Share on Facebook

Main News Page

14 ਤੋਂ 20 ਸਾਲ ਕੈਦ ਕੱਟ ਚੁੱਕੇ ਬੰਦੀਆਂ ਨੂੰ ਪੱਕੀ ਪੈਰੋਲ ਦੇ ਦੇਣੀ ਚਾਹੀਦੀ ਹੈ
-: ਜਸਪਾਲ ਸਿੰਘ ਮੰਝਪੁਰ

ਅੰਮ੍ਰਿਤਸਰ (16 ਜੂਨ 2015) ਨਰਿੰਦਰ ਪਾਲ ਸਿੰਘ: ਅਦਾਲਤੀ ਸਜਾਵਾਂ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਵਕੀਲ ਸ੍ਰ: ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਕਿ 14 ਤੋਂ ਲੈਕੇ 20 ਸਾਲ ਵੀ ਅਦਾਲਤੀ ਸਜਾ ਕੱਟ ਚੁਕੇ ਬੰਦੀਆਂ ਦੀ ਰਿਹਾਈ ਦੇ ਰਾਹ ‘ਚ ਅਗਰ ਸੁਪਰੀਮ ਕੋਰਟ ਦਾ ਕੋਈ ਆਦੇਸ਼ ਅੜਚਣ ਹੈ ਤਾਂ ਘੱਟੋ ਘੱਟ ਅਜੇਹੇ ਬੰਦੀਆਂ ਨੂੰ ਪੱਕੀ ਪੈਰੋਲ ਦੇ ਦਿੱਤੀ ਜਾਣੀ ਚਾਹੀਦੀ ਹੈ। ਸ੍ਰ: ਮੰਝਪੁਰ ਅੱਜ ਇਥੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਮਾਨਸਿਕ ਰੋਗ ਇਲਾਜ ਕੇਂਦਰ ਵਿੱਚ ਜ਼ੇਰੇ ਇਲਾਜ ਪ੍ਰੋ:ਦਵਿੰਦਰ ਪਾਲ ਸਿੰਘ ਭੁੱਲਰ ਨਾਲ ਮੁਲਾਕਾਤ ਕਰਨ ਆਏ ਸਨ। ਸ੍ਰ: ਮੰਝਪੁਰ ਨੇ ਕਿਹਾ ਕਿ ਪ੍ਰੋ: ਭੁੱਲਰ ਆਪਣੀ 20 ਸਾਲ ਦੀ ਸਜਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ 20 ਸਾਲ ਤੋਂ ਇਕ ਘੰਟਾ ਵੀ ਵੱਧ ਜੇਲ੍ਹ ਵਿੱਚ ਕੈਦ ਰੱਖਣਾ ਭਾਰਤੀ ਦੰਡਾਵਲੀ ਦੀ ਉਲੰਘਣਾ ਹੈ ਲੇਕਿਨ ਇਹ ਮੇਰੀ (ਮੰਝਪੁਰ) ਦੀ ਸਮਝ ਤੋਂ ਬਾਹਰ ਹੈ, ਕਿ ਆਖਿਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਭਾਰਤੀ ਦੰਡਾਵਲੀ ਦੀ ਉਸ ਧਾਰਾ ਦੀ ਉਲੰਘਣਾ ਕਿਉਂ ਕਰ ਰਹੇ ਹਨ, ਜਿਸ ਅਨੁਸਾਰ ਕਿਸੇ ਸ਼ਖਸ਼ ਦੀ ਉਮਰ ਕੈਦ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 57 ਅਨੁਸਾਰ ਕਿਸੇ ਸ਼ਖਸ਼ ਦੀ ਉਮਰ 20 ਸਾਲ ਤੈਅ ਕੀਤੀ ਗਈ ਹੈ।

ਸ੍ਰ. ਮੰਝਪੁਰ ਨੇ ਕਿਹਾ ਕਿ ਜਿਸ ਵੀ ਦੋਸ਼ੀ ਨੂੰ ਕੋਈ ਅਦਾਲਤ 10 ਸਾਲ ਦੀ ਸਜਾ ਸੁਣਾਉਂਦੀ ਹੈ ਉਸਨੂੰ 10 ਸਾਲ ਤੋਂ ਇੱਕ ਘੰਟਾ ਵੱਧ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ 14 ਸਾਲ ਦੀ ਸਜਾ ਵਾਲੇ ਨੂੰ 14 ਸਾਲ ਤੋਂ ਵੱਧ ਨਹੀਂ ਫਿਰ ਪ੍ਰੋ: ਭੁੱਲਰ ਨੂੰ ਹੀ 20 ਸਾਲ ਤੋਂ ਵੱਧ ਸਮੇਂ ਲਈ ਕਿਉਂ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਹੈ।ਇੱਕ ਸਵਾਲ ਦੇ ਜਵਾਬ ਵਿੱਚ ਸ੍ਰ. ਮੰਝਪੁਰ ਨੇ ਦੱਸਿਆ ਕਿ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਪੈਰੋਲ 'ਤੇ ਰਿਹਾਈ ਪੰਜਾਬ ਜੇਲ੍ਹ ਮੈਨੂਅਲ ਅਨੁਸਾਰ ਹੋਣੀ ਹੈ, ਇਸਦਾ ਫੈਸਲਾ ਪ੍ਰਸ਼ਾਸ਼ਨ ਨੇ ਕਰਨਾ ਹੈ ਇਸ ਨਾਲ ਅਦਾਲਤ ਦਾ ਕੋਈ ਲੈਣ ਦੇਣ ਨਹੀਂ ਹੈ।

ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਸ੍ਰ. ਰਣਜੀਤ ਸਿੰਘ ਕੁੱਕੀ ਵੀ ਪ੍ਰੋ: ਭੁੱਲਰ ਨਾਲ ਮੁਲਾਕਾਤ ਕਰਨ ਪੁਜੇ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਰੋਡੇ ਨੇ ਕਿਹਾ ਹੈ ਕਿ ਪ੍ਰੋ: ਭੁੱਲਰ ਦੀ ਜੇਲ੍ਹ ਤਬਦੀਲੀ ਲਈ ਅਕਾਲੀ ਦਲ ਨੇ ਬਹੁਤ ਮਿਹਨਤ ਕੀਤੀ ਹੈ, ਪੰਜਾਬ ਵਿੱਚ ਸਰਕਾਰਾਂ ਤਾਂ ਕਈ ਰਾਜਸੀ ਪਾਰਟੀਆਂ ਦੀਆਂ ਆਈਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਪ੍ਰੋ: ਭੁੱਲਰ ਦੀ ਐਨੀ ਲੰਮੀ ਜੇਲ੍ਹ ਕਾਰਣ, ਪ੍ਰ੍ਰੋ: ਅਤੇ ਉਸਦੇ ਪ੍ਰੀਵਾਰ ਨੇ ਬਹੁਤ ਵੱਡਾ ਸੰਤਾਪ ਭੋਗਿਆ ਹੈ।

ਉਧਰ ਮੈਡੀਕਲ ਕਾਲਜ ਵਿਖੇ ਨਰਸਿੰਗ ਕੋਰਸ ਦੀਆਂ ਕੇਸਕੀਧਾਰੀ ਵਿਦਿਆਰਥਣਾਂ ਵੀ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਇੱਕ ਝਲਕ ਪਾਣ ਲਈ ਇਲਾਜ ਕੇਂਦਰ ਦੇ ਬਾਹਰ ਖੜ੍ਹੀਆ ਰਹੀਆਂ। ਜੇਲ੍ਹ ਪ੍ਰਸ਼ਾਸ਼ਨ ਵਲੋਂ ਅੰਦਰ ਜਾਣ ਦੀ ਇਜਾਜਤ ਨੇ ਦਿੱਤੇ ਜਾਣ ਤੇ ਇਨ੍ਹਾਂ ਵਿਦਿਆਰਥਣਾਂ ਨੇ ਪ੍ਰੋ:ਦਵਿੰਦਰ ਪਾਲ ਸਿੰਘ ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਭੁਲਰ ਨਾਲ ਮੁਲਾਕਾਤ ਕਰਕੇ ਪ੍ਰੋ: ਭੁਲਰ ਦੀ ਸਿਹਤ ਬਾਰੇ ਜਾਣ ਕਾਰੀ ਲਈ। ਗਲਬਾਤ ਕਰਨ ਬਾਅਦ ਇਹ ਵਿਦਿਆਰਥਣਾਂ ਕਾਫੀ ਭਾਵੁਕ ਨਜਰ ਆਈਆਂ, ਕੁਝ ਇੱਕ ਤਾਂ ਦੁਹਰਾ ਰਹੀਆਂ ਸਨ ‘ਜਦੋਂ ਐਨੇ ਦੇਸ਼ ਧਰੋਹੀ ਤੇ ਕਾਤਲ ਸੜਕਾਂ ਤੇ ਤੁਰੇ ਫਿਰਦੇ ਹਨ ਫਿਰ ਕੌਮ ਦੀ ਖਾਤਿਰ ਆਪਾ ਵਾਰਨ ਵਾਲੇ ਜੇਲ੍ਹਾਂ ਵਿੱਚ ਬੰਦ ਕਿਉਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top