Share on Facebook

Main News Page

ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਦੀ ਨਿਯੁਕਤੀ ਹੁਣੇ ਹੀ ਵਿਵਾਦਾਂ ਵਿੱਚ ਘਿਰ ਗਈ

ਅੰਮ੍ਰਿਤਸਰ (18 ਜੂਨ2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਵਧੇਰੇ ਸੁਚਾਰੂ ਢੰਗ ਨਾਲ ਚਲਾਉਣ ਲਈ ਚੀਫ ਸੈਕਟਰੀ ਨਿਯੁਕਤ ਕੀਤੇ ਜਾਣ ਦਾ ਮਾਮਲਾ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਵੱਲੋਂ ਚੀਫ ਸੈਕਟਰੀ ਦੀ ਨਿਯੁਕਤੀ ਲਈ 20 ਜੂਨ ਨੂੰ ਰੱਖੀ ਇੰਟਰਵਿਊ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਇਹ ਮਾਮਲਾ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਦੀ ਸੇਵਾਮੁਕਤੀ ਪਿੱਛੋਂ ਇੱਕ ਮੁੱਖ ਸਕੱਤਰ ਲਾਉਣ ਦਾ ਫੈਸਲਾ ਲੈ ਲਿਆ ਗਿਆ ਹੈ, ਜਿਸ ਦੇ ਅਧੀਨ ਬਾਕੀ ਸਾਰੇ ਸਕੱਤਰ ਕੰਮ ਕਰਨਗੇ। ਚੀਫ ਸੈਕਟਰੀ ਨੂੰ ਤਿੰਨ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਪੋਸਟ ਲਈ ਸਰਕਾਰੀ ਅਤੇ ਗੈਰ ਸਰਕਾਰੀ ਤਜਰਬੇਕਾਰ ਵਿਅਕਤੀ ਦੀ ਮੰਗ ਕੀਤੀ ਗਈ ਸੀ। ਇਸ ਬਾਰੇ ਪਹਿਲਾਂ ਇੰਟਰਵਿਊ 6 ਜੂਨ ਨੂੰ ਰੱਖੀ ਸੀ, ਜਿਸ ਨੂੰ ਮੁਲਤਵੀ ਕਰ ਕੇ 20 ਜੂਨ ਨੂੰ ਰੱਖੀ ਗਈ। ਹੁਣ 20 ਜੂਨ ਨੂੰ ਹੋਣ ਵਾਲੀ ਇੰਟਰਵਿਊ ਵੀ ਮੁਲਤਵੀ ਕਰ ਦਿੱਤੀ ਹੈ। ਇਹ ਪੋਸਟ ਚੀਫ ਸੈਕਟਰੀ ਦੀ ਚੋਣ ਤੋਂ ਵੀ ਪਹਿਲਾਂ ਹੀ ਵਿਵਾਦ ਦਾ ਮੁੱਦਾ ਬਣ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਇੱਕ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਭੇਜ ਕੇ ਇਸ ਨਿਯੁਕਤੀ ਨਾਲ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਕੋਈ ਵਪਾਰਕ ਸੰਸਥਾ ਨਹੀਂ, ਇਸ ਦਾ ਮੁੱਖ ਮੰਤਵ ਗੁਰਮਤਿ ਪ੍ਰਚਾਰ ਕਰਨਾ ਹੈ। ਇਸ ਸੰਸਥਾ ਲਈ ਕਿਸੇ ਸੇਵਾਮੁਕਤ ਅਧਿਕਾਰੀ ਨੂੰ ਚੀਫ ਸੈਕਟਰੀ ਲਾਉਣਾ ਜਾਇਜ਼ ਨਹੀਂ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਸੰਬੰਧ ਵਿੱਚ ਸਮੁੱਚੀ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲੇ ਤੇ ਉਨ੍ਹਾਂ ਨੂੰ ਇਸ ਨਿਯੁਕਤੀ ਤੋਂ ਨਿਕਲਣ ਵਾਲੇ ਸਿੱਟਿਆਂ ਤੋਂ ਜਾਣੂ ਕਰਵਾ ਕੇ ਇਸ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਅਕਾਲੀ ਦਲ 1920 ਦੇ ਆਗੂ ਰਘਬੀਰ ਸਿੰਘ ਰਾਜਾਸਾਂਸੀ ਨੇ ਆਖਿਆ ਕਿ ਸਿੱਖ ਗੁਰਦੁਆਰਾ ਐਕਟ 1925 ਵਿਚ ਚੀਫ ਸੈਕਟਰੀ ਦੀ ਨਿਯੁਕਤੀ ਦਾ ਕੋਈ ਨਿਯਮ ਹੀ ਨਹੀਂ ਅਤੇ ਕੋਈ ਵੀ ਵਿਅਕਤੀ, ਜੋ 58 ਸਾਲ ਤੋਂ ਵੱਧ ਉਮਰ ਦਾ ਹੋਵੇ, ਇਸ ਸੰਸਥਾ ਦੇ ਨਿਯਮ ਮੁਤਾਬਕ ਕਰਮਚਾਰੀ ਨਿਯੁਕਤ ਨਹੀਂ ਹੋ ਸਕਦਾ ਅਤੇ ਕਿਸੇ ਕਰਮਚਾਰੀ ਨੂੰ ਤਨਖਾਹ ਸਕੇਲ ਮੁਤਾਬਕ ਤਿੰਨ ਲੱਖ ਰੁਪਏ ਮਾਸਿਕ ਮਿਹਨਤਾਨਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਮਨਜੀਤ ਸਿੰਘ ਕਲਕੱਤਾ ਨੂੰ ਚੀਫ ਸੈਕਟਰੀ ਬਣਾਉਣ ਦਾ ਵੀ ਵਿਰੋਧ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਇਸ ਬਾਰੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਭੇਜੇ ਹਨ ਕਿ ਇਹ ਨਿਯੁਕਤੀ ਰੋਕੀ ਜਾਵੇ, ਇਹ ਨਿਯਮਾਂ ਦੀ ਉਲੰਘਣਾ ਹੋਵੇਗੀ, ਜਿਸ ਨੂੰ ਜਥੇਬੰਦੀ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਨਵੀਂ ਨਿਯੁਕਤੀ ਦੀ ਲੋੜੀਂਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਮਾਮਲਾ ਪਹਿਲਾਂ ਅੰਤ੍ਰਿੰਗ ਕਮੇਟੀ ਵਿੱਚ ਜਾਵੇਗਾ ਅਤੇ ਉਸ ਦੀ ਸਹਿਮਤੀ ਨਾਲ ਮੁੜ ਨਿਯੁਕਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਇਸੇ ਮਹੀਨੇ ਹੋਣੀ ਹੈ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਚੀਫ ਸੈਕਟਰੀ ਦੀ ਨਿਯੁਕਤੀ ਦੀ ਇੰਟਰਵਿਊ ਅੱਗੇ ਪਾ ਦਿੱਤੀ ਗਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top