Share on Facebook

Main News Page

ਸਿੱਖ ਚਿੰਤਕ ਸ: ਅਜਮੇਰ ਸਿੰਘ ਦੀ ਜਲਦ ਆ ਰਹੀ ਪੁਸਤਕ "ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" ਨਾਲ ਜਾਣ-ਪਛਾਣ

[ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੀ ਚੌਥੀ ਕਿਤਾਬ: “ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਨਾਲ ਜਾਣ-ਪਛਾਣ ਦੇ ਜੋ ਸ਼ਬਦ ਲੇਖਕ ਸ: ਅਜਮੇਰ ਸਿੰਘ ਨੇ ਪੁਸਤਕ ਦੇ ਸ਼ੁਰੂ ਵਿਚ ਸਾਂਝੇ ਕੀਤੇ ਹਨ, ਉਹ ਅਸੀਂ ਇਥੇ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ।]

ਹਥਲੀ ਜਿਲਦ ਬਾਰੇ

ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਲੜੇ ਗਏ ਲਹੂ-ਵੀਟਵੇਂ ਸਿੱਖ ਸੰਘਰਸ਼ ਦਾ ਬਹੁ-ਪਰਤੀ ਵਿਸ਼ਲੇਸ਼ਣ ਕਰਨ ਦਾ ਹਥਲਾ ਕਾਰਜ ਪ੍ਰਤਿਭਾਸ਼ਾਲੀ ਸਿੱਖ ਵਿਦਵਾਨ (ਸਵਰਗਵਾਸੀ) ਸਰਦਾਰ ਜਗਜੀਤ ਸਿੰਘ ਦੇ ਆਦੇਸ਼ ਤੇ ਅਸ਼ੀਰਵਾਦ ਨਾਲ 1997 ਵਿਚ ਆਰੰਭਿਆ ਗਿਆ ਸੀ।

ਇਸ ਸਿਲਸਿਲੇ ਵਿਚ ਹੁਣ ਤਕ ਤਿੰਨ ਜਿਲਦਾਂ ਛਪ ਚੁੱਕੀਆਂ ਹਨ। ਕ੍ਰਮ ਅਨੁਸਾਰ ਚੌਥੀ ਜਿਲਦ ਵਿਚ, 1984 ਦੇ ਘੱਲੂਘਾਰੇ ਉਪਰੰਤ ਲੜੇ ਗਏ ਸਿੱਖ ਖਾੜਕੂ ਸੰਘਰਸ਼ ਦਾ ਲੇਖ਼ਾ-ਜੋਖ਼ਾ ਕੀਤਾ ਜਾਣਾ ਸੀ। ਪਰ ਇਹ ਕਾਰਜ ਆਰੰਭ ਕਰਦਿਆਂ ਹੀ ਇਕ ਅੜਾਉਣੀ ਆ ਗਈ। ਆਧੁਨਿਕ ਯੁਗ ਦੀਆਂ ਸਾਰੀਆਂ ਵੱਡੀਆਂ ਸਮਾਜੀ-ਰਾਜਸੀ ਲਹਿਰਾਂ ਦਾ ਇਕ ਲੱਛਣ ਸਾਂਝਾ ਹੈ, ਕਿ ਆਮ ਨੇਮ ਵਜੋਂ, ਇਨ੍ਹਾਂ ਲਹਿਰਾਂ ਦੀ ਅਗਵਾਈ ਸਬੰਧਤ ਸਮਾਜ ਦੇ ਬੁੱਧੀਮਾਨ ਤਬਕੇ ਵੱਲੋਂ ਕੀਤੀ ਜਾਂਦੀ ਹੈ। ਬੁੱਧੀਮਾਨ ਤਬਕਾ ਹੀ ਹੈ ਜਿਹੜਾ ਸੰਘਰਸ਼ ਦੀ ਕਲਪਨਾ ਕਰਦਾ, ਇਸਦੇ ਲਈ ਵਿਚਾਰਾਂ ਦੀ ਜ਼ਮੀਨ ਵੱਤਰ ਕਰਦਾ, ਸੰਘਰਸ਼ ਦੀ ਰੂਪ-ਰੇਖਾ ਉਲੀਕਦਾ, ਅਤੇ ਅਖੀਰ ਵਿਚ ਅਮਲੀ ਖੇਤਰ ਅੰਦਰ ਇਸ ਦੀ ਰਾਹਨੁਮਾਈ ਕਰਦਾ ਹੈ।

ਫਰਾਂਸੀਸੀ ਇਨਕਲਾਬ (1789 ਈ:) ਤੋਂ ਲੈ ਕੇ ਤਾਜ਼ਾ ‘ਅਰਬ ਬਸੰਤ’ (Arab Spring) ਤਕ, ਇਤਿਹਾਸ ਦੀ ਹਰੇਕ ਵੱਡੀ ਲਹਿਰ ਉਤੇ ਇਹ ਨੇਮ ਨਿਰਵਿਘਨ ਲਾਗੂ ਹੁੰਦਾ ਹੈ। ਪਰ ਸਿੱਖ ਖਾੜਕੂ ਸੰਘਰਸ਼ ਦੇ ਮਾਮਲੇ ਵਿਚ ਇਹ ਨੇਮ ਭੰਗ ਹੋਇਆ ਪਰਤੱਖ ਨਜ਼ਰ ਆ ਜਾਂਦਾ ਹੈ। ਇਸ ਸੰਘਰਸ਼ ਦੇ ਸਮੁੱਚੇ ਅਮਲ ਦੌਰਾਨ ਸਿੱਖ ਬੁੱਧੀਜੀਵੀ ਵਰਗ ਦੀ ਭੂਮਿਕਾ, ਕੁੱਲ ਮਿਲਾ ਕੇ, ਮਾਯੂਸ ਕਰਨ ਵਾਲੀ ਹੈ।

ਇਹ ਤੱਥ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ ਕਿ ਸਿੱਖ ਸਮਾਜ ਦੇ ਪੜ੍ਹੇ ਲਿਖੇ ਵਰਗਾਂ (ਸਿਖਿਆ ਸਾਸ਼ਤਰੀਆਂ, ਯੂਨੀਵਰਸਿਟੀਆਂ/ਕਾਲਜਾਂ ਦੇ “ਪ੍ਰੋਫੈਸਰਾਂ”, ਲੇਖਕਾਂ, ਸਾਹਿਤਕਾਰਾਂ, ਕਾਨੂੰਨਦਾਨਾਂ, ਸੰਪਾਦਕਾਂ, ਪੱਤਰਕਾਰਾਂ ਅਤੇ ਸੇਵਾ ਕਰ ਰਹੇ ਜਾਂ ਸੇਵਾ ਮੁਕਤ ਹੋ ਚੁੱਕੇ ਸਿਵਿਲ ਤੇ ਫੌਜੀ ਅਫਸਰਾਂ, ਆਦਿ ਆਦਿ) ਦੇ ਵੱਡੇ ਹਿੱਸਿਆਂ ਨੇ ਸਿੱਖ ਸੰਘਰਸ਼ ਪ੍ਰਤਿ ਜਾਂ ਤਾਂ ਬੇ-ਵਾਸਤੀ ਪ੍ਰਗਟਾਈ, ਅਤੇ ਜਾਂ ਵਿਚਾਰਾਂ ਦੇ ਪੱਧਰ ‘ਤੇ ਇਸ ਦਾ ਸਰਗਰਮ ਵਿਰੋਧ ਕੀਤਾ।

ਸਿੱਖ ਸੰਘਰਸ਼ ਦੇ ਹੱਕ ਵਿਚ ਡਟਣ ਵਾਲੇ ਸਿੱਖ ਬੁੱਧੀਮਾਨਾਂ ਦੀ ਗਿਣਤੀ ਮੂਲੋਂ ਹੀ ਥੋੜ੍ਹੀ ਸੀ। ਅਜਿਹਾ ਦੁਰਭਾਗ ਕਿਉਂ ਵਾਪਰਿਆ, ਅਤੇ ਸਿੱਖ ਸੰਘਰਸ਼ ਉਤੇ ਇਸ ਦੇ ਕਿਹੋ ਜਿਹੇ ਨਾਂਹ-ਪੱਖੀ ਅਸਰ ਪਏ, ਇਨ੍ਹਾਂ ਸੁਆਲਾਂ ਨੂੰ ਮੁਖ਼ਾਤਿਬ ਹੋਏ ਬਗੈਰ ਸਿੱਖ ਖਾੜਕੂ ਸੰਘਰਸ਼ ਦਾ ਸਹੀ ਤੇ ਸੰਤੁਲਤ ਵਿਸ਼ਲੇਸ਼ਣ ਕਰ ਸਕਣਾ ਉਕਾ ਹੀ ਸੰਭਵ ਨਹੀਂ।

ਹਥਲੀ ਜਿਲਦ ਦੀ ਤਜਵੀਜ਼ ਇਸੇ ਅਹਿਸਾਸ ਵਿਚੋਂ ਪੈਦਾ ਹੋਈ। ਸਿੱਖ ਸੰਘਰਸ਼ ਪ੍ਰਤਿ ਸਿੱਖ ਬੁੱਧੀਮਾਨ ਤਬਕੇ ਦੇ ਨਕਾਰਾਤਮਿਕ ਰਵਈਏ ਨੂੰ ਕਿਹੜੇ ਤੱਥਾਂ ਨੇ ਨਿਰਧਾਰਤ ਤੇ ਪ੍ਰਭਾਵਿਤ ਕੀਤਾ? ਇਸ ਸੁਆਲ ਦਾ ਕੋਈ ਇਕਹਿਰਾ ਉਤਰ ਦੇ ਸਕਣਾ ਸੰਭਵ ਨਹੀਂ ਹੈ। ਹਰੇਕ ਗੁੰਝਲਦਾਰ ਵਰਤਾਰੇ ਵਾਂਗੂੰ ਇਹ ਅਨੇਕਾਂ ਤੱਥਾਂ, ਵਿਅਕਤੀਗ਼ਤ ਨੈਤਿਕ ਕਮਜ਼ੋਰੀਆਂ ਤੋਂ ਲੈ ਕੇ ਸਿਧਾਂਤਕ ਝੁਕਾਵਾਂ ਤਕ, ਦੇ ਰਲਵੇਂ ਅਸਰ ਦਾ ਸਿੱਟਾ ਹੈ। ਪਰ ਵਿਸ਼ਲੇਸ਼ਣ ਦੇ ਨੁਕਤਾ-ਨਜ਼ਰ ਤੋਂ ਸਭ ਨਾਲੋਂ ਅਹਿਮ ਤੇ ਫੈਸਲਾਕੁੰਨ ਫੈਕਟਰ ਵਿਚਾਰ-ਪ੍ਰਣਾਲੀ (thought pattern) ਹੈ।

ਸਾਮਰਾਜਵਾਦ ਤੇ ਬਸਤੀਵਾਦ ਦੇ ਵਰਤਾਰੇ ਨੂੰ ਕੇਵਲ ਰਾਜਸੀ ਗ਼ਲਬੇ ਤੇ ਆਰਥਕ ਲੁੱਟ-ਖਸੁੱਟ ਤਕ ਸੀਮਤ ਕਰਕੇ ਨਹੀਂ ਵੇਖਿਆ ਜਾ ਸਕਦਾ। ਰਾਜਸੀ ਗ਼ਲਬੇ ਤੇ ਆਰਥਕ ਲੁੱਟ-ਖੋਹ ਦੇ ਨਾਲੋ-ਨਾਲ ਪੱਛਮੀ ਸਾਮਰਾਜੀ ਤਾਕਤਾਂ ਨੇ ਅਧੀਨ ਮੁਲਕਾਂ ਉਤੇ ਆਪਣਾ ਗਿਆਨਾਤਮਿਕ ਗ਼ਲਬਾ ਵੀ ਕਾਇਮ ਕੀਤਾ। ਪਰ ਜਿਥੇ ਰਾਜਸੀ ਗ਼ਲਬੇ ਤੇ ਆਰਥਕ ਲੁੱਟ-ਖੋਹ ਦੇ ਮਾਮਲੇ ਵਿਚ ਖੁਲ੍ਹਮ-ਖੁਲ੍ਹੀ ਧੱਕੇਸ਼ਾਹੀ ਵਰਤੀ ਗਈ, ਉਥੇ ਪੂਰਬ ਦੇ ਲੋਕਾਂ ਉਤੇ ਪੱਛਮੀ ਗਿਆਨ-ਪ੍ਰਬੰਧ ਦੀ ਜਕੜ ਤੇ ਸਰਬ-ਪ੍ਰਧਾਨਤਾ (ਹੈਜਮਨੀ) ਸਥਾਪਤ ਕਰਨ ਦਾ ਸਿਲਸਿਲਾ ਅਛੋਪਲੇ ਢੰਗਾਂ ਨਾਲ ਚੱਲਿਆ।

ਬਸਤੀਵਾਦੀ ਦੇਸ਼ਾਂ ਦੇ, ਪੱਛਮੀ ਵਿਦਿਆ ਗ੍ਰਹਿਣ ਕਰਨ ਵਾਲੇ ਬੁੱਧੀਮਾਨ ਵਰਗਾਂ ਨੇ ਜਿਥੇ ਰਾਜਸੀ ਖੇਤਰ ਅੰਦਰ ਬਸਤੀਵਾਦ ਦਾ ਤਿੱਖਾ ਵਿਰੋਧ ਕੀਤਾ, ਉਥੇ ਉਨ੍ਹਾਂ ਨੇ ਬੌਧਿਕ ਪੱਧਰ ‘ਤੇ ਪੱਛਮ ਦੀ ਸਰਵ-ਉਚਤਾ ਕਬੂਲ ਕਰ ਲਈ। ਉਨ੍ਹਾਂ ਨੇ ਪੱਛਮੀ ਗਿਆਨ-ਪ੍ਰਬੰਧ ਦਾ ਸਹਿਜ ਰੂਪ ਵਿਚ ਆਤਮੀਕਰਨ (internalise) ਕਰ ਲਿਆ। ਇਸ ਕਰਕੇ ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਇਨ੍ਹਾਂ ਦੇਸ਼ਾਂ ਅੰਦਰ ਮੂਲ ਰੂਪ ਵਿਚ ਪੱਛਮੀ ਨਮੂਨੇ ਦੇ ਰਾਜ (ਨੇਸ਼ਨ-ਸਟੇਟ) ਸਥਾਪਤ ਕਰਨ ਦੀ ਸੇਧ ਧਾਰਨ ਕੀਤੀ ਗਈ ਅਤੇ ਰਾਜ ਕਰਨ ਦੇ ਬਸਤੀਵਾਦੀ ਢੰਗਾਂ ਦੀ ਰੀਤ ਦਾ ਵਫ਼ਾਦਾਰੀ ਨਾਲ ਪਾਲਣ ਕੀਤਾ ਗਿਆ।

ਜਿਸ ਦਾ ਠੋਸ ਭਾਵ, ਲੋਕਾਂ ਦੀਆਂ ਲੋੜਾਂ ਨਾਲੋਂ ਰਾਜ (ਨੇਸ਼ਨ ਸਟੇਟ) ਦੀ ਸੁਰੱਖਿਆ ਵੱਧ ਅਹਿਮ ਬਣ ਗਈ, ਇਹ ਰਾਜ ਦਾ ਸ਼੍ਰੋਮਣੀ ਸਰੋਕਾਰ ਬਣ ਗਿਆ, ਅਤੇ ਇਸ ਮੰਤਵ ਲਈ ਰਾਜ ਦੇ ਰਵਾਇਤੀ ਸੰਦ ਵਸੀਲਿਆਂ (state machinery) ਦੇ ਨਾਲੋ-ਨਾਲ ਗਿਆਨ ਦੇ ਹਥਿਆਰ ਦੀ ਪਰਵੀਨ ਵਰਤੋਂ ਕਰਨ, ਅਰਥਾਤ ਗ਼ਲਬਾ ਪਾਉਣ, ਕਾਇਮ ਰੱਖਣ ਤੇ ਇਸ ਨੂੰ ਉਚਿਤ ਠਹਿਰਾਉਣ ਲਈ ਗਿਆਨ ਦੀ ਪ੍ਰਭਾਵਸ਼ਾਲੀ ਸੰਦ ਵਜੋਂ ਵਰਤੋਂ ਕਰਨ ਦੀ ਰਾਜਕੀ ਜੁਗਤ ਅਪਣਾਈ ਗਈ।

ਇਸ ਵਿਚ ਬੁੱਧੀਮਾਨ ਵਰਗ ਦੀ ਕੇਂਦਰੀ ਭੂਮਿਕਾ ਦਾ ਤੱਥ ਸਵੈ-ਪਰਤੱਖ ਹੈ। ਬੁੱਧੀਮਾਨ ਵਰਗ ਹੀ ਹੈ ਜਿਹੜਾ ਗਿਆਨ ਦੀ ਰਚਨਾ ਕਰਨ ਤੋਂ ਲੈ ਕੇ ਇਸ ਦਾ ਵਿਆਪਕ ਪੈਮਾਨੇ ‘ਤੇ ਪ੍ਰਚਾਰ-ਪ੍ਰਸਾਰ ਤੇ ਸੰਚਾਰ ਕਰਨ ਵਿਚ ਨਿਰਣਾਇਕ ਰੋਲ ਨਿਭਾਉਂਦਾ ਹੈ।

ਹਰੇਕ ਗਿਆਨ-ਪ੍ਰਬੰਧ ਦੀ ਬੁਨਿਆਦ ਕੁੱਝ ਪ੍ਰਮੁੱਖ ਸੰਕਲਪਾਂ (key concepts) ਤੇ ਪਰਵਰਗਾਂ (categories) ਉਤੇ ਟਿਕੀ ਹੁੰਦੀ ਹੈ। ਇਸ ਕਰਕੇ ਇਨ੍ਹਾਂ ਸੰਕਲਪਾਂ ਤੇ ਪਰਵਰਗਾਂ ਨੂੰ ਹਰਮਨ ਪਿਆਰੇ ਬਣਾਉਣ ਦੇ ਸੁਚੇਤ ਤੇ ਸਿਲਸਿਲੇਬੱਧ ਯਤਨ ਕੀਤੇ ਜਾਂਦੇ ਹਨ। ਇਹ ਅਮਲ ਸਰਲ ਪੱਧਰਾ ਨਹੀਂ ਹੁੰਦਾ। ਇਹ ਤਿੱਖੇ ਵਿਰੋਧਾਂ ਤੇ ਟਕਰਾਵਾਂ ਰਾਹੀਂ ਅੱਗੇ ਵਧਦਾ ਹੈ। ਕਾਰਨ ਇਹ ਕਿ ਨਵਾਂ ਗਿਆਨ-ਪ੍ਰਬੰਧ ਪਹਿਲੇ ਗਿਆਨ-ਪ੍ਰਬੰਧ ਨੂੰ ਉਖੇੜ ਕੇ ਹੀ ਸਥਾਪਤ ਹੋ ਸਕਦਾ ਹੈ। ਪਹਿਲੇ ਗਿਆਨ-ਪ੍ਰਬੰਧ ਨੂੰ ਉਖੇੜਨ ਦਾ ਮਤਲਬ ਉਸ ਦੇ ਜਿਸਮ, ਭਾਵ ਉਸ ਨੂੰ ਸੰਭਾਲਣ ਵਾਲੀ ਅਤੇ ਖ਼ੁਦ ਉਸ ਕੋਲੋਂ ਜੀਵਨ ਗ੍ਰਹਿਣ ਕਰਨ ਵਾਲੀ ਸਭਿਆਚਾਰਕ ਪ੍ਰੰਪਰਾ ਨੂੰ ਤਬਾਹ ਕਰਨਾ ਹੈ।

ਇਸ ਤਰੀਕੇ ਨਾਲ ਗਿਆਨ, ਸਭਿਆਚਾਰਾਂ ਦੀ ਲੜਾਈ ਵਿਚ ਧਿਰ ਤੇ ਹਥਿਆਰ ਬਣਦਾ ਹੈ। ਕਿਹੜਾ ਗਿਆਨ-ਪ੍ਰਬੰਧ ਕਿਹੜੇ ਵਰਗ ਜਾਂ ਵਰਗਾਂ ਦੇ ਹਿਤ ਪੂਰਦਾ ਹੈ ਅਤੇ ਇਸ ਦੀ ਸਰਬ-ਪ੍ਰਧਾਨਤਾ (ਹੈਜਮਨੀ) ਸਥਾਪਤ ਕਰਨ ਲਈ ਕਿਹੋ ਜਿਹੇ ਸਾਧਨ ਤੇ ਵਿਧੀਆਂ ਅਪਣਾਈਆਂ ਜਾਂਦੀਆਂ ਹਨ, ਇਸ ਸੋਝੀ ਤੋਂ ਬਗੈਰ ਕੋਈ ਵੀ ਭਾਈਚਾਰਾ ਆਪਣੇ ਸਭਿਆਚਾਰ ਦੀ ਰਾਖੀ ਨਹੀਂ ਕਰ ਸਕਦਾ।

ਹਥਲੀ ਜਿਲਦ ਦੇ ਪਹਿਲੇ ਕਾਂਡ ਵਿਚ, ਸਿੱਖ ਕੌਮ ਲਈ ਘਾਤਕ ਸਾਬਤ ਹੋ ਰਹੇ ਆਧੁਨਿਕ (ਪੱਛਮੀ) ਗਿਆਨ-ਪ੍ਰਬੰਧ ਦੇ ਪ੍ਰਮੁੱਖ ਸੰਕਲਪਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲੋ-ਨਾਲ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਇਹ ਸੰਕਲਪ ਤੇ ਪਰਵਰਗ, ਕਿਸ ਤਰੀਕੇ ਨਾਲ ਭਾਰਤ ਅੰਦਰ ਹਿੰਦੂ ਬਹੁਗਿਣਤੀ ਵਰਗ ਦਾ ਰਾਜਸੀ ਤੇ ਸਭਿਆਚਾਰਕ ਗ਼ਲਬਾ ਸਥਾਪਤ ਕਰਨ ਤੇ ਇਸ ਨੂੰ ਬਰਕਰਾਰ ਰੱਖਣ ਵਿਚ ਮੱਦਦਗ਼ਾਰ ਬਣ ਰਹੇ ਹਨ। ਨਾਲ ਹੀ ਇਹ ਗੱਲ ਵੀ ਦਰਸਾਈ ਗਈ ਹੈ ਕਿ ਸਵਰਨ ਜਾਤੀ ਹਿੰਦੂ ਵਰਗਾਂ ਨੇ, ਆਪਣੀ ਮੂਲ ਫਿ਼ਤਰਤ ਅਨੁਸਾਰ, ਕੁੱਝ ਕੁ ਪੱਛਮੀ ਸੰਕਲਪਾਂ, ਜਿਵੇਂ ਰਾਸ਼ਟਰਵਾਦ (ਨੈਸ਼ਨਲਿਜ਼ਮ) ਤੇ ਧਰਮ-ਨਿਰਪੇਖਵਾਦ (ਸੈਕੂਲਰਿਜ਼ਮ) ਨੂੰ ਬ੍ਰਾਹਮਣਵਾਦੀ ਪੁੱਠ ਚਾੜ੍ਹ ਕੇ ਆਪਣੇ ਹਿਤਾਂ ਦੇ ਅਨੁਕੂਲ ਕਰ ਲਿਆ ਹੈ।

ਪੱਛਮੀ ਆਧੁਨਿਕ ਫ਼ਲਸਫ਼ੇ (ਚਿੰਤਨ) ਦਾ ਜਨਮ ਤੇ ਵਿਕਾਸ ਪੱਛਮ ਦੀ ਵਿਸ਼ੇਸ਼ ਸੱਭਿਆਚਾਰਕ ਸਥਿਤੀ ਵਿਚੋਂ ਹੋਇਆ। ਇਸ ਅਨੁਸਾਰ ਵਿਸ਼ੇਸ਼ ਸੰਕਲਪ ਤੇ ਪਰਵਰਗ ਸਾਜੇ ਗਏ। ਇਹ ਪਰਵਰਗ ਨਿਸਚਿਤ ਕਰ ਦਿਤੇ ਗਏ। ਇਨ੍ਹਾਂ ਰਾਹੀਂ ਨਿਚੋੜ (conclusions) ਕੱਢੇ ਗਏ, ਸਿਧਾਂਤ ਸਿਰਜੇ ਗਏ, ਪਰਿਪੇਖ (perspectives) ਨਿਸਚਿਤ ਕੀਤੇ ਗਏ, ਅਤੇ ਸੂਤਰ ਸਥਾਪਤ ਤੇ ਪ੍ਰਚਲਿਤ ਕੀਤੇ ਗਏ। ਇਨ੍ਹਾਂ ਗਿਆਨਾਤਮਿਕ ਪਰਵਰਗਾਂ (cognitive categories) ਰਾਹੀਂ ‘ਦੂਸਰੇ’ ਸਭਿਆਚਾਰਾਂ ਨੂੰ ਪਰਿਭਾਸ਼ਤ ਕੀਤਾ ਗਿਆ। ਜਿਹੜੀਆਂ ਗਿਆਨ-ਪ੍ਰਣਾਲੀਆਂ ਹੋਰਨਾਂ ਥਾਵਾਂ ‘ਤੇ, ਪੱਛਮ ਨਾਲੋਂ ਮੂਲੋਂ ਹੀ ਵੱਖਰੀਆਂ ਸਭਿਆਚਾਰਕ ਸਥਿਤੀਆਂ ਵਿਚੋਂ ਜਨਮੀਆਂ ਤੇ ਵਿਕਸਤ ਹੋਈਆਂ, ਉਨ੍ਹਾਂ ਨੂੰ ਪੱਛਮੀ ਸੰਕਲਪਾਂ ਤੇ ਪਰਵਰਗਾਂ ਦੀ ਰੋਸ਼ਨੀ ਵਿਚ ਪੜਤਾਲਿਆ, ਅੰਕਿਆ, ਨਿੰਦਿਆ ਤੇ ਨਕਾਰਿਆ ਗਿਆ।

ਇਸ ਤਰੀਕੇ ਨਾਲ ਇਹ ਸੰਕਲਪ ਤੇ ਪਰਵਰਗ ਪੂਰਬੀ ਸਮਾਜਾਂ ਉਤੇ ਪੱਛਮੀ ਗ਼ਲਬੇ ਦਾ ਸੰਦ ਬਣ ਗਏ। ਇਹ, ਗਿਆਨ ਦੇ ਖੇਤਰ ਅੰਦਰ ਅਨਿਆਂ ਤੇ ਜ਼ੁਲਮ ਦੇ ਹਥਿਆਰ ਬਣ ਗਏ। ਇਨ੍ਹਾਂ ਦੇ ਜ਼ਰੀਏ ਰਵਾਇਤੀ ਗਿਆਨ-ਪ੍ਰਬੰਧਾਂ ਦਾ ਘਾਤ ਕੀਤਾ ਗਿਆ।

ਹਥਲੀ ਜਿਲਦ ਦੇ ਤੀਜੇ ਕਾਂਡ ਵਿਚ ਸਿੱਖ ਵਿਦਵਾਨਾਂ ਦੇ ਹਵਾਲੇ ਨਾਲ ਇਹ ਅਭਾਗਾ ਤੱਥ ਦਰਸਾਇਆ ਗਿਆ ਹੈ, ਕਿ ਜਦੋਂ ਅਨਿਆਂ ਦਾ ਸਿ਼ਕਾਰ ਹੋਣ ਵਾਲੇ ਸਮਾਜਾਂ/ਭਾਈਚਾਰਿਆਂ ਦੇ ਹੀ ਕੁਲੀਨ ਵਰਗਾਂ ਤੇ ਬੁੱਧੀਮਾਨਾਂ ਵੱਲੋਂ ਜਾਬਰ ਧਿਰ ਦੇ ਗਿਆਨ-ਪ੍ਰਬੰਧ ਦਾ ਆਤਮੀਕਰਨ ਕਰ ਲਿਆ ਜਾਂਦਾ ਹੈ, ਤਾਂ ਮਜ਼ਲੂਮ ਧਿਰ ਲਈ ਆਪਣੇ ਹਿਤਾਂ ਦੀ ਰੱਖਿਆ ਕਰਨ ਦਾ ਕਾਰਜ ਕਿੰਨਾ ਦੁੱਭਰ ਹੋ ਜਾਂਦਾ ਹੈ।

ਆਧੁਨਿਕ ਪੱਛਮੀ ਚਿੰਤਨ ਅੰਦਰ ‘ਨੈਸ਼ਨਲਿਜ਼ਮ’ ਤੇ ‘ਨੇਸ਼ਨ-ਸਟੇਟ’ ਨੇ ਸਰਬ-ਸ੍ਰੇਸ਼ਟ ਸਦ-ਗੁਣਾਂ (supreme virtues) ਦੀ ਪਦਵੀ ਧਾਰਨ ਕਰ ਲਈ ਹੈ। ਇਹ ਪੂਜਨੀਕ ਬਣ ਗਏ ਹਨ। ਹਰ ਚੀਜ਼ ਦਾ ਮੁਲਾਂਕਣ ਇਨ੍ਹਾਂ ਅਨੁਸਾਰ ਕੀਤਾ ਜਾਂਦਾ ਹੈ। ਇਨ੍ਹਾਂ ਅਨੁਸਾਰ ਭੈੜੇ ਤੋਂ ਭੈੜਾ ਅਨਾਚਾਰ ਕੀਤਾ ਤੇ ਉਚਿਤ ਠਹਿਰਾਇਆ ਜਾਂਦਾ ਹੈ।

ਬਸਤੀਵਾਦ, ਨਾਜ਼ੀਵਾਦ ਤੇ ਫਾਸ਼ੀਵਾਦ ਵਰਗੇ ਜ਼ੁਲਮੀ ਵਰਤਾਰਿਆਂ ਦੀ ਪੈਦਾਇਸ਼ ਇਨ੍ਹਾਂ ਵਿਚੋਂ ਹੀ ਹੋਈ ਸੀ। ਸੰਸਾਰ ਭਰ ਅੰਦਰ ਫੈਲੀ ਕੋਹਝੀ ਹਿੰਸਾ, ਕਤਲੋਗ਼ਾਰਤ ਤੇ ਨਸਲਕੁਸ਼ੀਆਂ ਦੀ ਜੜ੍ਹ ਇਨ੍ਹਾਂ ਅੰਦਰ ਹੀ ਲੱਗੀ ਹੋਈ ਹੈ। ਐਟਮ ਬੰਬਾਂ ਤੇ ਡਰੋਨਾਂ ਦੀ ਕਾਢ ਪਿੱਛੇ ਇਨ੍ਹਾਂ ਦੀ ਪ੍ਰੇਰਿਕ ਸ਼ਕਤੀ ਹੀ ਕੰਮ ਕਰਦੀ ਹੈ।

ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਇਥੋਂ ਹੀ ਨਿਕਲਿਆ ਸੀ। ਜਿਵੇਂ ਕਿ ਦੂਸਰੇ ਕਾਂਡ ਵਿਚ ਦਰਸਾਇਆ ਗਿਆ ਹੈ, ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੀ ਸਿੱਖਾਂ ਦੇ ਜਿਸਮਾਨੀ ਕਤਲਾਂ ਦੇ ਨਾਲੋ-ਨਾਲ ਉਨ੍ਹਾਂ ਦਾ ਗਿਆਨਾਤਮਿਕ ਕਤਲ ਕੀਤਾ ਗਿਆ।

ਤੀਜੇ ਕਾਂਡ ਵਿਚ ਸਿੱਖ ਵਿਦਵਾਨਾਂ ਦੀ ਨਕਾਰਾਤਮਿਕ ਭੂਮਿਕਾ ਦੇ ਵਰਨਣ ਤੋਂ ਇਹ ਤੱਥ ਸਾਫ਼ ਉਜਾਗਰ ਹੋ ਜਾਂਦਾ ਹੈ ਕਿ ਅਜੋਕੇ ਸਮੇਂ ਅੰਦਰ ਪੰਥਕ ਚੇਤਨਾ ਨੂੰ ਸਭ ਤੋਂ ਵੱਡੀ ਢਾਹ ਇਨ੍ਹਾਂ ਸੰਕਲਪਾਂ ਤੇ ਪਰਵਰਗਾਂ ਨੇ ਹੀ ਲਾਈ ਹੈ। ਚੌਥੇ ਤੇ ਪੰਜਵੇਂ ਕਾਂਡਾਂ ਵਿਚ ਠੋਸ ਹਵਾਲਿਆਂ ਨਾਲ ਇਹ ਤੱਥ ਪ੍ਰਮਾਣਿਤ ਕੀਤਾ ਗਿਆ ਹੈ ਕਿ ਸਿੱਖ ਬੁੱਧੀਮਾਨ ਤਬਕੇ ਨੂੰ ਇਨ੍ਹਾਂ ਸੰਕਲਪਾਂ ਤੇ ਪਰਵਰਗਾਂ ਦੀ ਗਰਿਫ਼ਤ ਵਿਚ ਲੈਣ ਲਈ ਕਿੰਨੇ ਵਿਆਪਕ, ਵਿਉਂਤਬੱਧ ਤੇ ਜਥੇਬੰਦਕ ਯਤਨ ਕੀਤੇ ਗਏ।

ਛੇਵੇਂ ਕਾਂਡ ਵਿਚੋਂ ਇਹ ਤੱਥ ਭਲੀਭਾਂਤ ਰੂਪਮਾਨ ਹੋ ਜਾਂਦਾ ਹੈ ਕਿ ਭਾਰਤ ਦੀਆਂ ਖੱਬੇ ਪੱਖੀ ਤਾਕਤਾਂ ਦੇ ਸਿਧਾਂਤਕ ਕੁਰਾਹਿਆਂ ਦੀ ਜੜ੍ਹ, ‘ਰਾਸ਼ਟਰਵਾਦ’ ਤੇ ‘ਨੇਸ਼ਨ-ਸਟੇਟ’ ਵਿਚ ਉਨ੍ਹਾਂ ਦੀ ਅੰਨ੍ਹੀ ਸ਼ਰਧਾ ਵਿਚ ਲੱਗੀ ਹੋਈ ਹੈ। ਸਭਿਆਚਾਰ ਦੇ ਮੁਕਾਬਲੇ ਵਿਚ ਨੇਸ਼ਨ-ਸਟੇਟ ਨੂੰ ਪ੍ਰਮੁੱਖਤਾ ਦੇਣ ਵਾਲੇ ਸਿਧਾਂਤਕ ਨਜ਼ਰੀਏ ਨਾਲ ਸਭਿਆਚਾਰਾਂ ਦੀਆਂ ਸਮੱਸਿਆਵਾਂ ਨੂੰ ਸਹੀ ਰੂਪ ਵਿਚ ਸਮਝ ਸਕਣਾ ਤੇ ਇਨ੍ਹਾਂ ਪ੍ਰਤਿ ਬਿਬੇਕਸ਼ੀਲ ਤੇ ਸੰਵੇਦਨਸ਼ੀਲ ਪਹੁੰਚ ਅਪਨਾਉਣੀ ਉਕਾ ਹੀ ਸੰਭਵ ਨਹੀਂ ਹੈ।

ਇਸ ਸਿਲਸਿਲੇ ਵਿਚ ਆਸ਼ੀਸ ਨੰਦੀ ਦਾ ਇਹ ਸਿਧਾਂਤਕ ਕਥਨ ਬੇਹੱਦ ਅਹਿਮ ਹੈ ਕਿ ਸਟੇਟ-ਮੁਖੀ ਵਿਸ਼ਲੇਸ਼ਣਾਤਮਿਕ ਪਰਵਰਗਾਂ (state-oriented analytical categories) ਨਾਲ ਆਇਤਉੱਲਾ ਖ਼ੋਮੀਨੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯੋਗ ਵਿਆਖਿਆ ਨਹੀਂ ਕੀਤੀ ਜਾ ਸਕਦੀ।

ਪੰਜਾਬ ਦੀਆਂ ਖੱਬੇ-ਪੱਖੀ ਤਾਕਤਾਂ ਨੇ ਇਥੇ ਹੀ ਖ਼ਤਾ ਖਾਧੀ ਹੈ। ਇਸ ਸਿਧਾਂਤਕ ਵਿਗਾੜ ਨੇ ਉਨ੍ਹਾਂ ਨੂੰ ਰਾਜਸੀ ਤੇ ਨੈਤਿਕ ਖ਼ੁਆਰੀ ਦੇ ਰਾਹ ਪਾ ਦਿਤਾ ਹੈ। ਸੱਤਵੇਂ ਕਾਂਡ ਵਿਚ ਆਧੁਨਿਕਤਾ ਦੇ ਪੁਜਾਰੀਆਂ ਦੇ ਬੁਲੰਦਬਾਂਗ ਦਾਅਵਿਆਂ ਨੂੰ ਦਲੀਲ ਤੇ ਸਮਾਜੀ ਯਥਾਰਥ ਦੀ ਕਸਵੱਟੀ ਨਾਲ ਪਰਖਿਆ, ਪੜਚੋਲਿਆ ਤੇ ਨਕਾਰਿਆ ਗਿਆ ਹੈ।

ਇਸ ਨਾਲ ਪੱਛਮੀ ਗਿਆਨ-ਪ੍ਰਬੰਧ ਦੀ ਉਤਮਤਾ ਦਾ ਭਰਮ ਚਕਨਾਚੂਰ ਹੋ ਜਾਂਦਾ ਹੈ। ਤੀਜੇ ਕਾਂਡ ਵਿਚ ਕੀਤੇ ਵਰਣਨ ‘ਚੋਂ ਪਾਠਕ ਭਲੀਭਾਂਤ ਅਨੁਮਾਨ ਲਾ ਸਕਦੇ ਹਨ ਕਿ ਭਾਰਤੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਵਹਿਸ਼ੀ ਹਮਲੇ ਤੋਂ ਬਾਅਦ, ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਰੱਖਿਆ ਕਰਨ ਲਈ ਭਾਰਤੀ ਰਾਜ ਦੇ ਖਿ਼ਲਾਫ਼ ਲਹੂ-ਡੋਲਵਾਂ ਸੰਘਰਸ਼ ਕਰਨ ਵਾਲੇ ਜੁਝਾਰੂ ਵਰਗ ਨੂੰ ਸਿੱਖ ਚੇਤਨਾ ਦੇ ਕਿਹੋ ਜਿਹੇ ਵਿਰੋਧੀ (hostile) ਮਾਹੌਲ ਵਿਚ ਵਿਚਰਨਾ ਪਿਆ ਸੀ। ਇਸ ਤੋਂ ਸਿੱਖ ਜੁਝਾਰੂ ਲਹਿਰ ਦੀ ਸਿਫ਼ਤ ਤੇ ਇਸ ਦੀਆਂ ਅੰਤਰਜਾਤ ਸੀਮਤਾਈਆਂ ਦਾ ਸਹੀ ਅਨੁਮਾਨ ਲਾਇਆ ਜਾ ਸਕਦਾ ਹੈ। – ਅਜਮੇਰ ਸਿੰਘ (10 ਮਈ 2015)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top