Share on Facebook

Main News Page

ਛੇ ਜੂਨ ਦੇ ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲੀਸ ਨੇ ਕੀਤੇ ਕੜੇ ਸੁਰੱਖਿਆ ਪ੍ਰਬੰਧ
ਸ੍ਰੀ ਦਰਬਾਰ ਕੰਪਲੈਕਸ ਨੂੰ ਕੀਤਾ ਪੁਲੀਸ ਛਾਉਣੀ ਵਿੱਚ ਤਬਦੀਲ

ਅੰਮ੍ਰਿਤਸਰ 4 ਜੂਨ (ਜਸਬੀਰ ਸਿੰਘ ਪੱਟੀ) ਪੰਥਕ ਜਥੇਬੰਦੀਆ ਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਾਕਾ ਨੀਲਾ ਤਾਰਾ ਦਾ ਘੱਲੂਘਾਰਾ ਦਿਵਸ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਮਨਾਇਆ ਜਾ ਰਿਹਾ ਹੈ ਜਿਸ ਨੂੰ ਸ਼ਾਤਮਈ ਢੰਗ ਨਾਲ ਨਿਪਟਾਉਣ ਲਈ ਜਿਲਾ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਪਿਆ ਹੈ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਬਾਹਰ ਸੁਰੱਖਿਆ ਜਵਾਨਾ ਨੇ ਕਾਫੀਆ ਕਾਫੀ ਤੰਗ ਕੀਤਾ ਹੋਇਆ ਹੈ ਤੇ ਹਰ ਸ਼ਰਧਾਲੂ ਤੇ ਬਾਜ ਅੱਖ ਰੱਖੀ ਜਾ ਰਹੀ ਹੈ।

ਪਹਿਲੀ ਜੂਨ ਦੇ ਸ਼ੁਰੂ ਹੁੰਦਿਆ ਹੀ ਪੁਲੀਸ ਪ੍ਰਸ਼ਾਸ਼ਨ ਨੇ ਜਿਥੇ ਘੱਲੂਘਾਰਾ ਦਿਵਸ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ ਅਤੇ ਸ਼ਹਿਰ ਦੇ ਹਰ ਚੌਕ ਵਿੱਚ ਪੁਲੀਸ ਦੇ ਦਸਤੇ ਤਾਇਨਾਤ ਕਰ ਦਿੱਤੇ ਹਨ ਉਥੇ ਸ਼ੱਕੀ ਵਿਅਕਤੀਆ ਤੇ ਕੜੀ ਨਿਗਾਹ ਰੱਖੀ ਜਾ ਰਹੀ ਹੈ। ਘੁੱਲੂਘਾਰਾ ਦਿਵਸ ਨੂੰ ਲੈ ਕੇ ਸਿੱਖ ਗਰਮ ਦਲੀਆ ਨੇ ਆਪਣੀਆ ਸਰਗਰਮੀਆ ਤੇਜ਼ ਕਰ ਦਿੱਤੀਆ ਹਨ ਤੇ ਇਹਨਾਂ ਜਥੇਬੰਦੀਆ ਨੇ 6 ਜੂਨ ਨੂੰ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਹੋਈ ਹੈ ਜਿਸ ਨੂੰ ਨਾਕਾਮ ਕਰਨ ਲਈ ਵੀ ਪੁਲੀਸ ਪ੍ਰਸ਼ਾਸ਼ਨ ਹਰ ਪ੍ਰਕਾਰ ਨਾਲ ਯਤਨਸ਼ੀਲ ਹੈ। ਗਰਮ ਦਲੀਆ ਦੇ ਕਾਰਕੁੰਨ ਹਰ ਰੋਜ਼ ਸ਼ਾਮ ਨੂੰ ਬਜ਼ਾਰਾਂ ਵਿੱਚ ਇੱਕ ਬੈਨਰ ਲੈ ਕੇ ਘੁੰਮਦੇ ਹਨ ਜਿਸ ਤੇ ਬੰਦ ਦੀ ਕਾਲ ਦਾ ਸੰਦੇਸ਼ ਲਿਖਿਆ ਹੋਇਆ ਹੁੰਦਾ ਹੈ।

ਪਹਿਲੀ ਜੂਨ ਤੋ ਸਕੂਲਾਂ ਵਿੱਚ ਛੁੱਟੀਆ ਹੋਣ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਗਿਣਤੀ ਪਹਿਲੇ ਦੋ ਦਿਨ ਤਾਂ ਕਾਫੀ ਵੱਧ ਗਈ ਸੀ ਪਰ ਤਿੰਨ ਜੂਨ ਤੋ ਇੱਕ ਦਮ ਸੰਗਤਾਂ ਦੀ ਆਮਦ ਵਿੱਚ ਖੜੌਤ ਆ ਗਈ ਤੇ ਲੋਕ ਕਿਸੇ ਵੀ ਝਮੇਲੇ ਵਿੱਚ ਪੈਣ ਤੋ ਬਚਾ ਕਰਦੇ ਹੋਏ 6 ਜੂਨ ਵੱਲ ਟਿੱਕਟਿੱਕੀ ਲਗਾ ਕੇ ਵੇਖ ਰਹੇ ਹਨ।

ਖਾਲਿਸਤਾਨ ਦੇ ਆਪਣੇ ਆਪ ਨੂੰ ਮੁਦੱਈ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਇਸ ਵਾਰੀ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਹਨ ਤੇ ਉਹ ਛੇ ਜੂਨ ਨੂੰ ਨਹੀ ਆ ਸਕਣਗੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਾਲਿਸਤਾਨ ਦੇ ਨਾਅਰੇ ਲੱਗਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਜਦ ਕਿ ਪਿਛਲੇ ਸਾਲ 6 ਜੂਨ ਨੂੰ ਗਰਮ ਦਲੀਆ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਖੂਨੀ ਝੜਪਾ ਵੀ ਹੋਈਆ ਸਨ ਜਿਸ ਦੌਰਾਨ ਕਈ ਸ਼ਰਧਾਲੂ ਜਖਮੀ ਹੋਏ ਸਨ।

ਸ਼੍ਰੋਮਣੀ ਕਮੇਟੀ ਦੇ ਗਲਿਆਰਿਆ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਗਰਮ ਦਲੀਆ ਦੇ ਸ਼ਾਤਮਈ ਢੰਗ ਨਾਲ 6 ਜੂਨ ਦਾ ਦਿਹਾੜਾ ਮਨਾਉਣ ਦੇ ਬਿਆਨ ਆ ਚੁੱਕੇ ਹਨ ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਦੀ ਆਪਸੀ ਖਿੱਚੋਤਾਣ ਕੋਈ ਗੜਬੜ ਜਰੂਰ ਕਰਵਾ ਸਕਦੀ ਹੈ । ਸੰਨ 2006 ਵਿੱਚ ਰੂਪ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਲਗਾਇਆ ਸੀ ਤਾਂ ਉਸ ਵੇਲੇ ਵੀ ਇੱਕ ਸਮਾਗਮ ਦੌਰਾਨ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਝਗੜਾ ਹੋ ਗਿਆ ਸੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀ ਕੋਈ ਦਸਤਾਰ ਲਾਹ ਕੇ ਲੈ ਗਿਆ ਜਿਹੜੀ ਅੱਜ ਤੱਕ ਨਹੀ ਮਿਲ ਸਕੀ ਜਿਸ ਦਾ ਨਜ਼ਲਾ ਵੀ ਸਾਰਾ ਰੂਪ ਸਿੰਘ ਤੇ ਸੁੱਟ ਕੇ ਉਸ ਨੂੰ ਮੈਨੇਜਰੀ ਤੋ ਲਾਂਭੇ ਕਰ ਦਿੱਤਾ ਗਿਆ ਸੀ ਤੇ ਅੱਜ ਕਲ ਰੂਪ ਸਿੰਘ ਸਕੱਤਰ ਦੇ ਆਹੁਦੇ ਤੇ ਤਾਇਨਾਤ ਹਨ।

ਇਹ ਵੀ ਚਰਚਾ ਹੈ ਕਿ ਇਸ ਵਾਰੀ ਪੰਥਕ ਜਥੇਬੰਦੀਆ ਨੇ ਭਾਂਵੇ ਸ਼ਾਤਮਈ ਘੁੱਲੂਘਾਰਾ ਦਿਵਸ ਮਨਾਉਣ ਦਾ ਅਹਿਦ ਲਿਆ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿੱਚ ਚੱਲ ਰਹੀ ਕਸ਼ਮਕਸ਼ ਨੂੰ ਲੈ ਕੇ ਸਰਕਾਰੀ ਏਜੰਸੀਆ ਵੀ ਕੋਈ ਗੜਬੜ ਕਰਵਾ ਸਕਦੀਆ ਹਨ ਜਿਹਨਾਂ ਤੋ ਖਾਸ ਕਰਕੇ ਗਰਮ ਦਲੀਆ ਨੂੰ ਸੁਚੇਤ ਰਹਿਣਾ ਪਵੇਗਾ ਕਿਉਕਿ ਸਿਆਸਤ ਵਿੱਚ ਬਾਬਾ ਬੋਹੜ ਵਜੋ ਜਾਣੇ ਜਾਂਦੇ ਸ੍ਰ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਹਰ ਆਲਣੇ ਦੇ ਖਿਡਾਰੀ ਮੰਨੇ ਜਾਂਦੇ ਹਨ ਤੇ ਕਿਸੇ ਪਾਸਿਉ ਵੀ ਕੇਂਦਰ ਸਰਕਾਰ ਦੇ ਹੱਥਾਂ ਦੇ ਤੋਤੋ ਉਡਾ ਸਕਦੇ ਹਨ।

6 ਜੂਨ ਦੇ ਘੱਲੂਘਾਰੇ ਦਿਵਸ ਨੂੰ ਲੈ ਕੇ ਜਿਲਾ ਪੁਲੀਸ ਕਮਿਸ਼ਨਰ ਸ੍ਰੀ ਜਾਤਿੰਦਰ ਸਿੰਘ ਔਲਖ ਤੇ ਡਿਪਟੀ ਪੁਲੀਸ ਕਮਿਸ਼ਨਰ ਸ੍ਰੀ ਪਰਮਪਾਲ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀਆ ਸਾਰੀਆ ਨੁੱਕਰਾਂ ਦਾ ਮੁਆਇਨਾ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨਾਲ ਇੱਕ ਗੁਪਤ ਮੀਟਿੰਗ ਵੀ ਕੀਤੀ। ਇੱਕ ਪੁਲੀਸ ਅਧਿਕਾਰੀ ਅਨੁਸਾਰ ਇਸ ਵਾਰੀ ਤਿੰਨ ਹਜਾਰ ਪੁਲੀਸ ਕਰਮਚਾਰੀ ਸਿਰਫ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਤਾਇਨਾਤ ਕੀਤਾ ਗਿਆ ਹੈ ਜਦ ਕਿ ਬਾਹਰ ਲਗਾਈ ਨਫਰੀ ਇਸ ਤੋ ਕਈ ਗੁਣਾ ਵੱਧ ਹੈ। ਮਹਿਲਾਂ ਪੁਲੀਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ 6 ਜੂਨ ਨੂੰ ਬੰਦ ਕਰਾਉਣ ਬਾਰੇ ਸਪੱਸ਼ਟ ਕਰਦਿਆ ਕਿਹਾ ਕਿ ਇਸ ਦਿਨ ਕੋਈ ਸਿੰਘ ਜਬਰੀ ਬੰਦ ਕਰਾਉਣ ਨਾ ਜਾਵੇ ਤੇ ਬੰਦ ਦੀ ਕਾਲ ਸਿਰਫ ਦਲ ਖਾਲਸਾ ਨੇ ਹੀ ਦਿੱਤੀ ਹੈ ਤੇ ਬੰਦ ਖਾਲਸਾ ਹੀ ਆਪਣੇ ਤਰੀਕੇ ਨਾਲ ਕਰਵਾਏਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top