Share on Facebook

Main News Page

ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ
-: ਨਿਰਮਲ ਸਿੰਘ ਕੰਧਾਲਵੀ

ਬਾਦਲਾਂ ਦੇ ਰਾਜ ‘ਚ ਬੜੀਆਂ ਅਜੀਬੋ-ਗ਼ਰੀਬ ਗੱਲਾਂ ਹੋ ਰਹੀਆਂ ਹਨ। ਏਥੇ ਅਸੀਂ ਇਕੋ ਗੱਲ ਦਾ ਹੀ ਜ਼ਿਕਰ ਕਰਾਂਗੇ। ਬਾਦਲਾਂ ਦੀ ਬਸ ਦੇ ਗੁੰਡਿਆਂ ਨੇ ਮਾਂ ਧੀ ਨੂੰ ਪਹਿਲਾਂ ਬੇਇਜ਼ੱਤ ਕੀਤਾ ਫਿਰ ਬਸ ‘ਚੋਂ ਬਾਹਰ ਸੁੱਟਿਆ, ਜਿਸ ਵਿਚ ਲੜਕੀ ਦੀ ਮੌਤ ਹੋ ਗਈ ਤੇ ਮਾਂ ਗੰਭੀਰ ਜ਼ਖ਼ਮੀ ਹੋ ਗਈ।

ਪਾਠਕ ਜਾਣਦੇ ਹੀ ਹਨ ਕਿ ਉਸ ਤੋਂ ਬਾਅਦ ਕੀ ਹੋਇਆ। ਗ਼ਰੀਬ ਪਰਵਾਰ ਨੂੰ ਮਾਇਆ ਦੀ ਚਕਾਚੌਂਧ ਦਿਖਾ ਕੇ ਸਮਝੌਤਾ ਕਰ ਲਿਆ ਗਿਆ। ਪਰ ਦੇਖਣ ਵਾਲ਼ੀ ਗੱਲ ਇਹ ਹੈ ਕਿ ਮਾਇਆ ਰੈੱਡ ਕਰਾਸ ਦੇ ਫੰਡ ‘ਚੋਂ ਦਿਤੀ ਗਈ ਹੈ। ਪੰਜਾਬ ਵਿਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਜੇ ਕੋਈ ਕਾਰ ਵਾਲ਼ਾ ਕਿਸੇ ਰਾਹਗੀਰ ਜਾਂ ਸਾਈਕਲ ਵਾਲ਼ੇ ਨੂੰ ਟੱਕਰ ਮਾਰ ਕੇ ਉਸਦਾ ਥੋੜ੍ਹਾ ਬਹੁਤ ਨੁਕਸਾਨ ਕਰ ਦੇਵੇ, ਤਾਂ ਕਾਰ ਵਾਲੇ ਤੋਂ ਉਸੇ ਵੇਲੇ ਨੁਕਸਾਨ ਦੀ ਭਰਪਾਈ ਕਰਵਾ ਲਈ ਜਾਂਦੀ ਹੈ। ਕੀ ਆਰਬਿਟ ਦੇ ਕੇਸ ਵਿਚ ਮੁਆਵਜ਼ੇ ਦੀ ਇਹ ਰਕਮ ਆਰਬਿਟ ਕੰਪਨੀ ਵਲੋਂ ਦੇਣੀ ਨਹੀਂ ਸੀ ਬਣਦੀ? ਰੈੱਡ ਕਰਾਸ ਦਾ ਫੰਡ ਲੋਕਾਂ ਵਲੋਂ ਦਿਤੀ ਹੋਈ ਬੂੰਦ ਬੂੰਦ ਨਾਲ਼ ਇਕੱਠਾ ਕੀਤਾ ਜਾਂਦਾ ਹੈ ਤੇ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਬਾਦਲਾਂ ਨੇ ਕਿਹੜੇ ਕਾਨੂੰਨ ਦੇ ਅਧੀਨ ਰੈੱਡ ਕਰਾਸ ਦਾ ਇਹ ਪੈਸਾ ਇੰਝ ਵਰਤਿਆ ਹੈ? ਭਾਵੇਂ ਕਿ ਹਾਈ ਕੋਰਟ ਨੇ ਬਾਦਲਾਂ ਤੋਂ ਇਸ ਕੇਸ ਬਾਰੇ ਅਤੇ ਬਸ ਕੰਪਨੀ ਬਾਰੇ ਪੁੱਛ-ਗਿੱਛ ਕੀਤੀ ਹੈ, ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਕੀ ਹਾਈ ਕੋਰਟ ਨੇ ਇਸ ਮੁਆਵਜ਼ੇ ਦੀ ਰਕਮ ਬਾਰੇ ਵੀ ਬਾਦਲਾਂ ਤੋਂ ਜਵਾਬ-ਤਲਬੀ ਕੀਤੀ ਹੈ ਜਾਂ ਨਹੀਂ?

ਇਹ ਤਾਂ ਉਹ ਗੱਲ ਹੋਈ ਕਿ ਇਕ ਵਾਰੀ ਕਿਸੇ ਬੰਦੇ ਨੇ ਰਾਹ ਜਾਂਦਿਆਂ ਰਾਖੇ ਤੋਂ ਅੱਖ ਬਚਾ ਕੇ ਬਾਗ਼ ‘ਚੋਂ ਸੰਤਰੇ ਤੋੜ ਲਏ ਤੇ ਤੁਰਿਆ ਜਾਂਦਾ ਖਾਈ ਜਾਵੇ ਤੇ ਛਿੱਲੜ ਰਾਹ ਵਿਚ ਸੁੱਟੀ ਜਾਵੇ। ਰਾਖੇ ਨੂੰ ਖ਼ਬਰ ਹੋਈ ਤਾਂ ਉਹ ਛਿੱਲੜਾਂ ਦੀ ਪੈੜ ਨੱਪਦਾ ਨੱਪਦਾ ਪਹੁੰਚ ਗਿਆ, ਮਗਰ ਤੇ ਉਹਨੂੰ ਜਾ ਫੜਿਆ। ਹੋਰ ਲੋਕ ਵੀ ਇਕੱਠੇ ਹੋ ਗਏ। ਬੰਦਾ ਬਾਦਲ ਵਰਗਾ ਮੀਸਣਾ ਸੀ, ਝੱਟ ਕਹਿਣ ਲੱਗਾ, “ਰਾਹ ‘ਚ ਜਿਹੜਾ ਮੰਦਰ ਆਉਣਾ ਮੈਂ ਇਹ ਸੰਤਰੇ ਉੱਥੇ ਚੜ੍ਹਾਉਣੇ ਆਂ” ਇਕ ਭਲਾ ਲੋਕ ਕਹਿਣ ਲੱਗਾ, “ਓਏ ਮੂਰਖਾ, ਚੋਰੀ ਦੇ ਸੰਤਰੇ ਮੰਦਰ ‘ਚ ਚਾੜ੍ਹਨੇ ਆਂ ਤੇ ਉਹ ਵੀ ਜੂਠੇ” ਲੋਕਾਂ ਨੇ ਉਹਦੀ ਇਕ ਨਾ ਸੁਣੀ ਤੇ ਉਹ ਹਰਜਾਨਾ ਦੇ ਕੇ ਛੁੱਟਿਆ।

ਦੇਖੀਏ ਹੁਣ ਹਾਈ ਕੋਰਟ ਬਾਦਲਾਂ ਪਾਸੋਂ ਹਰਜਾਨਾ ਦੁਆਉਂਦੀ ਐ, ਕਿ ਲੋਕ ਊਠ ਦਾ ਬੁੱਲ੍ਹ ਦੇਖਦੇ ਰਹਿਣਗੇ ਕਿ ਕਦੋਂ ਡਿਗਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top