Share on Facebook

Main News Page

ਦਰਬਾਰ ਸਾਹਿਬ ਵਿੱਚ ਖ਼ਾਲਿਸਤਾਨ ਦੇ ਨਾਹਰੇ ਲਾਉਂਣ ਤੋਂ ਰੋਕਣਾ, ਸ਼੍ਰੋਮਣੀ ਕਮੇਟੀ ਦੀ ਕਮੀਨੀ ਹਰਕਤ ਹੈ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦਰਬਾਰ ਸਾਹਿਬ ਦਾ ਸਾਕਾ ਕੋਈ ਸਧਾਰਨ ਘਟਨਾ ਨਹੀਂ ਹੈ ਇਸ ਦੇ ਇਤਿਹਾਸ ਨੂੰ ਜਦੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਣਗੀਆਂ ਤਾਂ ਖੂਨ ਦੇ ਹੰਝੂ ਰੋਣਗੀਆਂ, ਪਰ ਅੱਜ ਅਸੀਂ ਇਸ ਤਰ੍ਹਾਂ ਇਹਨਾਂ ਸਮਾਗਮਾਂ ਦਾ ਮਜਾਕ ਉਡਾ ਰਹੇ ਹਾਂ, ਜਿਵੇ ਇਹ ਸਮਾਗਮ ਕਿਸੇ ਸ਼ਰੀਕਾਂ ਦਾ ਹੋਵੇ। ਸਾਨੂੰ ਕਦੋ ਸਮਝ ਆਵੇਗੀ ਕਿ ਅਸੀਂ ਇਹ ਹਰ ਵਰੇ ਆਪਣੀ ਬਰਬਾਦੀ ਦਾ ਰੋਣਾ ਰੋਂਦੇ ਹਾ, ਫਿਰ ਇਥੇ ਹੁੱਲੜਬਾਜ਼ੀ ਕਰਕੇ ਅਸੀਂ ਕੀਹ ਸਾਬਤ ਕਰਨਾ ਚਾਹੁੰਦੇ ਹਾ, ਬੇਸ਼ਕ ਕੋਈ ਵੀ ਧਿਰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਯਤਨ ਕਰੇ, ਪਰ ਇੱਕ ਗੱਲ ਯਾਦ ਰੱਖੋ ਕਿ ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜਦੀ ਹੈ।

ਅੱਜ ਜੇ ਕਿਸੇ ਨੂੰ ਖੁਸ਼ੀ ਹੈ ਤਾਂ ਸਿਰਫ ਭਾਰਤੀ ਨਿਜ਼ਾਮ ਜਾਂ ਉਸ ਦੇ ਸੂਬੇਦਾਰਾਂ ਨੂੰ ਹੋ ਸਕਦੀ ਹੈ। ਕਿਸੇ ਸਿੱਖ ਨੂੰ ਪੁੱਛਕੇ ਵੇਖੋ, ਜਿਸ ਨੇ ਵੀ ਅੱਜ ਦਰਬਾਰ ਸਾਹਿਬ ਸੀ.ਆਈ.ਏ. ਜਾਂ ਕਿਸੇ ਪੁਲਿਸ ਦੇ ਤਸੀਹਾ ਕੇਂਦਰ ਵਰਗੇ ਹਲਾਤ ਦੇਖੇ ਹਨ, ਉਹਨਾਂ ਦੇ ਕਲੇਜੇ ਵਲੂੰਧਰੇ ਗਏ ਹਨ। ਬਦਕਿਸਮਤੀ ਨਾਲ ਦਾਸ ਲੇਖਕ ਅੱਜ ਦਰਬਾਰ ਸਾਹਿਬ ਨਹੀਂ ਜਾ ਸਕਿਆ, ਪਰ ਅਦਾਰਾ ਰੋਜ਼ਾਨਾਂ ਪਹਿਰੇਦਾਰ ਵਿੱਚ ਹਰ ਰੋਜ ਲਿਖਣ ਕਰਕੇ, ਗੁਰੂ ਪਿਆਰ ਵਾਲੇ ਹਜ਼ਾਰਾਂ ਸਿੰਘਾਂ ਦੇ ਜਜਬਾਤ ਨਾਲ ਜੁੜੇ ਹੋਏ ਹਨ, ਤਿੰਨ ਵਜੇ ਤੋਂ ਬਹੁਤ ਸਾਰੇ ਫੋਨ ਆਉਣੇ ਆਰੰਭ ਹੋਏ, ਪਰ ਮੇਰੇ ਕੋਲ ਇਹ ਜਾਣਕਾਰੀ ਸੀ ਕਿ ਸਮਾਗਮ ਅਮਨਮਈ ਸੰਪੂਰਨ ਹੋ ਚੁੱਕੇ ਹਨ।

ਭਾਈ ਧਿਆਨ ਸਿੰਘ ਮੰਡ ਤੋਂ ਤਕਰੀਬਨ ਬਾਰਾਂ ਵਜੇ ਤੱਕ ਹਰ ਪਲ ਪਲ ਦੀ ਜਾਣਕਾਰੀ ਲੈ ਰਿਹਾ ਸਾਂ ਕਿਉਂਕਿ ਦਿਲ ਵਿੱਚ ਧੁੜ੍ਹਕੂ ਸੀ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੋਈ ਮਹੌਲ ਨੂੰ ਵਿਗਾੜਕੇ ਸ਼ਹੀਦਾਂ ਦਾ ਅਪਮਾਨ ਨਾ ਕਰੇ। ਹਾਲੇ ਮੈਂ ਮਨ ਹੀ ਮਨ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾਂ ਹੀ ਕਰ ਰਿਹਾ ਸਾਂ ਕਿ ਕਿਸੇ ਬੀਬੀ ਨੇ ਫੋਨ ਕਰਕੇ ਪੁੱਛਿਆ ਵੀਰ ਜੀ ਦਰਬਾਰ ਸਾਹਿਬ ਕੀਹ ਵਾਪਰਿਆ ਹੈ, ਮੈਂ ਬੜੇ ਹੀ ਭਰੋਸੇ ਨਾਲ ਜਵਾਬ ਦਿੱਤਾ ਭੈਣ ਜੀ! ਇਸ ਵਾਰੀ ਮਾਲਿਕ ਨੇ ਕਿਰਪਾ ਕੀਤੀ ਹੈ, ਸਭ ਕੁੱਝ ਅਮਨ ਅਮਾਨ ਨਾਲ ਨਿੱਬੜ ਗਿਆ ਹੈ ਤਾਂ ਉਸ ਬੀਬੀ ਨੇ ਕਿਹਾ ਨਹੀਂ ਵੀਰ ਜੀ, ਉਥੇ ਤਾਂ ਫਿਰ ਓਹੀ ਕੰਜਰਖਾਨਾ ਕਰ ਵਿਖਾਇਆ ਹੈ।

ਇਹ ਸੁਣਕੇ ਮੈਂ ਦੇਰ ਰਾਤ ਤੱਕ ਇਧਰ ਉਧਰ ਫੋਨ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਕੋਈ ਠੋਸ ਜਾਣਕਾਰੀ ਨਹੀਂ ਮਿਲ ਰਹੀ ਸੀ। ਜਿਹੜਾ ਵੀ ਕੋਈ ਵੀਰ ਫੋਨ ਕਰਦਾ ਸੀ, ਉਹ ਮੈਨੂੰ ਸਵਾਲ ਕਰਦਾ ਸੀ ਕਿ ਅਮ੍ਰਿਤਸਰ ਸਾਹਿਬ ਬਾਰੇ ਦੱਸੋ ਕੀਹ ਭਾਣਾ ਵਰਤਿਆ ਹੈ, ਪਰ ਮੈਂ ਲਾਜਵਾਬ ਸੀ। ਰਾਤ ਦਸ ਵਜੇ ਦੇ ਕਰੀਬ ਰੋਜ਼ਾਨਾਂ ਪਹਿਰੇਦਾਰ ਦੇ ਇੱਕ ਪਾਠਕ, ਜਿਹੜਾ ਕਿ ਕੰਡਕਟਰ ਹੈ ਅਤੇ ਅੱਜ ਸਬੱਬੀਂ ਦਰਬਾਰ ਸਾਹਿਬ ਗਿਆ ਹੋਇਆ ਸੀ, ਨੇ ਫੋਨ ਕਰਕੇ ਦੱਸਿਆ ਕਿ ਬੇਸ਼ਕ ਮੈਂ ਸਿਰੋਂ ਮੋਨਾ ਹਾ, ਪਰ ਮੇਰੀ ਇੱਛਾ ਸੀ ਕਿ ਆਪਣੇ ਬੱਚੇ ਨੂੰ ਪੂਰਨ ਸਿੱਖ ਬਣਾਂਵਾਗਾ ਅਤੇ ਮੈਂ ਆਪਣੇ ਬੇਟੇ ਨੂੰ ਹਰ ਰੋਜ਼ ਸਿੱਖ ਪੰਥ ਦੇ ਇਤਿਹਾਸ ਵਿੱਚੋਂ ਕੁੱਝ ਸੁਣਾਉਣ ਦਾ ਯਤਨ ਕਰਦਾ ਸੀ,ਚੰਗਾ ਹੋਇਆ ਜੇ ਕਿਤੇ ਅੱਜ ਮੇਰਾ ਬੇਟਾ ਮੇਰੇ ਨਾਲ ਨਹੀਂ ਸੀ, ਜੇ ਨਾਲ ਹੁੰਦਾ ਅਤੇ ਅੱਜ ਦੀ ਕਰਤੂਤ ਵੇਖਦਾ ਤਾਂ ਉਸ ਨੇ ਕਦੇ ਵੀ ਸਿੱਖੀ ਵੱਲ ਮੁੰਹ ਨਾ ਕਰਨਾ ਪਸੰਦ ਨਹੀਂ ਕਰਨਾ ਸੀ ਅਤੇ ਸਾਰੀ ਉਮਰ ਮੈਨੂੰ ਉਲਾਂਭੇ ਦੇ ਦੇਕੇ ਕੋਸਦਾ ਕਿ ਪਿਤਾ ਜੀ! ਤੁਸੀਂ ਇਹਨਾਂ ਸਿੱਖਾਂ ਦੀਆਂ ਗੱਲਾਂ ਕਰਦੇ ਹੋ, ਜਿਹੜੇ ਏਡੇ ਵੱਡੇ ਸ਼ਹੀਦੀ ਸਮਾਗਮ ਉੱਤੇ ਗੰਦਗੀ ਖਿਲਾਰਦੇ ਹਨ।

ਇਸ ਸੱਜਣ ਅਤੇ ਇੱਕ ਹੋਰ ਭੈਣ ਨੇ ਦਸਿਆ ਕਿ ਸਾਰਾ ਸਮਾਗਮ ਅਮਨ ਅਮਾਨ ਨਾਲ ਲੰਘ ਗਿਆ ਸੀ, ਪਰ ਦੁਪਿਹਰ ਵੇਲੇ ਕੁੱਝ ਦਰਜਨਾਂ ਨੌਜਵਾਨ, ਜਿਹਨਾਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ, ਖਾਲਿਸਤਾਨ ਦੇ ਨਾਹਰੇ ਲਾਉਂਦੇ ਹੋਏ, ਦਰਬਾਰ ਸਾਹਿਬ ਵਿੱਚ ਦਾਖਲ ਹੋਏ ਅਤੇ ਉਥੇ ਕਾਲੀਆਂ ਪੱਗਾਂ ਬੰਨੀ ਤਿਆਰ ਬੈਠੀ ਟਾਸਕ ਫੋਰਸ, ਜਿਸ ਵਿੱਚ ਸਾਫ਼ ਦਿੱਸ ਰਿਹਾ ਸੀ ਕਿ ਅੱਧੋਂ ਵੱਧ ਪੁਲਿਸੀਏ ਟਾਸਕ ਫੋਰਸ ਦੇ ਭੇਸ ਵਿੱਚ ਸ਼ਾਮਲ ਸਨ, ਨੇ ਉਹਨਾਂ ਨਾਲ ਕੁੱਝ ਗੱਲਬਾਤ ਵੀ ਕੀਤੀ, ਪਰ ਜਦੋਂ ਉਹ ਅਕਾਲ ਤਖਤ ਸਾਹਿਬ ਵੱਲ ਨੂੰ ਵਧੇ ਤਾਂ ਉਹਨਾਂ ਨੂੰ ਘੇਰਕੇ ਕਮਰਿਆਂ ਵਿੱਚ ਲਿਜਾਇਆ ਗਿਆ, ਜਿੱਥੋਂ ਸਿਰਫ ਚੀਕਾਂ ਦੀਆਂ ਅਵਾਜਾਂ ਹੀ ਸੁਣਾਈ ਦੇ ਰਹੀਆਂ ਸਨ, ਜਿਵੇ ਕਿਤੇ ਮਾਲ ਮੰਡੀ ਵਾਲਾ ਤਸੀਹਾ ਕੇਂਦਰ (ਬੁੱਚੜਖ਼ਾਨਾ) ਅਕਾਲ ਤਖਤ ਸਾਹਿਬ ਵਿਖੇ ਤਬਦੀਲ ਹੋ ਗਿਆ ਹੋਵੇ। ਉਸ ਵੇਲੇ ਪੱਤਰਕਾਰ ਜਾ ਚੁੱਕੇ ਸਨ, ਕੋਈ ਇੱਕਾ ਦੁੱਕਾ ਪਰੈਸ ਵਾਲਾ ਮਜੂਦ ਸੀ, ਪਰ ਭੂਤਰੀ ਹੋਈ ਟਾਸਕ ਫੋਰਸ ਅਤੇ ਵਿੱਚ ਸ਼ਾਮਲ ਪੁਲਸੀਆਂ ਨੇ ਉਹਨਾਂ ਤੋਂ ਵੀ ਕੈਮਰੇ ਖੋਹਣ ਦਾ ਯਤਨ ਵੀ ਕੀਤਾ, ਪਰ ਫਿਰ ਵੀ ਕੁੱਝ ਲੋਕ ਇਸ ਨੂੰ ਕੈਮਰਾ ਬੰਦ ਕਰਨ ਵਿੱਚ ਸਫਲ ਹੋਏ, ਲੇਕਿਨ ਪੂਰੇ ਹਲਾਤਾਂ ਦੀ ਕੋਈ ਵੀਡੀਓ ਨਹੀਂ ਬਣਾਉਣ ਦਿੱਤੀ ਗਈ, ਇੱਕ ਬੀਬੀ ਨੇ ਤਾਂ ਇਹ ਵੀ ਦੱਸਿਆ ਕਿ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ।

ਜੋ ਵੀ ਹੋਇਆ ਗਲਤੀ ਨੌਜਵਾਨਾਂ ਦੀ ਸੀ ਜਾਂ ਸ਼੍ਰੋਮਣੀ ਕਮੇਟੀ ਅਤੇ ਟਾਸਕ ਫੋਰਸ ਦੀ ਸੀ, ਪਰ ਕੁੱਲ ਮਿਲਾਕੇ ਜਲੂਸ ਤਾਂ ਸਿੱਖ ਕੌਮ ਦਾ ਨਿਕਲਿਆ ਹੈਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਹੁੰਦਾ ਕਿਉਂ ਹੈ? ਪੰਜਾਬ ਦੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਕਿ ਪੰਜਾਬ ਵਿੱਚ, ਹਰ ਰੋਜ਼ ਸ਼ਿਵ ਸੈਨੀਏ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਪਾੜ ਕੇ ਸਿੱਖ ਜਵਾਨੀ ਦੇ ਜਜਬਾਤਾਂ ਨੂੰ ਲਾਂਬੂ ਲਾ ਰਹੇ ਹਨ। ਓਧਰ ਜੰਮੂ ਵਿੱਚ ਵੀ ਪੋਸਟਰ ਪਾੜਣ ਪਿੱਛੋਂ ਪੈਦਾ ਹੋਏ ਹਲਾਤਾਂ ਨੇ, ਇੱਕ ਸਿੱਖ ਨੌਜਵਾਨ ਦੀ ਕੁਰਬਾਨੀ ਲੈ ਲਈ ਹੈ, ਕੀਹ ਕਰਦਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ , ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਕਿਉਂ ਨਹੀਂ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ, ਸ਼ਿਵ ਸੈਨੀਆਂ ਨੂੰ ਪੰਜਾਬ ਦਾ ਮਹੌਲ ਵਿਗਾੜਨ ਦੇ ਦੋਸ਼ ਵਿੱਚ, ਉਹਨਾਂ ਉੱਤੇ ਕੇਸ ਬਣਾਉਣ ਦੀ ਮੰਗ ਕੀਤੀ? ਕਰਨ ਵੀ ਕਿਵੇਂ ਸਰਕਾਰ ਹੀ ਸ਼ਿਵ ਸੈਨੀਆਂ ਦੀ ਹੈ।

ਫਿਰ ਦੂਜੀ ਗੱਲ ਜੇ ਕੁੱਝ ਸਿੱਖ ਬੱਚਿਆਂ ਨੇ ਖਾਲਿਸਤਾਨ ਦੇ ਨਾਹਰੇ ਲਗਾ ਵੀ ਦਿੱਤੇ ਫਿਰ ਕੀਹ ਫਰਕ ਪੈ ਚੱਲਿਆ ਹੈ, ਜਿਸ ਦੀ ਯਾਦ ਵਿੱਚ ਸਮਾਗਮ ਹੈ, ਜਿਸ ਨੂੰ ਮਹਾਨ ਸ਼ਹੀਦ ਦਾ ਦਰਜਾ ਦੇ ਕੇ, ਸਿੱਖ ਅਜਇਬ ਘਰ ਵਿੱਚ ਫੋਟੋ ਲਾਈ ਹੋਈ ਹੈ, ਉਹ ਵੀ ਤਾਂ ਖਾਲਿਸਤਾਨੀ ਸੀ। ਅਜਿਹੇ ਨਾਹਰੇ ਲਾਉਣ ਤੋਂ ਤਾਂ ਹੁਣ ਭਾਰਤ ਸਰਕਾਰ ਵੀ ਨਹੀਂ ਰੋਕਦੀ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ ਕਿ ਖਾਲਿਸਤਾਨ ਦੇ ਨਾਹਰੇ ਲਾਉਣੇ ਜਾਂ ਆਜ਼ਾਦੀ ਅਮਨਮਈ ਤਰੀਕੇ ਮੰਗਣੀ ਕੋਈ ਗੁਨਾਹ ਨਹੀਂ ਹੈ, ਪਰ ਸ਼੍ਰੋਮਣੀ ਕਮੇਟੀ ਦਾ ਢਿੱਡ ਕਿਉਂ ਪੀੜ ਹੁੰਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸ਼੍ਰੋਮਣੀ ਕਮੇਟੀ ਵਾਲੇ, ਜਿਸ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ, ਜੇਲ ਵਿੱਚ ਅਮ੍ਰਿਤ ਛਕਾ ਕੇ ਆਏ ਹਨ, ਖਾਲਸਾਈ ਪੁਸ਼ਾਕ ਪਹਿਨਾਕੇ ਆਏ ਹਨ, ਉਹ ਹਰ ਰੋਜ਼ ਸਵੇਰੇ ਸ਼ਾਮ ਖਾਲਿਸਤਾਨ ਦੇ ਨਾਹਰੇ ਲਾਉਂਦਾ ਹੈ, ਨਾਲੇ ਖਾਲਿਸਤਾਨ ਸਿੱਖਾਂ ਦੀ ਮੰਗ ਹੈ, ਸਿੱਖਾਂ ਦਾ ਦੇ ਦੇਸ਼ ਦਾ ਨਾਮ ਹੈ, ਸ਼੍ਰੋਮਣੀ ਕਮੇਟੀ ਕੋਈ ਮਾਤਾ ਵੈਸ਼ਨੋ ਦੇਵੀ ਦਾ ਪ੍ਰਬੰਧਕੀ ਟ੍ਰਸਟ ਨਹੀਂ ਹੈ ਕਿ ਜਿਸ ਨੂੰ ਇਤਰਾਜ਼ ਹੋਵੇ। ਜਿਹੜਾ ਕੁੱਝ ਅੱਜ ਵੀ ਦਰਬਾਰ ਸਾਹਿਬ ਵਿੱਚ ਵਾਪਰਿਆ, ਉਸ ਵਾਸਤੇ ਵਧੇਰੇ ਹੀ ਨਹੀਂ, ਸਗੋਂ ਪੂਰਨ ਰੂਪ ਵਿੱਚ ਸ਼੍ਰੋਮਣੀ ਕਮੇਟੀ ਹੀ ਜਿੰਮੇਵਾਰ ਹੈ, ਉਹ ਬੱਚੇ ਤਾਂ ਜਜਬਾਤੀ ਹਨ।

ਕਿਉਂ ਨਹੀਂ ਸ਼੍ਰੋਮਣੀ ਕਮੇਟੀ ਇਸ ਘੱਲੂਘਾਰੇ ਦੇ ਸਮਾਗਮ ਨੂੰ ਇੱਕ ਜੂਨ ਤੋਂ ਛੇ ਜੂਨ ਤੱਕ ਕਰ ਦਿੰਦੀ, ਜਿਥੇ ਹਰ ਸਿੱਖ ਜਥੇਬੰਦੀ ਨੂੰ ਸਮਾਂ ਦਿੱਤਾ ਜਾਵੇ, ਇਸ ਦੁਖਾਂਤ ਦੀ ਪੂਰੀ ਜਾਣਕਾਰੀ ਦੱਸੀ ਜਾਵੇ। ਕਿਉਂ ਗੈਰ ਹਾਜਰ ਰਹਿੰਦੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ, ਜਦੋਂ ਤੁਸੀਂ ਜਿੰਮੇਵਾਰੀਆਂ ਤੋਂ ਭੱਜੋਗੇ ਤਾਂ ਨਵੀ ਪੀੜ੍ਹੀ ਤਾਂ ਫਿਰ ਆਪਣੇ ਜਜਬਾਤਾਂ ਦਾ ਇਜਹਾਰ ਕਰੇਗੀ ਹੀ, ਇਸ ਟਾਸਕ ਫੋਰਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਸ਼ਿਵ ਸੈਨੀਆਂ ਵਿਰੁੱਧ ਮੈਦਾਨ ਵਿੱਚ ਆਵੇ, ਨਾ ਕਿ ਆਪਣੇ ਬੱਚਿਆਂ ਦੀ ਕਾਤਲ ਬਣੇ। ਇਸ ਕੰਮ ਵਾਸਤੇ ਤਾਂ ਭਾਰਤੀ ਨਿਜ਼ਾਮ ਅਤੇ ਸਰਕਾਰਾਂ ਹੀ ਬਹੁਤ ਹਨ, ਜੇ ਉਹਨਾਂ ਤੋਂ ਕੋਈ ਕਸਰ ਬਾਕੀ ਰਹੀ ਤਾਂ ਫਿਰ ਸ਼੍ਰੋਮਣੀ ਕਮੇਟੀ ਪੂਰੀ ਕਰ ਲਵੇ। ਜੋ ਕੁੱਝ ਅੱਜ ਵਾਪਰਿਆ ਮੰਦਭਾਗਾ ਸੀ, ਆਉਂਦੇ ਵਰੇ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ, ਸਾਡੇ ਬੱਚੇ, ਸਾਡੇ ਘਰ, ਸਾਡੇ ਕੌਮੀ ਘਰ ਦਾ ਨਾਮ ਲੈ ਕੇ ਨਾਹਰੇ ਲਾਉਂਦੇ ਹਨ, ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਤੇ ਇਹਨਾਂ ਬੱਚਿਆਂ ਦੇ ਜਜਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹਰ ਘਰ ਵਿੱਚ ਲਗਾਉਣ ਦੇ ਨਾਲ ਨਾਲ, ਹਰ ਸਿੱਖ ਆਪਣੇ ਘਰ ਅੱਗੇ ਖਾਲਿਸਤਾਨ ਵੀ ਲਿਖੇ ਤਾਂ ਵੀ ਕੋਈ ਫਰਕ ਨਹੀਂ ਪੈਣ ਲੱਗਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਆਪਣੇ ਕੌਮੀ ਘਰ ਬਾਰੇ ਜਾਗ੍ਰਿਤੀ ਆਵੇਗੀ।

ਗੁਰੂ ਰਾਖਾ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top