Share on Facebook

Main News Page

ਰੱਬ ਨਾ ਕਰੇ ਜੇ…?
-: ਤਰਲੋਕ ਸਿੰਘ ‘ਹੁੰਦਲ’

ਬਿਲਕੁਲ ਇਹ ਕੁਦੱਰਤੀ ਵਰਤਾਰਾ ਹੈ, ਕਿ ਜਦੋਂ ਮੌਸਮੀ ਬਰਸਾਤਾਂ ਦਾ ਜੋਰ ਹੁੰਦਾ ਹੈ ਤਾਂ ਅਨੇਕਾਂ ਮਿੱਟੀ ਦੇ ਜੀਵ-ਜੰਤੂ ਧਰਤੀ’ਚੋਂ ਬਾਹਰ ਨਿਕਲ ਕੇ ਘੁੰਮਣ-ਫਿਰਨ ਲੱਗ ਪੈਂਦੇ ਹਨ। ਉਨ੍ਹਾਂ ਵਿੱਚੋਂ ਸੁੰਡੀ ਵਰਗਾ ਗੂੜ੍ਹੇ ਲਾਲ-ਭੂਰੇ ਰੰਗ ਦਾ ਰੀਂਗ ਕੇ ਚੱਲਣ ਵਾਲਾ ਇੱਕ ਜੀਵ ਹੋਰ ਭੀ ਹੈ, ਜਿਸ ਨੂੰ ਅਸੀਂ ਬਚਪਨ ਵਿੱਚ ‘ਘੁਮਿਆਰ’ ਕਿਹਾ ਕਰਦੇ ਸਾਂ। ਆਮ ਹਾਲਤਾਂ ਵਿੱਚ ਵੀ ਇਹ ਜੀਵ, ਆਪਣੇ ਹੀ ਸਾਥੀ ਦੂਸਰੇ ਜੀਵ ਨੂੰ ਆਪਣੀ ਪਿੱਠ ਉੱਤੇ ਬਿਠਾਈ ਬੜੀ ਮਸਤ ਚਾਲ ਚਲਿਆ ਕਰਦਾ ਵੇਖਦੇ ਸੀ। ਸਿਆਣਿਆਂ ਦੇ ਦੱਸਣ ਅਨੁਸਾਰ ਕਿਆਸ ਇਹੋ ਲਗਦਾ ਰਿਹਾ, ਕਿ ਇਸ ਜੀਵ ਨੂੰ ਵਹਿਮ ਹੈ ਕਿ ਉਸ ਦੀ ਅਬਾਦੀ ਬਹੁਤ ਜਿਆਦਾ ਹੋ ਗਈ ਹੈ ਅਤੇ ਥਾਂ ਘੱਟ ਗਈ ਹੈ। ਬਾਕੀ, ‘ਉਹ ਦੀਆਂ ਓਹ ਜਾਣੇ’ ਅਸੀਂ ਤਾਂ ਕੇਵਲ ਹੱਸਣ-ਖੇਡਣ ਜੋਗੇ ਹੀ ਸਾਂ ਕਿ ਘੁਮਿਆਰ 'ਤੇ ਘੁਮਿਆਰ ਚੜ੍ਹਿਆ ਜਾਂਦਾ ਹੈ।

ਹੁਣ ਕਈ ਵਾਰ ਸੋਚਦਾ ਹਾਂ ਕਿ ਪੰਜਾਬ ਦੀ ਧਰਤੀ ਉੱਤੇ ਪਖੰਡੀ ਸਾਧਾਂ, ਸੰਤਾਂ, ਮਹੰਤਾਂ, ਡੇਰਿਆਂ ਅਤੇ ਡੇਰੇਦਾਰਾਂ ਦੀਆਂ ਪਲਟਣਾਂ ਅਤੇ ਆਦਮ-ਖਾਣੇ ਚਿੱਟ-ਕਪੜੀਏ ਚੇਲਿਆਂ ਦੀਆਂ ਡਾਰਾਂ ਦੀਆਂ ਡਾਰਾਂ ਬੇ-ਲਗਾਮ ਹਰਲ-ਹਰਲ ਕਰਦੀਆਂ ਫਿਰਦੀਆਂ ਹਨ, ਕੀ ਇਨ੍ਹਾਂ ਦੀ ਆਬਾਦੀ ਉਸ ਵਿਚਾਰੇ ਮਿੱਟੀ-ਖਾਣੇ ਜੀਵ ਨਾਲੋਂ ਅਜੇ ਵੀ ਘੱਟ ਹੈ?

ਯਕੀਨ ਕਰਿਉ! ਕਿ ਇਨ੍ਹਾਂ ਦੇ ਭਰਮ-ਜਾਲ ’ਚ ਫਸਿਆ ਸਿੱਖ, ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਪੱਕਾ ਭੁੱਲ ਗਿਆ ਹੈ। ਹੁਣ ਤਾਂ ਸਿਰਫ ਅਖੌਤੀ ਬਾਬੇ, ਸਾਧ, ਸੰਤ ਹੀ ਯਾਦ ਕੀਤੇ ਜਾਂਦੇ ਹਨ। ਕਨੇਡਾ ਦੇ ਟੋਰਾਂਟੋ ਦੀ ਗੱਲ ਕਰੀਏ ਤਾਂ ਇੱਥੇ ਅਖਬਾਰੀ ਮੀਡੀਆ ‘ਬਾਬਿਆਂ ਦੀਆਂ ਬਰਸੀਆਂ’ ਦਾ ਖ਼ੂਬ ਪ੍ਰਚਾਰ ਕਰਦਾ ਹੈ। ਫਿਰ ਉਨ੍ਹਾਂ ਸਾਧਾਂ-ਸੰਤਾਂ ਦੇ ਚੇਲੇ-ਚਪਟੇ, ਗੁਰਦੁਆਰਿਆਂ ਵਿੱਚ ਕਰਾਉਂਦੇ ਤਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਖੰਡ ਪਾਠ ਹਨ। ਪਰ ਨਾਮ-ਬਾਣੀ ਨੂੰ ਵਿਸਾਰਕੇ, ਗੁਣ-ਗਾਇਣ ਬਾਬਿਆਂ ਦੀ ਮਹਿਮਾਂ ਦਾ ਕਰਦੇ, ਉਸੇ ਕੋਲੋਂ ਅਸੀਸਾਂ ਮੰਗਦੇ ਵੇਖੇ ਜਾ ਸਕਦੇ ਹਨ। ਸਰਸਰੀ ਜਹੇ ਇੱਕ ਅਨੁਮਾਨ ਅਨੁਸਾਰ, ਇੱਕਲੇ ਟੋਰਾਂਟੋ ਦੇ ਗੁਰਦੁਆਰਿਆਂ ਵਿੱਚ ਬੂਬਨੇ ਬਾਬਿਆਂ ਦੀਆਂ ਬਰਸੀਆਂ ਦੇ 8/10 ਅਖੰਡ ਪਾਠ ਤਾਂ ਸਹਿਜੇ ਹੀ ਹੋ ਨਿਬੜਦੇ ਹਨ।

ਨਿੱਕਚੂ ਜਹੇ ਪੰਜਾਬ ਵਿੱਚ ਖਾਸਕਰ ਦੁਆਬੇ ਦੀ ਧਰਤੀ ਉੱਤੇ ਪੈਰ-ਪੈਰ ਤੇ ਉਸਾਰੀਆਂ ‘ਜਠੇਰਿਆਂ’ ਦੀਆਂ ਮਟੀਆਂ’, ਪਹਿਲਾਂ ਹੀ ਸਾਹ ਨਹੀਂ ਲੈਂਣ ਦਿੰਦੀਆਂ। ਕਈ ਕਮ-ਅਕਲਾਂ ਵਾਲਿਆਂ ਨੇ ਜਠੇਰਿਆਂ ਦੀ ਯਾਦ ’ਚ ਉਸਾਰੀਆਂ ਦਾ ਨਾਂਅ ‘ਗੁਰਦੁਆਰਾ’ ਧਰਿਆ ਹੋਇਆ ਹੈ। ਉਸ ਜਠੇਰੇ ਦੇ ਕੰਮ, ਕਰਤੂਤ ਦਾ ਕਿਸੇ ਨੂੰ ਵੀ ਇਲਮ ਨਹੀਂ ਹੁੰਦਾ, ਬਸ ਖਾਨਦਾਨੀ ਰੀਤ ਚਲੀ ਆਉਂਦੀ ਹੈ, ਪੀੜੀ-ਦਰ-ਪੀੜੀ ਪਾਲਣਾ ਹੋ ਰਹੀ ਹੈ। ਹੁਣ ਗੱਲ ਇਥੋਂ ਤੋੜੀਂ ਅੱਪੜ ਗਈ ਹੈ ਕਿ ਸਿੱਖੀ ਸਰੂਪ ਵਿੱਚ ਜਠੇਰਿਆਂ ਦੇ ਚਹੇਤੇ ਲੋਕ, ਉਹ ਥਾਂ-ਜਿਥੇ ਉਨ੍ਹਾਂ ਦਾ ਵਡੇਰਾ ਦੱਬਿਆ ਜਾਂ ਫੂਕਿਆ ਗਿਆ, ਉਸਦੀ ਮੜ੍ਹੀ ਦੀਆਂ ਇੱਟਾਂ ਜਾਂ ਫਿਰ ਮੁੱਠੀ-ਭਰ ਮਿੱਟੀ ਕਨੇਡਾ ਵੀ ਲੈ ਆਏ ਹਨ ਅਤੇ ਘਰਾਂ ਵਿੱਚ ਇੱਥੇ ਮੱਟੀਆਂ ਉਸਾਰ ਲਈਆਂ ਹਨ। ਦਿਨ-ਰਾਤ ਧੂਫ਼-ਬੱਤੀ ਜਗਦੀ ਹੈ, ਪੂਜਾ ਹੋ ਰਹੀ ਹੈ।

ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਦਰਿਆ ਦੇ ਝੱਲ ਵਾਂਗ ਪੰਜਾਬ ਦੀ ਧਰਤੀ ਉੱਤੇ ਫੈਲੇ ਅਤੇ ਪ੍ਰਫੁੱਲਤ ਹੋਏ ਬਾਬਾ-ਵਾਦ, ਸਾਧਵਾਦ ਤੇ ਡੇਰਾਵਾਦ ਨੂੰ ਨੀਲੀ-ਪੀਲੀ ਸਰਕਾਰ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਇਨ੍ਹਾਂ ਰਾਜਸੀ ਲੋਕਾਂ ਦੀ ਪੂਰੀ ਗੁਲਾਮ ਹੈ। ਸਿੱਖ ਪੰਥ ਦੇ ਬੁੱਧੀਜੀਵੀਆਂ ਅਤੇ ਡੂੰਘੇ ਵਿਚਾਰਵਾਨਾਂ ਦੀ ਤਰ੍ਹਾਂ, ਜਿਹੜਾ ਫ਼ਿਕਰ ‘ਸਿੱਖ ਸੋਚ’ ਨੂੰ ਚੱਤੇ-ਪਹਿਰ ਤੜਫ਼ਾ ਰਿਹਾ ਹੈ,ਸਾਡੀ ਸਮਝ ਵਿੱਚ ਉਹ ਇਹ ਆਇਆ ਹੈ, ਕਿ ਨੂਰਮਹਿਲੀਏ ਨੁੰ ਵੀ ਸਮੇਂ ਦੀ ਸਰਕਾਰ ਦੀ ਸ਼ਹਿ ਹਾਸਲ ਹੈ।

ਡੂਢ ਸਾਲ ਪਹਿਲਾਂ ਮਰਿਆ ਹੋਇਆ ਬਾਬਾ ਆਸ਼ੂਤੋਸ਼ ਫਰੀਜ਼ਰ ਵਿੱਚ ਪਿਆ ਮੌਜਾਂ ਮਾਣ ਰਿਹਾ ਹੈ, ਬੁੱਲੇ ਲੁੱਟ ਰਿਹਾ ਹੈ। ਰੱਬ ਨਾ ਕਰੇ, ਜੇ ਇਸੇ ਪਿਰਤ ਦੀ ਪੂਰਤੀ ਹਿਤ, ਅਣਗਿਣਤ ਸਿੱਖੀ ਚੋਲਾ-ਧਾਰੀ ਬਾਬਿਆਂ, ਸਾਧਾਂ, ਸੰਤਾਂ ਨੂੰ ਵੀ ਮਰਨ ਉਪਰੰਤ ਉਨ੍ਹਾਂ ਦੇ ਡੇਰਿਆਂ ਅੰਦਰ ਇੰਵੇਂ ਹੀ ਫਰੀਜ਼ਰਾਂ ਵਿੱਚ ਬੰਦ ਰਖਿਆ ਜਾਣ ਲਗਿਆ ਤਾਂ ਕਦਮ-ਕਦਮ ਉੱਤੇ ਸਮਾਧੀਆਂ ਹੀ ਸਮਾਧੀਆਂ ਹੋ ਜਾਣਗੀਆਂ, ਦੇਸੀ ਘਿਓ ਦੀਆਂ ਜੋਤਾਂ ਜਲਾਈਆਂ ਜਾਣਗੀਆਂ। ਰੱਬ ਨਾ ਕਰੇ ਜੇ ਅਚਨਚੇਤ ਕਿਸੇ ਗੁਰਦੁਆਰਾ ਸਾਹਿਬ ਆਇਆ ਕੋਈ ਬਾਬਾ ਜਾਂ ਸਾਧ, ਸੰਤ ਚਲ ਵਸਿਆ ਤੇ ਉਸ ਦੇ ਚੇਲਿਆਂ ਨੇ ਉੱਥੇ ਹੀ ਫਰੀਜ਼ਰ ’ਚ ਸਾਂਭ ਲਿਆ, ਫਿਰ ਸਿੱਖ ਪੰਥ ਦਾ ਕੀ ਬਣੂੰ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top