Share on Facebook

Main News Page

ਆਨੰਦਪੁਰ ਦੇ ਸਮਾਗਮਾਂ ਲਈ ਮੋਦੀ ਦਾ ਦੌਰਾ ਰੱਦ ਕਿਉਂ ਹੋਇਆ ?
-: ਰਜਿੰਦਰ ਸਿੰਘ ਪੁਰੇਵਾਲ

ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਮਾਗਮ ਜਲਦੀ ਸ਼ੁਰੂ ਹੋਣ ਜਾ ਰਹੇ ਹਨ। ਬਾਦਲ ਸਰਕਾਰ ਵੱਲੋਂ ਇਹ ਦਾਅਵਾ ਸੀ ਕਿ 19 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਣ ਲਈ ਅਨੰਦਪੁਰ ਸਾਹਿਬ ਆਉਣਗੇ, ਇਸ ਸੰਬੰਧੀ ਤਿਆਰੀਆਂ ਵੀ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਯਾਦ ਰਹੇ ਸੂਬੇ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ 29 ਮਈ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਅਨੰਦਪੁਰ ਸਾਹਿਬ ਦੇ ਸਮਾਗਮਾਂ ਲਈ ਮੁੱਖ ਮਹਿਮਾਨ ਬਣਨ ਦਾ ਸੱਦਾ ਦਿੱਤਾ ਸੀ। ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਰੱਦ ਹੋ ਗਿਆ ਹੈ, ਜਿਸ ਨਾਲ ਬਾਦਲ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਭਾਜਪਾ ਵੀ ਨਹੀਂ ਸੀ ਚਾਹੁੰਦੀ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਸਮਾਗਮਾਂ ‘ਤੇ ਆਉਣ, ਕਿਉਂਕਿ ਪੰਜਾਬ ਵਿਚ ਭਾਜਪਾ ਤੇ ਅਕਾਲੀ ਸਰਕਾਰ ਦੇ ਖਟਾਸ ਵਾਲੇ ਰਿਸ਼ਤੇ ਚਲ ਰਹੇ ਹਨ। ਇਸੇ ਦੌਰਾਨ ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੇ ਮੁੱਦੇ ਉੱਤੇ ਵੀ ਭਾਜਪਾ ਅਕਾਲੀ ਸਰਕਾਰ ਦਾ ਵਿਰੋਧ ਕਰਦੀ ਦਿਖਾਈ ਦੇ ਰਹੀ ਹੈ।

ਭਾਵੇਂ ਪ੍ਰਧਾਨ ਮੰਤਰੀ ਮੋਦੀ ਦੇ ਸ੍ਰੀ ਆਨੰਦਪੁਰ ਸਾਹਿਬ ਨਾ ਆਉਣ ਦਾ ਕਾਰਨ ਤਨਜਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ 19 ਜੂਨ ਨੁੰ ਦਿੱਲੀ ਆਉਣਾ ਦੱਸਿਆ ਜਾ ਰਿਹਾ ਹੈ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤੀ ਤੂਲ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਪੰਜਾਬ ਦੀਆਂ ਮੰਗਾਂ ਮੰਨਣ ਵਿਚ ਵਿਸ਼ਵਾਸ ਦੇ ਧਾਰਨੀ ਹਨ।

ਇਨ੍ਹਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਚ ਨਿਰਾਸ਼ਤਾ ਪਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਰਵਾਇਤੀ ਵੋਟ ਪੰਥਕ ਬੈਂਕ ਨੂੰ ਤਰਜੀਹ ਦਿੰਦਾ ਨਜ਼ਰ ਆ ਰਿਹਾ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਉਹ ਭਵਿੱਖ ਵਿੱਚ ਭਾਜਪਾ ਉੱਪਰ ਬਹੁਤਾ ਨਿਰਭਰ ਨਹੀਂ ਰਹਿਣਾ ਚਾਹੁੰਦਾ, ਦੂਸਰਾ ਕਾਰਨ ਇਹ ਵੀ ਹੈ ਕਿ ‘ਆਪ’ ਪਾਰਟੀ ਨੇ ਪੰਥਕ ਵੋਟ ਬੈਂਕ ਕਾਰਨ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ‘ਤੇ ਕਬਜ਼ਾ ਕਰ ਲਿਆ ਸੀ। ਹੁਣ ਇਹੀ ਤਜ਼ਰਬਾ ਸ਼੍ਰੋਮਣੀ ਅਕਾਲੀ ਦਲ ਕਰਨਾ ਚਾਹੁੰਦਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਭਾਜਪਾ ਨੂੰ ਉਸ ਵਕਤ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਜਦੋਂ ਘੱਟ ਗਿਣਤੀਆਂ ਜਾਂ ਧਰਮ ਨਿਰਪੱਖ ਕਹਾਉਣ ਵਾਲੀ ਕੋਈ ਵੀ ਪਾਰਟੀ ਭਾਜਪਾ ਨਾਲ ਹੱਥ ਮਿਲਾਉਣ ਲਈ ਤਿਆਰ ਨਹੀਂ ਸੀ।

ਇਸ ਗੱਠਜੋੜ ਨੂੰ ਲੰਬੇ ਸਮੇਂ ਤਕ ਹਿੰਦੂ-ਸਿੱਖ ਏਕਤਾ ਅਤੇ ਅਕਾਲੀ-ਭਾਜਪਾ ਦੇ ਅਟੁੱਟ ਸਬੰਧਾਂ ਦੇ ਤੌਰ ਉੱਤੇ ਪ੍ਰਚਾਰਿਆ ਵੀ ਗਿਆ। ਇਸ ਨਾਲ ਇੱਕ ਤਰ੍ਹਾਂ ਆਮ ਸਹਿਮਤੀ ਵਾਲੀ ਧਾਰਨਾ ਹੀ ਬਣ ਗਈ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਜਪਾ ਦੇ ਵੱਡੇ ਆਗੂਆਂ ਅਟੱਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਨੇੜਤਾ ਹੋਣ ਕਰਕੇ ਪੰਜਾਬ ਵਿੱਚ ਅਕਾਲੀ ਦਲ ਆਪਣੇ ਤਰੀਕੇ ਨਾਲ ਫ਼ੈਸਲੇ ਲੈਂਦਾ ਰਿਹਾ ਹੈ ਪਰ ਕਦੇ ਵੀ ਪੰਜਾਬ ਹੱਕੀ ਮੰਗਾਂ ਨਹੀਂ ਮੰਨਵਾ ਸਕਿਆ। ਨਾ ਪੰਜਾਬ ਨੂੰ ਉਸ ਸਮੇਂ ਪੈਕੇਜ ਮਿਲਿਆ ਤੇ ਨਾ ਹੀ ਪੰਜਾਬ ਸੰਤਾਪ ਦਿਨਾਂ ਦੌਰਾਨ ਚੜ੍ਹਿਆ ਕਰਜ਼ਾ ਮਾਫ ਹੋ ਸਕਿਆ। ਡਾ. ਮਨਮੋਹਨ ਸਿੰਘ ਦੇ ਰਾਜ ਦੌਰਾਨ ਪੰ ਜਾਬ ਨੂੰ ਕਾਫੀ ਆਰਥਿਕ ਤੌਰ ‘ਤੇ ਫਾਇਦਾ ਮਿਲਦਾ ਰਿਹਾ। ਇਹ ਤਾਂ ਮੋਦੀ ਸਰਕਾਰ ਵੀ ਮੰਨ ਚੁੱਕੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਭਾਜਪਾ ਅਕਾਲੀ ਦਲ ਪ੍ਰਤੀ ਕਦੇ ਵੀ ਸੁਹਿਰਦ ਨਹੀਂ ਰਹੀ। ਹਾਲਾਂ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਬਿਨਾਂ ਸ਼ਰਤ ਮਦਦ ਕਰਦਾ ਰਿਹਾ ਹੈ।

ਹੁਣ ਪੰਜਾਬ ਭਾਜਪਾ ਵੀ ਮੋਦੀ ਦਾ ਦੌਰਾ ਰੱਦ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਦਿਖਾ ਰਹੀ ਹੈ ਤੇ ਬੰਦੀਵਾਨ ਸਿੱਖਾਂ ਦੀ ਰਿਹਾਈ ਵਿੱਚ ਅੜਿੱਕਾ ਬਣੀ ਬੈਠੀ ਹੈ। ਅਕਾਲੀ ਦਲ ਦੇ ਸਿਆਸੀ ਨਿਸ਼ਾਨੇ ਆਨੰਦਪੁਰ ਸਾਹਿਬ ਮਤੇ ਉੱਤੇ ਵੀ ਦੋਵੇਂ ਧਿਰਾਂ ਦੇ ਮੱਤਭੇਦ ਕਾਇਮ ਹਨ। ਮੋਦੀ ਦੇ ਦੌਰਾ ਰੱਦ ਹੋਣ ਨਾਲ ਸਿੱਖਾਂ ਤੇ ਪੰਜਾਬੀਆਂ ਦੇ ਮਨਾਂ ਵਿੱਚ ਇਹ ਗੱਲ ਜ਼ਰੂਰ ਜਾਏਗੀ ਕਿ ਮੋਦੀ ਇੰਦਰਾ ਸਰਕਾਰ ਦੀ ਤਰ੍ਹਾਂ ਹੀ ਪੰਜਾਬ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ। ਪਿਛਲੇ ਸਮੇਂ ਤੋਂ ਪੰਥਕ ਮੁੱਦਿਆਂ ਬਾਰੇ ਕੇਂਦਰੀ ਸਰਕਾਰ ਵੱਲੋਂ ਨਾਂਹ ਪੱਖੀ ਰਵੱਈਆ ਅਪਨਾਉਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਘੁਟਣ ਮਹਿਸੂਸ ਕਰ ਰਹੀ ਹੈ।

ਭਾਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਆਨੰਦਪੁਰ ਸਾਹਿਬ ਦੇ ਸਮਾਗਮਾਂ ਲਈ ਇਸੇ ਕਾਰਨ ਸੱਦਾ ਦਿੱਤਾ ਹੋਵੇਗਾ ਕਿ ਮੋਦੀ ਪੰਜਾਬ ਦੀਆਂ ਹੱਕੀ ਮੰਗਾਂ ਮੰਨਣ, ਪੈਕੇਜ ਦੇਣ, ਪੰਜਾਬ ਦਾ ਕਰਜ਼ਾ ਮਾਫ ਕਰਨ, ਤਾਂ ਜੋ ਅਕਾਲੀ ਦਲ ਤੇ ਭਾਜਪਾ ਦੇ ਸੰਬੰਧ ਹੋਰ ਮਜ਼ਬੂਤ ਹੋ ਸਕਣ। ਪਰ ਮੋਦੀ ਦੀ ਸਰਕਾਰ ਬਹੁਗਿਣਤੀ ‘ਚ ਹੋਣ ਕਰਕੇ ਅਕਾਲੀ ਦਲ ਨੂੰ ਟਿੱਚ ਸਮਝ ਰਹੀ ਹੈ। ਪਰ ਆਉਣ ਵਾਲਾ ਸਮਾਂ ਮੋਦੀ ਸਰਕਾਰ ਦੇ ਲਈ ਘਾਤਕ ਹੋਵੇਗਾ, ਕਿਉਂਕਿ ਉਹ ਘੱਟ ਗਿਣਤੀਆਂ ਦੀ ਮਾਨਸਿਕਤਾ ਨੂੰ ਸਮਝ ਨਹੀਂ ਰਹੀ ਤੇ ਰਾਜ ਮੱਦ ਵਿੱਚ ਘੱਟ ਗਿਣਤੀਆਂ ਪ੍ਰਤੀ ਫਾਸ਼ੀਵਾਦੀ ਰਵੱਈਆ ਅਪਨਾ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top