ਗੁਰੂ
ਦੇ ਅਦਬ ਲਈ ਸਿੱਖ ਦਾ ਜੀਵਨ ਸਮਰਪਣ ਹੋਵੇ। ਸਿੱਖ ਦਾ ਗੁਰੂ, ਗੁਰੂ ਸ਼ਬਦ, ਗੁਰੂ ਦੀ ਰਸਨਾ
ਤੋਂ ਜਾਂ ਗੁਰੂ ਵਲੋਂ ਪ੍ਰਮਾਣਿਤ ਭਗਤਾਂ, ਭੱਟਾਂ, ਸਿੱਖਾਂ ਦੀ ਰਸਨਾ ਤੋਂ ਪ੍ਰਗਟ ਹੋਈ,
ਉਹ ਰੱਬੀ ਬਾਣੀ, ਜੋ ਗੁਰੂ ਵਲੋਂ ਆਪ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ,
ਉਸ ਗ੍ਰੰਥ ਨੂੰ ਗੁਰੂ ਗੱਦੀ ਦੇ ਕੇ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਰੂਪ ਵਿਚ ਗੁਰੂ ਸਿੰਘਾਸਣ ਦਿਤਾ, ਉਹ ਰੱਬੀ ਸਿਧਾਂਤ ਹੀ ਸਿੱਖ ਦਾ ਗੁਰੂ ਹੈ।
ਇਸ ਲਈ ਸ਼ਬਦ ਗੁਰੂ ਜਾਣ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦਾ ਹਮੇਸ਼ਾਂ
ਧਿਆਨ ਰੱਖਣਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ (ਸਾਹਮਣੇ) ਕਦੀ ਕਿਸੇ
ਹੋਰ ਗਰੰਥ, ਪੋਥੀ, ਜਾਂ ਕਿਸੇ ਦੇਹਧਾਰੀ ਸੰਤ ਸਾਧ ਦਾ ਆਸਣ ਨਹੀਂ ਲਾਇਆ ਜਾ ਸਕਦਾ।
ਗੁਰੂ ਜਾਮਿਆਂ ਦਾ ਨਾਮ ਵਰਤ ਕੇ ਪੱਥਰ ਜਾਂ ਕਾਗਜ਼ ਆਦਿ ਕਿਸੇ
ਕਿਸਮ ਦੀ ਮੂਰਤੀ ਦੀ ਪੂਜਾ ਨੂੰ ਮਾਨਤਾ ਨਹੀਂ ਦੇਣੀ।
ਸਿੱਖ ਦਾ ਗੁਰੂ ਇਕੋ ਇਕ ਸ੍ਰੀ ਗੁਰੂ
ਗ੍ਰੰਥ ਸਾਹਿਬ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਦੀ ਬਾਣੀ ਹੀ ਗੁਰਬਾਣੀ ਹੈ, ਇਸ ਲਈ ਗੁਰਬਾਣੀ ਗੁਰੂ ਦੇ ਬਰਾਬਰ ਸਮਝ ਕੇ, ਜਾਂ ਨਾਲ ਮਿਲਾਕੇ
ਕਿਸੇ ਹੋਰ ਗ੍ਰੰਥ ਪੋਥੀ ਦੀ ਰਚਨਾ ਨਹੀਂ ਪੜ੍ਹੀ ਜਾ ਸਕਦੀ।
ਮ: 4 ॥ ਗੁਰਸਿਖਾ ਕੈ ਮਨਿ ਭਾਵਦੀ
ਗੁਰ ਸਤਿਗੁਰ ਕੀ ਵਡਿਆਈ ॥ ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ ਗੁਰ
ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ॥ ਗੁਰ ਸਤਿਗੁਰ ਤਾਣੁ ਦੀਬਾਣੁ ਹਰਿ
ਤਿਨਿ ਸਭ ਆਣਿ ਨਿਵਾਈ ॥ ਜਿਨੀ ਡਿਠਾ ਮੇਰਾ ਸਤਿਗੁਰੂ ਭਾਉ ਕਰਿ ਤਿਨ ਕੇ ਸਭਿ ਪਾਪ
ਗਵਾਈ ॥ ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ ਜਨੁ ਨਾਨਕੁ ਮੰਗੈ ਧੂੜਿ ਤਿਨ
ਜੋ ਗੁਰ ਕੇ ਸਿਖ ਮੇਰੇ ਭਾਈ ॥2॥
ਜਦੋਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਓਥੇ
ਹੀ ਨਮਸ਼ਕਾਰ ਕਰਨੀ ਹੈ, ਹੋਰ ਮੰਜਿਆਂ, ਪੀੜ੍ਹਿਆਂ, ਨਿਸ਼ਾਨ
ਸਾਹਿਬਾਂ ਨੂੰ ਮੱਥਾ ਨਹੀਂ ਟੇਕਣਾ। ਪਰ ਦੂਜੇ ਪਾਸੇ
ਗੁਰੂ ਅਦਬ ਦੇ ਨਾਮ ਹੇਠ ਬਿਨਾ ਸੋਚੇ ਸਮਝੇ ਕੋਈ ਬੇਲੋੜਾ ਕਰਮ ਕਾਂਡ ਭੀ ਨਹੀਂ ਕਰਣਾ।