Share on Facebook

Main News Page

"ਵਰਲਡ ਹੈਰੀਟੇਜ" ਨਾਂ ਦਾ ਇਹ ਨਵਾਂ ਭੰਬਲਭੂਸਾ, ਸਿੱਖਾਂ ਕੋਲੋਂ ਸਾਂਭਿਆ ਨਹੀਂ ਜਾਣਾ
-: ਇੰਦਰਜੀਤ ਸਿੰਘ, ਕਾਨਪੁਰ

ਸ਼੍ਰੀ ਦਰਬਾਰ ਸਾਹਿਬ ਨੂੰ ਦੁਨਿਆਵੀ ਸਰਕਾਰਾਂ ਵਲੋਂ "World Heritage" ਘੋਸ਼ਿਤ ਕਰਣ ਦੀਆਂ ਗੱਲਾਂ ਅਕਸਰ ਉਠਦੀਆਂ ਰਹਿੰਦੀਆਂ ਹਨ। ਇਕ ਵਾਰ ਇਸ ਬਹਿਸ ਨੇ ਫਿਰ ਜਨਮ ਲੈ ਲਿਆ ਹੈ। ਸਿੱਖੀ ਆਪਣੇ ਆਪ ਵਿੱਚ ਇਕ ਸੰਪੂਰਣ ਵਿਰਾਸਤ (ਹੈਰੀਟੇਜ) ਹੈ, ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਨਾਨਕ ਸਾਹਿਬ ਜੀ ਨੇ ਅਪਣੇ ਸਿੱਖਾਂ ਨੂੰ ਬਖਸ਼ੀ ਹੈ। ਸਿੱਖਾਂ ਨੂੰ ਖੈਰਾਤ ਵਿੱਚ ਮਿਲੇ ਕਿਸੇ ਵਿਰਸੇ (ਹੈਰਿਟੇਜ) ਦੇ ਖਿਤਾਬ ਦੀ ਕੋਈ ਜ਼ਰੂਰਤ ਨਹੀਂ ਹੈ।

ਸਿੱਖੀ ਨੂੰ, ਆਪਣੀ ਨਿਆਰੀ ਹੋਂਦ ਅਤੇ ਆਪਣੇ ਵਖਰੇ ਅਧਿਆਤਮਿਕ ਵਿਰਸੇ ਲਈ ਸਾਰੀ ਦੁਨੀਆਂ ਵਿਚ, ਜਾਣਿਆਂ ਜਾਂਦਾ ਹੈ। ਇਸ "ਨਿਰਮਲ ਪੰਥ" ਦੇ ਰੂਪ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਇਕ ਰੱਬੀ ਗੁਣਾਂ ਵਾਲਾ ਉਹ ਵਿਰਸਾ (ਹੈਰਿਟੇਜ), ਪੂਰੀ ਲੋਕਾਈ ਨੂੰ ਪਹਿਲਾਂ ਹੀ ਬਖਸ਼ਿਆ ਹੋਇਆ ਹੈ। ਇਸ ਨੂੰ ਹੈਰਿਟੇਜ ਦਾ ਦਰਜਾ ਦੇਣ ਵਾਲੀਆਂ, ਹਾਸੋ ਹੀਣੀਆਂ ਗੱਲਾਂ ਕਰਨਾ ਜਾਂ ਵਿਰਸਾ ਬਨਾਉਣ ਦੀਆਂ ਗੱਲਾਂ ਕਰਣ ਵਾਲੇ, ਸ਼ਾਇਦ ਸਿੱਖੀ ਦੇ ਵਿਲੱਖਣ ਵਿਰਸੇ (ਹੈਰੀਟੇਜ) ਤੋਂ ਅਨਜਾਣ ਹਨ।

ਸ਼੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਹੈਰੀਟੇਜ ਬਨਾਉਣ ਦੀ ਘੋਸ਼ਣਾ ਕਰਵਾਉਣ ਦੇ ਪਿੱਛੇ ਵੀ ਇਕ ਸਾਜਿਸ਼ ਕੰਮ ਕਰ ਰਹੀ ਹੈ। ਦਰਬਾਰ ਸਾਹਿਬ ਤਾਂ ਪਹਿਲਾਂ ਹੀ ਚਹੁ ਵਰਣਾਂ ਲਈ ਇੱਕ ਸਾਂਝਾ ਵਿਰਸਾ ਹੈ। ਜੋ ਵੀ ਮਨੁਖ ਸਿੱਖੀ ਦੇ ਨਿਅਮਾਂ ਅਤੇ ਸਿਧਾਂਤਾਂ ਨੂੰ ਅਪਣਾਅ ਲਵੇ, ਉਹ ਸਿੱਖ ਅਖਵਾਉਂਦਾ ਹੈ। ਕਿਸੇ ਸਰਕਾਰ, ਸਲਤਨਤ ਅਤੇ ਸਿਆਸਤਦਾਨ ਦੀ ਕੀ ਔਕਾਤ ਹੈ ਕਿ ਉਹ ਇਸਨੂੰ ਕਿਸੇ ਦੁਨਿਆਵੀ ਵਿਰਸੇ ਦਾ ਸਰਟੀਫਿਕੇਟ ਦੇਵੇ। ਇਹ ਸਿੱਖੀ ਦਾ ਘਰ ਹੈ, ਇਸ ਨੂੰ ਸਿਆਸਤ ਦਾ ਘਰ ਨਾ ਬਣਾਉ ! ਵੈਸੇ ਵੀ ਗੁਰੂ ਦੇ ਇਸ ਘਰ ਨਾਲ ਸਮੇਂ ਸਮੇਂ ਦੀਆਂ ਹਕੂਮਤਾਂ ਨੇ, ਬਹੁਤ ਹੀ ਗੰਦੇ ਖੇਡ ਖੇਡੇ ਹਨ, ਇਤਿਹਾਸ ਇਸ ਗੱਲ ਦਾ ਗਵਾਹ ਹੈ। ਸਿਆਸਤ ਦਾਨੋਂ ! ਹੁਣ ਤਾਂ ਗੁਰੂ ਦੇ ਬਣਾਏ ਇਸ ਘਰ ਨੂੰ ਬਖਸ਼ ਦਿਉ!

ਸਿੱਖੀ ਦੇ ਇਸ ਘਰ ਉੱਤੇ ਕੋਈ ਕਾਨੂੰਨ, ਕੋਈ ਨਿਅਮ ਲਾਗੂ ਨਹੀਂ ਹੋ ਸਕਦਾ। "ਵਰਲਡ ਹੈਰੀਟੇਜ" ਬਣ ਜਾਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ 'ਤੇ ਕਈ ਪ੍ਕਾਰ ਦੇ ਸਰਕਾਰੀ ਕਾਨੂੰਨ, ਨਿਅਮ ਅਤੇ ਪਾਬੰਦੀਆਂ ਵੀ ਲਾਗੂ ਹੋ ਜਾਣਗੀਆਂ, ਜਿਸਨੂੰ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਇਕ ਨਵਾਂ ਭੰਬਲਭੂਸਾ ਖੜਾ ਹੋ ਜਾਵੇਗਾ। ਵੈਸੇ ਹੀ ਸਿੱਖੀ ਕਈਂ ਪ੍ਰਕਾਰ ਦੇ ਭੰਬਲਭੂਸਿਾਆਂ ਵਿੱਚ ਪਹਿਲਾਂ ਹੀ ਘਿਰੀ ਪਈ ਹੈ। ਇਹ ਨਵਾਂ ਭੰਬਲਭੂਸਾ ਸਿੱਖਾਂ ਕੋਲੋਂ ਸਾਂਭਿਆ ਨਹੀਂ ਜਾਣਾ। ਜੇ ਚਾਰ ਸਦੀਆਂ ਤੋਂ ਸਿੱਖੀ ਦਾ ਇਹ ਅਧਿਆਤਮਿਕ ਕੇਂਦਰ "ਵਰਲਡ ਹੈਰਿਟੇਜ" ਨਹੀਂ ਬਣਿਆ, ਤਾਂ ਕੀ ਦੁਨੀਆਂ ਦੇ ਲੋਕ ਇਸ ਅਧਿਆਮਿਕ ਅਦਾਰੇ ਦਾ ਸਤਿਕਾਰ ਨਹੀਂ ਕਰਦੇ ? ਜਾਂ ਇਸਨੂੰ ਭੁਲਾ ਬੈਠੇ ਹਨ? ਇਹ ਸਿੱਖਾਂ ਨਾਲ ਇਕ ਲੁੱਕੀ ਛੁੱਪੀ ਸਾਜਿਸ਼ ਖੇਡੀ ਜਾ ਰਹੀ ਹੈ, ਜਿਸ ਵਿੱਚ ਸਿੱਖ ਅਖਵਾਉਣ ਵਾਲੇ ਹੀ ਕੁੱਝ ਸਿਆਸਤਦਾਨ ਅਤੇ ਅਖੌਤੀ ਲੀਡਰ ਵੀ ਰਲੇ ਹੋਏ ਨੇ।

ਜਿਹੜਾ ਪਹਿਲਾਂ ਹੀ ਰੱਬੀ ਗੁਣਾਂ ਦਾ ਵਿਰਸਾ ਹੋਵੇ, ਉਸਨੂੰ ਵਿਰਸਾ ਘੋਸ਼ਿਤ ਕਰਨ ਵਾਲਾ ਜਾਂ ਤਾਂ ਗਿਆਨ ਤੋਂ ਸਖਣਾਂ ਹੈ, ਜਾਂ ਸਿੱਖੀ ਸਿਧਾਂਤ ਤੋਂ। ਸਿੱਖੀ ਦੀ ਆਪਣੀ ਪ੍ਰਭੂਸੱਤਾ ਅਤੇ ਆਪਣੀ ਵਖਰੀ ਹੋਂਦ ਹੀ ਉਸ ਦਾ ਕੀਮਤੀ ਵਿਰਸਾ (ਹੈਰੀਟੇਜ) ਹੈ। ਉਸਨੂੰ ਕਿਸੇ ਸਰਕਾਰ ਅਤੇ ਵਿਅਕਤੀ ਵਲੋਂ ਦਿੱਤੇ ਗਏ, ਕਿਸੇ ਵਿਰਸੇ ਦੀ ਜ਼ਰੂਰਤ ਨਹੀਂ ਹੈ। ਸਾਨੂੰ ਗੁਰੂਆਂ ਦੇ ਬਖਸ਼ੇ "ਵਿਰਸੇ" ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜਰੂਰਤ ਹੈ, ਨਾ ਕਿ ਕਿਸੇ ਦੀ ਦਿੱਤੀ ਸਰਕਾਰੀ ਖੈਰਾਤ ਦੀ ਜ਼ਰੂਰਤ ਹੈ। ਜੋ ਪਹਿਲਾਂ ਹੀ ਭਰਪੂਰ ਹੈ, ਜੋ ਪਹਿਲਾਂ ਹੀ ਵਡਿਆਈ ਦਾ ਖਜਾਨਾਂ ਹੈ, ਉਸ ਨੂੰ ਹੋਰ ਕਿਸੇ ਦੀ ਵਡਿਆਈ ਦੀ ਕੀ ਜ਼ਰੂਰਤ?

ਸ੍ਰੀ ਦਰਬਾਰ ਸਾਹਿਬ ਨੂੰ ਸਰਕਾਰੀ ਕਬਜ਼ੇ ਅਤੇ ਨਿਅੰਤਰਣ ਵਿੱਚ ਹਮੇਸ਼ਾਂ ਲਈ ਜਾਣ ਤੋਂ ਬਚਾਉਣ ਲਈ, ਵੱਧ ਤੋਂ ਵੱਧ ਇਹ ਪਟੀਸ਼ਨ ਸਾਈਨ ਕਰੋ ਜੀ, ਬਾਅਦ 'ਚ ਪਛਤਾਇਆਂ ਕੁੱਝ ਨਹੀਂ ਜੇ ਹੋਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top