Share on Facebook

Main News Page

ਅਨੰਦਪੁਰ ਸਾਹਿਬ ਨੇ ਤਾਂ ਭਗਵਿਆਂ ਤੋਂ ਪੱਕਾ ਖਹਿੜਾ ਛੁਡਵਾਇਆ ਸੀ, ਅੱਜ ਫਿਰ ਭਗਵਾਂਕਰਨ ਕੀਤਾ ਜਾ ਰਿਹਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਦਾ ਕਿਸੇ ਨਾਲ ਬੇਲੋੜਾ ਵਿਰੋਧ ਜਾਂ ਈਰਖਾ ਨਹੀਂ ਹੈ। ਜਿੱਥੇ ਕਿਤੇ ਵੀ ਕੁੱਝ ਵਖਰੇਵਾਂ ਹੈ, ਉਹ ਆਪਣੀ ਨਿਆਰੀ ਪਹਿਚਾਨ, ਮਨੁੱਖੀ ਹੱਕ ਹਕੂਕਾਂ ਅਤੇ ਧਾਰਮਿਕ ਆਜ਼ਾਦੀ ਦੇ ਮਾਮਲੇ ਨੂੰ ਲੈ ਕੇ, ਅਸੂਲਾਂ ਉੱਤੇ ਅਧਾਰਤ ਹੈ। ਸਿੱਖ ਗੁਰੂ ਸਾਹਿਬਾਨ ਨੇ ਜੇ ਕਿਤੇ ਧਰਮ ਦੀ ਹਾਨੀ ਜਾਂ ਮਾਨਵਤਾ ਦਾ ਸੰਘਾਰ ਹੂੰਦਾ ਤੱਕਿਆ ਤਾਂ ਸਤਿਗੁਰੂ ਨੇ ਉਸ ਨੂੰ ਵੰਗਾਰਿਆ, ਪਹਿਲਾਂ ਵਿਚਾਰਾਂ ਦੇ ਵਟਾਂਦਰੇ ਨਾਲ ਸਮਝਾਉਣ ਦਾ ਯਤਨ ਕੀਤਾ, ਪਰ ਜਦੋਂ ਕਿਸੇ ਹਾਕਮ ਜਾਂ ਅਖੌਤੀ ਕੱਟੜ ਧਰਮੀ ਦੇ ਦਿਮਾਗ ਨੂੰ ਈਰਖਾ ਅਤੇ ਰਾਜ ਸ਼ਕਤੀ ਨੇ ਲੋੜੋਂ ਵੱਧ ਕਾਲਾ ਕਰ ਦਿੱਤਾ ਅਤੇ ਉਹ ਆਪਣੀ ਸੁੱਧ ਭੁੱਲ ਗਿਆਂ ਤਾਂ ਗੁਰੂ ਸਾਹਿਬਾਨ ਨੇ ਆਪਣੇ ਖੂਨ ਨਾਲ ਉਸ ਦੀ ਖੋਪੜੀ ਵਿਚਲੀ ਗੰਦਗੀ ਧੋ ਕੇ, ਉਸ ਨੂੰ ਮਾਨਵਤਾ ਦੇ ਦੀਦਾਰੇ ਵੀ ਕਰਵਾਏ। ਕਿਸੇ ਹਕੂਮਤ ਜਾਂ ਬਾਦਸ਼ਾਹੀ ਦੇ ਡਰ ਜਾਂ ਭੈਅ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਸਾਹਿਬ ਨੇ ਆਪਣਾ ਰਸਤਾ ਕਦੇ ਨਹੀਂ ਬਦਲਿਆ ਅਤੇ ਨਾ ਹੀ ਆਪਣੀ ਵਿਚਾਰਧਾਰਾ ਬਾਰੇ ਕੋਈ ਵਕਤੀ ਸਮਝੌਤਾ ਕੀਤਾ ਸੀ। ਬੇਸ਼ੱਕ ਬਾਬਰ ਜਾਬਰ ਦੀ ਜੇਲ ਵਿੱਚ ਚੱਕੀ ਪੀਸਣੀ ਪਈ ਜਾਂ ਤੱਤੀ ਤਵੀ ਉੱਤੇ ਬਹਿ ਕੇ, ਸੀਸ ਵਿੱਚ ਤੱਤੀ ਰੇਤ ਪਵਾਉਣੀ ਪਈ, ਭਾਵੇਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿਰੜ ਕਰਕੇ, ਸਿਰ ਲੁਹਾਉਣਾ ਮਨਜ਼ੂਰ ਕਰਨਾ ਪਿਆ, ਬੇਸ਼ੱਕ ਚਾਰਾਂ ਪੁੱਤਰਾਂ ਵਿੱਚੋਂ ਦੋ ਨੂੰ ਖੁਦ ਜੰਗੀ ਬਾਣੇ ਪਵਾ ਕੇ, ਧਰਮ ਯੁੱਧ ਵਿੱਚ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖਣਾ ਪਿਆ ਅਤੇ ਦੂਜੇ ਦੋ ਮਸੂਮਾਂ ਨੂੰ ਨੀਹਾਂ ਵਿੱਚ ਚਿਨਵਾਉਣ ਦੀ ਨੌਬਤ ਆਈ ਜਾਂ ਫਿਰ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖਣਾ ਪਿਆ, ਭਾਵੇਂ ਮਾਛੀਵਾੜੇ ਦੇ ਜੰਗਲ ਵਿੱਚ ਪਾਟੇ ਜਾਮੇਂ ਅਤੇ ਜਖਮੀ ਚਰਨਾਂ ਨਾਲ, ਟਿੰਡ ਦੇ ਸਰਾਣੇ ਉੱਤੇ ਸਿਰ ਰੱਖ ਕੇ, ਕੰਡਿਆਂ ਦੀ ਸੇਜ਼ ਉੱਤੇ ਅਡੋਲ ਪਏ, ਪਰ ਸਿਧਾਂਤ ਕਦੇ ਨਹੀਂ ਛੱਡੇ, ਹਲਾਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ, ਲੇਕਿਨ ਇਤਿਹਾਸ ਨੂੰ ਮੋੜਾ ਦੇ ਦਿੱਤਾ।

ਸਾਡੀ ਵੱਖਰੀ ਪਹਿਚਾਨ ਅਤੇ ਅੱਡਰੀ ਹਸਤੀ ਦਾ ਮੁੱਢ ਤਾਂ ਉਸ ਦਿਨ ਹੀ ਬੱਝ ਗਿਆ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਲ ਅਵਸਥਾ ਵਿੱਚ ਹੀ, ਸਦੀਆਂ ਪੁਰਾਣੀਆਂ ਅਖੌਤੀ ਧਾਰਮਿਕ ਰਹੁਰੀਤਾਂ ਅਤੇ ਫੋਕਟ ਕਰਮਕਾਂਡਾਂ ਨੂੰ ਅਪਣਾਉਣ ਤੋਂ ਸਿਰਫ ਇਨਕਾਰ ਹੀ ਨਾ ਕੀਤਾ ਸੀ, ਸਗੋਂ ਸਮੇਂ ਦੇ ਧਾਰਮਿਕ ਆਗੂਆਂ ਨੂੰ ਦਲੀਲ ਨਾਲ ਲਾ ਜਵਾਬ ਕਰਕੇ, ਅਜਿਹੀਆਂ ਸਾਰੀਆਂ ਬਿਪਰਵਾਦੀ ਰੀਤੀਆਂ ਨੂੰ ਨਕਾਰ ਦਿੱਤਾ, ਜੇ ਉਹਨਾਂ ਲੋਕਾਂ ਦੀ ਪ੍ਰਚਲਤ ਮਰਿਯਾਦਾ ਵਿੱਚ ਦਮ ਹੁੰਦਾ ਤਾਂ ਉਹ ਵੱਡੇ ਵਿਦਵਾਨ, ਜਿਹੜੇ ਕਾਸ਼ੀ ਦੇ ਪੜੇ ਹੋਏ ਸਨ,ਇੱਕ ਬਾਲ ਅਵਸਥਾ ਵਾਲੇ ਨਾਨਕ ਨਿੰਰਕਾਰੀ ਨੂੰ ਜਰੂਰ ਵੰਗਾਰਦੇ, ਅਸਲ ਵਿੱਚ ਉਹ ਖੁਦ ਵੀ ਹਨੇਰੇ ਵਿੱਚ ਹੀ ਵਿਚਰ ਰਹੇ ਸਨ, ਬਾਬੇ ਨਾਨਕ ਨੇ ਸ਼ਬਦ ਦੀ ਰੋਸ਼ਨੀ ਨਾਲ, ਉਹਨਾਂ ਨੂੰ ਸੱਚ ਦੇ ਦਰਸ਼ਨ ਕਰਵਾ ਦਿੱਤੇ ਸਨ। ਉਸ ਦਿਨ ਤੋਂ ਹੀ ਬਾਬੇ ਨਾਨਕ ਦੀ ਸੋਚ ਸੀ ਕਿ ਅਜਿਹਾ ਪੰਥ ਚਲਾਉਣ ਹੈ, ਜੋ ਦੁਨੀਆਂ ਦੇ ਰੰਗਾਂ ਤੋਂ ਨਿਰਾਲਾ ਹੋਵੇ ਅਤੇ ਆਪਣੀ ਵੱਖਰੀ ਪਹਿਚਾਨ ਦਾ ਅਹਿਸਾਸ ਕਰਵਾਉਂਦਾ ਹੋਵੇ। ਇਸ ਦੇ ਇਹ ਅਰਥ ਕਦਾਚਿਤ ਨਹੀਂ ਕੱਢਣੇ ਚਾਹੀਦੇ ਕਿ ਗੁਰੂ ਨਾਨਕ ਨੇ ਸਾਨੂੰ ਕਿਸੇ ਧਰਮ ਜਾਂ ਜਾਤ ਨਾਲ ਨਫਰਤ ਦੀ ਸਿੱਖਿਆ ਦਿੱਤੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਖੁਦ ਨਿਆਰੇ ਰਹਿਣ ਵਾਸਤੇ ਆਖਿਆ ਹੈ ਤੇ ਪਿਆਰ ਦੀ ਬੋਲੀ ਵਿੱਚ ਅਤੇ ਗਿਆਨ ਦੀ ਰੋਸ਼ਨੀ ਵੰਡਕੇ, ਕੁਰਾਹੇ ਪਈ ਲੋਕਾਈ ਨੂੰ ਰਸਤਾ ਵਿਖਾਉਣ ਦੀ ਆਗਿਆ ਕੀਤੀ ਹੈ ਤਾਂ ਕਿ ਹਰ ਕੋਈ ਬਸ਼ਰ ਅੰਧਕਾਰ ਦੀ ਲੁੱਟ ਅਤੇ ਧਰਮ ਦੇ ਨਾਮ ਉੱਤੇ ਹੋ ਰਹੇ ਸੋਸ਼ਣ ਤੋਂ ਬਚ ਕੇ, ਭਵਸਾਗਰ ਦਾ ਤੈਰਾਕ ਬਣ ਜਾਵੇ।

ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਮਾਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਿਤਵੇ ਇੱਕ ਸੁਪਨੇ ਦੀ ਸੰਪੂਰਨਤਾ ਇੱਥੇ ਹੋਈ। ਜਿਸ ਵਾਸਤੇ ਦਸ ਸਰੀਰਾਂ ਵਿੱਚ ਵਿਚਰਦਿਆਂ ਨਾਨਕਸ਼ਾਹੀ ਸੋਚ ਨੇ ਬੜੇ ਬਿੱਖੜੇ ਪੈਂਡੇ ਤਹਿ ਕੀਤੇ ਅਤੇ ਅਥਾਹ ਕੁਰਬਾਨੀਆਂ ਕਰਕੇ ਸਾਨੂੰ ਇੱਕ ਨਿਆਰੀ ਅਤੇ ਵਿਲੱਖਣ ਕੌਮ ਵਜੋਂ ਪ੍ਰਗਟ ਕੀਤਾ। ਇਹ ਅਸਥਾਨ ਅੱਜ ਤਖਤ ਕੇਸਗੜ੍ਹ ਸਾਹਿਬ ਦੇ ਨਾਮ ਨਾਲ ਸੋਭਾ ਪਾ ਰਿਹਾ ਹੈ। ਇਸ ਧਰਤੀ ਨਾਲ ਉਹ ਇਤਿਹਾਸ ਜੁੜਿਆ ਹੋਇਆ ਹੈ, ਜਿਸ ਨੂੰ ਪੜ੍ਹਣ ਵਾਸਤੇ ਬੜੀ ਦੂਰਅੰਦੇਸ਼ੀ ਦੀ ਜਰੂਰਤ ਹੈ। ਜਿਸ ਸਮੇਂ ਹਕੂਮਤ ਦੇ ਨਸ਼ੇ ਵਿੱਚ ਚੂਰ ਹਾਕਮ ਹਿੰਦੂਆਂ ਦੇ ਜਨੇਊ ਲਾਹ ਲਾਹ ਕੇ ਜਬਰੀ ਮੁਸਲਮਾਨ ਬਣਾ ਰਹੇ ਸਨ, ਉਸ ਵੇਲੇ ਵੀ ਇਹ ਧਰਤੀ ਉੱਤੇ ਬੈਠਾ, ਨੌਵਾਂ ਨਾਨਕ ਹੀ ਅੱਗੇ ਆਇਆ, ਜਿਸ ਨੇ ਆਪਣਾ ਸਿਰ ਦੇ ਕੇ ਹਕੂਮਤੀ ਜ਼ੁਲਮ ਅਤੇ ਧਰਮ ਪਰਿਵਰਤਨ ਨੂੰ ਬਰੇਕਾਂ ਲਗਾ ਦਿੱਤੀਆਂ। ਦੂਜਾ ਵੱਡਾ ਮਾਨ ਇਸ ਧਰਤੀ ਨੂੰ ਇਹ ਹੈ ਕਿ ਇਹ ਖਾਲਸੇ ਦੀ ਜਨਮ ਭੂੰਮੀ ਅਖਵਾਉਂਦੀ ਹੈ, ਜਿੱਥੇ ਸਿੱਖ ਕੌਮ ਦੀ ਸੰਪੂਰਨਤਾ ਕਰਕੇ, ਇੱਕ ਵੱਖਰੀ ਕੌਮ ਵਜੋਂ ਕਲਗੀਧਰ ਨੇ ਸਾਡਾ ਸਰੂਪ, ਸਾਡੀ ਰਹਿਣੀ, ਸਾਡੀ ਬਹਿਣੀ,ਸਾਡੀ ਕਰਨੀ ,ਸਭ ਨਿਯਮਬੱਧ ਕਰਕੇ, ਸਾਨੂੰ ਨਿਆਰੇ ਰਹਿਣ ਦੀ ਤਕੀਦ ਕੀਤੀ ਸੀ। ਇੱਥੇ ਬੱਸ ਨਹੀਂ ਸਦੀਆਂ ਪੁਰਾਣੀ ਮੁਗਲ ਬਾਦਸ਼ਾਹੀ ਨੂੰ ਰਾਜਸੀ ਵੰਗਾਰ ਦੇਣ ਵਾਸਤੇ, ਦਸ਼ਮੇਸ਼ ਜੀ ਰਣਜੀਤ ਨਗਾਰਾ ਵੀ ਇੱਥੇ ਹੀ ਵਜਾਇਆ ਸੀ, ਜਿਸ ਨਾਲ ਹਕੂਮਤ ਦੇ ਦਿਲ ਦਾ ਤਵਾਜਨ ਹਿੱਲ ਗਿਆ ਸੀ ਅਤੇ ਉਸ ਨੂੰ ਭਵਿੱਖ ਦੀ ਤਸਵੀਰ ਦਿੱਸ ਪਈ ਸੀ। ਇਹ ਵੱਖਰੀ ਗੱਲ ਹੈ ਕਿ ਗੁਲਾਮੀ ਨੂੰ ਕੁਦਰਤੀ ਦਾਤ ਜਾਂ ਪੁਸ਼ਤੈਨੀ ਵਿਰਾਸਤ ਵਜੋਂ ਕਬੂਲ ਕਰੀ ਬੈਠੇ, ਬਾਈਧਾਰਾਂ ਦੇ ਹਿੰਦੂ ਰਾਜਿਆਂ ਦੀ ਧੜ੍ਹਕਣ ਵੀ ਤੇਜ ਹੋ ਗਈ ਸੀ।

ਖਾਲਸੇ ਨੂੰ ਹੱਕ ਹੈ ਕਿ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਮਨਾਵੇ, ਪਰ ਨਾਲ ਇਹ ਵੀ ਖਿਆਲ ਰੱਖੇ ਕਿ ਉਹ ਦਸਤੂਰ ਜਿਹਨਾਂ ਨੂੰ ਲੈ ਕੇ, ਅਨੰਦਪੁਰ ਸਾਹਿਬ ਦੀ ਸਥਾਪਨਾ ਹੋਈ ਸੀ ਜਾਂ ਜਿਸ ਕਰਕੇ ਅਨੰਦਪੁਰ ਸਾਹਿਬ ਇੱਕ ਵਿਲੱਖਣ ਦਰਜਾ ਰੱਖਦਾ ਹੈ, ਉਹ ਹਰ ਹੀਲੇ ਕਾਇਮ ਰੱਖਣੇ ਸਾਡੀ ਜਿੰਮੇਵਾਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸਾਹਮਣੇ ਵੀ ਅਜਿਹੀਆਂ ਵਿਚਾਰਾਂ ਆਈਆਂ ਸਨ ਕਿ ਤੁਸੀਂ ਰਣਜੀਤ ਨਗਾਰਾ ਨਾ ਵਜਾਓ, ਇਸ ਨਾਲ ਹਕੂਮਤ ਗੁੱਸੇ ਹੋਵੇਗੀ ਅਤੇ ਸਾਨੂੰ ਪਰੇਸ਼ਾਨ ਕਰੇਗੀ ਜਾਂ ਤੁਸੀਂ ਨਿੱਕੀਆਂ ਸੁੱਕੀਆਂ ਜਾਤੀਆਂ ਨੂੰ ਅੰਮ੍ਰਿਤ ਛਕਾ ਕੇ ਬਰਾਬਰ ਨਾ ਬਿਠਾਓ ਆਦਿਕ, ਪਰ ਗੁਰੂ ਸਾਹਿਬ ਨੇ ਨਾ ਕਿਸੇ ਵੱਡੀ ਹਕੂਮਤ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਆਲੇ ਦੁਆਲੇ ਦੇ ਭਾਈਵਾਲਾਂ ਦੀ ਨਮਰਦੀ ਵਾਲੀ ਦਲੀਲ ਨੂੰ ਕੋਈ ਵਜਨ ਦਿੱਤਾ, ਸਗੋਂ ਸਾਹਿਬ ਨੇ ਬੇਪਰਵਾਹ ਹੋ ਕੇ ਆਪਣੀ ਅੱਡਰੀ ਹਸਤੀ ਨੂੰ ਇਸ ਤਰੀਕੇ ਪ੍ਰਗਟਾਇਆ ਕਿ ਦੁਨੀਆਂ ਦੇ ਇਤਿਹਾਸ ਵਿੱਚ ਸੁਨਿਹਰੀ ਪੰਨੇ ਉੱਤੇ ਆਪਣਾ ਅਤੇ ਆਪਣੀ ਕੌਮ ਦਾ ਨਾਮ ਦਰਜ਼ ਕਰਵਾ ਦਿੱਤਾ।

ਜਿਸ ਵੇਲੇ ਨਰਿੰਦਰ ਮੋਦੀ ਇਸ ਧਰਤੀ ਉੱਤੇ ਕਦਮ ਰੱਖੇਗਾ ਤਾਂ ਅਜਿਹਾ ਪ੍ਰਤੀਤ ਹੋਵੇਗਾ ਕਿ ਅੱਜ ਪੰਡਤ ਕਿਰਪਾ ਰਾਮ ਧਰਮ ਦੀ ਰਾਖੀ ਕਰਨ ਦੀ ਬੇਨਤੀ ਕਰਨ ਨਹੀਂ ਆ ਰਿਹਾ, ਸਗੋਂ ਅਜਿਹਾ ਮਹਿਸੂਸ ਹੋਵੇਗਾ ਕਿ ਅੱਜ ਧਰਮ ਦੀ ਹਾਨੀ ਕਰਨ ਵਾਲਾ, ਔਰੰਗਜੇਬ (ਮੋਦੀ ) ਹਜ਼ਾਰਾਂ ਮੁਸਲਮਾਨਾਂ ਦੇ ਖੂਨ ਵਿੱਚ ਰੰਗੇ, ਆਪਣੇ ਉਹਨਾਂ ਪਲੀਤ ਹੱਥਾਂ ਨਾਲ ਇਹ ਕਹਿਣ ਆਇਆ ਹੈ ਕਿ ਮੈਨੂੰ ਆਸ਼ੀਰਵਾਦ ਦਿਓ, ਮੈਂ ਭਾਰਤ ਨੂੰ ਭਗਵਾਂ ਦੇਸ਼ ਜਲਦੀ ਬਣਾਉਣ ਵਿੱਚ ਕਾਮਯਾਬ ਹੋ ਸਕਾਂ। ਜਿਸ ਦਿਨ ਦਾ ਮੋਦੀ ਪ੍ਰਧਾਨ ਮੰਤਰੀ ਬਣਿਆ ਹੈ, ਉਸ ਦਿਨ ਤੋਂ ਔਰੰਗਜੇਬੀ ਨੀਤੀ ਅਧੀਨ, ਘਰ ਵਾਪਿਸੀ ਦੇ ਨਾਮ ਹੇਠ, ਲਾਲਚ ਦੇ ਕੇ ਲੋਕਾਂ ਨੂੰ ਧਰਮ ਪਰਿਵਰਤਨ ਵਾਸਤੇ ਉਤਸ਼ਾਹਤ ਕੀਤਾ ਜਾ ਰਿਹਾ ਹੈ। ਫਿਰ ਸਿੱਖਾਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜਿਸ ਬਿਪਰਵਾਦ ਨਾਲੋਂ ਸਾਨੂੰ ਗੁਰੂ ਨੇ ਅਲੱਗ ਕਰਕੇ, ਇੱਕ ਵੱਖਰੀ ਪਹਿਚਾਨ ਦਿੱਤੀ ਸੀ, ਅੱਜ ਅਸੀਂ ਖੁਦ ਉਸ ਬਿਪਰਵਾਦ ਨੂੰ ਆਪਣੇ ਘਰ ਵਾਰ ਵਾਰ ਬੁਲਾ ਰਹੇ ਹਾ। ਜੇ ਸਾਡੇ ਵਰਗੀ ਪਤਲੀ ਸੋਚ ਗੁਰੂ ਸਾਹਿਬ ਦੀ ਹੁੰਦੀ ਤਾਂ ਉਹ ਕਿਰਪਾ ਰਾਮ ਦੀ ਬੇਨਤੀ ਪ੍ਰਵਾਨ ਕਰਨ ਦੀ ਥਾਂ, ਔਰੰਗਜੇਬ ਦੀ ਖੁਸ਼ੀ ਨੂੰ ਤਰਜੀਹ ਦਿੰਦੇ, ਜਿਵੇ ਅੱਜ ਸਿੱਖਾਂ ਦੇ ਆਗੂ ਕਰ ਰਹੇ ਹਨ।

ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਤਾਂ ਗੁਰੂ ਸਾਹਿਬ ਨੇ ਸਰਬ ਗੁਣ ਭਰਪੂਰ ਕੌਮ ਬਣਾਇਆ ਹੈ, ਪਰ ਅਸੀਂ ਔਗਣਾਂ ਦੀਆਂ ਪੰਡਾਂ ਬੰਨਣੀਆਂ ਆਰੰਭ ਦਿੱਤੀਆਂ ਹਨ, ਜੇ ਮੋਦੀ ਨੂੰ ਸੱਦਿਆ ਹੈ ਤਾਂ ਫਿਰ ਕਿਸ ਵਿੱਚ ਹਿੰਮਤ ਹੈ ਕਿ ਜਿਹੜਾ ਦਲੇਰੀ ਨਾਲ ਮੋਦੀ ਦੇ ਸੰਬੋਧਨ ਤੋਂ ਪਹਿਲਾਂ, ਕਹਿ ਸਕੇ ਕਿ ਇਹ ਉਹ ਅਸਥਾਨ ਹੈ, ਜਿੱਥੇ ਤੁਹਾਡੇ ਵਡੇਰੇ ਧਰਮ ਦੀ ਰਾਖੀ ਵਾਸਤੇ ਅਰਜੋਈ ਲੈ ਕੇ ਆਏ ਸਨ ਅਤੇ ਇੱਥੋਂ ਹੀ ਇੱਕ ਉਮਰ ਵਜੋਂ ਨਬਾਲਿਗ, ਪਰ ਸੋਚ ਪੱਖੋਂ ਸ਼ਹਿਨਸ਼ਾਹ ਗੋਬਿੰਦ ਰਾਏ ਨੇ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਕਿਹਾ ਸੀ, ਕੌਣ ਕਰੇਗਾ ਦਲੇਰੀ ਕਿ ਉਸ ਵੇਲੇ ਦੇ ਪਹਾੜੀ ਰਾਜਿਆਂ ਵਾਂਗੂੰ, ਅਜੇ ਵੀ ਸਿੱਖਾਂ ਵਿਰੁੱਧ ਹੀ ਸਾਜਿਸ਼ਾਂ ਕਿਉਂ ਰਚੀਆਂ ਜਾ ਰਹੀਆਂ ਹਨ, ਕਿਉਂ ਨਹੀਂ ਪੂਰੇ ਦੇਸ਼ ਦੀਆਂ ਸਕੂਲੀ ਕਿਤਾਬਾਂ ਵਿੱਚ ਗੁਰੂ ਨਾਨਕ ਤੋਂ ਲੈ ਕੇ ਦਸ ਗੁਰ ਸਹਿਬਾਨ ਦਾ ਜ਼ਿਕਰ, ਖ਼ਾਸ ਕਰਕੇ ਗੁਰੂ ਤੇਗਬਹਾਦਰ ਦੀ ਸ਼ਹਾਦਤ ਬਾਰੇ , ਕਿਉਂ ਨਹੀਂ ਸਰਹਿੰਦ ਦੀਆਂ ਨੀਂਹਾਂ ਦੀ ਜਾਣਕਾਰੀ , ਕਿੱਥੇ ਦੱਸਿਆ ਹੈ ਕਿ ਮੁਗਲਾਂ ਦੀ ਗੁਲਾਮੀ ਨੂੰ ਤੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕੀਤੀ ਸੀ। ਜੇ ਮਹਾਤਮਾਂ ਗੱਧੀ ਦਾ ਸਬਕ ਦੇਸ਼ ਦੀ ਹਰ ਬੋਲੀ ਵਿੱਚ ਦਰਜ਼ ਹੈ, ਫਿਰ ਸਿੱਖ ਗੁਰੂ ਸਾਹਿਬਾਨ ਜਾਂ ਸਿੱਖਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਦਾ ਬਿਓਰਾ ਕਿਉਂ ਨਹੀਂ ਹੈ।

ਆਵੇਗਾ ਮੋਦੀ ਪਰ ਫਾਇਦਾ ਸਿਰਫ ਇੱਕ ਪਰਿਵਾਰ ਨੂੰ ਹੋਵੇਗਾ, ਮਨੁੱਖਤਾ ਦੀ ਰਾਖੀ, ਧਰਮ ਦੀ ਰੱਖਿਆ ਦਾ ਉਪਦੇਸ਼ ਦੇਣ ਵਾਲੀ ਧਰਤੀ ਉੱਤੇ ਮਨੁੱਖਤਾ ਦੇ ਕਾਤਲ ਅਤੇ ਧਰਮ ਨੂੰ ਜਬਰੀ ਤਬਦੀਲ ਕਰਨ ਵਾਲੇ, ਸਿਰਪਾਓ ਲੈ ਕੇ ਆਪਣੇ ਘਰ ਮੁੜ ਜਾਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਲੇਖਾ ਹੀ ਰਹੇਗਾ ਕਿ ਸ਼ਾਇਦ ਆਹ ਭਗਵੀਆਂ ਧੋਤੀਆਂ ਵਾਲੇ ਵੀ ਸਾਡੇ ਹੀ ਹਨ ਜਾਂ ਅਸੀਂ ਇਹਨਾਂ ਦੀ ਹੀ ਇੱਕ ਸ਼ਾਖ਼ ਹਾਂ। ਮੋਦੀ ਦੀ ਆਮਦ ਇੱਕ ਪ੍ਰਧਾਨ ਮੰਤਰੀ ਦੀ ਫੇਰੀ ਨਹੀਂ, ਸਗੋਂ ਭਾਰਤ ਨੂੰ ਹਿੰਦੂ, ਹਿੰਦੀ, ਹਿੰਦੋਸਤਾਨ ਵਿੱਚ ਤਬਦੀਲ ਕਰਨ ਵਾਲੀ, ਇੱਕ ਸੋਚ, ਆਰ.ਐਸ.ਐਸ.ਦੇ ਇੱਕ ਮਜਬੂਤ ਪਹਿਲੂ ਦੀ ਆਮਦ ਹੀ ਆਖਿਆ ਜਾ ਸਕਦਾ ਹੈ।

ਆਰ.ਐਸ.ਐਸ. ਜਿਹੜੀ ਬੜੀ ਵਿਉਂਤਬੰਦੀ ਨਾਲ ਸਾਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਾਸਤੇ ਪੱਬਾਂ ਭਾਰ ਹੋਈ ਬੈਠੀ ਹੈ, ਦੇ ਖੁਦ ਸਾਡੇ ਵਿਹੜੇ ਪੈਰ ਲਵਾਉਣ ਵਾਲੀ ਕਾਲੀ ਕਰਤੂਤ ਹੀ ਕਹੀ ਜਾ ਸਕਦੀ ਹੈ। ਇਸ ਵਾਸਤੇ ਸਾਰੇ ਸਿੱਖਾਂ ਨੂੰ, ਪੰਜਾਬ ਦੀ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰਾਂ ਦੀ, ਬਿਪਰਵਾਦੀਆਂ ਨੂੰ ਘਰੇ ਸੱਦਣ ਦੀ ਇਸ ਕੋਝੀ ਹਰਕਤ ਅਤੇ ਸਿੱਖਾਂ ਨਾਲ ਸਬੰਧਤ ਹਰ ਸ਼ਤਾਬਦੀ ਜਾਂ ਗੁਰਪੁਰਬ, ਸ਼ਹੀਦੀ ਦਿਹਾੜਿਆਂ ਦਾ ਭਗਵਾਂਕਰਨ ਕੀਤੇ ਜਾਣ ਦੀ ਇੱਲਤ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top