Share on Facebook

Main News Page

ਦਰਬਾਰ ਸਾਹਿਬ ਸਾਕੇ ਦੇ 31ਵਰ੍ਹੇ…
-: ਜਸਪਾਲ ਸਿੰਘ ਹੇਰਾਂ

31 ਸਾਲ ਦੇ ਸਮੇਂ ’ਚ ਇਕ ਨਵੀਂ ਪੀੜੀ ਆਪਣੀ ਜੁੰਮੇਵਾਰੀ ਚੁੱਕਣ ਲਈ ਤਿਆਰ ਹੀ ਨਹੀਂ, ਸਗੋਂ ਪ੍ਰਪੱਕ ਹੋ ਜਾਂਦੀ ਹੈ। ਸਿੱਖ ਪੰਥ ਦੇ ਇਤਿਹਾਸ ’ਚ ਆਏ ਇਕ ਤਬਦੀਲੀ ਮੋੜ (“ ) ਨੂੰ ਲੰਘਿਆ ਵੀ ਐਨਾ ਸਮਾਂ ਹੋ ਗਿਆ ਹੈ ਅਤੇ ਅੱਜ ਉਸ ਤਬਦੀਲੀ ਮੋੜ, ਜਿਸਨੇ ਕੌਮ ਦੇ ਇਤਿਹਾਸ ਨੂੰ ਇਕ ਦਮ ਨਵਾਂ ਮੋੜ ਦੇ ਦਿੱਤਾ ਸੀ, ਉਸਦੀ ਅੱਜ ਕੌਮ 31ਵੀਂ ਵਰੇਗੰਢ ਮਨਾ ਰਹੀ ਹੈ।

ਕੁਝ ਘਟਨਾਵਾਂ ਕੌਮਾਂ ਦੇ ਤਨ ’ਚ ਵੀ, ਮਨ ’ਚ ਵੀ, ਡੂੰਘੇ ਜਖ਼ਮ ਕਰ ਦਿੰਦੀਆਂ ਹਨ। ਇਸੇ ਤਰਾਂ ਸਾਕੇ, ਗਫ਼ਲਤ ਦੀ ਨੀਂਦ ਸੁੱਤੀਆਂ ਕੌਮਾਂ ਨੂੰ ਜਗਾ ਦਿੰਦੇ ਹਨ। ਉਨਾਂ ਦੀਆਂ ਮਰੀਆਂ ਜ਼ਮੀਰਾਂ ’ਚ ਜਾਨ ਪਾ ਦਿੰਦੇ ਹਨ ਅਤੇ ਕੁਝ ਸਾਕੇ ਕੌਮ ਦੀ ਹਸਤੀ, ਕੌਮ ਦੀ ਹੋਂਦ ਬਾਰੇ ਸਵਾਲ ਖੜੇ ਕਰਕੇ, ਕੌਮ ਨੂੰ ਕੁਝ ਅਹਿਮ ਤੇ ਗੰਭੀਰ ਸਵਾਲਾਂ ਦੇ ਰੂ-ਬ-ਰੂ ਕਰ ਦਿੰਦੇ ਹਨ।

ਦਰਬਾਰ ਸਾਹਿਬ ਦਾ ਸਾਕਾ, ਜਿਸਨੂੰ ਭਾਰਤੀ ਸਟੇਟ ਨੇ ਆਪਣੇ ਗੁਪਤ ਕੋਡ ’ਚ ਅਪਰੇਸ਼ਨ ਬਲਿਊ ਸਟਾਰ’ ਦਾ ਨਾਂ ਦਿੱਤਾ ਸੀ ਅਤੇ ਸਾਡੀ ਕੌਮ ਨੇ ਬਿਨਾਂ ਸੋਚੇ ਸਮਝੇ ਇਸਨੂੰ ‘ਸਾਕਾ ਨੀਲਾ ਤਾਰਾ’ ਦਾ ਨਾਂ ਦੇ ਕੇ ਖ਼ੁਦ ਨੂੰ ਹੀ ਭਾਰਤੀ ਹਾਕਮਾਂ ਦੀ ਉਸ ਕੋਝੀ ਤੇ ਦੂਰ ਦੀ ਸੋਚ ਦਾ ਹਿੱਸਾ ਬਣਾ ਲਿਆ, ਤਾਂ ਕਿ ਇਹ ਸਾਕਾ, ਸਿੱਖ ਕੌਮ ਲਈ ‘ਤਬਦੀਲੀ ਮੋੜ’ ਸਾਬਤ ਨਾ ਹੋ ਸਕੇ ਅਤੇ ਇਸ ਸਾਕੇ ਨੂੰ ਹੌਲੀ-ਹੌਲੀ ਕਰਕੇ ਕੌਮ ਦੇ ਮਨਾਂ ’ਚੋਂ ਭੁਲਾ ਦਿੱਤਾ ਜਾਵੇ ਅਤੇ ਅੱਜ ਸਾਡੀ ਨਵੀਂ ਪੀੜੀ ਨੂੰ ਨਸ਼ਿਆਂ, ਲੱਚਰਤਾ, ਟੀ. ਵੀ. ਕਲਚਰ ਅਤੇ ਪੱਛਮੀ ਪ੍ਰਭਾਵ ਵਾਲੀ ਤਰਜ਼ ਏ-ਜ਼ਿੰਦਗੀ ਦਾ ਅਮਲੀ ਸਿਰਫ਼ ਇਸੇ ਲਈ ਬਣਾਇਆ ਜਾ ਰਿਹਾ ਹੈ ਕਿ, ਉਹ ਆਪਣੇ ਵਿਰਸੇ ਨੂੰ, ਆਪਣੇ ਸ਼ਹੀਦਾਂ ਨੂੰ ਤੇ ਸਾਕਿਆਂ ਨੂੰ ਭੁੱਲ ਜਾਣ।

‘‘ਅਸੀਂ ਸਿੰਘ ਹਾਂ ਗੁਰੂ ਦਸਮੇਸ਼ ਦੀ ਥਾਂ’’ ਉਨਾਂ ਦੇ ਮਨਾਂ ’ਤੇ ਬੁੱਲਾਂ ਤੇ, ‘‘ਮੈਂ ਵੈਲੀ ਪੰਜ ਦਰਿਆ ਦਾ’’ ਉਕਰ ਦਿੱਤਾ ਜਾਵੇ। ਦੇਸ਼ ਦੀ ਸਰਕਾਰ, ਦੇਸ਼ ਦਾ ਮੀਡੀਆ ਤੇ ਸਿੱਖ ਦੁਸ਼ਮਣ ਸ਼ਕਤੀਆਂ, ਇਸ ਮੰਤਵ ਦੀ ਪੂਰਤੀ ਲਈ ਹਰ ਹੀਲਾ ਵਸੀਲਾ ਵਰਤ ਰਹੀਆਂ ਹਨ। ਪ੍ਰੰਤੂ ਸਾਡੀ ਕੌਮ ਇਤਿਹਾਸ ਦੇ ਤਬਦੀਲੀ ਮੋੜ ਨਾਲ ਕੌਮ ਦੀ ਦਿਸ਼ਾ ਤੇ ਦਸ਼ਾ ਨੂੰ ਸਿੱਖੀ ਸਿਧਾਤਾਂ ਅਨੁਸਾਰ ਬਦਲਣ ਦੀ ਥਾਂ ਦਰਬਾਰ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਢੁੱਕਵੀਂ ਯਾਦਗਾਰ 31 ਵਰਿਆਂ ’ਚ ਨਹੀਂ ਬਣਾ ਸਕੀ ਅਤੇ ਜੇ ਬਣਾਈ ਵੀ ਗਈ ਹੈ ਤਾਂ ਉਸ ਬਾਰੇ ਵਿਵਾਦ ਖੜਾ ਕਰ ਦਿੱਤਾ ਗਿਆ ਹੈ।

ਨਾ ਹੀ ਸਾਡੀ ਕੌਮ ਸਾਕਾ ਦਰਬਾਰ ਸਾਹਿਬ ਦੇ ਸ਼ਹੀਦੀ ਹਫ਼ਤੇ ਨੂੰ ਅਤੇ ਨਾ ਹੀ 1984 ਨਵੰਬਰ ਦੇ ਸਿੱਖ ਕਤਲੇਆਮ ਦੇ ਖੂਨੀ ਹਫ਼ਤੇ ਨੂੰ ਕੌਮ ਦੇ ਮਨ ’ਚ ਸਿੱਖੀ ਸਵੈਮਾਣ ਦੇ ਜ਼ਜਬੇ ਨੂੰ ਜਗਾਈ ਰੱਖਣ ਵਾਲੇ ਰੂਪ ’ਚ ਮਨਾਉਣ ਦਾ ਕੋਈ ਫੈਸਲਾ ਲੈ ਸਕੀ ਹੈ।

ਇਸ ’ਚ ਸ਼ੱਕ ਨਹੀਂ ਸਾਕਾ ਦਰਬਾਰ ਸਾਹਿਬ ਦੀ ਦਰਦ ਭਿੱਜੀ ਘਟਨਾ ਨੇ ਸੁੱਤੀਆਂ ਜਮੀਰਾਂ ਨੂੰ ਵੀ ਜਗਾਇਆ, ਡੂੰਘੇ ਜਖ਼ਮ ਵੀ ਦਿੱਤੇ, ਜਿਸਨੇ ਸਾਨੂੰ ਇਕ ਵਾਰ ਇਹ ਸੋਚਣ ਲਾ ਦਿੱਤਾ ਸੀ ਕਿ ਅਸੀਂ ਕੌਣ ਹਾਂ ਅਤੇ ਕੌਣ ਸੀ? ਇਹ ਸਵਾਲ ਵੀ ਸਾਡੇ ਸਾਹਮਣੇ ਆਣ ਖਲੌਤਾ ਕਿ ਆਉਣ ਵਾਲੇ ਕੱਲ ਨੂੰ ਅਸੀਂ ਰਹਾਂਗੇ ਵੀ ਜਾਂ ਹਾਰੀਆਂ ਕੌਮਾਂ ਦੇ ਇਤਿਹਾਸ ਦਾ ਇਕ ਭੁੱਲਿਆ ਵਿਸਰਿਆ ਕਾਂਡ ਬਣ ਕੇ ਰਹਿ ਜਾਵਾਂਗੇ।

ਦੋ ਹਜ਼ਾਰ ਸਦੀਆਂ ਪਹਿਲਾ ਸ਼ੁਕਰਾਤ, ਭੁੱਲੇ ਭਟਕੇ ਤੇ ਅੱਲੜ ਨੌਜਵਾਨਾਂ ਨੂੰ ਉਨਾਂ ਦੇ ਰਾਹ ਰੋਕ ਦੇ ਉਨਾਂ ਨੂੰ ਅਜ਼ਾਦੀ, ਕਾਨੂੰਨ, ਰਾਜ ਤੇ ਸਰਕਾਰਾਂ ਬਾਰੇ ਬੁਨਿਆਦੀ ਸਵਾਲ ਪੁੱਛਿਆ ਕਰਦਾ ਸੀ ਅਤੇ ਉਨਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੰਦਾ ਸੀ ਕਿ ਆਖ਼ਰ ਉਹ ਕੌਣ ਹਨ? ਉਨਾਂ ਦੀ ਹਸਤੀ ਕੀ ਹੈ? ਉਹ ਸੰਸਾਰ ’ਚ ਕਰਨ ਕੀ ਆਏ ਹਨ?

ਦਰਬਾਰ ਸਾਹਿਬ ਦੇ ਸਾਕੇ ਮਗਰੋਂ ਕੁਝ ਇਸੇ ਤਰਾਂ ਦੇ ਸੁਆਲਾਂ ਦੇ ਸਿੱਖ ਕੌਮ ਵੀ ਸਨਮੁੱਖ ਹੋਈ ਹੈ। ਅੱਜ 31 ਸਾਲ ਲੰਘ ਜਾਣ ਤੋਂ ਬਾਅਦ ਕਿੰਨੇ ਕੁ ਜਾਗਰੂਕ ਸਿੱਖਾਂ ਦੇ ਮਨਾਂ ’ਚ ਇਹ ਸੁਆਲ ਭੱੜਥੂ ਪਾ ਰਹੇ ਹਨ ਕਿ ਸਿੱਖੀ ਸਿਧਾਤਾਂ ਤੇ, ਸਿੱਖ ਨੌਜਵਾਨੀ ਤੇ, ਸਾਡੇ ਪੰਜਾਬ ਦੇ ਪੌਣ-ਪਾਣੀ ਤੇ, ਸਿੱਖ ਆਰਥਿਕਤਾ ਤੇ, ਸਿੱਖ ਸੱਭਿਆਚਾਰ ਤੇ ਕਿਸ ਤਰਾਂ ਵਿਉਂਤਬੰਦੀ ਨਾਲ ਹਮਲੇ ਹੋ ਰਹੇ ਹਨ।

ਸਾਡੇ ਧਾਰਮਿਕ, ਸਮਾਜਿਕ, ਆਰਥਕ ਤੇ ਸਿਆਸੀ ਪੱਖਾਂ ਤੇ ਕਿੰਨੇ ਸੂਖ਼ਮ ਪਰ ਭਿਆਨਕ ਹਮਲੇ ਹੋ ਰਹੇ ਹਨ। ਉਨਾਂ ਪ੍ਰਤੀ ਸਾਡੇ ਉਹ ਆਗੂ ਵੀ ਪੂਰੇ ਸੁਚੇਤ ਨਹੀਂ, ਜਿਹੜੇ ਸਿੱਖ ਮੁੱਦਿਆਂ ਤੇ ਲੜਾਈ ਲੜ ਰਹੇ ਹਨ।

ਕੌਮੀ ਪੱਧਰ 'ਤੇ ਪੰਥਕ ਚੜਦੀ ਕਲਾ ਲਈ ਜਿਸ ਤਰਾਂ ਦਾ ਕੰਮ ਹੋਣਾ ਚਾਹੀਦਾ ਸੀ, ਉਸਦੀ ਸੂਝ-ਸਮਝ ਵੀ ਅਸੀਂ ਪੈਦਾ ਨਹੀਂ ਕਰ ਸਕੇ। ਸਿੱਖੀ ਪ੍ਰਚਾਰ ਦੀ ਘਾਟ ਦੇ ਰੌਲੇ-ਰੱਪੇ ’ਚ ਹੁਣ ਅਸੀਂ ਭਾਵੇਂ ਕੀਰਤਨ-ਦਰਬਾਰਾਂ, ਨਗਰ ਕੀਰਤਨਾਂ, ਲੰਗਰਾਂ ਆਦਿ ਦੇ ਟੀ. ਵੀ. ਚੈਨਲਾਂ ਤੇ ਲਾਈਵ ਸ਼ੋਅ ਦੀ ਹਨੇਰੀ ਲੈ ਆਂਦੀ ਹੈ, ਪ੍ਰੰਤੂ ਇਸ ਨਾਲ ਸਿਰਫ਼ ਬਾਹਰੀ ਵਿਖਾਵੇ ਤੇ ਫੋਕਟ ਕਰਮ ਕਾਂਡ ਨੂੰ ਵੀ ਹੱਲਾ-ਸ਼ੇਰੀ ਮਿਲੀ ਹੈ, ਜਦੋਂ ਕਿ ਸਿੱਖੀ ਸਿਧਾਤਾਂ ਤੋਂ ਅਸੀਂ ਹੋਰ ਦੂਰ ਚਲੇ ਗਏ ਹਾਂ।

ਅੱਜ ਲੋੜ ਹੈ ਕਿ ਕੌਮ ਦੇ ਬੌਧਿਕ ਪੱਧਰ ਨੂੰ ਉਚਾ ਚੁੱਕਿਆ ਜਾਵੇ, ਹਰ ਛੋਟੇ-ਵੱਡੇ ਮੁੱਦੇ ਤੇ ਇਕ-ਦੂਜੇ ਦੀਆਂ ਪੱਗਾਂ ਲਾਹੁੰਣ ਦੀ ਥਾਂ, ਗੁਰਬਾਣੀ ਦਾ ਓਟ ਆਸਰਾ ਤੇ ਦਿੱਤੀ ਸੇਧ ਅਨੁਸਾਰ ਇਕਜੁੱਟ ਤੇ ਇਕਮੱਤ ਹੋ ਕੇ, 1984 ਦੇ ਸਾਕੇ ਤੋਂ ਸਬਕ ਸਿਖਦਿਆਂ, ਸਿੱਖ ਵਿਰੋਧੀ ਨਿਜ਼ਾਮ ਵਿਰੁੱਧ ਵਿਉਂਤਬੱਧ ਲਾਮਬੰਦੀ ਕੀਤੀ ਜਾਵੇ।

ਫੋਕੇ ਨਾਅਰਿਆਂ, ਸੋਸ਼ੇਬਾਜ਼ੀ, ਵਿਖਾਵਿਆਂ ਆਦਿ ਨਾਲ ਕੌਮ ਦਾ ਕੁਝ ਨਹੀਂ ਬਣਨਾ। 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤਾ ਗਿਆ ਹਮਲਾ ਕਿਸੇ ਵਿਦੇਸ਼ੀ ਧਾੜਵੀਂ ਦਾ ਅਚਾਨਕ ਕੀਤਾ ਗਿਆ ਹਮਲਾ ਨਹੀਂ ਸੀ, ਇਹ ਸਦੀਆਂ ਤੋਂ ਸਿੱਖਾਂ ਵਿਰੁੱਧ ਗੁੰਦੀ ਜਾ ਰਹੀ ਸਾਜ਼ਿਸ ਤੇ ਸਿੱਖ ਦੁਸ਼ਮਣ ਸ਼ਕਤੀਆਂ ਦੇ ਮਨ ’ਚ ਸਿੱਖੀ ਪ੍ਰਤੀ ਨਫ਼ਰਤ ਕਾਰਣ ਕੀਤਾ ਗਿਆ, ਪੂਰੀ ਤਰਾਂ ਯੋਜਨਾ ਬੱਧ ਤੇ ਮਿਥਿਆ ਹੋਇਆ ਹਮਲਾ ਸੀ। ਪ੍ਰੰਤੂ ਸਾਡੀ ਤ੍ਰਾਸਦੀ ਇਹੋ ਹੈ ਕਿ ਜਿਸ ਢੰਗ ਨਾਲ ਬ੍ਰਾਹਮਣਵਾਦੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਤੇ ਅੱਜ ਵੀ ਲਗਾਤਾਰ ਸਿੱਖੀ ਦੀਆਂ ਜੜਾਂ ’ਚ ਆਰੀ ਫੇਰੀ ਜਾ ਰਹੀ ਹੈ, ਅਸੀਂ ਉਸਦਾ ਮੁਕਾਬਲਾ ਕਰਨ ਲਈ ਕੋਈ ਸਿਸਟਮ ਖੜਾ ਕਰਨਾ ਤਾਂ ਦੂਰ, ਉਸ ਪੱਧਰ ਦੀ ਵਿਉਂਤਬੱਧੀ ਵੀ ਸਿਰਜ ਨਹੀਂ ਸਕੇ।

ਅਸਲ ’ਚ ਜਦੋਂ ਤੱਕ ਅਸੀਂ ਉਪਰਲੇ ਕਾਰਣਾਂ ਨੂੰ ਛੱਡ ਕੇ ਇਸ ਸਾਕੇ ਦੇ ਅੰਦਰੂਨੀ ਕਾਰਣਾਂ ਦੀ ਡੂੰਘੀ ਘੋਖ ਪੜਤਾਲ ਨਹੀਂ ਕਰਦੇ, ਉਦੋਂ ਤੱਕ ਅਸੀਂ ਸਿੱਖੀ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਦੇ ਸਮਰੱਥ ਨਹੀਂ ਹੋਵਾਂਗੇ।

ਅੱਜ ਸਾਡੀ 70-80 ਫੀਸਦੀ ਜੁਆਨੀ, ਪਤਿਤਪੁਣੇ ਅਤੇ ਨਸ਼ਿਆਂ ’ਚ ਗਲ਼ਤਾਨ ਹੈ, ਪਰ ਉਨਾਂ ਦੇ ਮਨ ’ਚ ਸਿੱਖੀ ਪ੍ਰਤੀ ਇਕ ਅਚੇਤ ਜਜ਼ਬਾ ਜ਼ਰੂਰ ਹੈ, ਜਿਸਦਾ ਪ੍ਰਗਟਾਵਾ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਉਠੀ ਕੇਸਰੀ ਲਹਿਰ, ਪ੍ਰੋ. ਭੁੱਲਰ ਦੀ ਫਾਂਸੀ ਵਿਰੁੱਧ ਆਰੰਭੀ ਇਕ ਕਰੋੜੀ ਦਸਤਖ਼ਤੀ ਮੁਹਿੰਮ, ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਰੰਭੇ ਸੰਘਰਸ਼ ਜਾਂ ਹੋਰ ਸਿੱਖ ਧਾਰਮਿਕ ਸਮਾਗਮਾਂ ’ਚ ਵੇਖਣ ਨੂੰ ਮਿਲਦਾ ਹੈ, ਜਿਸ ਬਾਰੇ ਕੌਮ ਦੇ ਆਗੂਆਂ ਨੂੰ ਗੰਭੀਰਤਾ ਨਾਲ ਸੋਚਣਾ ਅਤੇ ਸੁਹਿਦਰਤਾ ਨਾਲ ਠੋਸ ਉਪਰਾਲੇ ਕਰਕੇ, ਨਵੀਂ ਪੀੜੀ ਦੇ ‘ਬੇਦਾਵੇ’ ਨੂੰ ‘ਪੜਵਾਉਣਾ’ ਪਵੇਗਾ।

ਪ੍ਰੰਤੂ ਕਿਉਂਕਿ ਸੁਆਰਥੀ ਤੇ ਦੰਬੀ ਆਗੂਆਂ ਨੇ ਕੌਮ ਦੀ ਅਣਖ਼, ਗੈਰਤ, ਗੈਰਾਂ ਅੱਗੇ ਗਹਿਣੇ ਰੱਖ ਦਿੱਤੀ ਹੈ, ਇਸ ਲਈ ਕੌਮ ਨੂੰ ਇਨਾਂ ਸਾਕਿਆਂ ਤੋਂ ਸਹੀ ਸੇਧ, ਰੋਸ਼ਨੀ ਤੇ ਉਤਸ਼ਾਹ ਲੈ ਕੇ, ਕੌਮ ਦੀਆਂ ਇਨਾਂ ਜੰਜ਼ੀਰਾਂ ਨੂੰ ਤੋੜਣ ਲਈ ਉਠਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top