਦਲੀ ਕਰ ਦਿੱਤੀ ਗਈ ਅਤੇ ਕਸਮੀਰੀ ਬ੍ਰਾਹਮਣ ਜਨਰਲ ਰੈਣਾ ਨੂੰ ਦੋਸ਼ੀ ਹੁੰਦੇ ਹੋਏ ਬਰੀ ਕਰ ਦਿੱਤਾ ਗਿਆ। ਭਾਰਤੀ ਹਕੂਮਤ ਨੇ ਨਿੱਜੀ ਕਿੜ ਰੱਖਦਿਆਂ ਉਹਨਾਂ ਦੇ ਖਿਲਾਫ ਬੇਲੋੜੀਆਂ ਅਤੇ ਅਧਾਰ ਰਹਿਤ ਕੁਝ ਪੜਤਾਲਾਂ ਅਜਿਹੇ ਤਰੀਕੇ ਅਰੰਭ ਕੀਤੀਆਂ ਜਿਹੜੀਆਂ ਕਿ ਉਹਨਾਂ ਦੀ ਸੇਵਾ ਮੁਕਤੀ ਭਾਵ 1 ਮਈ 1976 ਤੱਕ ਚਲਦੀਆਂ ਰਹਿਣ ਅਤੇ ਜਰਨਲ ਸੁਬੇਗ ਸਿੰਘ ਨੂੰ ਅੱਗੇ ਹੋਰ ਕਿਸੇ ਪਦ ਲਈ ਉੱਨਤ ਕਰਨ ਵਾਸਤੇ ਰੋੜਾ ਲਾਇਆ ਜਾ ਸਕੇ। ਪਰ ਫਿਰ ਵੀ ਮੰਦਭਾਵਨਾ ਅਧੀਨ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ 30 ਅਪ੍ਰੈਲ 1976 ਨੂੰ ਭਾਰਤੀ ਹਕੂਮਤ ਨੇ ਇਸ ਮਹਾਨ ਜਰਨੈਲ ਨੂੰ ਬੇਇੱਜਤ ਕਰਨ ਵਾਸਤੇ ਜਬਰੀ ਨੌਕਰੀ ਤੋਂ ਕੱਢ ਦਿੱਤਾ।

ਮਨੁੱਖੀ ਹੱਕਾਂ ਲਈ ਲੜਨ ਵਾਲਾ ਇਹ ਜਰਨੈਲ ਜਿਸਨੇ ਪਿਤਾ ਨੂੰ ਅੰਤ ਸਮੇ ਮੋਢਾ ਦੇਣ ਦੀ ਬਜਾਏ ਦੇਸ ਦੀ ਆਬਰੂ ਨੂੰ ਮੋਢਾ ਲਾਇਆ, ਮਾਤਾ ਅਤੇ ਪਤਨੀ ਦੀ ਸਿਹਤ ਜਾਂ ਬੱਚਿਆਂ ਦੀ ਪੜਾਈ ਦੀ ਬੇਪਰਵਾਹੀ ਕਰਕੇ ਸਾਰਾ ਸਮਾਂ ਦੇਸ ਸੇਵਾ ਨੂੰ ਦਿੱਤਾ। ਜਿਸ ਦਿਨ ਸਰਕਾਰ ਵੱਲੋਂ ਧੱਕੇ ਨਾਲ ਜਲੀਲ ਕਰਕੇ ਘਰ ਨੂੰ ਤੋਰਿਆ ਗਿਆ ਉਸ ਦਿਨ ਇਹ ਪਹਿਲਾਂ ਅਫਸਰ ਸੀ ਜਿਸ ਨੇ ਅਕਾਲੀ ਸਿਆਸਤ ਵਿੱਚ ਆਉਣ ਦਾ ਮਨ ਬਣਾਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਜਿੰਨੇ ਵੀ ਅਫਸਰ ਸੇਵਾ ਮੁਕਤ ਹੁੰਦੇ ਸਨ ਸਭ ਕਾਂਗਰਸ ਵੱਲ ਭੱਜਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਅਕਾਲੀ ਦਲ ਇਕ ਅਨਪੜਾ ਦਾ ਟੋਲਾ ਹੈ, ਪਰ ਜਰਨਲ ਸੁਬੇਗ ਸਿੰਘ ਨੇ ਇਹ ਸੋਚਿਆ ਕਿ ਭਾਰਤੀ ਹਕੂਮਤ ਸਿੱਖਾਂ ਨਾਲ ਹਰ ਜਗ•ਾ ਵਿਤਕਰੇ ਅਤੇ ਨਾ ਇਨਸਾਫੀਆ ਕਰਦੀ ਹੈ ਅਤੇ ਮੈਨੂੰ ਅਕਾਲੀ ਦਲ ਵਿੱਚ ਰਲਕੇ ਲੜਨਾ ਚਾਹੀਦਾ ਹੈ। ਹਕੂਮਤ ਵੱਲੋ ਬਣਾਏ ਹੋਏ ਪਰਿਵਾਰ ਉੱਤੇ ਕੇਸਾ ਬਦਲੇ ਜਰਨਲ ਸੁਬੇਗ ਸਿੰਘ ਨੂੰ ਕੁਝ ਸਮਾਂ ਜੇਲ ਵੀ ਜਾਣਾ ਪਿਆ। ਪਰ ਜੇਲ ਅੰਦਰ ਵੀ ਉਹਨਾਂ ਦੇ ਵਰਤਾਓ ਤੋਂ ਕੈਦੀ ਅਤੇ ਅਫਸਰ ਸਭ ਪ੍ਰਭਾਵਿਤ ਸਨ।

ਅਖੀਰ ਵਿੱਚ ਉਹਨਾਂ ਦੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਅਥਾਹ ਨੇੜਤਾ ਹੋ ਗਈ, ਪਰ ਅਚਾਨਕ ਸਿਹਤ ਵਿੱਚ ਵਿਗਾੜ ਆਉਣ ਕਾਰਨ ਦਿਲ ਦਾ ਦੌਰਾ ਪਿਆ ਜਿਸ ਕਰਕੇ ਦੇਹਰਾਦੂਨ ਵਿਖੇ ਕੁਝ ਦਿਨ ਆਪਣੇ ਘਰ ਆਰਾਮ ਕਰਨ ਲਈ ਚਲੇ ਗਏ। ਪਰ ਮਾਰਚ 1984 ਵਿੱਚ ਬਾਬਾ ਜੀ ਭਿੰਡਰਾਂ ਵਾਲਿਆਂ ਦਾ ਸੰਦੇਸ ਪਹੁੰਚਿਆ ਕਿ ਅੰਮ੍ਰਿਤਸਰ ਸਾਹਿਬ ਵਿਖੇ ਯਾਦ ਕੀਤਾ ਹੈ ਤਾਂ ਸਰੀਰਕ ਪਰਵਾਹ ਕੀਤੇ ਬਿਨਾ ਇਹ ਜਰਨੈਲ ਉਸ ਦਿਨ ਆਪਣੇ ਘਰ ਦੇ ਦਰਵਾਜੇ ਤੋਂ ਅਖੀਰਲੀ ਵਾਰ ਬਾਹਰ ਹੋਇਆ ਅਤੇ ਅੰਤ ਨੂੰ ਦਰਬਾਰ ਸਾਹਿਬ ਵਿੱਚ ਲੇਖੇ ਲੱਗ ਗਿਆ। ਭਾਰਤ ਦੀ ਵੱਡੀ ਫੌਜੀ ਸਕਤੀ ਸਾਹਮਣੇ ਕੁਝ ਸਾਧਾਰਨ ਬੰਦੂਕੜੀਆਂ ਨਾਲ ਮੁਕਾਬਲਾ ਕਰਨ ਪਿੱਛੇ ਜਰਨਲ ਸੁਬੇਗ ਸਿੰਘ ਦਾ ਸਾਹਸ ਅਤੇ ਨੀਤੀ ਸੀ । ਇਸ ਕਰਕੇ ਇਹ ਜਰਨੈਲ ਵੀ ਬਾਬਾ ਜੀ ਭਿੰਡਰਾਂ ਵਾਲੇ ਅਤੇ ਹੋਰ ਹਜਾਰਾ ਬੇਗੁਨਾਹ ਸੰਗਤ ਸਮੇ ਸਮੇਤ ਭਾਰਤੀ ਹਕੂਮਤ ਨੇ ਫੌਜੀ ਹਮਲੇ ਦੌਰਾਨ ਸਾਡੇ ਤੋਂ ਖੋਹ ਲਿਆ। ਪਰ ਸਾਡੇ ਇਤਿਹਾਸ ਵਿੱਚ ਉਹ ਹਮੇਸ਼ਾ ਇਕ ਨਾਇਕ ਦੇ ਤੌਰ 'ਤੇ ਚਮਕਦਾ ਰਹੇਗਾ।

ਗਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top