Share on Facebook

Main News Page

ਨਨ੍ਹੀਂ ਛਾਂ ਸਤਬੀਰ ਬਣੀ ਨਸ਼ੱਈਆਂ ਲਈ ਪ੍ਰੇਰਨਾ ਸਰੋਤ
ਸਤਬੀਰ ਦੀ ਕਹਾਣੀ ਪੇਸ਼ ਕਰਦੀ ਹੈ ਮੱਦਰ ਇੰਡੀਆ ਫਿਲਮ ਵਾਲਾ ਦਰਦ
-: ਜਸਬੀਰ ਸਿੰਘ ਪੱਟੀ 09356024684

ਨਨ੍ਹੀਂ ਛਾਂ ਮੁਹਿੰਮ ਦੀ ਸਰਪ੍ਰਸਤ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕੇ ਬਠਿੰਡਾ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੀ ਮੁਟਿਆਰ ਸਤਬੀਰ ਕੌਰ ਨੇ ਇੱਕ ਵਾਰੀ ਫਿਰ ਜਿਥੇ ਮੱਦਰ ਇੰਡੀਆ ਫਿਲਮ ਦੀ ਯਾਦ ਨੂੰ ਤਾਜਾ ਕਰ ਦਿੱਤਾ ਹੈ, ਉਥੇ ਔਰਤ ਦੀ ਦੁਰਦਸ਼ਾ ਨੂੰ ਸਹੀ ਢੰਗ ਨਾਲ ਬਿਆਨ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਅਜ਼ਾਦੀ ਦੇ ਕਰੀਬ 68 ਵਰੇ ਬੀਤ ਜਾਣ ਦੇ ਬਾਵਜੂਦ ਵੀ ਔਰਤ ਨਾ ਤਾਂ ਸੁਰੱਖਿਅਤ ਹੈ ਅਤੇ ਨਾ ਹੀ ਅਜ਼ਾਦ ਹੈ ਸਗੋ ਉਸ ਨੂੰ ਪੇਟ ਭਰਨ ਲਈ ਕਈ ਪ੍ਰਕਾਰ ਦੇ ਝੰਜਟ ਕਰਨੇ ਪਏ ਰਹੇ ਹਨ ਜਿਸ ਤਰ੍ਹਾਂ ਮੱਦਰ ਇੰਡੀਆ ਫਿਲਮ ਵਿੱਚ ਨਰਗਿਸ ਨੂੰ ਮਿਹਨਤ ਮਜਦੂਰੀ ਕਰਦਿਆ ਵਿਖਾਇਆ ਗਿਆ ਤੇ ਉਸ ਦੀ ਜਿੰਦਗੀ ਦੀ ਸੱਚਾਈ ਹਰੇਕ ਦਰਸ਼ਕ ਦੇ ਚਿਹਰੇ ਤੇ ਇੱਕ ਵੱਖਰੀ ਕਿਸਮ ਦਾ ਦਰਦ ਛੱਡ ਜਾਂਦੀ ਹੈ ਠੀਕ ਉਸੇ ਤਰ੍ਹਾਂ ਹੀ ਸਤਬੀਰ ਦੀ ਜਿੰਦਗੀ ਯਥਾਰਥ ਰੂਪ ਵਿੱਚ ਸੱਚਾਈ ਦੀਆ ਪਰਤਾਂ ਖੋਹਲ ਕੇ ਲੂੰ ਕੰਡੇ ਖੜੇ ਕਰ ਰਹੀ ਹੈ।

ਬਠਿੰਡਾ ਜਿਲੇ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਇੱਕ ਕਿਸਾਨ ਰੂਪ ਸਿੰਘ ਦੀ 12ਵੀਂ ਪਾਸ ਬੇਟੀ ਸਤਬੀਰ ਕੌਰ ਦੇ ਜ਼ਜ਼ਬੇ ਨੂੰ ਦੇਖ ਕੇ ਇਕ ਵਾਰੀ ਫਿਰ ਮੱਦਰ ਇੰਡੀਆ ਫਿਲਮ ਦਾ ਉਹ ਵਾਕਿਆ ਯਾਦ ਆ ਜਾਂਦਾ ਹੈ ਜਦੋ ਨਰਗਿਸ ਆਪਣੇ ਦੋ ਬੇਟਿਆ ਨਾਲ ਬਿਨਾਂ ਬਲਦ ਦੇ ਹੱਲ ਚਲਾ ਤੇ ਖੇਤੀ ਕਰਦੀ ਹੈ ਤੇ ਜਦੋਂ ਅਨਾਜ ਤਿਆਰ ਹੋ ਜਾਂਦਾ ਹੈ ਵਿਆਜੜੀਆ ਉਸ ਅਨਾਜ ‘ਤੇ ਧੋਖੇ ਨਾਲ ਕਬਜ਼ਾ ਕਰ ਲੈਦਾ ਹੈ। ਸਤਬੀਰ ਤੇ ਨਰਗਿਸ ਦੀ ਕਹਾਣੀ ਵਿੱਚ ਅੰਤਰ ਸਿਰਫ ਇਤਨਾ ਹੀ ਹੈ ਕਿ ਨਰਗਿਸ ਖੇਤੀ ਆਪਣੇ ਬੇਟਿਆ ਨਾਲ ਮਿਲ ਕੇ ਇੱਕ ਪਰਦੇ ਤੇ ਕਰਦੀ ਦਿਖਾਈ ਗੀ ਸੀ ਜਦ ਕਿ ਸਤਬੀਰ ਖੁਦ ਹੱਲ ਖਿੱਚ ਕੇ ਆਪਣੇ ਬਾਪ ਨਾਲ ਖੇਤੀ ਯਥਾਰਥ ਰੂਪ ਕਰਦੀ ਹੈ।

ਸਤਬੀਰ ਦੇ ਪਰਿਵਾਰ ਵਿੱਚ ਪੰਜ ਭੈਣਾਂ ਹਨ ਤੇ ਸਤਬੀਰ ਸਭ ਤੋਂ ਵਿਚਕਾਰਲੀ ਹੈ। ਦੋ ਭੈਣਾਂ ਵੱਡੀਆ ਤੇ ਦੋ ਛੋਟੀਆ ਹਨ। ਵੱਡੀਆ ਭੈਣਾਂ ਦੀ ਸ਼ਾਦੀ ਹੋ ਚੁੱਕੀ ਹੈ ਤੇ ਛੋਟੀਆ ਭੈਣਾਂ ਨੂੰ ਸਤਬੀਰ ਪੜਾ ਰਹੀ ਹੈ ਜਦ ਕਿ ਸਤਬੀਰ ਖੁਦ ਵੀ ਪਲੱਸ ਦੋ ਪਾਸ ਹੈ। ਇਥੇ ਹੀ ਬੱਸ ਨਹੀਂ ਘਰ ਚਲਾਉਣ ਵਿੱਚ ਮਦਦ ਲਈ ਛੋਟੀ ਭੈਣ ਜਸ਼ਨਦੀਪ ਵੀ ਪੂਰੀ ਤਰ੍ਹਾਂ ਸਰਗਰਮ ਹੈ ਤੇ ਉਹ ਵੀ ਸਕੂਲ ਜਾਣ ਤੋ ਪਹਿਲਾਂ ਸਾਈਕਲ ‘ਤੇ ਜਾ ਕੇ ਦੁੱਧ ਵੇਚਣ ਦਾ ਕੰਮ ਨਿਪਟਾਉਦੀ ਹੈ। ਇਹਨਾਂ ਭੈਣਾਂ ਨੂੰ ਘਰ ਦਾ ਕੰਮ ਕਰਦਿਆ ਵੇਖ ਕੇ ਇਹ ਸੱਚਾਈ ਸਾਹਮਣੇ ਆ ਜਾਂਦੀ ਹੈ ਕਿ :-

ਪੁੱਤਰ ਜ਼ਮੀਨ ਵੰਡਾਉਦੇ ਪਰ ਧੀਆਂ ਮਾਪਿਆ ਦੇ ਦੁੱਖ ਵੰਡਾਉਦੀਆ ਹਨ।’

ਰੂਪ ਸਿੰਘ ਦੇ ਹੌਸਲੇ ਤੇ ਦੀਦਾ ਦਲੇਰੀ ਨੇ ਬੇਟੀਆ ਨੂੰ ਪਰਿਵਾਰ ਚਲਾਉਣ ਦਾ ਨਵਾਂ ਜ਼ਜ਼ਬਾ ਹੀ ਨਹੀਂ ਦਿੱਤਾ ਸਗੋ ਇਹ ਵੀ ਸਿਖਾਇਆ ਕਿ ਬੇਟੀਆ ਕਿਸੇ ਵੀ ਰੂਪ ਵਿੱਚ ਪੁੱਤਰਾਂ ਨਾਲੋ ਘੱਟ ਨਹੀਂ ਹਨ। ਰੂਪ ਸਿੰਘ ਦਾ ਕਹਿਣਾ ਹੈ ਕਿ ਉਸ ਦੀਆ ਪੰਜ ਬੇਟੀਆ ਹਨ ਜਿਹਨਾਂ ਵਿੱਚੋ ਦੋ ਦੀ ਸ਼ਾਦੀ ਹੋ ਚੁੱਕੀ ਹੈ ਤੇ ਤਿੰਨ ਬੇਟੀਆ ਉਸ ਦੀ ਖੇਤੀਬਾੜੀ ਤੇ ਘਰ ਦੇ ਕੰਮ ਕਾਜ ਵਿੱਚ ਮਦਦ ਕਰਨ ਦੇ ਨਾਲ ਨਾਲ ਪੜਾਈ ਵੀ ਕਰ ਰਹੀਆ ਹਨ। ਉਸ ਦੱਸਿਆ ਕਿ ਉਹ ਹਰ ਸਾਲ 14 ਕਨਾਲ ਜ਼ਮੀਨ ਠੇਕੇ ਤੇ ਲੈ ਕੇ ਕਿਰਾਏ ਦੇ ਸਾਧਨਾਂ ਨਾਲ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ 50 ਰੁਪਏ ਘੰਟਾ ਅਦਾ ਕਰਕੇ ਖੇਤੀ ਨੂੰ ਪਾਣੀ ਲਗਾਉਣ ਲਈ ਵੀ ਮੁੱਲ ਲੈਣਾ ਪੈਦਾ ਹੈ ਪਰ ਕਿਸਾਨ ਦੀ ਕਿਸਮਤ ਤਾਂ ਰੱਬ ਆਸਰੇ ਹੀ ਹੈ ਕਿ ਉਸ ਨੇ ਕੀ ਕਰਨਾ ਹੁੰਦਾ ਹੈ? ਕਦੇ ਕਦੇ ਤਾਂ ਮੌਸਮ ਦੀ ਖਰਾਬੀ ਕਾਰਨ ਘਾਟਾ ਵੀ ਪੈ ਜਾਂਦਾ ਹੈ, ਪਰ ਫਿਰ ਵੀ ਉਹ ਦਿਲ ਨਹੀਂ ਹਾਰਦਾ ਤੇ ਆਪਣੀ ਇਮਾਨਦਾਰੀ ਨਾਲ ਮਿਹਨਤ ਦਾ ਕਾਰਜ ਜਾਰੀ ਰੱਖਦਾ ਹੈ।

ਉਸ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਉਸ ਦੀ ਬੇਟੀ ਸਤਬੀਰ ਕੌਰ ਉਸ ਦੇ ਨਾਲ ਰਹਿੰਦੀ ਹੈ ਤੇ ਕਿਸੇ ਵੀ ਮੁਸ਼ਕਲ ਸਮੇਂ ਹੱਥ ਵਟਾਉਣ ਦੇ ਨਾਲ ਨਾਲ ਹੌਸਲਾ ਦਿੰਦੀ ਹੈ। ਰੂਪ ਸਿੰਘ ਨੇ ਕਿਹਾ ਰੱਬ ਨੇ ਉਸ ਨੂੰ ਬੇਟੀਆ ਵੀ ਬੇਟਿਆ ਦੇ ਰੂਪ ਵਿੱਚ ਦਿੱਤੀਆ ਹਨ ਜੇਕਰ ਉਸ ਦਾ ਬੇਟਾ ਹੁੰਦਾ ਤਾਂ ਸ਼ਾਇਦ ਉਹ ਵੀ ਉਸ ਦਾ ਇੰਨਾ ਸਾਥ ਨਾ ਦੇ ਸਕਦਾ ਜਿੰਨਾ ਉਸ ਦੀਆ ਬੇਟੀਆ ਦੇ ਰਹੀਆ ਹਨ। ਉਸ ਨੇ ਕਿਹਾ ਕਿ ਅੱਜ ਵੀ ਸਮਾਜ ਵਿੱਚ ਜਿਹੜੇ ਲੋਕ ਬੇਟੀਆ ਨਾਲ ਵਿਤਕਰਾ ਕਰਦੇ ਹਨ ਉਹ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਬਜਾਏ ਖੁਦ ਦੁੱਖੀ ਹੁੰਦੇ ਹਨ ਜੋ ਕਿ ਠੀਕ ਨਹੀਂ ਹੈ। ਉਸ ਨੇ ਕਿਹਾ ਕਿ ਬੇਟੀਆ ਹੀ ਕਿਸੇ ਦੇਸ਼, ਸੂਬੇ, ਸਮਾਜ, ਘਰ ਪਰਿਵਾਰ ਦੀਆ ਵਿਧਾਤਾ ਹੁੰਦੀਆ ਹਨ ਬੱਸ! ਲੋੜ ਸਿਰਫ ਸੋਚ ਨੂੰ ਮੋੜਾ ਦੇਣ ਦੀ ਹੈ।

ਇਸ ਸਬੰਧੀ ਸਤਬੀਰ ਨੇ ਪੂਰੇ ਜ਼ਜ਼ਬੇ ਤੇ ਬੁਲੰਦ ਹੌਸਲੇ ਨਾਲ ਕਿਹਾ ਕਿ ਉਸ ਨੂੰ ਫਖਰ ਕਿ ਉਹ ਇੱਕ ਕਿਸਾਨ ਦੀ ਬੇਟੀ ਹੈ ਤੇ ਕਿਸਾਨ ਦਾ ਹੋਰ ਸਹਾਇਕ ਧੰਦਿਆ ਤੋ ਇਲਾਵਾ ਮੁੱਖ ਕਿੱਤਾ ਖੇਤੀਬਾੜੀ ਹੀ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਬਜ਼ੁਰਗ ਤੇ ਗਰੀਬ ਜ਼ਰੂਰ ਹਨ ਪਰ ਇੱਕ ਆਦਰਸ਼ ਬਾਪ ਦੀ ਭੂਮਿਕਾ ਨਿਭਾਉਣੀ ਬਾਖੂਬੀ ਜਾਣਦੇ ਹਨ। ਉਸ ਨੇ ਕਿਹਾ ਕਿ ਆਪਣੇ ਬਾਪ ਦੀ ਖੇਤੀਬਾੜੀ ਵਿੱਚ ਮਦਦ ਕਰਕੇ ਤੇ ਖੁਦ ਬੈਲ ਦੀ ਤਰ੍ਹਾਂ ਹੱਲ ਖਿੱਚ ਕੇ ਉਸ ਨੂੰ ਪ੍ਰਸੰਨਤਾ ਹੁੰਦੀ ਹੈ ਕਿ ਉਹ ਆਪਣੇ ਬਾਪ ਦੀ ਮਦਦ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ 12 ਵੀ ਕਲਾਸ ਪਾਸ ਕਰ ਲਈ ਹੈ ਤੇ ਆਪਣੀਆ ਛੋਟੀਆ ਭੈਣਾਂ ਨੂੰ ਪੜਾਉਣ ਦੇ ਨਾਲ ਨਾਲ ਉਹ ਖੁਦ ਵੀ ਅੱਗੇ ਦੀ ਪੜਾਈ ਪ੍ਰਾਈਵੇਟ ਤੌਰ 'ਤੇ ਕਰੇਗੀ। ਉਸ ਨੇ ਦੱਸਿਆ ਕਿ ਉਹ ਖੁਦ ਪਸ਼ੂਆ ਨੂੰ ਚਾਰਾ ਪਾਉਣ ਤੇ ਇਲਾਵਾ ਦੁੱਧ ਵੀ ਖੁਦ ਹੀ ਨਿਕਾਲਦੀ ਹੈ ਜਦ ਕਿ ਛੋਟੀ ਭੈਣ ਜਸ਼ਨਦੀਪ ਸਾਈਕਲ ਤੇ ਜਾ ਕੇ ਦੁੱਧ ਵੇਚ ਕੇ ਆਉਦੀ ਹੈ।


ਪਿੰਡ ਦੇ ਲੋਕ ਵੀ ਸਤਬੀਰ ਤੇ ਮਾਣ ਮਹਿਸੂਸ ਕਰਦੇ ਹੋਏ ਕਿ ਰੂਪ ਸਿੰਘ ਦੀ ਬੇਟੀ ਨੇ ਤਾਂ ਪੂਰੇ ਪਿੰਡ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ। ਕਈ ਲੋਕ ਜਿਥੇ ਸਤਬੀਰ ਦੀ ਪ੍ਰਸੰਸ਼ਾ ਕਰਦੇ ਨਹੀਂ ਥੱਕਦੇ ਉਥੇ ਆਪਣੇ ਨਸ਼ੱਈ ਪੁੱਤਰਾਂ ਵੱਲ ਵੇਖ ਕੇ ਝੂਰਦੇ ਹੀ ਨਹੀਂ ਸਗੋ ਇਹ ਵੀ ਕਹਿੰਦੇ ਹਨ ਕਿ ਨਸ਼ੱਈ ਪੁੱਤਰਾਂ ਨਾਲੋ ਤਾਂ ਸਤਬੀਰ ਵਰਗੀ ਧੀ ਹੀ ਚੰਗੀ ਹੈ।

ਸਾਰੇ ਪਿੰਡ ਵਿੱਚ ਦੀਦੀ ਵਜੋ ਜਾਣੀ ਜਾਂਦੀ ਸਤਬੀਰ ਜਿਥੇ ਪਿੰਡ ਵਾਸੀਆ ਦੇ ਮਾਣ ਦਾ ਸਰੋਤ ਹੈ ਉਥੇ ਉਹਨਾਂ ਨਸ਼ੱਈ ਮੁੰਡਿਆ ਲਈ ਵੀ ਪ੍ਰੇਰਣਾ ਸਰੋਤ ਹੈ ਜਿਹੜੇ ਸਿਰਫ ਨਸ਼ਿਆ ਦੀ ਦਲ ਦਲ ਵਿੱਚ ਬਰਬਾਦ ਹੋ ਕੇ ਬਜੁਗਰ ਮਾਪਿਆ ਤੇ ਬੋਝ ਬਣੇ ਹੋਏ ਹਨ। ਸਤਬੀਰ ਜਦੋਂ ਆਪਣੇ ਘਰ ਤੋ ਖੇਤ ਵੱਲ ਜਾਂਦੀ ਹੈ ਤਾਂ ਪਿੰਡ ਦੇ ਨਸ਼ੱਈ ਮੁੰਡੇ ਰਸਤਾ ਛੱਡ ਕੇ ਲਾਂਭੇ ਹੋ ਜਾਂਦੇ ਹਨ। ਕਈਆ ਲਈ ਤਾਂ ਸਤਬੀਰ ਹੀ ਪ੍ਰੇਰਣਾ ਦਾ ਸਰੋਤ ਬਣੀ ਤੇ ਉਹਨਾਂ ਨੇ ਨਸ਼ੇ ਛੱਡਣ ਦਾ ਪ੍ਰਣ ਕਰਕੇ ਰਸ ਭਿੰਨੀ ਜਿੰਦਗੀ ਬਤੀਤ ਕਰਨ ਦਾ ਫੈਸਲਾ ਕੀਤਾ ਹੈ। ਸਤਬੀਰ ਨੇ ਕਿਹਾ ਕਿ ਉਸ ਦੀ ਬਜੁਰਗ ਮਾਤਾ ਦੀ ਬੁਢਾਪਾ ਪੈਨਸ਼ਨ ਲੱਗੀ ਹੋਈ ਸੀ ਪਰ ਕਿਸੇ ਨੇ ਉਸ ਦੀ ਪੈਨਸ਼ਨ ਇਹ ਕਹਿ ਕੇ ਕੱਟਵਾ ਦਿੱਤੀ ਹੈ ਕਿ ਉਸ ਦੀ ਹਾਲੇ ਉਮਰ ਛੋਟੀ ਹੈ। ਉਸ ਨੇ ਕਿਹਾ ਕਿ ਉਹਨਾਂ ਨੇ ਨਾ ਪੈਨਸ਼ਨ ਬੰਦ ਹੋਣ ਦਾ ਕਦੇ ਗਿੱਲਾ ਕੀਤਾ ਹੈ ਤੇ ਨਾ ਹੀ ਕਿਸੇ ਕੋਲ ਜਾ ਕੇ ਦੁੱਖੜਾ ਰੋਇਆ ਹੈ, ਸਗੋ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦਿਆ ਗੁਰੂ ਅੱਗੇ ਦੋ ਸਮੇਂ ਦੀ ਰੋਟੀ ਦੇਣ ਦੀ ਅਰਦਾਸ ਜੋਦੜੀ ਹੀ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਪੰਜਾਬ ਦੀ ਹਰ ਲੜਕੀ ਹੱਥ ਵਿੱਚ ਹੱਲ ਦੀ ਹਥੀਲੀ ਫੜ ਕੇ ਮਿਹਨਤ ਕਰਨ ਲੱਗ ਪਏ ਤਾਂ ਪੰਜਾਬ ਤੇ ਦੇਸ਼ ਦਾ ਨਕਸ਼ਾ ਹੀ ਬਦਲ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top