Share on Facebook

Main News Page

ਅਕਾਲ ਪੁਰਖ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਕੁਛ ਵੀਰਾਂ ਵਲੋਂ ਅਕਸਰ ਇਹ ਸ਼ੰਕੇ ਸਵਾਲ ਰੂਪ ਵਿੱਚ ਆਉਂਦੇ ਰਹਿੰਦੇ ਹਨ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਭੀ ਕੁਛ ਹਿੰਦੂ ਦੇਵੀ ਦੇਵਤਿਆਂ ਅਵਤਾਰਾਂ ਦੇ ਵਰਤੇ ਜਾਂਦੇ ਨਾਮ ਆਉਂਦੇ ਹਨ, ਜਿਹਨਾ ਤੋਂ ਜਾਪਦਾ ਹੈ ਕਿ ਉਹਨਾ ਨੂੰ ਅਕਾਲ ਪੁਰਖ ਦੇ ਜੇਹਾ ਹੀ ਮੰਨਿਆ ਗਿਆ ਹੈ, ਇਸ ਭੋਲੇ ਭਾਏ ਪੈਦਾ ਹੋਣ ਵਾਲੇ ਸੰਕੇ ਦੀ ਨਵਿਰਤੀ ਲਈ ਗੁਰਬਾਣੀ ਦੇ ਅਧਾਰ 'ਤੇ ਜੋ ਗੁਰੂ ਨੇ ਬਖਸ਼ਿਆ, ਉਹ ਵੀਚਾਰ ਪੇਸ਼ ਕਰ ਰਿਹਾ ਹਾਂ।

ਜੋ ਦੀਸੈ ਸੋ ਸਗਲ ਬਿਨਾਸੈ...
ਨਿਰ ਅਕਾਰ, ਅਕਾਰ ਰਹਿਤ, ਨਾ ਦਿਸਨ ਵਾਲਾ, {ਨਿਰੰਕਾਰ}, ਅਬਿਨਾਸ਼ੀ, ਹਮੇਸ਼ ਰਹਿਨ ਵਾਲਾ ਹੀ ਅਕਾਲ ਪੁਰਖ ਹੈ।

ਉਹ ਅਬਿਨਾਸੀ ਰਾਇਆ..., ਨਾ ਓਹੁ ਮਰੈ ਨ ਹੋਵੈ ਸੋਗੁ..., ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ... ਨਿਰ ਅਕਾਰ ਨਾ ਦਿਸਨ ਵਾਲਾ ਹੋਣ ਕਰਕੇ ਉਸਦੀ ਕੋਈ ਫੋਟੋ ਬੁਤ ਆਦਿਕ ਨਹੀਂ ਹੈ।

ਸਮੇਂ, ਸਥਾਨ ਦੇ ਬੰਧਨ ਤੋਂ ਮੁਕਤ ਉਹ ਅਕਾਲ ਪੁਰਖ ਹੈ। ਉਸਦਾ ਰੂਪ ਰੇਖ ਅਕਾਰ ਕੁਛ ਨਹੀਂ, ਉਹ ਰੂਪ ਰੇਖ ਤੋਂ ਨਿਆਰਾ ਹੈ।

ਸਲੋਕੁ ॥ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥1॥

ਗੁਰਬਾਣੀ ਅਨੁਸਾਰ ਸਮਝਣ ਵਾਲਾ ਵਿਸ਼ਾ ਇਹ ਹੈ ਕਿ ਪ੍ਰਥਮ ਉਹ ਅਕਾਲ ਪੁਰਖ ਨਿਰਗੁਣ ਹੈ, ਅਤੇ ਉਸ ਨਿਰਗੁਣ ਤੋਂ ਹੀ ਬਾਅਦ ਵਿੱਚ ਬਹੁ ਰੂਪੀ ਸਰਗੁਣ ਸੰਸਾਰ ਪੈਦਾ ਹੋਇਆ ਹੈ, ਪਰ ਪ੍ਰਥਮ ਨਿਰਗੁਣ ਅਕਾਲ ਪੁਰਖ ਇਕੋ ਇਕ ਨਿਆਰਾ ਹੈ।

ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥
ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥
ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥
ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ
॥2॥

ਜੋਤੀ ਸਰੂਪ ਅਕਾਲ ਪੁਰਖ ਦੀ ਜੋਤ ਸਾਰੇ ਦਿਸਨ ਵਾਲੇ ਬ੍ਰਹਿਮੰਡ, ਸਾਰੀ ਕੁਦਰਤ ਵਿੱਚ ਸਾਰੇ ਜੀਵਾਂ ਪਸੂ ਪੰਛੀਆਂ ਵਿੱਚ ਵਰਤ ਰਹੀ ਹੈ।

ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥1॥
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥


ਉਸ ਵਿੱਚ ਹਿੰਦੂ ਮੱਤ ਦੇ ਦੇਵੀ ਦੇਵਤੇ, ਅਵਤਾਰ ਭੀ ਸ਼ਾਮਲ ਹਨ ਕਿਉਂਕੇ ਹਿੰਦੂ ਮਿਥਿਹਾਸ ਮੁਤਾਬਕ ਹਿੰਦੂਆਂ ਵਲੋਂ ਸਭ ਦੇਵੀ ਦੇਵਤੇ ਦੇਹ ਧਾਰੀ ਦਿਸਣ ਵਾਲੇ ਉਨ੍ਹਾਂ ਦੀਆਂ ਮੂਰਤਾਂ ਫੋਟੋ ਬੁੱਤ ਬਨਾਏ ਜਾਂਦੇ ਹਨ। ਖੂਨ ਪੀਣੇ, ਸ਼ਰਾਬ ਪੀਣੇ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ 'ਤੇ ਸਵਾਰ ਅਤੇ ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਦਿਖਾਏ ਜਾਂਦੇ ਹਨ।

ਉਹ ਹੋਏ ਭੀ ਹਨ ਜਾਂ ਨਹੀਂ, ਇਹ ਇਕ ਵੱਖਰਾ ਮਸਲਾ ਹੈ, ਪਰ ਜੇ ਹੋਏ ਭੀ ਹਨ ਤਾਂ

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ

ਸਭ ਜੋਤਿ ਤੇਰੀ ਜਗਜੀਵਨਾ” ਅਨੁਸਾਰ ਉਹਨਾ ਦੇ ਅੰਦਰ ਜੀਵਨ ਸਮੇਂ ਦੇ ਬੰਧਨ ਵਿੱਚ ਜੋਤੀ ਦੀ ਜੋਤ ਵਰਤ ਰਹੀ ਸੀ, ਉਹ ਜੋਤ ਜੀਵਨ ਸਮੇਂ ਦੇ ਬੰਧਨ ਵਿੱਚ ਸਾਡੇ ਤੁਹਾਡੇ ਸਭ ਅੰਦਰ ਭੀ ਵਰਤ ਰਹੀ ਹੈ। ਗੁਰੂ ਆਖਦਾ ਹੈ, ਹੇ ਪ੍ਰਭੂ ਮੈਂ ਕਦੀ ਤੈਨੂੰ ਇਸ ਨਾਮ ਵਿੱਚ ਵਰਤ ਰਿਹਾ ਵੇਖਿਆ ਹੈ, ਕਦੀ ਕਿਸੇ ਹੋਰ ਵਿੱਚ ਤੂੰ ਵੱਖ ਵੱਖ ਨਾਵਾਂ ਵਿੱਚ ਵਰਤ ਰਿਹਾ ਹੈ “ਸਭ ਮਹਿ ਜੋਤਿ ਜੋਤਿਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥” ਪਰ “ਜੋ ਦੀਸੈ ਸੋ ਸਗਲ ਬਿਨਾਸੈ” ਗੁਰਬਾਣੀ ਫੈਸਲੇ ਅਨੁਸਾਰ ਦਿਸਣ ਵਾਲੀ ਕੋਈ ਭੀ ਵਸਤੂ ਜਾਂ ਵਿਅਕਤੀ ਹਮੇਸ਼ਾਂ ਨਹੀਂ ਰਹਿਂਦਾ। “ਜੋ ਦੀਸੈ ਸੋ ਸਗਲ ਬਿਨਾਸੈ” ਇਸੇ ਲਈ ਹਿੰਦੂ ਮਿਥਿਹਾਸ ਦੇ ਭਗਵਾਨ ਹਮੇਸ਼ਾ ਨਹੀਂ, ਅਬਿਨਾਸ਼ੀ ਨਹੀਂ ਹਨ। ਉਹਨਾ ਦੀਆਂ ਦੇਹਾਂ ਸ਼ਕਲਾਂ ਬਸਤਰ ਪੈਦਾ ਹੋਣ ਦੇ ਸਮੇਂ ਵੱਖ ਵੱਖ ਅਤੇ ਸੀਮਾ ਵਿੱਚ ਹਨ। ਕ੍ਰਿਸ਼ਨ ਦੁਆਪਰ ਵਿੱਚ ਹੋਏ, ਤਰੇਤੇ ਵਿੱਚ ਨਹੀਂ, ਰਾਮ ਚੰਦਰ ਤਰੇਤੇ ਵਿੱਚ ਹੋਏ, ਦੁਆਪਰ ਵਿੱਚ ਨਹੀਂ, ਪਰ ਗੁਰਬਾਣੀ ਅਨੁਸਾਰ ਅਕਾਲ ਪੁਰਖ “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥” ਹੈ, ਇਸ ਲਈ ਅਸੀਂ, ਤੁਸੀਂ, ਦੇਵੀ ਦੇਵਤੇ, ਅਵਤਾਰ, ਅਕਾਲ ਪੁਰਖ ਨਹੀਂ ਆਖੇ ਜਾ ਸਕਦੇ।

ਗੁਰਬਾਣੀ ਅਨੁਸਾਰ:

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ

ਦਸ ਅਵਤਾਰੀ ਰਾਮੁ ਰਾਜਾ ਆਇਆ

ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥  ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ

ਇਹ ਕ੍ਰਿਸ਼ਨ, ਰਾਮ ਚੰਦਰ, ਮਹਾਦੇਵ ਆਦਿਕ ਜੇ ਦੇਵਤੇ ਜਾਂ ਅਵਤਾਰ ਹੋਇ ਹਨ, ਇਹਨਾ ਵਿੱਚ ਜੀਵਨ ਕਾਲ ਅੰਦਰ ਜੋਤੀ ਦੀ ਜੋਤ ਵਰਤੀ, ਪਰ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕੇ।

ਫਿਰ ਦੁਹਰਾ ਦੇਵਾਂ ਜੋਤ ਤਾਂ ਸਾਡੇ ਤੁਹਾਡੇ ਸਾਰਿਆਂ ਵਿੱਚ ਵਰਤ ਰਹੀ ਹੈ, ਉਧ੍ਹਾਰਨ ਵਜੋਂ - ਜੋਤ ਤਾਂ ਕਿਰਪਾਲ ਸਿੰਘ (ਕਾਲਪਨਿਕ ਨਾਮ) ਵਿੱਚ ਭੀ ਵਰਤ ਰਹੀ ਹੈ।

ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥” ਪਰ ਪ੍ਰਥਮ ਕਿਰਪਾਲ ਸਿੰਘ ਸਿਮਰ ਕੇ, ਤਾਂ ਨਹੀਂ ਆਖਿਆ ਜਾ ਸਕਦਾਬਸ ਇਸੇ ਤਰ੍ਹਾਂ ਹਿੰਦੂ ਮਿਥਿਹਾਸ ਮੁਤਾਬਕ ਜਿਤਨੇ ਨਾਮ ਦੇਵੀ ਦੇਤਿਆਂ ਦੇ ਆਏ ਹਨ, ਭਗਉਤੀ, ਦੁਰਗਾ ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੇ, ਨਾਰਾਇਣ, ਗੋਪਾਲ, ਚਤਰਭੁਜ, ਗੋਵਰਧਨ, ਆਦਿ ਉਹਨਾਂ ਸਭ ਨੂੰ ਦੇਹ ਵਿੱਚ ਦਿਖਾਇਆ ਗਿਆ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਉਹਨਾਂ ਦਾ ਨਾਮ ਲੈ ਕੇ, ਇਹ ਦੱਸਿਆ ਗਿਆ ਹੈ, ਕਿ ਹੇ ਅਕਾਲ ਪੁਰਖ ਸਭ ਦੇ ਘੱਟ ਘੱਟ ਵਿੱਚ ਤੂੰ ਹੀ ਜੋਤ ਰੂਪ ਹੋ ਕੇ ਵਰਤਿਆ ਹੈਂ, ਪਰ ਸਭ ਵਿੱਚ ਵਰਤਦਿਆਂ ਹੋਇਆਂ ਭੀ ਤੂੰ ਸਭ ਰੂਪ ਰੇਖ ਤੋਂ ਨਿਆਰਾ ਹੈਂ। ਇਸ ਗੁਰਬਾਣੀ ਸਿਧਾਂਤ ਨੂੰ ਸਮਝ ਕੇ ਹੁਣ ਇਹ ਸਾਰਾ ਸ਼ਬਦ ਧਿਆਨ ਨਾਲ ਪੜ੍ਹੋ:

ਮਾਰੂ ਮਹਲਾ ੫ ॥ ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥ ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥ ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥ ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥ {ਪੰਨਾ 1082}

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ ਆਦਿ ਜੋ ਇਹ ਹੋਏ ਹਨ, ਤਾਂ ਇਹਨਾ ਵਿੱਚ ਸਾਡੇ ਤੁਹਾਡੇ ਤਰ੍ਹਾਂ ਜੋਤ ਵਰਤੀ ਹੈ, ਇਹ ਜੋਤੀ ਅਕਾਲ ਪੁਰਖ ਨਹੀਂ ਹਨ। ਕਿਉਂਕਿ ਇਹ ਸਮੇ ਨਾਲ ਆਏ ਤੇ ਚਲੇ ਗਏ, ਪਰ ਅਕਾਲ ਪੁਰਖ ਅਬਿਨਾਸ਼ੀ ਹੈ। ਜਦੋਂ ਅਸੀਂ ਤੁਸੀਂ ਦੇਵੀ ਦੇਵਤੇ ਧਰਤੀ ਆਸਮਾਨ ਨਹੀਂ ਸਨ, ਉਸ ਵਕਤ ਬੱਸ ਗੁਰਬਾਣੀ ਅਨੁਸਾਰ ਪ੍ਰਥਮ ਕੇਵਲ ਅਕਾਲ ਪੁਰਖ ਹੀ ਹੈ

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ

ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥
ਜਬ ਪੂਰਨ ਕਰਤਾ ਪ੍ਰਭੁ ਸੋਇ ॥ ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥
ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥
ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥
ਆਪਨ ਆਪ ਆਪ ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ
॥੩॥

ਉਸ ਤੋਂ ਬਾਅਦ ਅਕਾਲ ਪੁਰਖ ਵਲੋਂ ਇਹ ਸਾਰਾ ਪਸਾਰਾ ਪਰਪੰਚ ਸੰਸਾਰ, ਕੁਦਰਤ, ਦੇਵੀ, ਦੇਵਤੇ, ਰਾਖਸ਼ਸ, ਅਸੀਂ, ਤੁਸੀਂ, ਮਾਇਆ ਦਾ ਪਸਾਰਾ ਸਭ ਰਚਿਆ ਗਿਆ।

ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥
ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥
ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਯ੍ਯਾਨ ॥
ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ
॥੭॥

ਇਸ ਲਈ ਇਸ ਪਸਾਰੇ ਨੂੰ ਪ੍ਰਥਮ ਜਾਂ ਅਕਾਲ ਪੁਰਖ ਨਹੀਂ ਆਖਿਆ ਜਾ ਸਕਦਾ। ਪ੍ਰਥਮ ਅਕਾਲ ਪੁਰਖ ਹੀ ਹੈ ਅਤੇ ਰਹੇਗਾ।

ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥  ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top