Share on Facebook

Main News Page

ਜਿਉ ਜੋਰੂ ਸਿਰਨਾਵਣੀ...
-: ਪ੍ਰੋ. ਕਸ਼ਮੀਰਾ ਸਿੰਘ USA

ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਉਚਾਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਪਰੋਕਤ 8 ਤੁਕਾਂ ਵਾਲ਼ੇ ਸ਼ਲੋਕ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਵਿਚਾਰਨਾ ਜ਼ਰੂਰੀ ਹੈ ਕਿ ਅਰਥ ਕਰਕੇ ਸੰਗਤਿ ਵਿੱਚ ਸੁਣਾਉਣ ਵਾਲ਼ਿਆਂ ਦੀ ਸਿੱਖਿਆ ਪ੍ਰਾਪਤੀ ਦਾ ਮੁੱਖ ਸ਼੍ਰੋਤ ਜਾਂ ਸੋਮਾ ਕਿਹੜਾ ਹੈ। ਜਿਹੜੇ ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਿੱਖਿਆ ਪ੍ਰਾਪਤੀ ਦਾ ਮੁੱਖ ਆਧਾਰ ਰੱਖਕੇ ਚਲਦੇ ਹਨ ਅਤੇ ਗੁਰਬਾਣੀ ਵਿਆਕਰਣ ਤੋਂ ਜਾਣੂੰ ਹਨ, ਉਹ ਇਸਤ੍ਰੀ ਜਾਤੀ ਦਾ ਪੂਰਾ ਸਨਮਾਨ ਕਰਦੇ ਹਨ ਜਿਵੇਂ ਕਿ ਗੁਰਬਾਣੀ ਵਿੱਚ { ਭੰਡਿ ਜੰਮੀਐ ਭੰਡਿ ਨਿਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥2॥ ਵਾਰ ਆਸਾ ਮਹਲਾ 1, ਅੰਕੁ 473} ਲਿਖਿਆ ਹੋਇਆ ਹੈ।

ਪਦ-ਅਰਥ: ਭੰਡਿ- ਇਸਤ੍ਰੀ ਰਾਹੀਂ, ਇਸਤ੍ਰੀ ਤੋਂ ਹੀ। ਜੰਮੀਐ- ਜਨਮ ਲਈਦਾ ਹੈ। ਨਿਮੀਐ- ਹਰ ਪ੍ਰਾਣੀ ਦਾ ਪਿੰਡੁ ਬਣਦਾ ਹੈ। ਮੰਗਣੁ- ਮੰਗਣਾਂ ਹੋਣਾਂ, ਕੁੜਮਾਈ। ਭੰਡਹੁ ਹੋਵੈ ਰਾਹੁ- ਸੰਸਾਰ ਦੀ ਮਨੁੱਖ ਜ਼ਾਤੀ ਦੀ ਪੈਦਾਇਸ਼ ਦਾ ਢੰਗ। ਭੰਡੁ- ਇਸਤ੍ਰੀ। ਭੰਡੁ ਭਾਲੀਐ- ਪਹਿਲੀ ਦੇ ਚਲਾਣੇ ਮਗਰੋਂ ਹੋਰ ਇਸਤ੍ਰੀ ਦੀ ਭਾਲ਼ ਕੀਤੀ ਜਾਂਦੀ ਹੈ । ਬੰਧਾਨੁ- ਇਸਤ੍ਰੀ ਤੋਂ ਹੀ ਅਗਾਂਹ ਹੋਰਨਾਂ ਨਾਲ਼ ਰਿਸ਼ਤੇਦਾਰੀ ਬਣਦੀ ਹੈ। ਭੰਡਹੁ ਹੀ ਭੰਡੁ ਊਪਜੈ- ਇਸਤ੍ਰੀ ਹੀ ਹੋਰ ਇਸਤ੍ਰੀ ਨੂੰ ਜਨਮ ਦਿੰਦੀ ਹੈ। ਭੰਡੈ ਬਾਝੁ ਨ ਕੋਇ- ਇਸਤ੍ਰੀ ਤੋਂ ਬਿਨਾਂ ਮਨੁੱਖ ਜ਼ਾਤੀ ਦੀ ਹੋਂਦ ਨਹੀਂ। ਭੰਡੈ ਬਾਹਰਾ ਏਕੋ ਸਚਾ- ਕੇਵਲ ਪ੍ਰਭੂ ਪਰਮੇਸ਼ਰ ਹੀ ਜਨਮ ਤੋਂ ਰਹਿਤ ਹੈ। ਜਿਤੁ ਮੁਖਿ- ਜਿਸ ਵੀ ਮੂੰਹ ਨਾਲ਼ ਭਾਵੇਂ ਉਹ ਮਰਦ ਹੋਵੇ ਜਾਂ ਇਸਤ੍ਰੀ। ਭਾਗਾ ਰਤੀ ਚਾਰਿ- ਸਿਫ਼ਤਿ ਸਾਲਾਹ ਵਾਲ਼ਾ ਉਹ ਮੂੰਹ ਭਾਗਾਂ ਵਾਲ਼ਾ ਹੁੰਦਾ ਹੈ । ਤੇ ਮੁਖ ਊਜਲੇ- ਓਹੀ ਮੁਖ (ਭਾਵੇਂ ਮਰਦ ਹੋਣ ਜਾਂ ਇਸਤ੍ਰੀਆਂ) ਸ਼ਾਬਾਸ਼ ਦੇ ਪਾਤ੍ਰ ਹੁੰਦੇ ਹਨ।

ਇੱਕ ਪ੍ਰਚਾਰਕ ਉਹ ਹਨ ਜੋ ਸਿੱਖੀ ਬਾਣੇ ਦੇ ਵਿਖਾਵੇ ਜਾਂ ਮਖੌਟੇ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ ਅਪ੍ਰਵਾਨਤ ਰਚਨਾਵਾਂ ਦੀ ਸਿੱਖਿਆ ਨੂੰ ਗੁਰਬਾਣੀ ਤੋਂ ਸ੍ਰੇਸ਼ਟ ਮੰਨ ਕੇ ਬਿੱਪਰਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਇਸਤ੍ਰੀ ਨੂੰ ਮਰਦ ਨਾਲੋਂ ਘਟੀਆ ਤੇ ਅਪਵਿੱਤ੍ਰ ਗਿਣਦੇ ਹਨ, ਤਾਂ ਜੁ ਸਿੱਖੀ ਵਿਚਾਰਧਾਰਾ ਨੂੰ ਢਾਹ ਲਾਈ ਜਾ ਸਕੇ, ਜਿਵੇਂ, ‘ਅਖੌਤੀ ਦਸਮ ਗ੍ਰੰਥ’ ਨੂੰ ਸਿੱਖਾਂ ਵਿੱਚ ਪ੍ਰਚਾਰਨ ਵਾਲ਼ਿਆਂ ਨੇ ‘ਅਖੌਤੀ ਦਸਮ ਗ੍ਰੰਥ’ ਵਿੱਚੋਂ ਬਿਪਰਵਾਦੀ ਸੋਚ ਵਾਲ਼ਾ ਖ਼ਿਆਲ ਇਹ ਪਹਿਲਾਂ ਹੀ ਪੜ੍ਹਿਆ ਹੋਇਆ ਹੈ ਕਿ ਮਹਾਕਾਲ਼ ਨੇ ਇਸਤ੍ਰੀ ਜਾਤੀ ਨੂੰ ਸਾਜ ਕੇ ਬਹੁਤ ਪਛਤਾਵਾ ਕੀਤਾ, ਕੁਝ ਪ੍ਰਮਾਣ ਅਖੌਤੀ ਦਸਮ ਗ੍ਰੰਥ ਵਿੱਚੋਂ ਇਉਂ ਹਨ-

(1). ਅਖੌਤੀ ਦਸਮ ਗ੍ਰੰਥ ਪੰਨਾਂ 635 ਤੋਂ 709: ਅਥ ਰੁਦ੍ਰ ਅਵਤਾਰ ਕਥਨੰ- ਰਿਸ਼ੀ ਅਤ੍ਰੀ ਦੀ ਇਸਤ੍ਰੀ ਨੇ ਰਿਸ਼ੀ ਦਾ ਧਿਆਨ ਧਰ ਕੇ ਦੋਵੇਂ ਹੱਥਾਂ ਨੂੰ ਆਪਸ ਵਿੱਚ ਰਗੜਿਆ ਤਾਂ ਦੱਤ ਪੁੱਤ੍ਰ ਪੈਦਾ ਹੋ ਗਿਆ (ਛੰਦ ਨੰਬਰ 34)। ਅਜਿਹਾ ਲਿਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਉਲ਼ਟ ਹੈ ਅਤੇ ਇਸਤ੍ਰੀ ਜਾਤੀ ਨੂੰ ਮਿਲ਼ੇ ਉੱਤਪਤੀ ਦੇ ਅਧਿਕਾਰ ਦੀ ਨਿਰਾਦਰੀ ਤੇ ਮਖ਼ੌਲ-ਬਾਜ਼ੀ ਹੈ।

(2). ਅੰਤ ਤ੍ਰਿਯਨ ਕੇ ਕਿਨੂ ਨਾ ਪਾਯੋ। ਬਿਧਨਾ ਸਿਰਜਿ ਬਹੁਰਿ ਪਛਤਾਯੋ। - ਅਖੌਤੀ ਦਸਮ ਗ੍ਰੰਥ ਪੰਨਾਂ 1267
ਅਰਥ ਭਾਵ- ਇਸਤ੍ਰੀ ਸਾਜ ਕੇ ਬਿਧਨਾ (ਮਹਾਕਾਲ਼) ਬਹੁਤ ਪਛੁਤਾਇਆ। ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਸ੍ਰਿਸ਼ਟੀ ਦਾ ਕਰਤਾ ਦੁਰਗਾ ਅਤੇ ਮਹਾਕਾਲ ਨੂੰ ਮੰਨਦੇ ਹਨ, ਅਕਾਲ ਪੁਰਖ ਨੂੰ ਨਹੀਂ।

(3). ਇਨ ਇਸਤ੍ਰਿਨ ਕੇਟ ਚਰਿਤ੍ਰ ਅਪਾਰਾ। ਸਾਜਿ ਪਛੁਤਾਨਯੋ ਇਨ ਕਰਤਾਰਾ। - ਅਖੌਤੀ ਦਸਮ ਗ੍ਰੰਥ ਪੰਨਾਂ 1278
ਅਰਥ ਭਾਵ- ਕਰਤਾਰਾ (ਮਹਾਂਕਾਲ਼) ਵੀ ਇਸਤ੍ਰੀ ਸਾਜ ਕੇ ਬਹੁਤ ਪਛੁਤਾਇਆ। ਇਸਤ੍ਰੀਆਂ ਦੇ ਕ੍ਰੋੜਾਂ ਚਲਿੱਤ੍ਰ ਹਨ।

(4). ਚੰਚਲਾਨ ਕੇ ਚਰਿਤ੍ਰ ਅਪਾਰਾ। ਚਕ੍ਰਿਤ ਰਹਾ ਕਰਿ ਕਰਿ ਕਰਤਾਰਾ। - ਅਖੌਤੀ ਦਸਮ ਗ੍ਰੰਥ ਪੰਨਾਂ 1351
ਅਰਥ ਭਾਵ- ਕਰਤਾਰ ਇਸਤ੍ਰੀ ਨੂੰ ਸਾਜ ਕੇ ਬਹੁਤ ਹੈਰਾਨ ਪਰੇਸ਼ਾਨ ਹੋਇਆ।

ਨੋਟ: ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਦਾ ਪੂਜਨੀਕ ਸ੍ਰਿਸ਼ਟੀ ਕਰਤਾ ਦੇਹਧਾਰੀ ਦੇਵਤਾ ਮਹਾਕਾਲ਼ ਹੈ। ਅਖੌਤੀ ਦਸਮ ਗ੍ਰੰਥ ਅਨੁਸਾਰ ਮਹਾਕਾਲ਼ ਨੇ ਆਪਣੇ ਕੰਨਾਂ ਦੀ ਮੈਲ਼ ਤੋਂ ਸ੍ਰਿਸ਼ਟੀ ਰਚਨਾ ਕੀਤੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਖ਼ਸ਼ੇ ਸ੍ਰਿਸ਼ਟੀ ਰਚਨਾ ਦੇ ਸਿਧਾਂਤ ਤੋਂ ਉਲ਼ਟ ਕਿਰਿਆ ਹੈ।

ਪ੍ਰਮਾਣ ਵਜੋਂ ਪੜ੍ਹੋ- ਪ੍ਰਿਥਮ ਕਾਲ ਜਬ ਕਰਾ ਪਸਾਰਾ।--- ਏਕ ਸ਼੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੁਕੀਟਭ ਤਨ ਧਾਰਾ।---ਦੁਤੀਆ ਕਾਨ ਤੇ ਮੈਲ ਨਿਕਾਰੀ । ਤਾ ਤੇ ਭਈ ਸ੍ਰਿਸ਼ਟੀ ਸਭ ਸਾਰੀ।13। -ਪੰਨਾਂ ਦਸਮ ਗ੍ਰੰਥ 47

ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰਿਸ਼ਟੀ ਸਾਜਨਾ ਸੰਬੰਧੀ ਕੀ ਲਿਖਦੇ ਹਨ, ਜ਼ਰਾ ਇਹ ਵੀ ਪੜ੍ਹੋ-

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ ॥ - ਗਗਸ ਪੰਨਾਂ 19

ਅਰਥ- ‘ਸਾਚੇ ਤੇ’ ਸ਼ਬਦ ਕੀਮਤੀ ਹਨ। ਸੱਚੇ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਤੋਂ ਸ੍ਰਿਸ਼ਟੀ ਰਚਨਾ ਹੋਈ ਹੈ, ਦੇਹਧਾਰੀ ਦੇਵਤੇ ਤੋਂ ਨਹੀਂ। ਦੇਹਧਾਰੀ ਹੀ ਕੰਨਾਂ ਵਿੱਚੋਂ ਮੈਲ਼ ਕੱਢਦਾ ਹੈ ਤੇ ਪ੍ਰਭੂ ਅਕਾਲ ਪੁਰਖ ਕੋਈ ਦੇਹਧਾਰੀ ਨਹੀਂ ਹੈ। ਦੇਹਧਾਰੀ ਦੀ ਮੌਤ ਲਾਜ਼ਮੀ ਹੈ ਜਦੋਂ ਕਿ ਪ੍ਰਭੂ ਅਬਿਨਾਸ਼ੀ ਹੈ। ਪ੍ਰਭੂ ‘ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਪ੍ਰਮਾਣੀਕ ਅਤੇ ਸੱਚਾ ਹੈ ਕਿਉਂਕਿ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਹੀ ਦਮਦਮੀ ਬੀੜ ਨੂੰ ਗੁਰੂ ਗੱਦੀ ਬਖ਼ਸ਼ੀ ਸੀ ਤੇ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਸੀ। ਅਖੌਤੀ ਦਸਮ ਗ੍ਰੰਥ ਦਾ ਸ੍ਰਿਸ਼ਟੀ ਰਚਨਾ ਸੰਬੰਧੀ ਵਿਚਾਰ ਝੂਠਾ ਤੇ ਗਪੌੜੀ ਹੈ।

ਉਪਰੋਕਤ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਅਖੌਤੀ ਦਸਮ ਗ੍ਰੰਥ ਵਿੱਚ ਇਸਤ੍ਰੀ ਜਾਤੀ ਦੀ ਬਹੁਤ ਨਿਰਾਦਰੀ ਕੀਤੀ ਹੈ ਤੇ ਇਹੋ ਜਿਹੀ ਵਿਚਾਰਧਾਰਾ ਦੇ ਪ੍ਰਚਾਰਕ ਹੀ ਇਸਤ੍ਰੀ ਜਾਤੀ ਪ੍ਰਤੀ ਨਿਰਾਦਰੀ ਅਤੇ ਅਪਵਿੱਤ੍ਰਤਾ ਦੇ ਵਿਚਾਰ ਰੱਖ ਕੇ ਚਲਦੇ ਹਨ ਤੇ ਗੁਰਮਤਿ ਵਿਚਾਰਧਾਰਾ ਨੂੰ ਗੰਧਲ਼ਾ ਕਰਦੇ ਹਨ।

ਤੁਲਸੀ ਦਾਸ ਨੇ ਵੀ ਲਿਖਿਆ ਸੀ - ਢੋਲ ਗਵਾਰ ਸ਼ੂਦ੍ਰ ਅਰੁ ਨਾਰੀ। ਇਹ ਸਭ ਤਾੜਨ ਕੇ ਅਧਿਕਾਰੀ।

ਅਜਿਹੀ ਸੋਚ ਰਾਮ ਤੇ ਸ਼ਯਾਮ ਆਦਿਕ ਕਵੀਆਂ ਨੇ ‘ਅਖੌਤੀ ਦਸਮ ਗ੍ਰੰਥ’ ਵਿੱਚ ਵੀ ਵਰਤੀ ਹੈ, ਜਿੱਥੋਂ ਇਸ ਸੋਚ ਨੂੰ ਬਿੱਪਰਵਾਦੀ ਪ੍ਰਚਾਰਕਾਂ ਨੇ ਅਪਨਾ ਲਿਆ ਹੈ। ਅਜਿਹੇ ਪ੍ਰਚਾਰਕਾਂ ਅਤੇ ਅਜਿਹੇ ਪ੍ਰਚਾਰਕਾਂ ਨੂੰ ਕਥਾ ਲਈ ਸੱਦੇ ਭੇਜ ਰਹੀਆਂ ਪ੍ਰਬੰਧਕ ਕਮੇਟੀਆਂ ਨੂੰ ਪਛਾਣਨਾ ਜ਼ਰੂਰੀ ਹੈ ਤਾਂ ਜੁ ਸਿੱਖੀ ਵਿਚਾਰਧਾਰਾ ਨੂੰ ਲਾਈ ਜਾ ਰਹੀ ਢਾਹ ਨੂੰ ਰੋਕਿਆ ਜਾ ਸਕੇ।

ਅਰਥਾਂ ਸਮੇਤ ਵਿਚਾਰ ਅਧੀਨ ਪਾਵਨ ਪੰਕਤੀਆਂ ਇਹ ਹਨ-

ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ਜੂਠੈ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰ ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥


ਪਦ-ਅਰਥ: ਜੋਰੂ- ਇਸਤ੍ਰੀ। ਜੂਠੈ- ਝੂਠੇ ਪ੍ਰਾਣੀ ਦੇ। ਜੂਠਾ ਮੁਖਿ ਵਸੈ- ਮੂੰਹ ਵਿੱਚ ਝੂਠ ਹੀ ਵਸਿਆ ਰਹਿੰਦਾ ਹੈ।

ਅਰਥ- ਜਿਵੇਂ ਇਸਤ੍ਰੀ ਵਿੱਚ ਮਾਸਕ ਧਰਮ ਦੀ ਰੱਬੀ ਤੇ ਅਨੋਖੀ ਕਿਰਿਆ ਇਸਤ੍ਰੀ ਦੇ ਅੰਦਰੋਂ ਹੀ ਜਨਮ ਲੈਂਦੀ ਹੈ ਤਿਵੇਂ ਹੀ ਝੂਠੇ ਪ੍ਰਾਣੀ ਦੇ ਮੂੰਹ ਵਿੱਚ ਸਦਾ ਝੂਠ ਹੀ ਹੁੰਦਾ ਹੈ ਤੇ ਇਹ ਝੂਠ ਉਸ ਦੇ ਵਿਚਾਰਾਂ ਵਿੱਚੋਂ ਅੰਦਰੋਂ ਹੀ, ਮਾਸਕ ਧਰਮ ਦੀ ਤਰ੍ਹਾਂ, ਪੈਦਾ ਹੁੰਦਾ ਰਹਿੰਦਾ ਹੈ। ਝੂਠ ਬੋਲਣ ਨਾਲ਼ ਹੀ ਉਸ ਦੀ ਖ਼ੁਆਰੀ ਹੁੰਦੀ ਰਹਿੰਦੀ ਹੈ। ਮਾਸਕ ਧਰਮ ਦੀ ਕਿਰਿਆ ਨਾਲ਼ ਇਸਤ੍ਰੀ ਦਾ ਮਾਣ ਵਧਦਾ ਹੈ ਕਿਉਂਕਿ ਇਹ ਸੰਤਾਨ ਪ੍ਰਾਪਤੀ ਦੇ ਯੋਗ ਹੋਣ ਦੀ ਮੁਢਲੀ ਨਿਸ਼ਾਨੀ ਹੈ ਤੇ ਕਿਸੇ ਪ੍ਰਾਣੀ ਵਲੋਂ ਝੂਠ ਬੋਲਣ ਦੀ ਕਿਰਿਆ ਨਾਲ਼ ਸਮਾਜ ਵਿੱਚ ਖ਼ੁਆਰੀ ਹੁੰਦੀ ਹੈ। ਸ਼ਰੀਰ ਨੂੰ ਧੋ ਕੇ ਸਾਫ਼ ਬਸਤਰ ਪਹਿਨ ਕੇ ਬੈਠਣ ਵਾਲ਼ੇ- ਇਸਤ੍ਰੀਆਂ ਅਤੇ ਝੂਠੇ ਪ੍ਰਾਣੀ (ਸ਼ਲੋਕ ਵਿੱਚ ਵਿਚਾਰ ਅਧੀਨ) ਸ਼ਰੀਰਕ ਤੌਰ 'ਤੇ ਸੱਭ ਪਵਿੱਤ੍ਰ ਹਨ।

ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਸਮਝਾਉਣਾ ਚਾਹੁੰਦੇ ਹਨ ਕਿ ਆਤਮਕ ਤੌਰ ਤੇ ਉਹ ਹੀ ਪ੍ਰਾਣੀ ਪਵਿੱਤ੍ਰ ਹਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਪ੍ਰੀਤਮ ਦੀ ਹਰ ਵੇਲੇ ਯਾਦ ਬਣੀ ਰਹਿੰਦੀ ਹੈ। ਸਪੱਸ਼ਟ ਹੈ ਕਿ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨਣ ਵਾਲ਼ੇ ਸੱਭ ਸ਼ਰੀਰਕ ਤੌਰ 'ਤੇ ਪਵਿੱਤ੍ਰ ਹਨ, ਭਾਵੇਂ ਉਹ ਆਤਮਕ ਤੌਰ 'ਤੇ ਪਵਿੱਤ੍ਰ ਹਨ ਜਾਂ ਨਹੀਂ, ਭਾਵ, ਸ਼ਰੀਰਕ ਤੌਰ 'ਤੇ ਪਵਿੱਤ੍ਰ ਹੋਣ ਵਾਲ਼ੇ ਪ੍ਰਾਣੀ ਜ਼ਰੂਰੀ ਨਹੀਂ, ਕਿ ਉਹ ਆਤਮਕ ਤੌਰ 'ਤੇ ਵੀ ਪਵਿੱਤਰ ਹੋਣਗੇ ਬੇਸ਼ੱਕ ਉਹ ਕਿਸੇ ਵੀ ਰੂਪ ਵਿੱਚ ਪ੍ਰਚਾਰ ਵੀ ਕਰਦੇ ਹੋਣ।

ਨੋਟ: ਕੁਦਰਤੀ ਕਿਰਿਆ (ਪੀਰੀਅਡ) ਦੇ ਦਿਨਾ ਵਿੱਚ ਸ਼ਰੀਰ ਅਤੇ ਬਸਤਰਾਂ ਦੀ ਸਫ਼ਾਈ ਰੱਖਦੀ ਹਰ ਇਸਤ੍ਰੀ ਸੱਭ ਧਾਰਮਿਕ ਕੰਮਾਂ ਵਿੱਚ ਭਾਗ ਲੈ ਸਕਦੀ ਹੈ। ਗੁਰਬਾਣੀ ਵਿੱਚ, ਇੱਸ ਅਵਸਥਾ ਵਿੱਚ ਹੋਣ ਤੇ, ਇਸਤ੍ਰੀ ਉੱਪਰ ਕੋਈ ਧਾਰਮਿਕ ਪਾਬੰਦੀ ਨਹੀਂ ਲਗਾਈ ਗਈ। ਸਾਧਾਰਨ ਤੌਰ 'ਤੇ ਜੇ ਕਿਸੇ ਮਰਦ ਜਾਂ ਇਸਤ੍ਰੀ ਦਾ ਜਿਸਮ ਗਰਦਿ ਆਲੂਦ ਹੈ ਤੇ ਬਸਤਰ ਵੀ ਸਾਫ਼ ਨਹੀਂ (ਮੂਤ ਪਲੀਤੀ ਹਨ, ਭਾਵ, ਉਨ੍ਹਾਂ ਬਸਤਰਾਂ ਨਾਲ਼ ਵਾਰ ਵਾਰ ਰੈੱਸਟ ਰੂਮ ਵਰਤਿਆ ਗਿਆ ਹੈ ਜਾਂ ਉਂਝ ਹੀ ਮੈਲ਼ ਭਰੇ ਹਨ) ਤਾਂ ਉਹ ਸੰਗਤਿ ਵਿੱਚ ਭਾਵੇਂ ਬੈਠ ਸਕਣ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਉਨ੍ਹਾਂ ਬਸਤਰਾਂ ਨੂੰ ਪਹਿਨ ਕੇ ਬੈਠਦੇ ਸ਼ੋਭਾ ਨਹੀਂ ਪਾਉਂਦੇ, ਭਾਵੇਂ ਉਹ ਪ੍ਰਚਾਰਕ ਵੀ ਕਿਉਂ ਨਾ ਹੋਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top