Share on Facebook

Main News Page

ਧਰਮੀ ਫੌਜੀਆਂ ਨੂੰ ਯਾਦ ਕੀਤੇ ਬਿਨ੍ਹਾਂ, ਦਰਬਾਰ ਸਾਹਿਬ ਦੇ ਹਮਲੇ ਦਾ ਇਤਿਹਾਸ ਸੰਪੂਰਨ ਨਹੀਂ ਹੁੰਦਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਰਤੀ ਨਿਜ਼ਾਮ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਕੀਤਾ ਹਮਲਾ ਬੜਾ ਘਾਤਕ ਸੀ। ਇਸ ਹਮਲੇ ਨੂੰ ਬਹੁਤ ਸਾਰੀਆਂ ਮਹਾਨ ਕਲਮਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਲਿਖਿਆ ਹੈ। ਹਾਲੇ ਤੱਕ ਬਹੁਤ ਸਾਰੇ ਚਸ਼ਮਦੀਦ ਵੀ ਜਿੰਦਾ ਹਨ ਅਤੇ ਕੁੱਝ ਓਹ ਵੀ ਹਨ, ਜਿਹੜੇ ਇਸ ਫੌਜੀ ਹਮਲੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਹੀ ਸਨ, ਉਹਨਾਂ ਵਿੱਚੋਂ ਜਿਹੜੇ ਬੁਲਾਰੇ ਹਨ, ਉਹ ਵੀ ਆਪਣੀ ਆਪਣੀ ਲਿਆਕਤ ਅਨੁਸਾਰ ਇਸ ਘੱਲੂਘਾਰੇ ਨੂੰ, ਆਪਣੀ ਸ਼ਬਦਾਵਲੀ ਵਿੱਚ ਬਿਆਨ ਕਰਦੇ ਹਨ।

ਇਹ ਇਨਸਾਨੀ ਫਿਤਰਤ ਹੈ ਕਿ ਅੱਖੀਂ ਡਿੱਠੇ ਵਿੱਚ ਵੀ ਕੁੱਝ ਕੁ ਕਾਲਪਨਿਕ ਮਿਲਗੋਭਾ ਕਰਕੇ, ਉਸ ਸਾਰੀ ਘਟਨਾਂ ਨੂੰ ਕਈ ਵਾਰ ਆਪਣੇ ਆਲੇ ਦੁਆਲੇ ਘਮਾਉਣ ਦਾ ਯਤਨ ਕੀਤਾ ਜਾਂਦਾ ਹੈ ਜਾਂ ਕਿਸੇ ਖਾਸ ਬੰਦੇ ਜਾਂ ਧਿਰ ਨੂੰ ਉਭਾਰਨ ਜਾਂ ਨਕਾਰਨ ਦੀ ਨੀਤੀ ਵੀ ਅਪਣਾਈ ਜਾਂਦੀ ਹੈ, ਸਿੱਖ ਵੀ ਇਸ ਸੁਭਾਅ ਤੋਂ ਬਚ ਨਹੀਂ ਸਕੇ ਅਤੇ ਸਾਕਾ ਦਰਬਾਰ ਸਾਹਿਬ ਦੇ ਇਤਿਹਾਸ ਨੂੰ ਬਿਆਨ ਕਰਦਿਆਂ ਜਾਂ ਲਿਖਦਿਆਂ ਬਹੁਤ ਵਾਰੀ ਅਜਿਹਾ ਹੁੰਦਾ ਵੇਖਿਆ ਹੈ। ਜੇ ਸਾਰੇ ਸਾਕੇ ਨੂੰ ਨਿਰਪੱਖਤਾ ਨਾਲ ਵੇਖੀਏ ਤਾਂ ਧਰਮੀਂ ਫੌਜੀ ਵੀਰਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਪਰ ਉਹਨਾਂ ਦਾ ਜ਼ਿਕਰ ਕਰਨ ਲੱਗਿਆਂ ਬਹੁਤ ਸੰਕੋਚ ਨਾਲ ਕੀਤਾ ਜਾਂਦਾ ਹੈ।

ਭਾਰਤੀ ਨਿਜ਼ਾਮ ਨੇ ਇਸ ਘੱਲੂਘਾਰੇ ਸਬੰਧੀ ਕਿਸੇ ਸਿੱਖ ਫੌਜੀ ਨੂੰ ਭਿਣਖ ਨਹੀਂ ਪੈਣ ਦਿੱਤੀ ਸੀ, ਸਾਰਾ ਕੁੱਝ ਗੁਪਤ ਰੱਖਿਆ ਹੋਇਆ ਸੀ, ਕੁੱਝ ਧੋਤੇ ਦਿਮਾਗ ਵਾਲੇ ਅਫਸਰਾਂ, ਜਿਵੇ ਜਰਨਲ ਬਰਾੜ, ਜਰਨਲ ਦਿਆਲ ਨੂੰ ਛੱਡਕੇ ਹੋਰ ਕਿਸੇ ਸਿੱਖ ਅਫਸਰ ਨੂੰ ਵੀ ਪਤਾ ਨਹੀਂ ਸੀ ਲੱਗਣ ਦਿੱਤਾ, ਪਰ ਜਿਉਂ ਹੀ ਸਿੱਖ ਫੌਜੀਆਂ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਅਤੇ ਅਕਾਲ ਤਖਤ ਸਾਹਿਬ ਦੇ ਢਹਿ ਜਾਣ ਦੀ ਖਬਰ ਮਿਲੀ, ਤਾਂ ਹਜ਼ਾਰਾਂ ਸਿੱਖ ਫੌਜੀਆਂ ਨੇ ਆਪਣੇ ਘਰ ਦੀ ਹਾਲਤ ਅਤੇ ਰੋਟੀ ਰੋਜ਼ੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ, ਰੋਸ ਵਜੋਂ ਬੈਰਕਾਂ ਛੱਡ ਦੱਤੀਆਂ ਸਨ ਅਤੇ ਪੰਜਾਬ ਨੂੰ ਚਾਲੇ ਪਾ ਦਿੱਤੇ ਸਨ। ਉਹਨਾਂ ਅੰਦਰ ਕੋਈ ਮੰਦ ਭਾਵਨਾ ਨਹੀਂ ਸੀ, ਉਹਨਾਂ ਨੇ ਬਗਾਵਤ ਨਹੀਂ ਕੀਤੀ ਸੀ, ਸਗੋਂ ਰੋਸ ਜਾਹਰ ਕੀਤਾ ਸੀ, ਕਿ ਭਾਰਤੀ ਨਿਜ਼ਾਮ ਨੇ ਸਾਡੇ ਇਸ਼ਟ ਉੱਤੇ ਹਮਲਾ ਕਿਉਂ ਕੀਤਾ ਹੈ, ਜੇ ਉਹ ਬਾਗੀ ਹੁੰਦੇ ਤਾਂ ਬਗਾਵਤੀਆਂ ਵਾਲੇ ਕੰਮ ਕਰਦੇ। ਵੱਖ ਵੱਖ ਫੌਜੀ ਟਿਕਾਣਿਆਂ ਜਿਵੇ ਰਾਮਗੜ੍ਹ ਬਿਹਾਰ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਲਾਲਗੜ੍ਹ ਅਤੇ ਪੂਨੇ ਆਦਿਕ ਤੋਂ ਸਿੱਖ ਫੌਜੀਆਂ ਨੇ ਬੈਰਕਾਂ ਛੱਡਕੇ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾਏ, ਲੇਕਿਨ ਉਹਨਾਂ ਨੇ ਰਸਤੇ ਵਿੱਚ ਕਿਸੇ ਇੱਕ ਵੀ ਆਮ ਨਾਗਰਿਕ ਨੂੰ ਮਾਰਨਾ ਤਾਂ ਕੀਹ ਤੰਗ ਤੱਕ ਵੀ ਨਹੀਂ ਕੀਤਾ, ਕਿਉਂਕਿ ਉਹ ਅਸਲ ਗੁਰੂ ਦੇ ਸਿੱਖ ਸਨ ਅਤੇ ਉਹਨਾਂ ਦਾ ਅਕੀਦਾ ਕੁੱਝ ਹੋਰ ਸੀ। ਉਹ ਖੁਦ ਜਖਮੀ ਆਤਮਾ ਸੀਨੇ ਵਿੱਚ ਲੈ ਕੇ ਚੱਲ ਰਹੇ ਸਨ, ਉਹਨਾਂ ਨੇ ਕਿਸੇ ਦੀ ਆਤਮਾ ਦੁਖੀ ਕਰਨੀ ਠੀਕ ਨਹੀਂ ਸਮਝੀ। ਜੇ ਉਹ ਅੱਜ ਦੇ ਸ਼ਿਵ ਸੈਨੀਆਂ ਵਰਗੇ ਦਿਮਾਗ ਵਾਲੇ ਹੁੰਦੇ ਤਾਂ ਪੂਨੇ ਤੋਂ ਨਿੱਕਲੇ ਸਿੱਖ ਫੌਜੀਆਂ ਕੋਲ ਏਨਾ ਕੁ ਅਸਲਾ ਸੀ, ਕਿ ਸਾਰਾ ਮੁੰਬਈ ਸ਼ਹਿਰ ਰਾਖ ਕਰ ਸਕਦੇ ਸਨ। ਜੇ ਉਹ ਮੁੰਬਈ ਨੂੰ ਘੇਰਾ ਪਾ ਕੇ ਵੀ ਡਟ ਜਾਂਦੇ ਤਾਂ ਸਰਕਾਰ ਨੂੰ ਦਰਬਾਰ ਸਾਹਿਬ ਦਾ ਫੌਜੀ ਹਮਲਾ ਰੋਕਣ ਵਾਸਤੇ ਮਜਬੂਰ ਕਰ ਸਕਦੇ ਸਨ, ਪਰ ਉਹਨਾਂ ਨੇ ਗੁਰੂ ਭੈਅ ਵਿੱਚ ਰਹਿੰਦਿਆਂ ਆਪਣੇ ਇਰਾਦੇ ਨੂੰ ਪਾਕ ਰੱਖਿਆ ਕਿ ਦਰਬਾਰ ਸਾਹਿਬ ਜਾਣਾ ਹੈ, ਉਥੇ ਮੁਕਾਬਲਾ ਕਰਾਂਗੇ। ਸਰਕਾਰੀ ਅੰਕੜਿਆਂ ਮੁਤਾਬਿਕ 2334 ਸਿੱਖ ਫੌਜੀਆਂ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਖਿਲਾਫ਼, ਆਪਣੀਆਂ ਬੈਰਕਾਂ ਛੱਡੀਆਂ ਸਨ ਅਤੇ ਉਹਨਾਂ ਵਿੱਚੋਂ 67 ਸ਼ਹੀਦ ਹੋ ਗਏ ਸਨ, 31ਸਿੱਖ ਫੌਜੀ ਲਾਪਤਾ ਐਲਾਨ ਦਿੱਤੇ ਗਏ, 172 ਨੂੰ ਕੋਰਟ ਮਾਰਸ਼ਲ ਕਰਕੇ ਸਜ਼ਾ ਦਿੱਤੀ ਗਈ। ਬਹੁਤਿਆਂ ਨੂੰ ਨੌਕਰੀਓ ਕੱਢ ਦਿੱਤਾ ਗਿਆ।

ਇਹਨਾਂ ਬੈਰਕਾਂ ਛੱਡਣ ਵਾਲੇ ਫੌਜੀਆਂ ਨੂੰ ਅੱਜ ਧਰਮੀ ਫੌਜੀ ਆਖਿਆ ਜਾਂਦਾ ਹੈ, ਫੜੇ ਜਾਣ ਤੋਂ ਫੌਜ ਦੀ ਹਿਰਾਸਤ ਵਿੱਚੋਂ ਫਰਾਰ ਹੋਏ ਧਰਮੀ ਫੌਜੀ ਮੇਘ ਸਿੰਘ ਸੰਗਾਲੀ ਨੇ ਦੱਸਿਆ ਕਿ ਬੈਰਕਾਂ ਛੱਡਣ ਵਾਲੇ ਫੌਜੀਆਂ ਨੂੰ, ਕਿਸੇ ਦੂਜੇ ਮੁਲਕ ਨਾਲ ਜੰਗ ਦੌਰਾਨ ਕੈਦੀ ਬਨਾਏ ਫੌਜੀਆਂ ਵਾਂਗੂੰ ਤਸੀਹੇ ਦਿੱਤੇ ਗਏ। ਸ. ਪ੍ਰਕਾਸ਼ ਸਿੰਘ ਬਾਦਲ ਜਿਹੜੇ ਦਰਬਾਰ ਸਾਹਿਬ ਦੇ ਹਮਲੇ ਤੋਂ ਕੁੱਝ ਮਹੀਨੇ ਪਹਿਲਾਂ ਹੀ ਗਾਇਬ ਸਨ ਅਤੇ ਅਚਾਨਕ 8 ਜੂਨ ਨੂੰ ਚੰਡੀਗੜ੍ਹ ਪ੍ਰਗਟ ਹੋਏ ਅਤੇ ਬਿਆਨ ਦਿੱਤਾ ਕਿ ਸਰਕਾਰ ਨੇ ਸਾਡੇ ਧਰਮ ਉੱਤੇ ਹਮਲਾ ਕਰ ਦਿੱਤਾ ਹੈ, ਹੁਣ ਕੋਈ ਚਾਰਾ ਨਹੀਂ, ਸਿੱਖ ਫੌਜੀਆਂ ਨੂੰ ਬਗਾਵਤ ਕਰ ਦੇਣੀ ਚਾਹੀਦੀ ਹੈ, ਬੇਸ਼ਕ ਇਹਨਾਂ ਧਰਮੀ ਫੌਜੀਆਂ ਨੇ ਬਾਦਲ ਦੇ ਕਹਿਣ ਉੱਤੇ ਨਹੀਂ, ਸਗੋਂ ਆਪਣੀ ਨੈਤਿਕ, ਕੌਮੀ ਅਤੇ ਧਾਰਮਿਕ ਜਿੰਮੇਵਾਰੀ ਸਮਝਦਿਆਂ ਬੈਰਕਾਂ ਛੱਡੀਆਂ ਸਨ, ਪਰ ਉਸ ਤੋਂ ਬਾਅਦ ਅੱਜ ਤੀਜੀ ਵਾਰ ਸ. ਬਾਦਲ ਪੰਜਾਬ ਦੇ ਮੁੱਖ ਮੰਤਰੀ ਹਨ, ਸਾਰੀ ਸਰਕਾਰ ਰਿਸ਼ਤੇਦਾਰਾਂ ਦੀ ਹੈ, ਕੇਂਦਰੀ ਸਰਕਾਰ ਵਿੱਚ ਡੂੰਘੀ ਹਿੱਸੇਦਾਰੀ ਹੈ, ਲੇਕਿਨ ਆਪ ਬਗਾਵਤ ਵਾਸਤੇ ਉਕਸਾਉਣ ਤੋਂ ਬਾਅਦ, ਹੁਣ ਤੱਕ ਕਦੇ ਧਰਮੀ ਫੌਜੀਆਂ ਦੀ ਸਾਰ ਨਹੀਂ ਲਈ, ਉਹਨਾਂ ਵਿੱਚੋਂ ਕੁੱਝ ਤਾਂ ਆਪਣੀ ਰੋਟੀ ਰੋਜ਼ੀ ਤੋਂ ਵੀ ਆਜਤ ਹਨ। ਉਹਨਾਂ ਦੇ ਘਰਾਂ ਦੀ ਹਾਲਤ ਵੇਖ ਕੇ ਤਰਸ ਆਉਂਦਾ ਹੈ ਕਿ ਕੌਮ ਵਾਸਤੇ ਕੁਰਬਾਨੀਆਂ ਕਰ ਕੇ ਇਸ ਹਾਲ ਵੀ ਜਿਉਣਾ ਪੈਂਦਾ ਹੈ।

ਜਦੋਂ ਕਦੇ ਵੋਟਾਂ ਆਈਆਂ, ਓਦੋ ਧਰਮੀ ਫੌਜੀਆਂ ਦਾ ਲਾਹਾ ਲਿਆ ਗਿਆ, ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਹਰ ਆਗੂ ਨੇ ਸਿੱਖਾਂ ਦੇ ਜਜਬਾਤਾਂ ਨੂੰ ਗਰਮਾ ਕੇ ਆਪਣੇ ਹੱਕ ਵਿੱਚ ਵਰਤਣ ਵੇਲੇ, ਹਮੇਸ਼ਾ ਦਰਬਾਰ ਸਾਹਿਬ ਦੇ ਫੌਜੀ ਹਮਲੇ ,ਦਿੱਲੀ ਦੇ ਸਿੱਖ ਕਤਲੇਆਮ ਅਤੇ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਸਟੇਜੀ ਭਾਸ਼ਣ ਦਾ ਹਿਸਾ ਬਣਾਉਂਦਿਆਂ, ਮਗਰਮੱਛ ਦੇ ਅੱਥਰੂ ਵੀ ਬਹੁਤ ਵਹਾਏ ਹਨ, ਪਰ ਪਿਛਲੇ ਵਰੇ ਧਰਮੀ ਫੌਜੀਆਂ ਨੇ ਬਹਾਦਰਗੜ੍ਹ ਪਟਿਆਲਾ ਵਿਖੇ, ਗੁਰੂ ਤੇਗਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਿਕ ਗੁਰਦਵਾਰਾ ਸਾਹਿਬ ਵਿੱਚ, ਸਮੂੰਹ ਸ਼ਹੀਦ ਧਰਮੀ ਫੌਜੀਆਂ ਦੀ ਯਾਦ ਵਿੱਚ ਇੱਕ ਸਮਾਗਮ ਕੀਤਾ, ਪਰ ਹੈਰਾਨੀ ਦੀ ਗੱਲ ਹੈ ਕਿ ਦਾਸ ਲੇਖਕ, ਬਾਬਾ ਮਨਮੋਹਨ ਸਿੰਘ ਬਾਰਨ, ਸ.ਕਰਨੈਲ ਸਿੰਘ ਪੰਜੋਲੀ ਅਤੇ ਭਾਈ ਹਰਪਾਲ ਸਿੰਘ ਜੀ ਹੈਡ ਗ੍ਰੰਥੀ ਤੋਂ ਇਲਾਵਾ ਕੋਈ ਵੀ ਵੱਡਾ ਜਾਂ ਛੋਟਾ ਸਿੱਖ ਆਗੂ ਹਾਜਰ ਨਹੀਂ ਹੋਇਆ। ਹੋਰ ਤਾਂ ਹੋਰ ਆਮ ਸਿੱਖ ਸੰਗਤ ਵੀ ਇਸ ਸਮਾਗਮ ਤੋਂ ਦੂਰ ਹੀ ਰਹੀ, ਉਥੇ ਸਿਰਫ ਪੋਟਿਆਂ ਉੱਤੇ ਗਿਣੀ ਜਾਣ ਜੋਗੀ ਸੰਗਤ ਹੀ ਹਾਜਰ ਸੀ। ਉਸ ਦਿਨ ਇਹ ਮਹਿਸੂਸ ਹੋਇਆ ਕਿ ਏਡੀ ਵੱਡੀ ਕੁਰਬਾਨੀ, ਏਨੀ ਛੇਤੀ ਭੁੱਲ ਜਾਣੀ ਕੌਮ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ। ਜੇ ਕਿਸੇ ਬੂਬਣੇ ਦੀ ਬਰਸੀ ਹੋਵੇ ਸਿੱਖ ਟਰਾਲੀਆਂ ਭਰਕੇ ਤੁਰ ਪੈਂਦੇ ਹਨ, ਬੇਸ਼ੱਕ ਵਾਢੀ ਹੋਵੇ ਜਾਂ ਬਿਜਾਈ ਦਾ ਸੀਜ਼ਨ ਹੋਵੇ, ਕਦੇ ਪ੍ਰਵਾਹ ਨਹੀਂ ਕਰਦੇ, ਪਰ ਧਰਮੀ ਫੌਜੀ ਵੀਰ ਏਨੇ ਅਣਗੌਲੇ ਕਿਉਂ ਕੀਤੇ ਜਾ ਰਹੇ, ਇਹ ਸਵਾਲ ਸਮਝਨਾ ਸਾਡੇ ਵਾਸਤੇ ਬਹੁਤ ਜਰੂਰੀ ਹੈ। ਇੱਥੋਂ ਦਾ ਨਿਜ਼ਾਮ ਸਿੱਖਾਂ ਪ੍ਰਤੀ ਪਹਿਲਾਂ ਤੋਂ ਬੇਈਮਾਨ ਹੈ ਅਤੇ ਅੱਗੇ ਤੋਂ ਹੋਰ ਵੀ ਮਾੜੀ ਸੋਚ ਲਈ ਬੈਠਾ ਹੈ, ਇਹ ਨਿਜ਼ਾਮ ਇਹ ਚਾਹੁੰਦਾ ਹੈ ਕਿ ਇਹਨਾਂ ਧਰਮੀ ਫੌਜੀਆਂ ਨੂੰ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਜਲੀਲ ਵੀ ਕਰ ਦਿਓ ਅਤੇ ਸਿੱਖਾਂ ਤੋਂ ਅਲੱਗ ਥਲੱਗ ਵੀ ਕਰ ਦਿਓ ਤਾਂ ਕਿ ਜੇ ਕਦੇ ਭਵਿੱਖ ਵਿੱਚ ਫਿਰ ਵੀ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਪਵੇ ਤਾਂ ਕੋਈ ਸਿੱਖ ਫੌਜੀ ਬੈਰਕ ਛੱਡਣ ਦਾ ਹੀਆ ਨਾ ਕਰੇ। ਇਹ ਹੁਣ ਅਸੀਂ ਸੋਚਣਾ ਹੈ ਕਿ ਜੋ ਕੁੱਝ ਭਾਰਤੀ ਨਿਜ਼ਾਮ ਚਾਹੁੰਦਾ ਹੈ, ਅਸੀਂ ਉਸਦੀ ਤਰਫ਼ਦਾਰੀ ਕਰਨੀ ਹੈ ਜਾਂ ਕੌਮ ਵਾਸਤੇ ਕੁਰਬਾਨੀ ਕਰਨ ਵਾਲੇ ਹੀਰੇ ਧਰਮੀ ਫੌਜੀਆਂ ਨੂੰ ਸੰਭਾਲਣਾ ਹੈ?

ਇਸ ਵਾਸਤੇ ਜਦੋਂ ਕਦੇ ਦਰਬਾਰ ਸਾਹਿਬ ਦੇ ਸਾਕੇ ਨੂੰ ਚੇਤੇ ਕਰੀਏ ਤਾਂ ਸਾਨੂੰ ਆਪਣੇ ਇਹਨਾਂ ਧਰਮੀਂ ਫੌਜੀ ਵੀਰਾਂ ਨੂੰ ਪਹਿਲ ਦੇ ਆਧਾਰ 'ਤੇ ਯਾਦ ਕਰਨਾ ਚਾਹੀਦਾ ਹੈ, ਜਿਹਨਾਂ ਨੇ ਆਪਣੀਆਂ ਜਾਨਾਂ, ਨੌਕਰੀਆਂ, ਪਰਿਵਾਰਾਂ ਦਾ ਭਵਿੱਖ ਦਾਅ ਉਤੇ ਲਾ ਦਿੱਤਾ, ਪਰ ਅੱਜ ਦਰ ਦਰ ਦੀਆਂ ਠੋਕਰਾਂ ਖਾ ਕੇ ਵੀ ਰੱਬ ਦਾ ਸ਼ੁਕਰ ਕਰਦਿਆਂ ਜੀਵਨ ਬਤੀਤ ਕਰ ਰਹੇ ਹਨ। ਕਦੇ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੀ ਪੰਥਕ ਸਰਕਾਰ ਨੇ ਉਹਨਾਂ ਧਰਮੀ ਫੌਜੀਆਂ ਨੂੰ ਸੱਦਕੇ, ਇਸ ਦਿਨ ਉੱਤੇ ਕੋਈ ਵਿਸ਼ੇਸ਼ ਸਨਮਾਨ ਵੀ ਨਹੀਂ ਦਿੱਤਾ।

ਚੱਲੋ ਆਗੂ ਬੇਈਮਾਨ ਹੋ ਗਏ, ਧਰਮ ਦੇ ਸੰਚਾਲਕ ਮਚਲੇ ਹੋ ਗਏ ਹਨ, ਪਰ ਗੁਰੂ ਤਾਂ ਵੇਖਦਾ ਹੈ ਕਿ ਕਿਸ ਨੇ ਕੀਹ ਘਾਲਣਾ ਘਾਲੀ ਹੈ। ਜਦੋਂ ਕੋਈ ਇਤਿਹਾਸ ਦੇ ਪੰਨੇ ਫਰੋਲੇਗਾ ਧਰਮੀ ਫੌਜੀ ਵੀਰਾਂ ਦੇ ਧਰਮੀ ਕਿਰਦਾਰ ਅਤੇ ਸੇਵਾ ਦੇ ਦੀਦਾਰੇ ਜਰੂਰ ਹੋਣਗੇ। ਇਸ ਲਈ ਜਿੱਥੇ ਅਸੀਂ ਇਸ ਦਿਨ ਉੱਤੇ ਬੇਈਮਾਨ ਭਾਰਤੀ ਨਿਜ਼ਾਮ ਅਤੇ ਬੇਗੈਰਤ ਭਾਰਤੀ ਫੌਜ ਨੂੰ ਲਾਹਨਤਾਂ ਪਾਉਂਦੇ ਹਾਂ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਕੁੱਝ ਮਰਜੀਵੜਿਆਂ ਅਤੇ ਹਜ਼ਾਰਾਂ ਬੇਗੁਨਾਹ ਹੀ ਸ਼ਹੀਦ ਹੋਏ ਸ਼ਰਧਾਲੂਆਂ ਨੂੰ ਸਿੱਜਦਾ ਕਰਦੇ ਹਾਂ, ਉਥੇ ਸਾਨੂੰ ਸ਼ਹੀਦ ਧਰਮੀ ਫੌਜੀ ਵੀਰਾਂ ਅਤੇ ਜਿੰਦਾ ਸ਼ਹੀਦ ਧਰਮੀ ਫੌਜੀਆਂ ਨੂੰ ਵੀ ਸਲੂਟ ਦੇਣਾ ਚਾਹੀਦਾ ਹੈ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top