Share on Facebook

Main News Page

ਅੱਤਵਾਦੀ ਨਹੀਂ, ਆਜ਼ਾਦੀ ਪਸੰਦ, ਅਸੀਂ ਹਰ ਆਜ਼ਾਦੀ ਪਸੰਦ ਦੇ ਨਾਲ ਹਾਂ
-: ਗਜਿੰਦਰ ਸਿੰਘ, ਦਲ ਖਾਲਸਾ
੧੧.੬.੨੦੧੫

ਬਰਮਾ ਸਰਹੱਦ ਦੇ ਕੋਲ ਮਨੀਪੁਰ ਦੇ ਇਲਾਕੇ ਵਿੱਚ ੪ ਜੂਨ ਵਾਲੇ ਦਿਨ ਨਾਗ਼ਾ ਆਜ਼ਾਦੀ ਪਸੰਦਾਂ ਨੇ ਇੱਕ ਗੁਰੀਲਾ ਹਮਲੇ ਵਿੱਚ ੧੮ ਭਾਰਤੀ ਫੌਜੀ ਮਾਰ ਦਿੱਤੇ ਸਨ । ਕੱਲ ਸਵੇਰੇ ਭਾਰਤੀ ਮੀਡੀਆ ਨੇ ਖਬਰ ਦਿੱਤੀ ਕਿ ਇਸ ਹਮਲੇ ਦੇ ਜਵਾਬ ਵਿੱਚ ਭਾਰਤੀ ਫੌਜ ਨੇ 'ਪਹਿਲੀ ਵਾਰੀ ਬਰਮਾ ਦੇ ਅੰਦਰ' ਵੜ੍ਹ ਕੇ ਇੱਕ ਕਾਰਵਾਈ ਕੀਤੀ, ਜਿਸ ਨੂੰ ਉਹ 'ਸਰਜੀਕਲ' ਅਪਰੇਸ਼ਨ ਕਹਿੰਦੇ ਹਨ, ਜਿਸ ਵਿੱਚ ਨਾਗ਼ਾਲੈਂਡ ਤੇ ਮਨੀਪੁਰ ਦੇ 'ਬਾਗ਼ੀਆਂ' ਦੇ ਦੋ ਟਿਕਾਣਿਆਂ ਤੇ ਹਮਲਾ ਕੀਤਾ ਗਿਆ, ਤੇ ੬੦ 'ਬਾਗ਼ੀ' ਮਾਰ ਮੁਕਾਏ ਗਏ । ਇਸ ਖਬਰ ਤੋਂ ਬਾਦ ਬੀਜੇਪੀ ਦੇ ਲੀਡਰਾਂ ਤੇ ਭਾਰਤੀ ਮੀਡੀਆ ਵੱਲੋਂ ਇੱਕ ਕੰਪੇਨ ਸ਼ੁਰੂ ਹੋਈ ਹੈ, ਜਿਸ ਰਾਹੀਂ ਇਸ 'ਸਰਜੀਕਲ' ਅਪਰੇਸ਼ਨ ਨੂੰ ਆਪਣੀ ਵੱਡੀ ਕਾਮਯਾਬੀ ਕਰਾਰ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ, ਸੱਭ ਗਵਾਂਢੀ ਦੇਸ਼ਾਂ ਨੂੰ, ਜੋ ਉਹਨਾਂ ਮੁਤਾਬਿਕ "ਅਤਿਵਾਦੀ ਗਰੁੱਪਾਂ" ਦੀ ਮਦਦ ਕਰ ਰਹੇ ਹਨ, ਵਾਰਨਿੰਗ ਵੀ ਦਿੱਤੀ ਜਾ ਰਹੀ ਹੈ । ਬੀਜੇਪੀ ਦੀ ਹਕੂਮੱਤ ਇਸ ਕਾਰਵਾਈ ਰਾਹੀਂ ਭਵਿੱਖ ਲਈ ਵੱਧੋ ਵੱਧ ਸਿਆਸੀ ਲਾਹਾ ਵੀ ਲੈਣਾ ਚਾਹ ਰਹੀ ਹੈ।

ਬਰਮਾ ਚਾਈਨਾ ਸਰਹੱਦ ਦੇ ਅੰਦਰਲੇ ਪਾਸੇ ਪੈਂਦੇ ਇਸ ਇਲਾਕੇ ਵਿੱਚ ਜਿੱਥੇ 'ਸੱਤ ਭਾਰਤੀ ਸੂਬੇ' ਹਨ, ਜਿਨ੍ਹਾਂ ਨੂੰ 'ਸੈਵਨ ਸਿਸਟਰ ਸਟੇਟਸ' ਵੀ ਕਿਹਾ ਜਾਂਦਾ ਹੈ, ਭਾਰਤ ਦੇ ਜੱਬਰੀ ਕਬਜ਼ੇ ਦੇ ਖਿਲਾਫ ੪੭ ਤੋਂ ਹੀ ਸੰਘਰਸ਼ ਚੱਲ ਰਹੇ ਹਨ । ਇਸ ਇਲਾਕੇ ਦੇ ਲੋਕਾਂ ਨੇ ਕਦੇ ਵੀ ਆਪਣੇ ਆਪ ਨੂੰ ਭਾਰਤੀ ਸਵੀਕਾਰ ਨਹੀਂ ਕੀਤਾ । ਉਹਨਾਂ ਦਾ ਸ਼ੁਰੂ ਤੋਂ ਇੱਕ ਹੀ ਸਟੈਂਡ ਰਿਹਾ ਹੈ ਕਿ ੪੭ ਵਿੱਚ ਅੰਗਰੇਜ਼ਾਂ ਦੇ ਉਪ-ਮਹਾਂਦੀਪ ਛੱਡ ਕੇ ਜਾਣ ਵੇਲੇ ਤੱਕ ਉਹ ਆਜ਼ਾਦ ਰਿਆਸਤਾਂ ਸਨ । ਸਨਤਾਲੀ ਤੋਂ ਬਾਦ ਬਣੀ ਭਾਰਤੀ ਹਕੂਮੱਤ ਨੇ ਅੰਗਰੇਜ਼ੀ ਕਬਜ਼ੇ ਦੀ ਇਹ 'ਵਿਰਾਸਤ' ਉੱਥੇ ਦੇ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਹਾਸਿਲ ਕੀਤੀ ਹੈ । ਇਸ ਖਿੱਤੇ ਦੇ ਸਿਆਸੀ ਤੇ ਜ਼ਮੀਨੀ ਨਕਸ਼ੇ ਵਿੱਚ ਵੱਖ ਵੱਖ ਟਾਈਮ ਤੇ ਕਈ ਤਬਦੀਲੀਆਂ ਆਉਂਦੀਆਂ ਰਹੀਆਂ ਹਨ, ਪਰ ਭਾਰਤ ਵੱਲੋਂ ਲਿਆਂਦੀ ਗਈ ਕੋਈ ਵੀ ਤਬਦੀਲੀ ਲੋਕਾਂ ਦੇ ਦਿੱਲ ਨਹੀਂ ਜਿੱਤ ਸਕੀ, ਤੇ ਸੰਘਰਸ਼ ਪੀੜ੍ਹੀ ਦਰ ਪੀੜੀ ਜਾਰੀ ਰਿਹਾ ਹੈ ।

ਚਾਲ੍ਹੀ ਕੂ ਸਾਲ ਪਹਿਲਾਂ ਜਦੋਂ ਆਸਾਮ ਵਿੱਚ ਓਥੇ ਦੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਆਪਣੇ ਹੱਕਾਂ ਲਈ ਤਹਿਰੀਕ ਉੱਠੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਭਾਰਤੀ ਅਖਬਾਰਾਂ ਵਿੱਚ ਇੱਕ ਤਸਵੀਰ ਛਪੀ ਸੀ, ਜਿਸ ਵਿੱਚ ਇੱਕ ਪੱਥਰ ਦੀ ਸਿੱਲ੍ਹ ਦੇ ਉੱਤੇ ਖੁਨ ਨਾਲ ਲਿਖਿਆ ਹੋਇਆ ਸੀ, "ਇੰਡੀਅਨ ਡਾਗਜ਼ ਗੈਟ ਆਉਟ ਆਫ ਆਸਾਮ" Indian dogs get out of Assam। ਉਤਰ-ਪੂਰਬ ਦੇ ਇਸ ਸਾਰੇ ਖਿੱਤੇ ਦੀ ਅਸਲ ਹਕੀਕਤ ਇਹੀ ਹੈ ਕਿ ਹਰ ਵਿਅਕਤੀ ਤੇ ਹਰ ਜੱਥੇਬੰਦੀ ਇਹੀ ਚਾਹੁੰਦੀ ਹੈ ਕਿ ਭਾਰਤ ਆਪਣਾ ਜੱਬਰੀ ਕਬਜ਼ਾ ਖਤਮ ਕਰੇ ਤੇ ਉਹਨਾਂ ਨੂੰ ਆਜ਼ਾਦੀ ਦੀ ਜ਼ਿੰਦਗੀ ਬਸਰ ਕਰਨ ਦੇਵੇ । ਇਰਮ ਸ਼ਰਮੀਲਾ ਦਾ ਭੁੱਖ ਹੜ੍ਹਤਾਲ ਰਾਹੀਂ ਸ਼ਾਂਤਮਈ ਸੰਘਰਸ਼ ਹੋਵੇ, ਜਾਂ ਨਾਗ਼ਿਆਂ ਦਾ ਹਥਿਆਰਬੰਦ ਸੰਘਰਸ਼ ਹੋਵੇ, ਸੱਭ ਦੀ ਲੜ੍ਹਾਈ ਦਾ ਮਕਸਦ ਇੱਕ ਹੀ ਹੈ ।

ਨਾਗ਼ਾ ਆਜ਼ਾਦੀ ਪਸੰਦਾਂ ਵੱਲੋਂ ੧੮ ਭਾਰਤੀ ਫੌਜੀਆਂ ਦਾ ਮਾਰਿਆ ਜਾਣਾ ਤਾਂ ਸਾਰੇ ਹਿੰਦੁੱਤਵੀ ਰਾਸ਼ਟਰਵਾਦੀਆਂ ਨੂੰ ਤੜ੍ਹਫਾ ਦਿੰਦਾ ਹੈ, ਪਰ ਜਦੋਂ ਭਾਰਤੀ ਫੋਜੀ ਓਥੇ ਦੀਆਂ ਔਰਤਾਂ ਨਾਲ 'ਬਲਾਤਕਾਰ' ਕਰਦੇ ਹਨ, ਬਾਗ਼ੀਆਂ ਨੂੰ ਮਾਰਨ ਦੇ ਨਾਮ ਤੇ ਬੇਗੁਨਾਹ ਲੋਕਾਂ ਦੀਆਂ ਲਾਸ਼ਾਂ ਵਿਛਾਉਂਦੇ ਹਨ, ਤੇ ਫਿਰ ਉਹਨਾਂ ਲਾਸ਼ਾਂ ਨਾਲ ਤਸਵੀਰਾਂ ਖਿੱਚਵਾ ਕੇ ਛੱਪਵਾਉਂਦੇ ਹਨ, ਓਦੋਂ ਕਿਸੇ ਦੀ ਰੂਹ ਕਿਓਂ ਨਹੀਂ ਕੰਬਦੀ ।

ਦੁਨੀਆਂ ਦਾ ਕੋਈ ਵੀ ਖਿੱਤਾ ਹੋਵੇ, ਧਰਤੀ ਦੀ ਪਹਿਚਾਣ ਓਥੇ ਦੇ ਰਹਿਣ ਵਾਲੇ ਲੋਕਾਂ ਨਾਲ ਹੁੰਦੀ ਹੈ, ਤੇ ਉਸ ਧਰਤੀ ਦੀ ਮਾਲਕੀਅਤ ਵੀ ਓਥੇ ਰਹਿਣ ਵਾਲੇ ਲੋਕਾਂ ਦੀ ਹੀ ਹੁੰਦੀ ਹੈ । ਮਸਲਾ ਨਾਗ਼ਾਲੈਂਡ ਤੇ ਨਾਲ ਲੱਗਦੀਆਂ ਰਿਆਸਤਾਂ ਦਾ ਹੋਵੇ, ਕਸ਼ਮੀਰ, ਖਾਲਿਸਤਾਨ, ਜਾਂ ਭਾਰਤ ਤੋਂ ਆਜ਼ਾਦੀ ਚਾਹੁਣ ਵਾਲੇ ਕਿਸੇ ਵੀ ਹੋਰ ਖਿੱਤੇ ਜਾਂ ਕੌਮ ਦਾ, ਕੋਈ ਭਾਰਤੀ ਹਕੂਮੱਤ ਓਥੇ ਦੇ ਲੋਕਾਂ ਦੀ ਕਿਸਮੱਤ ਦੇ ਫੈਸਲੇ ਕਰਨ ਦਾ ਖੁਦਾਈ ਹੱਕ ਨਹੀਂ ਰੱਖਦੀ, ਜੱਬਰੀ ਭਾਵੇਂ ਕੁੱਝ ਵੀ ਕੀਤਾ ਜਾਂਦਾ ਰਹੇ । ਕਿਸੇ ਵੀ ਖਿੱਤੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਜਾਣਨ ਦਾ ਆਲਮੀ ਮਾਨਤਾ ਪ੍ਰਾਪਤ ਤਰੀਕਾ ਯੂ ਐਨ ਓ ਦੀ ਨਗਰਾਨੀ ਵਿੱਚ ਕਰਵਾਇਆ ਜਾਣ ਵਾਲਾ 'ਰੈਫਰੈਂਡਮ' ਹੀ ਹੋ ਸਕਦਾ ਹੈ । ਭਾਰਤ ਲਈ ਇਹਨਾਂ ਇਲਾਕਿਆਂ ਵਿੱਚ ਲੜ੍ਹੀਆਂ ਜਾ ਰਹੀਆਂ ਆਜ਼ਾਦੀ ਦੀਆਂ ਲੜ੍ਹਾਈਆਂ ਕਾਰਨ ਪੈਦਾ ਹੋ ਰਹੇ ਮਸਲਿਆਂ ਨੂੰ ਹੱਲ ਕਰਨ ਦਾ ਸਹੀ ਤਰੀਕਾ, ਇਹੋ ਜਿਹੇ ਅਪਰੇਸ਼ਨ ਨਹੀਂ, ਬਲਕਿ ਰੈਫਰੈਂਡਮ ਰਾਹੀਂ ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਦੇਣਾ ਹੈ । ਅਗਰ ਲੋਕਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾਵੇਗਾ ਤਾਂ ਇਹ ਸਿਲਸਿਲਾ ਕਦੇ ਤੇ ਕਿਤੇ ਨਹੀਂ ਰੁਕੇਗਾ । ਕੱਲ ਆਜ਼ਾਦੀ ਪਸੰਦਾਂ ਨੇ ਕਾਰਵਾਈ ਕੀਤੀ ਸੀ, ਤੇ ਅੱਜ ਭਾਰਤੀ ਫੌਜੀ ਕਰ ਆਏ ਹਨ । ਕੱਲ ਫਿਰ ਕੋਈ ਉੱਠੇਗਾ ਤੇ ਫਿਰ ਤੁਹਾਡੀ ਭਾਜੀ ਮੋੜ੍ਹੇਗਾ । ਲੜਾਈਆਂ ਦੇ ਰੰਗ ਢੰਗ ਬਦਲਦੇ ਰਹਿਣਗੇ, ਪਰ ਲੜਾਈਆਂ ਬੰਦ ਨਹੀਂ ਹੋਣਗੀਆਂ ।

ਅਖੀਰ ਵਿੱਚ ਇੱਕ ਗੱਲ, ਇਸ ਉਪ-ਮਹਾਂਦੀਪ ਦੀਆਂ ਸੱਭ ਆਜ਼ਾਦੀ ਪਸੰਦ ਕੌਮਾਂ ਨੂੰ ਕਹਿਣਾ ਚਾਹਾਂਗਾ ਕਿ ਭਾਰਤੀ ਹਾਕਮਾਂ ਦੇ ਨਵੇਂ ਮਨਸੂਬਿਆਂ ਨੂੰ ਦੇਖਦੇ ਹੋਏ, ਆਪ ਸੱਭ ਨੂੰ ਵੀ ਆਪਸ ਵਿੱਚ ਨੇੜ੍ਹਤਾ ਵਧਾਉਣ ਦੀ ਲੋੜ੍ਹ ਹੈ, ਏਕਤਾ ਦੀ ਲੋੜ੍ਹ ਹੈ । ਆਪ ਸੱਭ ਲਈ ਦੁਸ਼ਮਣ ਇੱਕ ਹੋਣ ਦੀ ਸਾਂਝ ਬਹੁਤ ਵੱਡੀ ਤੇ ਮਜ਼ਬੂਤ ਸਾਂਝ ਹੈ, ਸਾਂਝੇ ਦੁਸ਼ਮਣ ਵਿਰੁੱਧ ਇਕੱਠੇ ਹੋਣ ਲਈ। ਆਜ਼ਾਦੀ ਦੀ ਮਹਿਕ, ਨਾਗ਼ਿਆਂ, ਕਸ਼ਮੀਰੀਆਂ, ਸਿੱਖਾਂ, ਤੇ ਹੋਰ ਸੱਭ ਆਜ਼ਾਦੀ ਪਸੰਦਾਂ ਦੇ ਖੁਨ ਦੀ ਸਾਂਝੀ ਮਹਿਕ ਹੈ, ਤੇ ਆਜ਼ਾਦੀ ਪਸੰਦਾਂ ਦੇ ਦਿਲਾਂ ਦੀ ਧੜ੍ਹਕਨ ਵੀ ਯਕੀਨਨ ਇੱਕ ਹੈ।

ਆਲਮੀ ਭਾਈਚਾਰੇ ਨੂੰ, ਤੇ ਉਸ ਦੀ ਨੁਮਾਇੰਦੀ ਦਾ ਹੱਕ ਰੱਖਣ ਵਾਲੀ ਯੂ ਐਨ ਓ ਨੂੰ ਵੀ ਚਾਹੀਦਾ ਹੈ ਕਿ ਉਹ ਭਾਰਤੀ ਹਕੂਮੱਤ ਤੇ ਫੌਜ ਵੱਲੋਂ ਇਹਨਾਂ ਆਜ਼ਾਦੀ ਪਸੰਦ ਕੌਮਾਂ ਵਿਰੁੱਧ ਜੱਬਰ ਤੇ ਜ਼ਿਅਦਤੀ ਦਾ ਫੌਰੀ ਨੋਟਿਸ ਲਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top