ਸਿੱਖ
ਰਹਿਤ ਮਰਿਯਾਦਾ, ਉਸ ਸਮੇਂ ਦੇ ਵੀਰਾਂ ਦੀ ਵੱਡੀ ਘਾਲਣਾ ਹੈ, ਪਰ ਇਸ ਵਿੱਚ ਬਹੁਤ ਸਾਰੀਆਂ
ਗੱਲਾਂ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ, ਜਿਹਨਾ 'ਤੇ ਵੀਚਾਰ ਹੋਣੀ ਜ਼ਰੂਰੀ ਹੈ। ਇਸ
ਦੁਬਿਧਾ ਕਾਰਣ ਹੀ ਇਹ ਸਿੱਖ ਰਹਿਤ ਮਰਿਯਾਦਾ ਸ਼੍ਰੋਮਣੀ ਕਮੇਟੀ ਸਮੇਤ ਸੰਪੂਰਣ ਸਿੱਖਾਂ ਅਤੇ
ਸਿੱਖ ਅਦਾਰਿਆਂ ਵਿੱਚ ਲਾਗੂ ਨਹੀਂ ਹੋ ਸਕੀ। ਕਿਉਂਕਿ
ਸਿੱਖ ਲਈ ਜੀਵਨ ਜਾਚ (ਮਰਿਯਾਦਾ) ਗੁਰੂ
ਬਖਸ਼ਦਾ ਹੈ, ਦਸਮ ਪਾਤਸ਼ਾਹ ਜੀ ਦੇ ਆਖਰੀ ਫੈਸਲੇ ਅਨੁਸਾਰ
ਸਿੱਖ ਦਾ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ
ਗੁਰੂ ਸ਼ਬਦ ਹੈ। ਇਸ ਲਈ ਸਿੱਖ ਨੂੰ ਜੀਵਨ ਜਾਚ (ਮਰਿਯਾਦਾ)
ਗੁਰਬਾਣੀ ਨੇ ਬਖਸ਼ਣੀ ਹੈ।
ਪਰ ਜਾਪਦਾ ਹੈ, ਸਿੱਖ ਰਹਿਤ
ਮਰਿਯਾਦਾ ਦੀ ਸੰਪਾਦਨਾ ਵੇਲੇ ਬਹੁਤੀ ਥਾਈਂ ਗੁਰਬਾਣੀ ਦੀ ਅਗਵਾਈ ਨੂੰ ਅਖੋਂ ਪਰੋਖੇ ਕਰਕੇ
"ਜਬ ਇਨਿ ਅਪੁਨੀ ਅਪਨੀ ਧਾਰੀ ॥
ਤਬ ਇਸ ਕਉ ਹੈ ਮੁਸਕਲੁ ਭਾਰੀ ॥" ਅਤੇ ਆਖਰ ਆਪਣੀ ਆਪਣੀ
ਧਾਰੀ ਦੇ ਟਕਰਾਓ ਦੀ ਮੁਸ਼ਕਲ ਵਿਚੋਂ ਨਿਕਲਣ ਲਈ ਸਮਝੌਤਾਵਾਦੀ ਦੁਬਿਧਾ ਪ੍ਰਵਾਨ ਕਰ ਲਈ ਗਈ।
ਇਸੇ ਦੇ ਨਤੀਜੇ
ਵਜੋਂ ਸਿੱਖ ਦੇ ਨਿਤਨੇਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮਿਲਾ ਕੇ
ਬਚਿੱਤਰ ਨਾਟਕ ਦੀਆਂ ਰਚਨਾਵਾਂ ਅਤੇ ਅਰਦਾਸ ਵਿੱਚ "ਭਗਉਤੀ" (ਦੁਰਗਾ ਦੇਵੀ) ਦੀ ਉਪਾਸ਼ਨਾਂ,
ਸਿੱਖੀ ਦੇ ਗਲ ਪਾ ਦਿਤੀਆਂ ਗਈਆਂ। ਜੇਕਰ "ਇਕਾ ਬਾਣੀ
ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਦੀ ਅਗਵਾਈ ਵਿੱਚ ਫੈਸਲੇ ਕੀਤੇ ਜਾਂਦੇ, ਤਾਂ
ਕਦੀ ਦੁਬਿਧਾ ਨਾ ਪੈਂਦੀ ਅਤੇ ਕਿਸੇ ਨੂੰ ਆਪਣੀ ਆਪਣੀ ਵੱਖ ਵੱਖ ਰਹਿਤ ਮਰਿਯਾਦਾ ਬਨਾਉਣ ਦਾ
ਮੌਕਾ ਨਾ ਮਿਲਦਾ।
ਅੱਜ ਨਤੀਜਾ ਸਾਹਮਣੇ ਹੈ, ਕਿ ਸਿੱਖੀ ਗੁਰਬਾਣੀ ਦੀ
ਅਗਵਾਈ ਨਾਲੋਂ ਟੁਟ ਕੇ "ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ ॥" ਦੀ ਗੰਭੀਰ ਹਾਲਤ ਵਿੱਚ ਹੈ, ਕਿਉਂਕਿ ਇਸ ਸੰਪਾਦਨਾ ਦੇ ਬਹੁਤ ਸਾਰੇ
ਫੈਸਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ, ਗੁਰੂ ਸ਼ਬਦ ਸਿਧਾਂਤ ਦੇ ਵਿਰੁਧ ਹਨ, ਬਲਕਿ
ਬ੍ਰਾਹਮਣਵਾਦ ਦੀ ਸੋਚ ਅਨੁਸਾਰ "ਸਿਖਾ ਕੰਨਿ ਚੜਾਈਆ ਗੁਰੁ
ਬ੍ਰਾਹਮਣੁ ਥਿਆ ॥" ਦੀ ਸਾਜਸ਼ 'ਤੇ ਚਲਦਿਆਂ, ਸਿੱਖੀ ਨੂੰ ਆਪਣਾ ਗੁਲਾਮ ਰਖਣ ਲਈ
ਗੁਰਬਾਣੀ ਦੇ ਅਨਰਥ ਕਰਕੇ, ਪੰਜ ਸਿੰਘ ਸਹਿਬਾਨ, ਗੁਰੂ ਪੰਥ,
ਗੁਰੂ ਸੰਗਤ... ਆਦਿ ਅਨੇਕਾਂ ਲਫਜ਼ਾਂ ਵਿੱਚ ਉਲਝਾ ਕੇ,
ਸ਼ਬਦ ਗੁਰੂ ਦੀ ਥਾਵੇਂ ਦੇਹ ਧਾਰੀ ਗੁਰੂ ਦੀ ਸਥਾਪਨਾ ਕਰ ਲਈ ਗਈ ਹੈ। ਹਾਲਾਂਕਿ
ਗੁਰੂ ਆਖ ਰਿਹਾ ਹੈ:
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥