Share on Facebook

Main News Page

ਕੌਮ ਕਦ ਸਮਝੇਗੀ ਕਿ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਇਸਦੇ ਪਹਿਰੇਦਾਰਾਂ ਨੇ ਬਾਦਲਕਿਆਂ ਅਤੇ ਉਸਦੇ ਆਕਿਆਂ, ਭਗਵਾਂ ਬਿ੍ਰਗੇਡ ਦੀ ਗੁਲਾਮ ਬਣਾ ਦਿੱਤੀ
-: ਜਸਪਾਲ ਸਿੰਘ ਹੇਰਾਂ

ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਹਕੂਮਤ ਦਾ ਹਮਲਾ, ਮੀਰੀ -ਪੀਰੀ ਦੇ ਮਾਲਕ ਵਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਜਾਣਾ, ਬਾਬਾ ਜਰਨੈਲ ਸਿੰਘ ਖਾਲਸਾ ਅਤੇ ਉਹਨਾਂ ਦੇ ਸੈਂਕੜੇ ਸਿਰਲੱਥ ਯੋਧਿਆਂ ਦੀ ਸ਼ਹਾਦਤ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਆਈ ਸੰਗਤ ਦਾ ਵਹਿਸ਼ੀਆਨਾ ਕਤਲੇਆਮ, ਸਿੱਖ ਇਤਿਹਾਸ ਦੇ ਇਸ ਅਥਾਹ ਪੀੜਾ ਤੇ ਸਵੈਮਾਣ ਦੇ ਸੰਗਮ ਦਿਹਾੜੇ ਮੌਕੇ ਕੌਮ ਨੂੰ ਇਨਾਂ ਇਤਿਹਾਸਕ ਪਲਾਂ ਨੂੰ ਇਨਾਂ ਦੀ ਉਚਾਈ ਦੀ ਅਵਸਥਾ ‘ਚ ਜਾ ਕੇ ਯਾਦ ਕਰਨਾ ਚਾਹੀਦਾ ਸੀ, ਤਾਂ ਕਿ ਉਸ ਯਾਦ ‘ਚੋਂ ਦੁਨੀਆਂ ਨੂੰ, ਕੌਮ ਦੀ ਆਜ਼ਾਦੀ ਦੀ ਤੜਫ਼ ਅਤੇ ਕੌਮ ਦੀ ਗੁਲਾਮੀ ਕਾਰਨ ਹੋਈ ਤਬਾਹੀ ਦਾ ਸੁਨੇਹਾ ਬੱਝਵੇਂ ਰੂਪ ‘ਚ ਮਿਲਦਾ।

ਪ੍ਰੰਤੂ ਹੁੰਦਾ ਇਸ ਤੋਂ ਉਲਟ ਹੈ। ਕੌਮ ਦੀ ਹੋਣੀ ਦੀਆਂ ਠੇਕੇਦਾਰ ਬਣੀਆਂ ਬੈਠੀਆਂ ਤਾਕਤਾਂ, ਜਿਹੜੀਆਂ ਹਿੰਦੂ ਵਾਦੀ ਸੋਚ ਦਾ ਹੱਥਠੋਕਾ ਹਨ। ਉਹਨਾਂ ਵਲੋਂ ਇਸ ਦਿਹਾੜੇ ਨੂੰ ਸੋਚੀ ਸਮਝੀ ਸਾਜਿਸ਼ ਅਧੀਨ ਡਾਂਗੋ -ਡਾਂਗੀ ਹੋਣ ਦਾ, ਇੱਕ ਦੂਜੇ ਦੀਆਂ ਪੱਗਾਂ ਲਾਹੁਣ ਦਾ ਅਤੇ ਅਤੇ ਸਿੱਖਾਂ ਦੇ ਹਰ ਧਾਰਮਿਕ ਅਸਥਾਨ ‘ਤੇ ਮਸੰਦਾਂ ਦੇ ਕਬਜ਼ੇ ਦਾ ਪ੍ਰਗਟਾਵਾ ਕਰਨ ਲਈ ਹਥਿਆਰ ਬਣਾ ਲਿਆ ਹੈ। ਕੌਮ ਦੇ ਆਗੂਆਂ ਨੂੰ ਇਸ ਅਹਿਸਾਸ ਨਾਲ ਕਿ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਜੰਮੀ ਪੀੜੀ ਅੱਜ ਜੁਆਨੀ ਦੀਆਂ ਦਹਿਲੀਜ਼ਾਂ ਟੱਪ ਕੇ ਸਿੱਖੀ ਜ਼ਜ਼ਬਾਤਾਂ ਦੇ ਰੰਗ ’ਚ ਰੰਗੀ ਜਾਣ ਲੱਗੀ ਹੈ। ਨਸ਼ਿਆਂ ਦੀ ਸੁਨਾਮੀ, ਪਤਿਤਪੁਣੇ ਦੇ ਹੜ ਅਤੇ ਲੱਚਰਤਾ ਦੇ ਵੱਗਦੇ ਦਰਿਆ ‘ਚ ਜੁਆਨੀ ਦੇ ਰੁੜ ਜਾਣ ਦੀ ਚਿੰਤਾ ਨੂੰ ਸਿੱਖੀ ਜ਼ਜ਼ਬਾਤਾਂ ਦੇ ਰੰਗ ‘ਚ ਰੰਗੀ ਜੁਆਨੀ ਨੇ ਢਾਰਿਸ ਬੰਨਾਈ ਹੈ। ਆਸ ਦਾ ਦੀਵਾ ਜੱਗਿਆ ਹੈ। ਪ੍ਰੰਤੂ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ ਕਾਹਲੀਆਂ ਹਿੰਦੂਵਾਦੀ ਜਨੂੰਨੀ ਤਾਕਤਾਂ ਨੂੰ ਇਹ ਦੇਖ ਕੇ ਆਪਣੇ ਮਨਸੂਬੇ ਫੇਲ ਹੁੰਦੇ ਦਿਸੱਦੇ ਹਨ, ਜਿਸ ਕਾਰਨ ਇਹ ਮਕਾਰ ਤਾਕਤਾਂ, ਆਪਣੇ ਹੱਥਠੋਕਿਆਂ ਦੀ ਚੂੜੀ ਟੈਟ ਕਰਕੇ, ਸਿੱਖੀ ਜ਼ਜ਼ਬਾਤਾਂ ਦੇ ਸ਼ੂਕਦੇ ਇਸ ਵੇਗ ਨੂੰ ਠੰਡਾ ਕਰਨ ਲਈ, ਹਰ ਹੀਲਾ-ਵਸੀਲਾ ਵਰਤਣ ਦੇ ਨਾਗਪੁਰੀ ਹੁਕਮ ਚਾੜ ਰਹੀਆਂ ਹਨ। ਜਿਸ ਤਰਾਂ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ‘ਚ ਚਿੱਟ ਕੱਪੜੀਏ ਪੁਲਸੀਆਂ ਦੀ ਛਾਉਣੀ ਬਣਾ ਦਿੱਤੀ ਗਈ, ਸਿੱਖ ਜ਼ਜ਼ਬਾਤਾਂ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਧਰਮ ਦੇ ਠੇਕੇਦਾਰਾਂ ਨੂੰ ਉਹਨਾਂ ਦੇ ਅੰਦਰੂਨੀ ਪਾਪਾਂ ਨੇ ਪਿਛਲੇ ਦਰਵਾਜ਼ਿਆਂ ਰਾਹੀਂ ਨਿਕਲਣ ਲਈ ਮਜ਼ਬੂਰ ਕੀਤਾ। ਉਸ ਤੋਂ ਸਾਫ਼ ਹੋ ਗਿਆ ਕਿ ਸੱਚ ਦੇ ਸੂਰਜ ਦਾ ਸਾਹਮਣਾ ਕਰਨ ਦੀ ਝੂਠਿਆਂ ‘ਚ ਕਦੇ ਹਿੰਮਤ ਪੈਦਾ ਹੀ ਨਹੀਂ ਹੋ ਸਕਦੀ। ਸਿੱਖ ਜੁਆਨੀ, ਜਿਨਾਂ ਦੇ ਹਿਰਦਿਆਂ ਨੂੰ ਭਿੰਡਰਾਂਵਾਲਿਆਂ ਦੀ ਸੋਚ ਟੁੰਬਦੀ ਹੈ, ਆਵਾਜ਼ਾਂ ਮਾਰਦੀ ਹੈ, ਉਹ ਇਨਾਂ ਮਕਾਰ ਤਾਕਤਾਂ ਦੇ ਝੂਠ ਤੇ ਪਾਪ ਦੇ ਘੜੇ ਨੂੰ ਭੰਨਣ ਲਈ ਕਾਹਲੀ ਹੈ। ਉਸਦਾ ਜੋਸ਼ ਉਛਾਲੇ ਮਾਰ ਰਿਹਾ ਹੈ।

ਗੁਲਾਮੀ ਦਾ ਅਹਿਸਾਸ, ਉਹਨਾਂ ਦੀ ਜੁਆਨੀ ਨੂੰ ਨਿੱਤ ਲਾਹਣਤਾਂ ਪਾਉਂਦਾ ਹੈ। ਇਸ ਸ਼ੂਕਦੇ ਜੋਸ਼ ਤੋਂ ਹੀ ਸਿੱਖ ਦੁਸ਼ਮਣ ਤਾਕਤਾਂ ਅੰਦਰੋਂ ਕੰਬ ਰਹੀਆਂ ਹਨ, ਉਹ ਜ਼ਾਲਮ ਵਾਲੇ ਵਤੀਰੇ ‘ਤੇ ਉਤਰ ਆਈਆਂ ਹਨ। ਸ੍ਰੀ ਅਕਾਲ ਤਖਤ ਸਾਹਿਬ, ਮੀਰੀ-ਪੀਰੀ ਦੇ ਮਾਲਕ ਦੀ ਬਖਸ਼ਿਸ਼ ਹੈ। ਸਿੱਖ ਕੌਮ ਦੀ ਆਜ਼ਾਦ ਪ੍ਰਭੂਸੱਤਾ ਦਾ ਪ੍ਰਤੀਕ ਹੈ। ਅੱਜ ਉਸ ਸੋਚ ਨੂੰ, ਉਸ ਭਾਵਨਾ ਨੂੰ, ਉਸ ਅਹਿਸਾਸ ਨੂੰ, ਜਿਹੜਾ ਹਰ ਸਿੱਖ ‘ਚ ਆਜ਼ਾਦੀ ਦੀ ਚਿਣਗ ਜਗਾਉਂਦਾ ਹੈ, ਉਸ ਅਹਿਸਾਸ ਨੂੰ ਡਾਂਗਾਂ ਸੋਟਿਆਂ, ਕਿਰਪਾਨਾਂ ਨਾਲ ਮਿਟਾਉਣ ਦਾ ਕੋਝਾ ਯਤਨ ਹੋ ਰਿਹਾ ਹੈ।

ਆਖਰ ਕੌਮ ਹੁਣ ਕੀ ਸਮਝੇ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ, ਹੁਣ ਬਾਦਲਕਿਆਂ ਅਤੇ ਉਸਦੇ ਆਕਿਆਂ, ਭਗਵਾਂ ਬਿ੍ਰਗੇਡ ਦੀ ਗੁਲਾਮ ਹੋ ਗਈ ਹੈ? "ਰਾਜ ਕਰੇਗਾ ਖਾਲਸਾ" ਦਾ ਨਾਅਰਾ ਜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਹੀਂ ਗੂੰਜੇਗਾ, ਤਾਂ ਕੀ ਹੁਣ ਸਿੱਖ ਨਾਗਪੁਰ ਜਾ ਕੇ ਇਹ ਨਾਅਰਾ ਬੁਲੰਦ ਕਰਨਾ ਸ਼ੁਰੂ ਕਰਨ? ਸਾਕਾ ਦਰਬਾਰ ਸਾਹਿਬ ਸਿੱਖ ਇਤਿਹਾਸ ਦਾ ਇਨਕਲਾਬੀ ਮੋੜ ਹੈ, ਪ੍ਰੰਤੂ ਪੰਥ ਦੁਸ਼ਮਣ ਤਾਕਤਾਂ ਇਸ ਮਹਾਨ ਸਾਕੇ ਦੇ ਸੁਨੇਹੇ ਨੂੰ ਪੁੱਠਾ ਗੇੜਾ ਦੇਣ ਦੇ ਯਤਨਾਂ ‘ਚ ਹਨ, ਜਿਸ ਨੂੰ ਫੇਲ ਕਰਨਾ ਹਰ ਸੱਚੇ ਪੰਥ ਦਰਦੀ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਕੌਮ ਨੇ ਜਿਥੇ ਆਜ਼ਾਦੀ ਦੀ ਲੜਾਈ ਲੜਨੀ ਹੈ, ਉਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤਾ ਦੀ ਬਹਾਲੀ, ਸ਼੍ਰੋਮਣੀ ਕਮੇਟੀ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਸੰਦਾਂ ਤੋਂ ਆਜ਼ਾਦ ਕਰਾਉਣਾ ਹੁਣ ਅਤੀ ਜ਼ਰੂਰੀ ਹੋ ਗਿਆ ਹੈ। ਸਿੱਖ ਦੁਸ਼ਮਣ ਤਾਕਤਾਂ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ ਇੱਕਜੁੱਟ ਹਨ, ਪ੍ਰੰਤੂ ਪੰਥ ਦਰਦੀ ਤਾਕਤਾਂ ਪੰਥਕ ਸਿਧਾਂਤਾਂ ਦੀ ਰਾਖੀ ਲਈ ਇੱਕਜੁੱਟ ਨਹੀਂ, ਸਗੋਂ ਨਿੱਜੀ ਹਊਮੈ ਤੇ ਲਾਲਸਾ ਕਾਰਨ ਇੱਕ ਦੂਜੇ ਦੀਆਂ ਲੱਤਾਂ ਖਿੱਚਣ ‘ਚ ਹੀ ਲੱਗੀਆਂ ਹੋਈਆਂ ਹਨ। ਸਿੱਖ ਕੌਮ ਦੇ ਪਵਿੱਤਰ ਇਤਿਹਾਸਕ ਦਿਹਾੜੇ ਵੀ ਅੱਜ ਕੌਮ ਤੋਂ ਖੋਹਣ ਦੇ ਯਤਨ ਹੋ ਰਹੇ ਹਨ। ਇਸ ਲਈ ਅੱਜ ਲੋੜ ਹੈ ਕਿ ਕੌਮ ਸਿਰ ਜੋੜ ਕੇ ਬੈਠੇ ਅਤੇ ਸਿੱਖ ਦੁਸ਼ਮਣ ਤਾਕਤਾਂ, ਜਿਹੜੀਆਂ ਅੰਦਰਲੀਆਂ ਵੀ ਹਨ ਤੇ ਬਾਹਰਲੀਆਂ ਵੀ ਹਨ, ਉਹਨਾਂ ਨੂੰ ਮੂੰਹ ਤੋੜਵਾਂ ਜਵਾਨ ਦੇਣ ਲਈ ਗੁਰੂ ਸਾਹਿਬਾਨ ਵਲੋਂ ਦਰਸਾਏ ਸਿਧਾਂਤਾਂ ਦਾ ਓਟ ਆਸਰਾ ਲਿਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top