Share on Facebook

Main News Page

ਪਵਿਤ੍ਰ-ਅਪਵਿਤ੍ਰ ਕੌਣ ਤੇ ਅਸੀਂ ਕਿਸ ਦੇ ਸਿੱਖ ਹਾਂ ?
-:
ਅਵਤਾਰ ਸਿੰਘ ਮਿਸ਼ਨਰੀ 510 432 5827

ਪਵਿਤ੍ਰ-ਨਿਰਮਲ, ਸ਼ੁੱਧ ਅਤੇ ਅਪਵਿਤ੍ਰ-ਮੈਲਾ ਨਾਪਾਕ ਆਦਿਕ (ਮਹਾਨ ਕੋਸ਼) ਪਵਿਤ੍ਰਤਾ ਅਤੇ ਅਪਵਿਤ੍ਰਤਾ ਵੀ ਦੋ ਪ੍ਰਕਾਰ ਦੀ ਹੈ ਸਰੀਰਕ ਅਤੇ ਮਾਨਸਕ।

ਪਹਿਲਾ ਸਰੀਰਕ ਪਵਿਤ੍ਰਤਾ ਹੈ- ਇਸ਼ਨਾਨ, ਸਾਫ ਕਪੜੇ, ਕਿਰਤ ਕਮਾਈ, ਕਸਰਤ ਅਤੇ ਇੰਦ੍ਰੀਆਂ ਦੀ ਯੋਗ ਵਰਤੋਂ ਕਰਨਾ। ਸਰੀਰਕ ਅਪਵਿਤ੍ਰਤਾ ਹੈ-ਇਸ਼ਨਾਨ ਨਾਂ ਕਰਨਾਂ, ਕਪੜੇ ਸਾਫ ਨਾਂ ਪਹਿਨਣੇ, ਮੈਲਾ ਕੁਚੈਲਾ ਰਹਿਣਾ, ਕਿਰਤ ਤਿਆਗਣੀ, ਸਰੀਰਕ ਇੰਦ੍ਰੀਆਂ ਦੀ ਅਯੋਗ ਵਰਤੋਂ ਕਰਨੀ, ਸੁੱਚ-ਭਿੱਟ, ਛੂਆਛਾਤ, ਊਚ-ਨੀਚ, ਜਾਤ-ਪਾਤ ਅਤੇ ਇਸਤਰੀ-ਮਰਦ ਨੂੰ ਬਰਾਬਰ ਨਾਂ ਸਮਝਣਾ, ਅਖੌਤੀ ਸੰਤ ਜਾਂ ਸਾਧ ਬਣ ਕੇ ਮੱਥੇ ਟਿਕਾਉਣੇ ਤੇ ਸਰੀਰ ਦੀ ਪੂਜਾ ਕਰਾਉਣੀ ਆਦਿਕ।

ਦੂਜਾ ਮਾਨਸਿਕ, ਧਾਰਮਿਕ ਜਾਂ ਅਧਿਆਤਮਕ ਤੌਰ ਤੇ ਪਵਿਤ੍ਰ ਜਾਂ ਅਪਵਿਤ੍ਰ ਹੋਣਾ ਜਿਵੇਂ- ਰੱਬ ਨੂੰ ਹਰ ਵੇਲੇ ਯਾਦ ਰੱਖਣਾ, ਘਰ ਪ੍ਰਵਾਰ ਅਤੇ ਮਨੁੱਖਤਾ ਦੀ ਵਿਤ ਅਨੁਸਾਰ ਸੇਵਾ ਕਰਨੀ, ਪ੍ਰਉਪਕਾਰੀ ਹੋਣਾਂ, ਸੰਸਾਰੀ ਅਤੇ ਨਿਰੰਕਾਰੀ ਵਿਦਿਆ ਪੜ੍ਹਨੀ, ਧਰਮ ਗ੍ਰੰਥ ਵਿਚਾਰ ਨਾਲ ਪੜ੍ਹਨੇ ਤੇ ਉਨ੍ਹਾਂ ਦੀ ਚੰਗੀ ਸਿਖਿਆ ਤੇ ਅਮਲ ਕਰਨਾ, ਵਿਸ਼ੇ ਵਿਕਾਰਾਂ ਤੋਂ ਬਚਣਾ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੇ ਕਾਬੂ ਰੱਖਣਾ, ਦੂਜੇ ਦਾ ਦਿਲ ਨਾਂ ਦੁਖਾਉਣਾ, ਝੂਠੀ ਉਸਤਤਿ ਤੇ ਨਿੰਦਿਆ ਨਾਂ ਕਰਨੀ, ਇੱਕ ਕਰਤੇ ਦੀ ਪੈਦਾ ਕੀਤੀ ਸਮਝ ਕੇ ਸਮੁੱਚੀ ਮਨੁੱਖਤਾ ਨਾਲ ਪਿਆਰ ਕਰਨਾ ਨਾਂ ਕਿ ਜਾਤ-ਪਾਤੀ ਊਚ-ਨੀਚਤਾ ਰੱਖ ਕੇ ਨਫਰਤ ਕਰਨੀ ਅਤੇ ਸਭ ਵਿੱਚ ਰੱਬ ਦਾ ਵਾਸ ਸਮਝਣਾ ਆਦਿਕ ਪਵਿਤ੍ਰ ਅਤੇ ਅਪਵਿਤ੍ਰ ਹੋਣਾ ਹੈ।

ਗੁਰਬਾਣੀ ਦੇ ਫੁਰਮਾਨ ਹਨ- ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਹਿ ਖੁਆਰੁ॥ ਸੂਚੇ ੲਹਿ ਨਾ ਆਖੀਅਹਿ ਬਹਨਿ ਜੇ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨਿ ਮਨ ਵਸਿਆ ਸੋਇ॥ (੪੭੨) ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰ॥ (੨੧੮) ਗ੍ਰਿਹੁ ਧਨੁ ਸਭੁ ਪਵਿਤ੍ਰ ਹੋਇ ਹਰਿ ਕੇ ਗੁਣ ਗਾਵਉ॥ (੩੧੮) ਸੋ ਸੀਸ ਭਲਾ ਪਵਿਤ੍ਰ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁ ਪੈਰੇ ਰਾਮ॥ ੫੪੦) ਤੇ ਹਸਤ ਪੁਨੀਤ ਪਵਿਤ੍ਰ ਹਹਿ  ਮੇਰੀ ਜਿੰਦੁੜੀਏ ਜੋ ਹਿਰ ਜਸੁ ਹਰਿ ਹਰਿ ਲੇਖਹਿ ਰਾਮ॥(੫੪੦) ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ (੭੦੯) ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ॥ (੮੮੩) ਅਪਵਿਤ੍ਰ ਤੇ ਮੈਲਾ- ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (੫੫੮) ਮਨਮੁਖਿ ਮੈਲਾ ਸਬਦੁ ਨ ਪਛਾਣੈ ॥ (੪੧੫) ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ (੬੧) ਤਿਸ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ॥ (੧੬) ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ (੩੯) ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥ (੯੧੯) ਮੈਲੇ ਕਰਮ ਕਰੇ ਦੁਖੁ ਪਾਏ॥ (੧੦੬੨) ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ (੧੧੫੧)

ਸੋ ਉਪ੍ਰੋਕਤ ਅਰਥਾਂ, ਪ੍ਰਮਾਣਾਂ ਅਤੇ ਗੁਰਬਾਣੀ ਉਪਦੇਸ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਪਵਿਤ੍ਰ-ਅਪਵਿਤ੍ਰ, ਮੈਲਾ-ਕੁਚੈਲਾ, ਚੰਗਾ-ਮੰਦਾ, ਬੁਰਾ-ਭਲਾ ਅਤੇ ਖੋਟਾ ਖਰਾ ਕੌਣ ਹੈ? ਪਰ ਅਜੋਕੇ ਬਹੁਤੇ ਪ੍ਰਚਾਰਕ, ਸੰਪ੍ਰਦਾਈ, ਡੇਰੇਦਾਰ, ਟਕਸਾਲੀ ਸੰਤ ਮਹੰਤ ਗੁਰਮਤਿ ਸਮਝੇ ਬਗੈਰ ਭਾਵ ਗੁਰਮਤਿ ਦੀ ਕਸਵੱਟੀ ਤੇ ਪਰਖੈ ਬਗੈਰ ਹੀ ਮਨਘੜਤ ਕਥਾ ਕਹਾਣੀਆਂ ਸੁਣਾ ਸੁਣਾ ਕੇ ਜਿੱਥੇ ਸੰਗਤ ਨੂੰ ਪਜਲ ਕਰਦੇ ਹਨ, ਓਥੇ ਸਿੱਧੇ-ਅਸਿਧੇ  ਤੌਰ ਤੇ ਬ੍ਰਾਹਮਣੀ ਕਰਮਕਾਂਡਾ ਅਤੇ ਅੰਧਵਿਸ਼ਵਾਸ਼ਾ ਦਾ ਪ੍ਰਚਾਰ ਕਰਕੇ ਵੱਖਰੀ ਤੇ ਨਿਆਰੀ ਸਿੱਖ ਕੌਮ ਦਾ ਭਗਵਾ-ਬ੍ਰਾਹਮਣੀ ਕਰਣ ਕਰੀ ਜਾ ਰਹੇ ਹਨ। ਕਦੇ ਕਦੇ ਜਦ ਗੁਰਮਤਿ ਦੀ ਸੋਝੀ ਰੱਖਣ ਵਾਲੀਆਂ ਸਿੱਖ ਸੰਗਤਾਂ ਨਾਲ ਇਨ੍ਹਾਂ ਦਾ ਵਾਹ ਪੈਂਦਾ ਹੈ, ਤਾਂ ਉਨ੍ਹਾਂ ਦੇ ਸਵਾਲਾਂ ਦਾ ਜੁਵਾਬ ਗੁਰਬਾਣੀ ਦੇ ਸਿਧਾਂਤਾਂ ਮੁਤਾਬਿਕ ਦੇਣ ਦੀ ਬਜਾਏ ਸੰਪ੍ਰਦਾਈ, ਅਖੌਤੀ ਸੰਤਾਂ ਮਹਾਂਪੁਰਖਾਂ ਅਤੇ ਗੁਰਮਤਿ ਵਿਰੋਧੀ ਗ੍ਰੰਥਾਂ ਅਤੇ ਰਹਿਤਨਾਮਿਆਂ, ਫਰਜੀ ਕਰਾਮਾਤਾਂ ਦਾ ਹਵਾਲਾ ਦੇ ਕੇ ਗੱਲ ਗੋਲ-ਮੋਲ ਕਰ ਜਾਂਦੇ ਹਨ। ਜਾਂ ਅੱਜ ਕੱਲ ਜਿੱਥੇ ਸਹੀ ਉੱਤਰ ਨਹੀਂ ਦੇ ਸਕਦੇ, ਓਥੇ ਇਹ ਕਹਿ ਕੇ ਪੱਲਾ ਛਡੌਣ ਦੀ ਕਰਦੇ ਹਨ, ਕਿ ਤੁਸੀਂ ਸ਼ਹੀਦ ਬਾਬਾ ਜਰਨੈਲ ਸਿੰਘ ਤੋਂ ਸਿਆਣੇ ਹੋ? ਉਹ ਤਾਂ ਏਹ ਕਰਦੇ ਸਨ, ਔਹ ਕਰਦੇ ਸਨ? ਇਸ ਤਰ੍ਹਾਂ ਉਹ ਬਾਬਾ ਜੀ ਦੇ ਗੁਰਮੱਤੀ ਜੀਵਨ (ਜਦ ਉਨ੍ਹਾਂ ਨੂੰ ਸੋਝੀ ਆ ਚੁੱਕੀ ਤੇ ਉਹ ਇੱਕ ਟਕਸਾਲੀ ਜਾਂ ਸੰਪ੍ਰਦਾਇਤਾ ਨੂੰ ਛੱਡ ਪੰਥਕ ਹੋ ਚੁੱਕੇ ਸਨ) ਦਾ ਵੀ ਨਿਰਾਦਰ ਕਰਦੇ ਹਨ। ਜਿਵੇਂ ਪਹਿਲਾਂ ਉਨ੍ਹਾਂ ਦੀ ਸ਼ਹੀਦੀ ਬਾਰੇ ੨੦ ਸਾਲ ਝੂਠ ਬੋਲਦੇ ਰਹੇ ਤੇ ਹੁਣ ਉਨ੍ਹਾਂ ਨਾਲ ਅਵਹੋਣੀਆਂ ਕਰਮਕਾਂਡੀ ਕਹਾਣੀਆਂ ਜੋੜੀ ਜਾਂਦੇ ਹਨ।

ਇਨ੍ਹਾਂ ਚੋਂ ਹੀ ਇੱਕ ਸੰਤ ਸਮਾਜ ਦਾ ਸਿਰਕੱਢ “ਬਾਬਾ ਹਰੀ ਸਿੰਘ ਰੰਧਾਵਾ” ਹੈ ਜੋ ਠਾਕਰ ਸਿੰਘ ਪਟਿਆਲੇ ਗਪੌੜੀ ਕਥਾਕਾਰ ਵਾਂਗ ਕਥਾ ਕਰਦਾ ਵੱਡੀਆਂ ਵੱਡੀਆਂ ਗਪੌੜਾਂ ਛੱਡਦਾ ਅਤੇ ਕਈ ਵਾਰ ਸ਼ਬਦ ਦੇ ਸਮੁੱਚੇ ਭਾਵ ਅਰਥ ਤੋਂ ਬਾਹਰ ਜਾ ਕੇ ਕੇਵਲ ਕਿਸੇ ਇੱਕ ਪੰਗਤੀ ਦੇ ਅੱਖਰੀ ਅਰਥ ਕਰਦਾ ਬ੍ਰਾਹਮਣਵਾਦ ਹੀ ਪ੍ਰਚਾਰੀ ਜਾਂਦਾ ਹੈ, ਜਿਸ ਦੀ ਭਾਜਪਾ ਤੇ ਬਾਦਲ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਵੀ ਹੈ।

ਜਿੱਥੇ ਇਸ ਨੇ ਗੁਰਮਤਿ ਬਾਰੇ ਹੋਰ ਕਈ ਗਪੌੜਾਂ ਛੱਡੀਆਂ ਹੋਈਆਂ ਹਨ, ਓਥੇ ਇਸ ਨੇ ਬੀਬੀਆਂ ਦੀਆਂ ਸਰੀਰਕ ਕਿਰਿਆਵਾਂ ਬਾਰੇ ਅਤਿ ਨਿੰਦਣ ਤੇ ਫਿਟਕਾਰਣਯੋਗ ਕਹਾਣੀ ਤੇ ਦੰਦ ਕਥਾ ਵੀ ਸੁਣਾਈ ਹੈ, ਕਿ ਜਦ ਔਰਤ ਨੂੰ ਮਹਾਂਵਾਰੀ ਆਉਂਦੀ ਹੈ ਤਾਂ ਉਹ ਅਪਵਿਤਰ ਹੋ ਜਾਂਦੀ ਹੈ, ਇਸ ਲਈ ਉਸ ਨੂੰ ਨਾਹ-ਧੋ ਕੇ ਪਵਿਤਰ ਹੋਏ ਬਿਨਾਂ ਗੁਰਦੁਆਰੇ ਨਹੀਂ ਅਉਣਾ ਚਾਹੀਦਾ ਜਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਨਹੀਂ ਪੜ੍ਹ ਸਕਦੀ ਆਦਿਕਜਦ ਕਨੇਡਾ ਦੀਆਂ ਸਿੱਖ ਬੀਬੀਆਂ ਅਤੇ ਬੰਦਿਆਂ ਨੇ ਇਸ ਨੂੰ ਘਰਾਂ ਵਿੱਚ ਰੇਡੀਓ ਜਾਂ ਗੁਰਦੁਆਰੇ ਸੁਣਿਆਂ ਤਾਂ ਉਨਾਂ ਨੇ ਇਸ ਆਪੂੰ ਬਣੇ ਸੰਤ ਮਹਾਂਪੁਰਖ ਨੂੰ ਸੰਗਤ ਵਿੱਚ ਪੁੱਛਿਆ ਤਾਂ ਇਹ ਰੌਲੇ ਗੌਲੇ ਵਿੱਚ ਗੱਲ ਗੋਲ ਮੋਲ ਕਰ ਗਿਆ। ਫਿਰ ਗੁਰਦੁਆਰਾ ਕਮੇਟੀ ਜਿੱਥੇ ਇਹ ਕਥਾ ਕਰਦਾ ਸੀ ਦੇ ਪ੍ਰਬੰਧਕਾਂ, ਬਾਬਾ ਰਹੀ ਸਿੰਘ ਤੇ ਉਸ ਦੇ ਸਮੱਰਥਕਾਂ, ਆਮ ਸੰਗਤਾਂ ਅਤੇ ਕੁਝ ਮਿਸ਼ਨਰੀ ਵਿਦਵਾਨਾਂ ਨੇ ਗੁਰਦੁਆਰੇ ਬੈਠ ਕੇ ਇਸ ਬਾਰੇ ਤੇ ਹੋਰ ਸ਼ੰਕਿਆਂ ਬਾਰੇ ਗੋਸ਼ਟੀ ਕੀਤੀ, ਓਥੇ ਇਹ ਗੱਲ ਵਲਾ ਗਿਆ ਕਿ ਮੈ ਔਰਤਾਂ ਨੂੰ  ਨਹੀਂ ਸਗੋਂ ਕਿਰਿਆਵਾਂ ਨੂੰ ਅਪਵਿਤ੍ਰ ਕਿਹਾ ਸੀ। ਇਸਦੇ ਮੁਤਾਬਿਕ ਸਰੀਰਕ ਇੰਦ੍ਰੇ ਅਤੇ ਉਨ੍ਹਾਂ ਦੀਆਂ ਕਿਰਿਆਵਾਂ ਅਪਵਿਤ੍ਰ ਹੁੰਦੀਆਂ ਹਨ। ਸਵਾਲ ਜਵਾਬ ਦੇ ਸਿਲਸਿਲੇ ਵਿੱਚ ਜਦ ਇਹ ਗੁਰਮਤਿ ਅਨੁਸਾਰ ਸਹੀ ਉੱਤਰ ਨਾਂ ਦੇ ਸੱਕਿਆ ਤਾਂ ਕੁਝ ਇਸ ਨੇ ਗੋਲ ਮੋਲ ਕੀਤਾ ਅਤੇ ਬਾਕੀ ਕਹਿ ਦਿੱਤਾ ਕਿ ਇਸ ਬਾਰੇ ਸਿੰਘ ਸਹਿਬਾਨ ਦਾ ਫੈਸਲਾ ਮੰਨਾਗੇ। ਜਦ ਗਿ. ਜਸਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਵਾਸਤੇ ਸਰਬਉੱਚ ਗੁਰੂ ਗ੍ਰੰਥ ਸਾਹਿਬ ਹੈ ਜਾਂ ਬਾਦਲ ਧੜੇ ਦੇ ਪੰਜ ਜਥੇਦਾਰ ਜੋ ਗਲਤ ਫੈਸਲੇ ਲੈ ਰਹੇ ਹਨ ਤਾਂ ਬਾਬਾ ਤਸੱਲੀ ਬਖਸ਼ ਉੱਤਰ ਨਹੀਂ ਦੇ ਸੱਕਿਆ ਉਂਝ ਇਸ ਨੇ ਸਭਾ ਵਿੱਚ ਸਵੀਕਾਰ ਕੀਤਾ ਹੈ ਕਿ ਆਰ, ਐਸ. ਅਸ. ਸਿੱਖੀ ਵਿਰੋਧੀ ਜਮਾਤ ਹੈ।

ਜਰਾ ਗੁਰਮਤਿ ਦੇ ਸਿਧਾਂਤਾਂ ਅਤੇ ਕੁਦਰਤੀ ਨਿਯਮਾਂ ਦੀ ਰੋਸ਼ਨੀ ਵਿੱਚ ਦੇਖੋ ਕਿ ਸਾਰੀ ਕਾਇਨਾਤ ਦਾ ਕਰਤਾ ਇੱਕ ਕਰਤਾਰ ਹੈ ਉਸ ਨੇ ਹੀ ਸਾਰੇ ਪੌਣ, ਪਾਣੀ, ਧਰਤੀ, ਅਕਾਸ਼, ਕੁਦਰਤਿ, ਜੀਵ ਜੰਤ ਅਤੇ ਮਨੁੱਖ ਪੈਦਾ ਕੀਤੇ ਹਨ। ਉਹ ਹੀ ਸਾਡਾ ਸਭ ਦਾ ਮਾਤ ਪਿਤਾ ਹੈ- ਏਕ ਪਿਤਾ ਏਕਸ ਕੇ ਹਮ ਬਾਰਿਕ॥ (ਗੁਰੂ ਗ੍ਰੰਥ) ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭਿ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ॥ ਲੋਗਾ ਭਰਮ ਨ ਭੂਲਹੁ ਭਾਈ..॥ (ਗੁਰੂ ਗ੍ਰੰਥ) ਹੁਣ ਜਰਾ ਉਪ੍ਰੋਕਤ ਗੁਰਮਤਿ ਸਿਧਾਂਤਾਂ ਅਤੇ ਕੁਦਰਤੀ ਵਰਤਾਰਿਆਂ ਵੱਲ ਤੱਕ ਕੇ ਵੇਖੋ ਕਿ ਔਰਤਾਂ ਤੇ ਆਦਮੀਆਂ ਦੇ ਸਰੀਰ ਵੀ ਉਸ ਕਰਤੇ ਨੇ ਪੈਦਾ ਕੀਤੇ ਤੇ ਉਨ੍ਹਾਂ ਦੀਆਂ ਸਰੀਰਕ ਕਿਰਿਆਵਾਂ ਵੀ ਬਣਾ ਦਿੱਤੀਆਂ। ਜਿਉਂ ਜਿਉਂ ਹਿਉਮਨ ਵਿਕਸਤ ਹੋਇਆ, ਇਸ ਨੂੰ ਚੰਗੇ ਮੰਦੇ ਦੀ ਸੋਝੀ ਆਈ ਤੇ ਇਸ ਨੇ ਵਿਕਾਸ ਕੀਤਾ ਤਾਂ ਔਰਤ ਤੇ ਮਰਦਾਂ ਦੇ ਸਮਾਜਿਕ ਰਿਸ਼ਤੇ ਪੈਦਾ ਕੀਤੇ। ਅਰਤ ਮਾਂ ਅਤੇ ਆਦਮੀ ਪਿਤਾ ਮੰਨਿਆ ਗਿਆ। ਉਹ ਪਤੀ ਪਤਨੀ ਬਣੇ। ਮਾਂ ਪੁੱਤ ਧੀ ਬਣੇ, ਭੈਣ ਭਰਾ ਬਣੇ ਅੱਗੇ ਤੋਂ ਅੱਗੇ ਤਾਏ ਚਾਚੇ, ਮਾਮੇ ਮਾਮੀਆਂ, ਭਰਾ ਭਰਜਾਈਆਂ ਕਈ ਕਈ ਰਿਸ਼ਤੇ ਕਾਇਮ ਹੋ ਗਏ।

ਔਰਤ ਤੇ ਮਰਦ ਦੇ ਸਰੀਰਾਂ ਦੀ ਬਣਤਰ ਹੀ ਵੱਖਰੀ ਹੈ, ਪਰ ਦੋਨੋ ਹੀ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਨ ਅਤੇ ਦੋਨਾਂ ਵਿੱਚ ਰੱਬੀ ਜੋਤ ਇੱਕ ਹੀ ਹੈ। ਇੱਕ ਆਧ ਕਿਰਿਆ ਨੂੰ ਛੱਡ ਕੇ ਬਾਕੀ ਕਿਰਿਆਵਾਂ ਵੀ ਬਾਰਬਰ ਹਨ। ਦੋਨਾਂ ਵਿੱਚ ਖੂਨ ਹੈ ਜੋ ਸਰੀਰ ਨੂੰ ਜਿੰਦਾ ਤੇ ਗਰਮ ਰੱਖਦਾ ਹੈ। ਉਨ੍ਹਾਂ ਕਿਰਿਅਵਾਂ ਚੋਂ ਹੀ ਇੱਕ ਮਹਾਂਵਾਰੀ ਹੈ ਜਿਸ ਕਿਰਿਆ ਕਰਕੇ ਔਰਤ ਤੇ ਮਰਦ ਦੇ ਸਮੇਲ ਨਾਲ ਅੱਗੇ ਬੱਚੇ ਪੈਦਾ ਹੁੰਦੇ ਹਨ, ਜਿਨ੍ਹਾਂ ਤੋਂ ਅੱਗੇ ਸੰਸਾਰ ਚਲਦਾ ਹੈ। ਸਰੀਰਕ ਕਿਰਿਆਵਾਂ ਸਰੀਰ ਦੇ ਭਲੇ ਲਈ ਹਨ ਜੇ ਰੁਕ ਜਾਣ ਤਾਂ ਸਰੀਰ ਬੀਮਾਰ ਹੋ ਜਾਂਦਾ ਹੈ ਜਾਂ ਖਤਮ ਵੀ ਹੋ ਜਾਂਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬੀ ਗਿਆਨ ਅਤੇ ਸੁਚੱਜੇ ਸੰਸਾਰੀ ਜੀਵਨ ਜੀਅਨ ਲਈ ਪੜ੍ਹਦੇ ਹਾਂ। ਰੱਬ ਸਰਬ ਨਿਵਾਸੀ ਹੈ ਤੇ ਉਸ ਦੀ ਰੱਬੀ ਜੋਤ ਸਤਾ ਪਾਵਰ ਸਭ ਵਿੱਚ ਹੈ- ਸਭ ਮਹਿ ਜੋਤਿ ਜੋਤਿ ਹੈ ਸੋਇ॥ (ਗੁਰੂ ਗ੍ਰੰਥ) ਫਿਰ ਅਸੀਂ ਸਰੀਰਕ ਕਿਰਿਆਵਾਂ ਕਰਕੇ ਪੁਲੀਤ ਜਾਂ ਅਪਵਿਤ੍ਰ ਕਿਵੇਂ ਹੋ ਗਏ ਜੋ ਕੁਦਰਤੀ ਹਨ? ਜਿਵੇਂ ਮੱਛੀ ਦਾ ਜੀਵਨ ਅਧਾਰ ਹੀ ਪਾਣੀ ਹੈ ਉਸ ਤੋਂ ਬਿਨਾ ਮੌਤ ਹੈ ਭਾਵੇਂ ਉਹ ਜਿੰਨੈ ਮਰਜੀ ਬਾਹਰੀ ਉਪਰਾਲੇ ਕਰ ਲਵੇ ਇਵੇਂ ਹੀ ਅਸੀਂ ਜੀਵਾਂ ਰੂਪ ਮੱਛੀਆਂ ਹਾਂ ਤੇ ਸਾਡਾ ਜੀਵਨ ਆਧਾਰ ਰੱਬ ਰੂਪ ਪਾਣੀ ਹੈ।

ਅਸੀਂ ਹਰ ਵੇਲੇ ਉਸ ਰੱਬੀ ਸਮੁੰਦਰ ਵਿੱਚ ਵਿਚਰਦੇ ਹਾਂ ਓਥੇ ਹੀ ਸਾਰੀਆਂ ਕਿਰਿਆਵਾਂ ਕਰਦੇ ਹਾਂ ਫਿਰ ਉਸ ਨੇ ਤਾਂ ਕਦੀ ਨਹੀਂ ਆਖਿਆ ਕਿ ਤੁਸੀਂ ਅਪਵਿਤ੍ਰ ਹੋ ਮੇਰੇ ਚੋਂ ਬਾਹਰ ਨਿਕਲ ਜਾਓ। ਪੀਰ, ਪੈਬੰਬਰ, ਅਵਤਾਰ, ਅਖੌਤੀ ਦੇਵੀ ਦੇਵਤੇ, ਅਜੋਕੇ ਆਪੂੰ ਬਣੇ ਸਾਧ ਸੰਤ ਮਹੰਤ, ਬ੍ਰਹਮ ਗਿਆਨੀ ਅਤੇ ਵੱਡੇ ਵੱਡੇ ਕਥਾਕਾਰ ਤੇ ਕਲਾਕਾਰ ਉਸ ਪ੍ਰਮਾਤਮਾਂ ਤੋਂ ਬਾਹਰ ਅਤੇ ਉਸ ਤੋਂ ਜਿਆਦਾ ਸਿਆਣੇ ਤੇ ਤਾਕਤਵਰ ਹਨ ਜੋ ਵਹਿਮ ਭਰਮ, ਊਚ-ਨੀਚ, ਸੁੱਚ-ਭਿੱਟ, ਛੂਆਛਾਤ, ਅਖੌਤੀ ਕਰਮਕਾਂਡ ਅਤੇ ਅੰਧਧਵਿਸ਼ਵਾਸ਼ ਕੇ ਮਨੁੱਖਤਾ ਵਿੱਚ ਬੇ ਫਜੂਲ ਵੰਡੀਆਂ ਪਾ ਰਹੇ ਹਨ। ਜਰਾ ਸੋਚੋ! ਜੇ ਰੱਬ ਇੱਕ ਹੈ ਤਾਂ ਉਸ ਦਾ ਧਰਮ (ਰੱਬੀ ਨਿਯਮ) ਵੀ ਸਭ ਲਈ ਇੱਕ ਹੈ ਪਰ ਅਖੌਤੀ ਜਾਂ ਅਗਿਆਨੀ ਧਰਮ ਆਗੂਆਂ ਨੇ ਆਰਥਕ ਤੌਰ ਤੇ ਪਛੜਿਆਂ, ਅਨਪੜਾਂ ਅਤੇ ਔਰਤਾਂ ਨੂੰ ਸ਼ੂਦਰ ਗਰਦਾਨ ਦਿੱਤਾ। ਬ੍ਰਾਹਮਣ, ਮੁੱਲਾਂ-ਮੁਲਾਣੇ, ਪਾਦਰੀ, ਅਖੌਤੀ ਸੰਤ-ਸਾਧ ਅਤੇ ਪੇਟੂ ਕਥਾਕਾਰ ਇਸ ਦੇ ਵੱਡੇ ਦੋਸ਼ੀ ਹਨ। ਬਾਬਾ ਗੁਰੂ ਨਾਨਕ ਸ਼ਾਇਦ ਪਹਿਲਾ ਸ਼ੇਰ ਮਰਦ ਉਠਿਆ ਜਿਸ ਨੇ ਢੰਕੇ ਦੀ ਚੋਟ ਨਾਲ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ- ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥ (ਆਸਾ ਕੀ ਵਾਰ)  ਅਤੇ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨਿ ਕੈ ਸੰਗਿ ਸਾਥਿ ਵਡਿਆ ਕਿਉ ਕਿਆ ਰੀਸ॥ ਜਿੱਥੈ ਨੀਚ ਸਮਾਲੀਅਨਿ ਤਿੱਥੈ ਨਦਰਿ ਤੇਰੀ ਬਖਸ਼ੀਸ਼॥(੧੫)

ਉਪ੍ਰੋਕਤ ਬਾਣੀ ਪੜ੍ਹਨ, ਵਿਚਾਰ ਤੇ ਧਾਰਨ ਵਾਲੇ ਕਿਵੇਂ ਸੁੱਚ-ਭਿੱਟ, ਪਵਿਤ੍ਰ-ਅਪਵਿਤ੍ਰ, ਉਚ-ਨੀਚ, ਜਾਤਿ-ਪਾਤਿ ਅਤੇ ਔਰਤ ਮਰਦ ਦੇ ਨਾਂ ਤੇ ਮਨੁੱਖਤਾ ਵਿੱਚ ਵੰਡੀਆਂ ਪਾ ਸਕਦੇ ਹਨ? ਦੁਨੀਆਂ ਭਰ ਦੇ ਭੈਣ ਭਰਾਵੋ ਬੱਚੋ ਇਨ੍ਹਾਂ ਮੌਡਰਨ ਠੱਗਾਂ ਤੋਂ ਜੋ ਮਾਂ ਨੂੰ ਨੀਵਾਂ, ਅਪਵਿਤ੍ਰ ਅਤੇ ਕੁਦਰਤੀ ਕਿਰਿਆ ਕਰਕੇ ਗਲੀਚ ਮੰਨਦੇ ਹਨ। ਅੱਜ ਗੁਰੂ ਨਾਨਕ ਸਾਹਿਬ ਦਸਾਂ ਗੁਰੂਆਂ, ਰੱਬੀ ਭਗਤਾਂ ਅਤੇ ਗੁਰਮੁਖ ਗੁਰਸਿੱਖਾਂ ਦੀ ਰੱਬੀ ਬਾਣੀ ਦੇ ਅਟੱਲ ਸਿਧਾਤਾਂ ਨੂੰ ਛੱਡ ਕੇ ਸਿੱਖ ਵੀ ਆਪੂੰ ਬਣੀਆਂ, ਬਣਾ ਲਈਆਂ ਜਾਂ ਦਿੱਤੀਆਂ ਗਈਆਂ ਟਕਸਾਲਾਂ ਜਾਂ ਸੰਪ੍ਰਦਾਵਾਂ ਦੇ ਅਖੌਤੀ ਮੁਖੀਆਂ ਜਾਂ ਉਨ੍ਹਾਂ ਦੀਆਂ ਆਪੋ ਆਪਣੀਆਂ ਮਰਯਾਦਾਵਾਂ ਦੇ ਮੱਗਰ ਲੱਗ ਕੇ ਸਰਬ ਸਾਂਝੇ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਧਿਆਨ ਨਾਲ ਪੜ੍ਹ, ਵਿਚਾਰ ਕੇ ਮੰਨਣ, ਉਸ ਤੇ ਅਮਲ ਕਰਨ ਦੀ ਥਾਂ ਉਪ੍ਰੋਕਤ ਵਰਨਣ ਕੀਤੀਆਂ ਸੰਪ੍ਰਦਾਵਾਂ ਦੀਆਂ ਗੁਰਮਤਿ ਵਿਰੋਧੀ ਪੁਸਤਕਾਂ ਗ੍ਰੰਥਾ ਅਤੇ ਮਰਯਾਦਾਵਾਂ ਦੇ ਮੱਗਰ ਅੰਨੇਵਾਹ, ਦੇਖਾ ਦੇਖੀ, ਕਿਸੇ ਲਾਲਚ ਜਾਂ ਧੱਕਾ ਧੌਂਸ ਡਰਾਵੇ ਕਰਕੇ ਲੱਗੇ ਹੋਏ ਹਨ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਵੀ ਘਰ ਰੱਖਣ ਨਹੀਂ ਦਿੰਦੇ ਕਿ ਕਿਤੇ ਗੁਰਬਾਣੀ ਦਾ ਸੱਚ ਸਮਝ ਕੇ ਸੰਗਤਾਂ ਸਾਡੇ ਧਰਮਭੇਖ ਚੁੰਗਲ ਤੋਂ ਬਾਹਰ ਨਾਂ ਨਿਕਲ ਜਾਣ। ਜਿਨੇ ਵੀ ਸਾਧ ਸੰਤ ਜਾਂ ਬਾਮਣ ਔਰਤਾਂ ਨੂੰ ਨਿੰਦਦੇ, ਗਲੀਚ ਕਹਿੰਦੇ, ਨੀਵਾਂ ਦਿਖਾਉਂਦੇ ਹੋਏ ਮਰਦ ਬਰਾਬਰ ਅਧਿਕਾਰ ਨਹੀਂ ਦਿੰਦੇ ਕੀ ਉਹ ਸਭ ਵਾ ਆਂਡੇ ਤੋਂ ਪੈਦਾ ਹੋਏ ਜਾਂ ਸਿੱਧੇ ਉੱਤੋਂ ਡਿੱਗੇ ਹਨ? ਜਿਸ ਮਾਂ ਨੇ ਪੈਦਾ ਕੀਤਾ ਜਨਮ ਦਿੱਤਾ ਇਹ ਦੁਨੀਆਂ ਵਿਖਾਈ ਉਹ ਪਲੀਤ, ਉਸ ਦੀਆਂ ਕਿਰਿਆਵਾਂ ਪੁਲੀਤ ਤੇ ਇਹ ਉਸ ਮਾਂ ਦਾ ਦੁੱਧ ਪੀ, ਲੋਰੀਆਂ ਲੈ ਅਤੇ ਚੰਗੀ ਖੁਰਾਕ ਖਾ ਖਾ ਕੇ ਕਿਵੇਂ ਉਸ ਨਾਲੋਂ ਪਵਿਤ੍ਰ ਹੋ ਗਏ?

ਸ਼ਰਮ ਆਉਣੀ ਚਾਹੀਦੀ ਹੈ ਸਿੱਖ ਕੌਮ ਦੇ ਧੱਕੜ ਤੇ ਧਰਮ ਆਗੂਆਂ ਨੂੰ ਜੋ ਅੱਜ ੨੧ਵੀਂ ਸਦੀ ਵਿੱਚ ਵੀ ਔਰਤ ਮਾਂ ਨੂੰ, ਭੈਣ ਨੂੰ, ਪਤਨੀ ਨੂੰ, ਧੀ ਨੂੰ ਧਰਮ-ਕਰਮ ਵਿੱਚ (ਖਾਸ ਕਰਕੇ ਪੰਜਾਂ ਪਿਆਰਿਆਂ ਦੀ ਸੇਵਾ, ਮੁੱਖ ਗ੍ਰੰਥੀ, ਤਖਤ ਦੇ ਜਥੇਦਾਰ ਦੀ ਸੇਵਾ) ਅਤੇ ਹੋਰ ਅਦਾਰਿਆਂ ਜਾਂ ਕਮੇਟੀਆਂ ਵਿੱਚ ਬਰਾਬਰ ਸੇਵਾ ਨਹੀਂ ਦਿੰਦੇ ਸਗੋਂ ਸੰਪ੍ਰਦਾਈਆਂ ਦੇ ਮੱਗਰ ਲੱਗ ਕੇ ਕਿ ਅਖੇ ਜਦ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਓਦੋਂ ਔਰਤਾਂ ਨਹੀਂ ਉੱਠੀਆਂ। ਇਹ ਸਭ ਦੰਦ ਕਹਾਣੀਆਂ ਗੁਰਮਤਿ ਵਿਰੋਧੀਆਂ ਦੀਆਂ ਕਹੀਆਂ ਜਾਂ ਬਾਅਦ ਵਿੱਚ ਲਿਖੀਆਂ ਹੋਈਆਂ ਹਨ। ਇਹ ਵਿਤਕਰਾ ਔਰਤ ਨੂੰ ਮਾਂ ਕਹਿ ਕੇ ਸਤਿਕਾਰਨ ਵਾਲੇ ਭਗਤ ਜਾਂ ਸਿੱਖ ਗੁਰੂ ਸਾਹਿਬਾਨ ਕਦੇ ਵੀ ਨਹੀਂ ਸੀ ਕਰ ਸਕਦੇ ਜਿਨ੍ਹਾਂ ਦੇ ਸਦੀਵੀ ਅਤੇ ਪਵਿਤ੍ਰ ਵਿਚਾਰ ਜੁੱਗੋ ਜੁੱਗ ਅਟੱਲ “ਗੁਰੂ ਗ੍ਰੰਥ ਸਾਹਿਬ“ ਵਿੱਚ ਲਿਖੇ ਹੋਏ ਅੱਜ ਵੀ ਮਜੂਦ ਹਨ। ਇਹ ਸਿੱਖਾਂ ਨੇ ਖੁਦ ਫੈਸਲਾ ਕਰਨਾਂ ਹੈ ਕਿ ਉਨ੍ਹਾਂ ਨੇ “ਗੁਰੂ ਗ੍ਰੰਥ ਸਾਹਿਬ” ਜਿਸ ਅੱਗੇ ਹਰ ਵੇਲੇ ਅਰਦਾਸ ਕਰਦੇ ਹਨ ਕਿ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਦੀ ਮੰਨਣੀ ਹੈ ਜਾਂ ਉਸ ਨੂੰ ਸਿਰਫ ਦਿਖਾਵੇ ਦੇ ਮੱਥੇ ਟੇਕਣੇ, ਵੱਖ ਵੱਖ ਵਿਧੀਆਂ ਦੇ ਪਾਠਾਂ ਦੇ ਨਾਂ ਤੇ ਵੱਡੀਆਂ ਭੇਟਾ ਲੈਣੀਆਂ, ਚੜ੍ਹਾਵੇ ਇਕੱਠੇ ਕਰਨੇ ਅਤੇ ਬਾਹਰੀ ਤੌਰ ਤੇ ਕੀਮਤੀ-ਕੀਮਤੀ ਰੁਮਾਲੇ ਹੀ ਅੰਨੇਵਾਹ ਚੜ੍ਹਾਈ ਜਾਣੇ ਹਨ ਭਾਂਵੇ ਰੁਮਾਲਿਆਂ ਨੂੰ ਸੰਭਾਲਣ ਤੇ ਰੱਖਣ ਵਾਸਤੇ ਗੁਰਦੁਆਰੇ ਜਗਾ ਵੀ ਨਾਂ ਬਚੇ।

ਸਿੱਖ ਦਾ ਭਾਵ "ਸਿੱਖਣ ਵਾਲਾ ਹੈ" ਨਾਂ ਕਿ "ਲਾਈ ਲੱਗ", ਜੋ ਹੁਣ ਇਹ ਬਹੁਤਾਤ ਵਿੱਚ ਸੰਪ੍ਰਾਈ ਡੇਰੇਦਾਰਾ ਸਾਧਾਂ ਦਾ ਬਣਿਆ ਹੋਇਆ ਹੈ ਜੋ ਪਵਿੱਤ੍ਰ-ਅਪਵਿਤ੍ਰ, ਊਚ-ਨੀਚ, ਜਾਤ-ਪਾਤ, ਸੁੱਚ-ਭਿੱਟ ਅਤੇ ਔਰਤ-ਮਰਦ ਦੇ ਨਾਂ ਬਰਬਰੀ ਦੇ ਬਖੇੜੇ ਪੈਦਾ ਕਰਕੇ ਆਪਣਾ ਤੋਰੀ ਫੁਲਕਾ ਚਲਾਈ ਜਾ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top