ਅਜੀਤ ਅਖਬਾਰ ਦੇ ਕਪੂਰਥਲਾ ਸਪਲੀਮੈਂਟ ਵਿੱਚ 24 ਜੂਨ 2015 ਨੂੰ
ਪ੍ਰਕਾਸ਼ਿਤ ਹੋਈ ਇਸ ਖਬਰ ਅਨੁਸਾਰ ਨਡਾਲਾ (ਕਪੂਰਥਲਾ) ਵਿਖੇ ਇੱਕ ਸਿੱਖ ਪ੍ਰਚਾਰਕ ਵਲੋਂ
ਵਰਤੇ ਗਏ ਕਥਿੱਤ ਇਤਰਾਜਯੋਗ ਸ਼ਬਦਾਂ ਬਾਰੇ ਮਸਲਾ ਸੁਲਝਾ ਲਿਆ ਗਿਆ ਹੈ। ਕਿਉਂਕਿ ਇਹ
ਪ੍ਰਚਾਰਕ ਭਾਈ ਵਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸੀ, ਇਸ ਲਈ ਕਮੇਟੀ ਵਲੋਂ ਭੇਜੀ
ਗਈ ਟੀਮ ਨੇ ਸਾਰੀਆਂ ਧਿਰਾਂ ਨੂੰ ਬਿਠਾ ਕੇ ਉਕਤ ਪ੍ਰਚਾਰਕ ਕੋਲੋਂ ਮਾਫੀ ਮੰਗਵਾਈ ਹੈ ਕਿ
ਉਹ ਭਵਿੱਖ ਵਿੱਚ ਕਦੇ ਵੀ ਦੂਜੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣ ਦੇਵੇਗਾ।
ਦੂਜੀ ਧਿਰ ਦੇ ਆਗੂਆਂ ਨੇ ਵੀ ਕਮੇਟੀ ਨੂੰ ਭਵਿੱਖ ਵਿੱਚ ਅਜਿਹੀ ਗਲਤੀ
ਦੁਬਾਰਾ ਨਾ ਹੋਣ ਦੇਣ ਦੀ ਗਾਰੰਟੀ ਕਮੇਟੀ ਦੇ ਆਗੂਆਂ ਕੋਲੋਂ ਲਈ ਹੈ।
ਵੈਸੇ
ਇਸ ਘਟਨਾਕ੍ਰਮ ਦੇ ਦੁਖਾਂਤ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਕਿਸੇ ਵੀ
ਪੰਥਕ ਧਿਰ, ਕਹਿੰਦੀਆਂ ਕਹਾਉਂਦੀਆਂ ਪੰਥਕ ਜਥੇਬੰਦੀਆਂ, ਸਤਿਕਾਰ ਕਮੇਟੀਆਂ ਆਦਿਕ ਕਿਸੇ ਨੇ
ਵੀ ਇੱਕ ਸਿੱਖ ਪ੍ਰਚਾਰਕ ਨਾਲ ਹੋਏ ਧੱਕੇ ਬਾਰੇ ਜੁਬਾਨ ਤੱਕ ਨਹੀਂ ਸੀ ਖੋਲੀ। ਕਿਸੇ
ਨੇ ਵੀ ਇਸ ਪ੍ਰਚਾਰਕ ਦੇ ਹੱਕ ਵਿੱਚ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ। ਦੂਜੀ ਧਿਰ ਹਰ ਰੋਜ਼
ਇਸ ਪ੍ਰਚਾਰਕ ਵਿਰੁੱਧ ਧਰਨੇ ਮੁਜਾਹਰੇ ਕਰਦੀ ਸੀ, ਪਰ ਗੁਰਦੁਆਰਾ
ਕਮੇਟੀ ਦੇ ਅਹੁਦੇਦਾਰ ਖੁੱਦ ਇਸ ਪਰਚਾਰਕ ਨੂੰ ਗਲਤ ਸਾਬਤ ਕਰਨ 'ਤੇ ਤੁਲੇ ਹੋਏ ਸਨ। ਅਜਿਹੇ
ਵਿੱਚ ਤੁਸੀਂ ਕਿਸ ਕਿਸਮ ਦੇ ਗੁਰਮਤਿ ਪ੍ਰਚਾਰ ਦੀ ਉਮੀਦ ਕਰ ਸਕਦੇ ਹੋ?
ਅਸੀਂ ਅਕਸਰ ਕਹਿੰਦੇ ਹਾਂ ਕਿ ਪ੍ਰਚਾਰਕ ਸਾਡੀ ਕੌਮ ਦਾ ਸਰਮਾਇਆ ਹਨ,
ਪਰ ਜੇਕਰ ਪੂਰੀ ਸਿੱਖ ਕੌਮ ਹੀ ਉਸ ਵਲੋੰ ਬਿਪਤਾ ਵੇਲੇ ਮੂੰਹ ਮੋੜ ਲਵੇ ਤਾਂ ਉਸ ਪਰਚਾਰਕ
ਦਾ ਈਮਾਨ ਕਿਥੋਂ ਤੱਕ ਬਚਿਆ ਰਹਿ ਸਕਦਾ ਹੈ। ਪਹਿਲਾਂ ਵੀ ਮਾਲਵੇ ਇਲੱਕੇ ਵਿੱਚ ਸਿੱਖ
ਪ੍ਰਚਾਰਕਾਂ ਨੂੰ ਮੁਆਫੀ ਮੰਗ ਕੇ ਜਾਨ-ਖਲਾਸੀ ਕਰਨੀ ਪਈ ਸੀ।
ਲੱਗਦੈ, ਸਾਡੀ ਕੌਮ ਘੂਕ ਤਾਂ ਕੀ, ਹੁਣ ਕਦੇ ਨਾ ਜਾਗਣ ਵਾਲੀ ਨੀਂਦੇ
ਸੌਂ ਗਈ ਹੈ। ਹਰ ਕਿਸੇ ਨੂੰ ਬੱਸ ਆਪਣੀ ਚੌਧਰ ਨਾਲ ਹੀ ਮਤਲਬ ਰਹਿ ਗਿਆ ਹੈ। ਗੁਰੂ ਦੀ ਗੱਲ
ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਰਿਹਾ, ਜਾਂ ਇਹ ਰੱਖਣਾ ਹੀ ਨਹੀਂ ਚਾਹੁੰਦੇ।
ਪਰਚਾਰਕਾਂ ਲਈ ਵੀ ਹੁਣ ਦੋ ਹੀ ਆਪਸ਼ਨਾਂ ਰਹਿ ਗਈਆਂ ਹਨ ਕਿ ਉਹਨਾਂ
ਨੇ ਆਪਣੇ ਗੁਰੂ ਦੀ ਗੱਲ ਕਰਨੀ ਹੈ ਜਾਂ ਆਪਣੀ ਕਮੇਟੀਆਂ ਦੇ ਕਹੇ ਅਨੁਸਾਰ ਚੱਲਣਾ ਹੈ। ਜਿਸ
ਤਰ੍ਹਾਂ ਦਾ ਮਾਹੌਲ ਪ੍ਰਚਾਰਕਾਂ ਨੂੰ ਅਸੀਂ ਦੇ ਰਹੇ ਹਾਂ, ਉਸ ਮੁਤਾਬਕ ਤਾਂ ਹੁਣ ਕੇਵਲ
ਦੂਜੀ ਆਪਸ਼ਨ ਹੀ ਸਾਰਥਿਕ ਰਹਿ ਗਈ ਲੱਗਦੀ ਹੈ।
"ਹੁਣ
ਗੁਰਦੁਆਰਿਆਂ ਵਿੱਚ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਅਜਿਹੇ ਸ਼ਬਦਾਂ ਦੀ ਵਿਚਾਰ
ਕਦੇ ਨਹੀਂ ਹੋ ਸਕੇਗੀ, ਜਿਸ ਰਾਹੀਂ ਗੁਰੂ ਸਹਿਬਾਨ ਨੇ ਦੂਜੇ ਧਰਮਾਂ ਨਾਲ ਸਬੰਧਤ ਕੁਰੀਤੀਆਂ
ਨੂੰ ਬੇਬਾਕੀ ਨਾਲ ਉਜਾਗਰ ਕੀਤਾ ਹੈ। ਹੁਣ ਸ਼ਰਾਧਾ ਦੀ ਗੱਲ ਵੀ ਨਹੀਂ ਹੋਵੇਗੀ। ਵਰਤਾਂ ਬਾਰੇ
ਟਿੱਪਣੀ ਨਹੀਂ ਕਰ ਸਕੋਗੇ। ਆਸਾ ਕੀ ਵਾਰ ਦੀ ਵਿਚਾਰ ਤਾਂ ਹੁਣ ਹਰ ਕੋਈ ਆਪਣੇ ਪੱਧਰ ਤੇ ਕਰ
ਲਵੇ ਤਾਂ ਠੀਕ ਹੈ, ਗੁਰਦੁਆਰਿਆਂ ਵਿੱਚ ਹੁਣ ਇਸਦੀ ਇਜਾਜਤ ਮਿਲਣੀ ਨਾਮੁਮਕਿਨ ਹੈ।
ਭਗਤ ਬਾਣੀ ਖਾਸ ਕਰਕੇ ਭਗਤ ਕਬੀਰ ਜੀ ਅਤੇ
ਭਗਤ ਨਾਮਦੇਵ ਜੀ ਦੇ ਸ਼ਬਦਾਂ ਦੀ ਵਿਚਾਰ ਕਰਨੀ ਵੀ ਹੁਣ ਦੂਰ ਦੀ ਗੱਲ ਹੋਵੇਗੀ।
ਹੁਣ ਜੇਕਰ ਤੁਸੀਂ ਗੁਰਦੁਆਰਿਆਂ ਅੰਦਰ ਦੂਜੇ ਧਰਮਾਂ ਦੇ ਦੇਵੀ
ਦੇਵਤਿਆਂ ਬਾਰੇ ਸਤਿਕਾਰ ਵਿੱਚ ਬੋਲਣਾ ਤਾਂ ਠੀਕ ਹੈ, ਪਰ ਗੁਰਬਾਣੀ ਦੇ ਕਹੇ ਅਨੁਸਾਰ
ਬਿਲਕੁੱਲ ਵੀ ਨਹੀਂ ਬੋਲ ਸਕੋਗੇ।"
ਕੀ ਸਾਡੇ ਕੌਮੀ ਵਿਦਵਾਨਾਂ ਕੋਲ ਏਨੀ ਕੁ
ਫੁਰਸਤ ਹੈ ਕਿ ਉਹ ਵਿਚਾਰ-ਚਰਚਾ ਕਰਵਾ ਕੇ ਇਹ ਨਿਰਣਾ ਲੈਣ ਕਿ ਕਿਸ ਤਰੀਕੇ ਨਾਲ ਕਾਨੂੰਨੀ
ਦਾਇਰੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਦੀ ਗੱਲ ਸਹੀ ਅਰਥਾਂ ਵਿੱਚ ਸੰਗਤ
ਸਨਮੁੱਖ ਪੇਸ਼ ਕੀਤੀ ਜਾ ਸਕੇ? ਵਰਤਮਾਨ ਬੰਦਸ਼ਾਂ ਵਾਲੇ ਮਾਹੌਲ ਕਾਰਣ ਕੀ ਹੁਣ
ਪਰਚਾਰਕਾਂ ਨੂੰ ਗੋਲ-ਮੋਲ ਗੱਲ ਕਰਨ ਤੇ ਮਜਬੂਰ ਹੋਣਾ ਪਿਆ ਕਰੇਗਾ? ਕੀ ਪਰਚਾਰਕਾਂ ਨੂੰ
ਕਾਨੂੰਨੀ ਮਦਦ ਦੇਣ ਦਾ ਕੋਈ ਏਜੰਡਾ ਕੌਮ ਦੇ ਕੋਲ ਹੈ?
ਨਾਮਵਰ ਵਿਦਵਾਨ ਡਾਕਟਰ ਗੁਰਸ਼ਰਣਜੀਤ ਸਿੰਘ ਨੇ ਇਸ ਵਿਵਾਦ ਤੇ ਟਿੱਪਣੀ
ਕਰਦਿਆਂ ਕਿਹਾ ਹੈ ਕਿ "ਉਹਨਾਂ ਅੱਜ ਤੋਂ 10 ਸਾਲ ਪਹਿਲਾਂ ਹੀ
ਇਹ ਲਿਖ ਕੇ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਗੁਰਬਾਣੀ ਕੇਵਲ
ਕੀਰਤਨ ਗਾਇਨ ਕਰਨ ਲਈ ਹੀ ਰਹਿ ਜਾਵੇਗੀ। ਗੁਰਬਾਣੀ ਵਿਆਖਿਆ ਉਪਰ ਆਉਣ ਵਾਲੇ ਸਾਲਾਂ ਵਿੱਚ
ਪਾਬੰਦੀ ਲੱਗ ਸਕਦੀ ਹੈ। ਵਿਚਾਰ ਦੇ ਨਾਮ ਤੇ ਕੇਵਲ ਗੋਲ ਮੋਲ ਡੰਗ ਟਪਾਊ ਗੱਲਾਂ ਹੀ ਰਹਿ
ਜਾਣਗੀਆਂ।"