Share on Facebook

Main News Page

ਕੀ ਮਿਲਿਆ ਅਨੰਦਪੁਰ ਦੇ 350ਵੇਂ ਸਥਾਪਨਾ ਦਿਵਸ ਉਤੇ ਕਰੋੜਾਂ ਰੁਪਏ ਖ਼ਰਚ ਕਰ ਕੇ ?

ਰੋਜ਼ਾਨਾ ਸਪੋਕਸਮੈਨ: ਸ਼ਤਾਬਦੀਆਂ ਮਨਾਉਣ ਦੀ ਰਵਾਇਤ ਪਛਮੀ ਦੁਨੀਆਂ ਦੀ ਰਵਾਇਤ ਹੈ। ਜਿਥੇ ਸੌ ਤਕ ਪਹੁੰਚਣਾ ਹੀ ਔਖਾ ਹੋਵੇ, ਉਥੋਂ ਉਨ੍ਹਾਂ ਨੇ ਸਿਲਵਰ ਜੁਬਲੀ, ਗੋਲਡਨ ਜੁਬਲੀ ਆਦਿ ਮਨਾਉਣ ਦੇ ਪ੍ਰਬੰਧ ਕੀਤਾ ਹੋਇਆ ਹੈ ਜਿਵੇਂ ਵਿਆਹ ਦੇ 25, 50 ਸਾਲ ਆਦਿ। ਪਰ 'ਸ਼ਤਾਬਦੀਆਂ' ਮਨਾਉਣ ਮਗਰੋਂ, ਪੌਣੀਆਂ ਤੇ 'ਸਾਢੀਆਂ' ਸ਼ਤਾਬਦੀਆਂ ਮਨਾਉਣ ਦੀ ਪਿਰਤ ਤਾਂ ਸ਼ਾਇਦ ਸਿੱਖ ਲੀਡਰਸ਼ਿਪ ਨੇ ਹੀ ਸ਼ੁਰੂ ਕੀਤੀ ਲਗਦੀ ਹੈ। ਦੁਨੀਆਂ ਵਿਚ ਕਿਸੇ ਹੋਰ ਕੌਮ ਨੇ ਸਾਢੇ ਤਿੰਨ ਸੌ, ਸਵਾ ਤਿੰਨ ਸੌ ਤੇ ਪੌਣੇ ਚਾਰ ਸੌ ਵੀਂ ਸਥਾਪਨਾ ਦੀ ਯਾਦ ਨਹੀਂ ਮਨਾਈ ਹੋਵੇਗੀ। ਪਰ ਸਿੱਖ ਤਾਂ ਨਿਆਰੇ ਲੋਕ ਹਨ, ਨਿਆਰੀ ਗੱਲ ਹੀ ਕਰਨਗੇ। ਉਂਜ ਸਿੱਖ ਲੀਡਰ ਵੀ ਕੀ ਕਰਨ? -- ਚੋਣਾਂ ਵੀ ਤਾਂ ਸਵਾਈਆਂ, ਸਾਢੀਆਂ ਤੇ ਪੌਣੀਆਂ ਤਰੀਕਾਂ ਨੇੜੇ ਆ ਜਾਂਦੀਆਂ ਹਨ।

ਸੋ, ਵਿਚਾਰੇ ਸਿੱਖ ਲੀਡਰ ਮਜਬੂਰ ਹੋ ਜਾਂਦੇ ਹਨ, ਪੂਰੀਆਂ ਸ਼ਤਾਬਦੀਆਂ ਦੀ ਬਜਾਏ ਸਾਢੀਆਂ, ਸਵਾਈਆਂ ਤੇ ਪੌਣੀਆਂ ਸ਼ਤਾਬਦੀਆਂ ਮਨਾਉਣ ਲਈ। ਉਨ੍ਹਾਂ ਨੂੰ ਮਤਲਬ ਸ਼ਤਾਬਦੀ ਨਾਲ ਨਹੀਂ ਹੁੰਦਾ, ਅਪਣੀਆਂ ਵੋਟਾਂ ਨਾਲ ਹੁੰਦਾ ਹੈ ਤੇ ਲੋਕਾਂ ਨੂੰ ਇਹ ਦੱਸਣ ਨਾਲ ਹੁੰਦਾ ਹੈ ਕਿ ''ਅਸੀਂ ਬੜੇ ਪੱਕੀ ਧਰਮੀ ਹਾਂ ਤੇ ਇਕ ਸ਼ਤਾਬਦੀ ਨੂੰ ਵੀ ਚਾਰ ਚਾਰ ਵਾਰ ਵੰਡ ਕੇ ਮਨਾਉਣ ਦੇ ਮਾਹਰ ਹਾਂ ਕਿਉਂਕਿ ਅਪਣਾ ਪੰਥ-ਪ੍ਰੇਮ, ਲੋਕਾਂ ਨੂੰ ਕਰੋੜਾਂ ਰੁਪਏ ਖ਼ਰਚ ਕਰ ਕੇ ਵਿਖਾਂਦੇ ਰਹਿਣਾ, ਸਾਡਾ ਪਰਮ-ਧਰਮ ਹੈ।''

ਸੋ ਕਰੋੜਾਂ ਰੁਪਏ ਖ਼ਰਚ ਕੇ ਮਨਾਈ ਗਈ ਸਾਢੇ ਤਿੰਨਵੀਂ ਸ਼ਤਾਬਦੀ ਦਾ ਕੀ ਬਣਿਆ ਤੇ ਕੀ ਮਿਲਿਆ? ਅਖ਼ਬਾਰਾਂ ਨੇ ਲਿਖਿਆ ਹੈ ਕਿ ਬਜ਼ਾਰ ਖ਼ਾਲੀ ਸਨ, ਦੁਕਾਨਦਾਰ ਰੋ ਰਹੇ ਸਨ ਕਿ 'ਸੰਗਤ' ਆਈ ਹੀ ਨਹੀਂ ਤੇ ਲੰਗਰਾਂ ਵਾਲੇ ਕਲਪਦੇ ਰਹੇ ਕਿ ਲੰਗਰ ਛਕਣ ਵਾਲੇ ਹੀ ਨਹੀਂ ਮਿਲਦੇ। ਨਹੀਂ, ਲੋਕ ਆਏ ਜ਼ਰੂਰ ਪਰ ਉਹੀ ਆਏ ਜਿਨ੍ਹਾਂ ਨੂੰ ਸਰਕਾਰੀ ਜਾਂ ਸੰਤ ਬਾਬਿਆਂ ਦੀਆਂ ਬਸਾਂ ਢੋਹ ਕੇ ਲਿਆਈਆਂ। ਉਨ੍ਹਾਂ ਨੇ ਉਹਨੀਂ ਬੱਸੀਂ ਹੀ ਵਾਪਸ ਵੀ ਜਾਣਾ ਸੀ, ਇਸ ਲਈ ਸ਼ਹਿਰ ਵਿਚ ਕੋਈ ਗਹਿਮਾ ਗਹਿਮੀ ਨਾ ਹੋਈ ਜਦਕਿ ਅਜਿਹੇ ਸਮਾਗਮਾਂ ਮੌਕੇ, ਸ਼ਹਿਰ ਵਿਚ ਤਿਲ ਧਰਨ ਦੀ ਥਾਂ ਨਹੀਂ ਮਿਲਦੀ ਤੇ ਵਪਾਰੀ ਲੋਕ ਖ਼ੂਬ ਕਮਾਈ ਕਰਦੇ ਹਨ। ਇਸ ਵਾਰ, ਪੰਡਾਲ ਤੋਂ ਬਾਹਰ, ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਅਨੰਦਪੁਰ ਵਿਚ ਕੋਈ ਵੱਡਾ ਸਮਾਗਮ ਹੋ ਵੀ ਰਿਹਾ ਹੈ। ਬੜੀ ਅਚੰਭੇ ਵਾਲੀ ਗੱਲ ਹੈ ਕਿ ਅਨੰਦਪੁਰ ਸਾਹਿਬ ਦੇ ਨਾਂ 'ਤੇ ਏਨਾ ਵੱਡਾ ਸਮਾਗਮ ਹੋਵੇ ਤੇ ਸਿਰਫ਼ ਢੋਹ ਕੇ ਲਿਆਂਦੇ ਲੋਕ ਹੀ ਆਉਣ।

ਭਾਰਤ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ, ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਬ ਤਾਂ ਬੀਜੇਪੀ ਬ੍ਰੀਗੇਡ ਦਾ ਹਿੱਸਾ ਸਨ ਅਤੇ ਬਾਕੀ ਸਾਰੇ ਬਸ 'ਸੰਤ ਸਮਾਜ' ਦਾ ਹਿੱਸਾ ਹੀ ਸਨ। ਬੀਤੇ ਵਿਚ ਅਨੰਦਪੁਰ ਦੇ ਅਕਾਲੀ ਸਮਾਗਮਾਂ ਵਿਚ ਬਾਪੂ ਆਸਾ ਰਾਮ ਗਰਜਦਾ ਹੁੰਦਾ ਸੀ। ਇਸ ਵਾਰ ਉਹ ਕਿਉਂਕਿ ਬਲਾਤਕਾਰ ਅਤੇ ਠੱਗੀ ਦੇ ਮਾਮਲਿਆਂ ਵਿਚ ਜੇਲ ਅੰਦਰ ਡਕਿਆ ਹੋਇਆ ਹੈ, ਇਸ ਲਈ ਮੌਨਧਾਰੀ ਬੈਠੇ ਰਹੇ ਹਿੰਦੂ ਧਰਮ ਦੇ ਇਕ ਸ਼ੰਕਰਾਚਾਰੀਆ ਤੇ ਬਾਬਾ ਰਾਮ ਦੇਵ ਨੂੰ ਵਾਜ ਮਾਰ ਲਈ ਗਈ। ਕੋਈ ਸਿੱਖ ਜਾਂ ਗ਼ੈਰ-ਸਿੱਖ ਵਿਦਵਾਨ ਜਾਂ ਇਤਿਹਾਸਕਾਰ ਤਾਂ ਨਾ ਬੁਲਾਇਆ ਗਿਆ, ਪਰ ਸਿਆਸਤਦਾਨਾਂ ਤੋਂ ਇਲਾਵਾ, ਹਿੰਦੂ ਤੇ ਸਿੱਖ 'ਬਾਬੇ' ਤੇ ਉਨ੍ਹਾਂ ਦੇ 'ਸ਼ਰਧਾਲੂ' ਹੀ ਹਰ ਥਾਂ ਛਾਏ ਹੋਏ ਸਨ।

ਪਰ ਕੁਲ ਮਿਲਾ ਕੇ ਮਿਲਿਆ ਕੀ? ਉਹੀ ਜਿਸ ਦਾ ਡਰ ਸੀ। ਸਿੱਖਾਂ ਵਲੋਂ ਕਿਹਾ ਗਿਆ, ਅਸੀਂ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ, ਹਰ ਮੈਦਾਨ ਅੱਗੇ ਹੋ ਕੇ ਦੇਸ਼ ਦੀ ਖ਼ਿਦਮਤ ਕਰਦੇ ਰਹੇ ਤੇ 'ਬੇਗ਼ੈਰਤੇ' ਭਾਰਤ ਵਿਚ ਗ਼ੈਰਤ, ਅਣਖ ਸਮੇਤ ਸਾਰੀਆਂ ਚੰਗੀਆਂ ਰਵਾਇਤਾਂ ਅਸੀਂ ਹੀ ਸ਼ੁਰੂ ਕੀਤੀਆਂ।

ਰਾਜਨਾਥ ਸਿੰਘ ਦਾ ਜਵਾਬ ਬੜਾ ਸੰਖੇਪ ਸੀ -- ਹਾਂ ਸਾਨੂੰ ਪਤਾ ਹੈ, ਤੁਸੀ ਬਹੁਤ ਚੰਗੇ ਹੋ, ਕੁਰਬਾਨੀਆਂ ਦੇਣ ਵਿਚ ਸਾਡੇ ਵੱਡੇ ਭਰਾ ਹੋ ਪਰ ..... ਅਸੀਂ ਵੀ ਘੱਟ ਮਹਾਨ ਨਹੀਂ ਹਾਂ। ਅਸੀਂ ਵੀ ਵੱਡੇ ਦਿਲ ਵਾਲੇ ਹਾਂ। ਪਾਰਸੀਆਂ ਨੂੰ ਅਸੀਂ ਹੀ ਭਾਰਤ ਵਿਚ ਰਹਿਣ ਦਿਤਾ। ਈਸਾਈਆਂ ਦਾ ਪਹਿਲਾ ਗਿਰਜਾ, ਅਸੀਂ ਹੀ ਭਾਰਤ ਵਿਚ ਬਣਨ ਦਿਤਾ ..... ਮੁਸਲਮਾਨਾਂ ਦੇ ਸਾਰੇ 72 ਫ਼ਿਰਕੇ ਕੇਵਲ ਭਾਰਤ ਵਿਚ ਹੀ ਰਹਿ ਸਕਦੇ ਹਨ।.....ਹਾਂ, ਚਾਰ ਹਸਤੀਆਂ ਨੇ ਦੇਸ਼ ਦੀ ਅਣਖ ਲਈ ਬੜਾ ਕੰਮ ਕੀਤਾ -- ਪਹਿਲਾ ਮਹਾਰਾਣਾ ਪ੍ਰਤਾਪ, ਦੂਜਾ ਸ਼ਿਵਾ ਜੀ, ਤੀਜਾ ਸ਼ੇਰ ਸ਼ਾਹ ਸੂਰੀ ਤੇ ਚੌਥਾ ਗੁਰੂ ਗੋਬਿੰਦ ਸਿੰਘ। ਇਨ੍ਹਾਂ ਚਹੁੰਆਂ ਨੇ ਹੀ ਭਾਰਤ ਦੀ ਆਨ ਸ਼ਾਨ ਲਈ, ਵਿਦੇਸ਼ਾਂ ਤੋਂ ਆਏ ਹਮਲਾਵਰਾਂ ਕੋਲੋਂ ਭਾਰਤ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ .... ।

ਬਸ ਤਾਰੀਫ਼ ਦੇ 4 ਕਹਿ ਲਉ ਜਾਂ 400 ਸ਼ਬਦ ਕਹਿ ਲਉ, ਖ਼ਾਲੀ ਸ਼ਬਦ ਬੋਲੇ ਤੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਇਕੱਲੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਕਿ ਦੁਨੀਆਂ ਦਾ ਸੱਭ ਤੋਂ ਵੱਡਾ ਤੇ ਬੇਰਹਿਮ ਕਤਲੇਆਮ ਇਸ ਦੇਸ਼ ਵਿਚ ਸਿੱਖਾਂ ਦਾ ਹੋਇਆ (1984 ਵਿਚ) ਪਰ 31 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ, ਰਾਜਧਾਨੀ ਖੋਹ ਲਈ ਗਈ ਤੇ ਹੋਰ ਕਈ ਧੱਕੇ ਪੰਜਾਬ ਅਤੇ ਸਿੱਖਾਂ ਨਾਲ ਕੀਤੇ ਗਏ .....।

ਰਾਜਨਾਥ ਤੇ ਅਮਿਤ ਸ਼ਾਹ ਨੇ ਇਨ੍ਹਾਂ ਗੱਲਾਂ ਬਾਰੇ ਮੁਕੰਮਲ ਚੁੱਪੀ ਧਾਰੀ ਰੱਖੀ। ਕੋਈ ਜ਼ਿਕਰ ਨਹੀਂ ਅਤੇ ਅਪਣੇ ਖ਼ਾਸ ਅੰਦਾਜ਼ ਵਿਚ, ਅੰਤ ਇਹ ਤਾਹਨਾ ਵੀ ਦੇ ਮਾਰਿਆ ਕਿ ਇਸ ਮੌਕੇ ਇਕੋ ਗੱਲ ਕਹਿਣ ਦੀ ਲੋੜ ਹੈ ਕਿ ਪੰਜਾਬ ਵਿਚੋਂ ਨਸ਼ੇ ਖ਼ਤਮ ਕਰੋ ਤੇ ਅਨੰਦਪੁਰ ਤੋਂ ਸਹੁੰ ਖਾ ਕੇ ਜਾਉ....। ਇਸ ਵਾਰ ਚੁੱਪੀ ਧਾਰਨ ਦੀ ਵਾਰੀ, ਅਕਾਲੀਆਂ ਦੀ ਸੀ। ਪਰ ਜਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਹਿੰਦੂ ਭਗਤਾਂ ਦੇ ਜਨਮ ਦਿਨ ਅਸੀਂ ਉਨ੍ਹਾਂ ਦੇ ਜਨਮ-ਸਥਾਨਾਂ ਤੇ ਜਾ ਕੇ ਮਨਾਵਾਂਗੇ ਤੇ 'ਕੌਮੀ ਏਕਤਾ' ਦੇ ਜਜ਼ਬੇ ਨਾਲ ਭਾਰਤ ਨੂੰ ਮਜ਼ਬੂਤ ਬਣਾਵਾਂਗੇ ਤਾਂ ਇਸ ਦਾ ਜ਼ਿਕਰ ਕਰਦਿਆਂ ਰਾਜਨਾਥ ਨੇ 'ਧਨਵਾਦ' ਨਹੀਂ ਕਿਹਾ ਬਲਕਿ ਉੱਤਰ ਦਿਤਾ, ''ਕੌਮੀ ਏਕਤਾ ਦਾ ਤਾਂ ਸਾਡਾ ਅਪਣਾ ਪ੍ਰੋਗਰਾਮ ਹੈ।'' ਦੂਜੇ ਸ਼ਬਦਾਂ ਵਿਚ ਉਹ ਕਹਿ ਰਹੇ ਸਨ ਕਿ ਬੀਜੇਪੀ ਤੇ ਆਰ.ਐਸ.ਐਸ., ਜਿਸ ਤਰ੍ਹਾਂ ਦੀ ਕੌਮੀ ਏਕਤਾ ਸਿਰਜਣ ਵਾਲੇ ਹਨ, ਤੁਹਾਡਾ ਉਸ ਨਾਲ ਕੋਈ ਵਾਸਤਾ ਨਹੀਂ।

ਸੁਖਬੀਰ ਬਾਦਲ ਤੋਂ ਬਿਨਾਂ, ਪੰਜਾਬ ਦੀ ਕਿਸੇ ਮੰਗ ਦਾ, ਸਾਡੇ ਲੀਡਰਾਂ ਨੇ ਜ਼ਿਕਰ ਵੀ ਨਾ ਕੀਤਾ ਤੇ ਬੀਜੇਪੀ ਦੇ ਆਗੂ, 'ਬੱਲੇ ਬੱਲੇ ਸਿੱਖਾਂ ਦੀ' ਕਹਿ ਕੇ ਤੇ ਪੱਲਾ ਝਾੜ ਕੇ ਚਲਦੇ ਬਣੇ। ਜਦ ਫੋਕੀ ਪ੍ਰਸ਼ੰਸਾ ਦੇ ਚਾਰ ਫ਼ਿਕਰੇ ਸੁਣ ਕੇ, ਅਗਲਾ ਪੰਜਾਬ ਅਤੇ ਪੰਥ ਲਈ ਕੁੱਝ ਮੰਗਣਾ ਹੀ ਭੁਲ ਜਾਏ ਤਾਂ ਕੀ ਲੋੜ ਹੈ ਹਾਕਮਾਂ ਨੂੰ, ਮੰਗਾਂ ਬਾਰੇ ਅਪਣੇ ਫੇਫੜਿਆਂ ਦੀ ਹਵਾ ਖ਼ਰਚ ਕਰਨ ਦੀ ਵੀ?

ਭਵਿੱਖ ਵਿਚ ਜਦੋਂ ਵੀ ਕਰੋੜਾਂ ਦਾ ਖ਼ਰਚਾ ਕਰਨਾ ਹੋਵੇ, ਪਹਿਲਾਂ ਇਹ ਤਾਂ ਸੋਚ ਲੈਣਾ ਚਾਹੀਦਾ ਹੈ ਕਿ ਢੋਲ ਢਮੱਕੇ, ਵਿਸ਼ਾਲ ਇਕੱਠ ਅਤੇ 'ਸ਼ਾਹੀ ਪੰਡਾਲ' 'ਚੋਂ ਪ੍ਰਾਪਤ ਵੀ ਕੁੱਝ ਕਰਨਾ ਹੈ ਜਾਂ ਨਹੀਂ? ਜਾਂ ਕੀ ਚੋਣਾਂ ਦੀ ਤਿਆਰੀ ਲਈ ਧਰਮ ਨੂੰ ਸਿਆਸਤ ਲਈ ਵਰਤਣਾ ਹੀ ਇਕੋ ਇਕ ਪ੍ਰੋਗਰਾਮ ਬਣਿਆ ਰਹੇਗਾ? ਇਕੋ ਇਕ ਮੁਸਲਿਮ ਬੁਲਾਰੇ ਨੇ ਇਹੀ ਤਾਂ ਸਟੇਜ ਤੋਂ ਕਿਹਾ ਸੀ ਕਿ ਰਾਜਨੀਤੀ ਨੂੰ ਧਰਮ ਲਈ ਵਰਤੋ, ਪਰ ਧਰਮ ਨੂੰ ਰਾਜਨੀਤੀ ਲਈ ਵਰਤਣਾ ਗੁਨਾਹ ਹੈ!

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top