Share on Facebook

Main News Page

ਲੱਲੂ-ਪੰਜੂ
-: ਦਵਿੰਦਰ ਸਿੰਘ ਆਰਟਿਸਟ, ਖਰੜ
ਮੋਬਾਇਲ: 91-97815-09768

ਆਪਣੇ ਨਾਲ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਨ ਲੱਗਾ ਹਾਂ। ਇਕ ਦਿਨ, ਇਕ ਸਿੱਖ ਮੈਂਨੂੰ ਪੁੱਛਣ ਲੱਗਾ ਕਿ  ਮੂਲ-ਮੰਤਰ ਕਿੱਥੇ ਤਕ ਸੰਪੂਰਨ ਹੈ? ਮੈਂ ਉਲਟਾ ਉਸ ਨੂੰ ਹੀ ਪੁੱਛਿਆ ਕਿ ਤੁਹਾਡੇ ਵਿਚਾਰ ਅਨੁਸਾਰ ਕਿੱਥੇ ਤੱਕ ਹੈ? ਉਹ ਕਹਿਣ ਲੱਗਾ, “ਜੌਨਸਾ ਹੋਆਗਾ ਲੱਲੂ-ਪੰਜੂ ਵਾ ਤਾਂ ਕਰਾਗਾ ਗੁਰ ਪ੍ਰਸਾਦਿ ਤਕ, ਔਰ ਜੌਨਸਾ ਹੋਆਗਾ ਪੱਕਾ ਟਕਸਾਲੀ, ਵਾ ਕਰਾਗਾ ਨਾਨਕ ਹੋਸੀ ਭੀ ਸਚੁ ਤਕ”। ਉਸ ਦੀਆਂ ਅਗਿਆਨਤਾ ਅਤੇ ਬੇਸਮਝੀ ਵਾਲੀਆਂ ਗੱਲਾਂ ਸੁਣ ਕੇ, ਮੈਂ ਹੈਰਾਨ ਸੀ।

ਉਸ ਨੇ ਮੈਂਨੂੰ ਫਿਰ ਸਵਾਲ ਕੀਤਾ “ਹੁਣ ਤੁਸੀਂ ਦੱਸੋ, ਮੂਲ-ਮੰਤਰ ਕਿੱਥੇ ਤਕ ਮੰਨਦੇ ਹੋ”? ਮੈਂ ਉਸ ਨੂੰ ਕਿਹਾ ਕਿ ਮੈਂ ਵੀ ਮੂਲ-ਉਪਦੇਸ਼, ਜਿਸ ਨੂੰ ਅਸਲ ਵਿਚ ਮੰਗਲਾਚਾਰਣ ਕਿਹਾ ਜਾਂਦਾ ਹੈ: ੴ ਸਤਿ ਨਾਮੁ  ਕਰਤਾ ਪੁਰਖੁ  ਨਿਰਭਉ  ਨਿਰਵੈਰੁ  ਅਕਾਲ ਮੂਰਤਿ  ਅਜੂਨੀ  ਸੈਭੰ  ਗੁਰ ਪ੍ਰਸਾਦਿ॥ ਤਕ ਹੀ ਮੰਨਦਾ ਹਾਂ।  ਜਦੋਂ ਉਹ ਮੇਰੇ ਨਾਲ ਵੀ ਸਹਿਮਤ ਨਾ ਹੋਇਆ ਤਾਂ ਮੈਂ ਉਸ ਨੂੰ ਕਿਹਾ ਕਿ ਇਸ ਸਬੰਧੀ ਕਿਸੇ ਦਿਨ ਬੈਠ ਕੇ ਵਿਚਾਰ ਕਰ ਲਵਾਂਗੇ। 

ਉਸ ਨੇ ਗੁਰਦੁਆਰਾ ਸਾਹਿਬ ਵਾਪਰੀ ਇਕ ਘਟਨਾ ਬਾਰੇ ਵੀ ਗੱਲ ਸੁਣਾਈ, ਜਿੱਥੇ ਉਹ ਰੋਜ਼ ਕੀਰਤਨ ਕਰਨ ਜਾਂਦਾ ਸੀ। ਉੱਥੇ  ਗੁਰਦੁਆਰਾ ਸਾਹਿਬ ਜਦੋਂ ਇਕ ਬੀਬੀ ਨੇ ਹੁਕਮਨਾਮਾ ਲੈਣ ਸਮੇਂ ੴ ਸਤਿ ਨਾਮੁ  ਕਰਤਾ ਪੁਰਖੁ ਨਿਰਭਉ  ਨਿਰਵੈਰੁ  ਅਕਾਲ ਮੂਰਤਿ  ਅਜੂਨੀ  ਸੈਭੰ  ਗੁਰ ਪ੍ਰਸਾਦਿ॥ ਤੱਕ ਜਾਪ ਕੀਤਾ ਤਾਂ ਸੰਗਤ ਵਿਚ ਬੈਠੇ ਇਕ ਹੋਰ ਸਿੱਖ ਨੇ ਉਸ  ਬੀਬੀ ਨੂੰ ਕਿਹਾ ਕਿ ਮੂਲ-ਮੰਤਰ: ਜਪੁ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤੱਕ ਪੂਰਾ ਪੜ੍ਹ। ਹੁਕਮਨਾਮਾ ਲੈਣ ਉਪਰੰਤ ਉਸ ਬੀਬੀ ਨੇ ਸੰਗਤ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਕਿ ਮੂਲ-ਉਪਦੇਸ਼ ੴ ਸਤਿ ਨਾਮੁ  ਕਰਤਾ ਪੁਰਖੁ  ਨਿਰਭਉ  ਨਿਰਵੈਰੁ  ਅਕਾਲ ਮੂਰਤਿ  ਅਜੂਨੀ  ਸੈਭੰ  ਗੁਰ ਪ੍ਰਸਾਦਿ॥ ਤਕ ਹੀ ਹੈ, ਪਰ ਪੱਕੇ ਟਕਸਾਲੀ ਉਸ ਬੀਬੀ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਏ। ਇਸ ਤਰ੍ਹਾਂ ਪੱਕੇ ਟਕਸਾਲੀਆਂ ਦੀ ਵਿਚਾਰਧਾਰਾ ਕਰਕੇ ਉਹ ਬੀਬੀ ਉਸ ਦਿਨ ਤੋਂ ਬਾਅਦ ਗੁਰਦੁਆਰੇ ਵਿਚ ਕਦੇ ਨਾ ਆਈ।

ਇਕ ਦਿਨ ਕੁਦਰਤੀ ਕਈ ਸਿੱਖ ਇਕੱਠੇ ਬੈਠੇ ਸਨ। ਮੈਂਨੂੰ ਉੱਥੇ ਗੁਰੂ ਸਾਹਿਬ ਦਾ ਫ਼ੈਸਲਾ ਸੁਣਾਉਣ ਦਾ ਚੰਗਾ ਮੌਕਾ ਮਿਲ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੈਸਲੇ ਤੋਂ ਬਾਹਰ ਨਹੀਂ ਜਾਵਾਂਗਾ ਕਿਉਂਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ  ਜੀ ਨੂੰ ਆਪਣਾ ਗੁਰੂ ਮੰਨਦੇ ਹਾਂ। ਮੇਰੀ ਇਸ ਗੱਲ ਨਾਲ ਸਾਰੇ ਸਹਿਮਤ ਹੋ ਗਏ। 

ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਨੇ ੴ  ਸਤਿ ਨਾਮੁ ਕਰਤਾ ਪੁਰਖੁ ਨਿਰਭਉ  ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥॥ ਤਕ ਸਹੀ ਸਾਬਤ ਕਰਨ ਲਈ ਹੇਠਲੇ ਕੇਵਲ ਤਿੰਨ ਹੀ ਸਬੂਤ ਦਿੱਤੇ:

1.  ੴ ਸਤਿ ਨਾਮੁ  ਕਰਤਾ ਪੁਰਖੁ  ਨਿਰਭਉ  ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤਕ ਸੰਪੂਰਨ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਅਖ਼ੀਰ ਵਿਚ ਦਾ ਸੰਕੇਤ ਦਿੱਤਾ ਗਿਆ ਹੈ। 

2. ਇਸ ਨੂੰ ਇੱਥੋਂ ਤਕ ਹੀ ਸਪੂਰਨ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ‘ਨਾਨਕ’ ਸ਼ਬਦ ਦੀ ਮੋਹਰ ਹੈ। 

3.  ਦਰਬਾਰ ਸਾਹਿਬ ਦੇ ਮੁੱਖ ਦਰਵਾਜੇ ਤੇ ਸੋਨਾ ਲਗਵਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਜਿਸ ਉੱਤੇ: ੴ  ਸਤਿ ਨਾਮੁ  ਕਰਤਾ ਪੁਰਖੁ  ਨਿਰਭਉ  ਨਿਰਵੈਰੁ  ਅਕਾਲ ਮੂਰਤਿ  ਅਜੂਨੀ  ਸੈਭੰ  ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤੱਕ ਸੰਪੂਰਨ ਉਕਰਿਆ ਹੋਇਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਗੱਲ ਵੀ ਆਖੀ ਕਿ ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥॥ ਤੱਕ ਅਸੀਂ ਜ਼ਿਆਦਾ ਬਾਣੀ ਹੀ ਪੜ੍ਹਦੇ ਹਾਂ, ਜ਼ਿਆਦਾ ਬਾਣੀ ਪੜ੍ਹਣਾ ਕੋਈ ਮਾੜੀ ਗੱਲ ਨਹੀਂ।

ਉਨ੍ਹਾਂ ਨੂੰ ਕਿਹਾ ਕਿ ਗੱਲ ਸਿਧਾਂਤ ਨੂੰ ਮੰਨਣ ਦੀ ਹੈ ਨਾ ਕਿ ਜ਼ਿਆਦਾ ਗੁਰਬਾਣੀ ਪੜ੍ਹਣ ਦੀ। ਸਾਰੇ ਹੀ ਜਾਣਦੇ ਹਨ ਕਿ ਇਕ ਫੁੱਟ ਵਿਚ 12 ਇੰਚ ਹੁੰਦੇ ਹਨ। ਜੇਕਰ ਕੋਈ ਮਨੁੱਖ ਇਕ ਫੁੱਟ ਵਿਚ 12 ਇੰਚ ਦੀ ਬਜਾਏ ਹੋਰ ਵਾਧਾ ਕਰਕੇ 13 ਜਾਂ 14 ਇੰਚ ਵਾਲਾ ਫੁੱਟ ਤਿਆਰ ਕਰ ਲਵੇ ਤਾਂ ਉਸਦਾ ਇਹ ਪੈਮਾਨਾ ਠੀਕ ਨਹੀਂ ਮੰਨਿਆ ਜਾਵੇਗਾ ਕਿਉਂਕਿ ਹਿਸਾਬ ਦੇ ਸਿਧਾਂਤ ਅਨੁਸਾਰ 12 ਇੰਚ ਵਾਲਾ ਪੈਮਾਨਾ ਹੀ ਸਹੀ ਮੰਨਿਆ ਜਾਵੇਗਾ। ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਮੂਲ-ਉਪਦੇਸ਼ ੴ  ਸਤਿ ਨਾਮੁ  ਕਰਤਾ ਪੁਰਖੁ ਨਿਰਭਉ  ਨਿਰਵੈਰੁ  ਅਕਾਲ ਮੂਰਤਿ   ਅਜੂਨੀ  ਸੈਭੰ  ਗੁਰ ਪ੍ਰਸਾਦਿ॥ ਤੱਕ ਹੀ ਹੈ। ਇਸ ਵਿਚ ਵਾਧਾ ਕਰਨ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ।

ਮੈਂ ਉਨ੍ਹਾਂ ਨੂੰ ਕਿਹਾ, “ਤੁਸੀਂ ਕੇਵਲ ਤਿੰਨ ਹੀ ਸਬੂਤ ਦਿੱਤੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ੴ ਤੋਂ ਲੈ ਕੇ ਗੁਰ ਪ੍ਰਸਾਦਿ॥ ਤੱਕ 567 ਸਬੂਤ ਮੌਜੂਦ ਹਨ।” ਜਿਵੇਂ ਕਿ:-

1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ  ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥   ( ਗਿਣਤੀ – 1)
(ਦੇਖੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਦੇ ਅਰੰਭ ਵਿਚ )

2. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ  ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਗਿਣਤੀ –  32)
(ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਗੁਰਬਾਣੀ ਅੰਦਰ)

3. ੴ ਸਤਿ ਨਾਮੁ ਕਰਤਾ ਪੁਰਖੁ  ਗੁਰ ਪ੍ਰਸਾਦਿ॥ (ਸਮੁੱਚੀ ਗੁਰਬਾਣੀ ਅੰਦਰ )                   ( ਗਿਣਤੀ –   9)

4. ੴ ਸਤਿ ਨਾਮੁ ਗੁਰ ਪ੍ਰਸਾਦਿ॥ (ਸਮੁੱਚੀ ਗੁਰਬਾਣੀ ਅੰਦਰ )                                  ( ਗਿਣਤੀ –   2)

5. ੴ ਸਤਿ ਗੁਰ ਪ੍ਰਸਾਦਿ॥ (ਸਮੁੱਚੀ ਗੁਰਬਾਣੀ ਅੰਦਰ )                                       ( ਗਿਣਤੀ – 523)

                                                                                               ਕੁੱਲ ਜੋੜ = 567

ਵਿਚਾਰਨਯੋਗ ਗੱਲਾਂ

1. ਜੇਕਰ ਮੂਲ-ਉਪਦੇਸ਼: ੴ  ਸਤਿ ਨਾਮੁ ਕਰਤਾ ਪੁਰਖੁ  ਨਿਰਭਉ  ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤਕ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਵਿਚ ਵੀ ਇੱਥੇ ਤਕ ਹੀ ਹੋਣਾ ਸੀ ਪਰ ਅਜਿਹਾ ਨਹੀਂ ਹੈ। 

2. ਜੇਕਰ ਮੂਲ-ਉਪਦੇਸ਼: ੴ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ॥॥ ਹੁੰਦਾ ਤਾਂ ਗੁਰੂ ਅਰਜਨ ਸਾਹਿਬ  ਨੇ ਪੋਥੀ (ਗੁਰੂ  ਗ੍ਰੰਥ ਸਾਹਿਬ) ਦੀ ਸੰਪਾਦਨਾ ਕਰਨ  ਸਮੇਂ ਭਾਈ ਗੁਰਦਾਸ ਜੀ ਤੋਂ ਤਤਕਰੇ ਦੇ ਅਰੰਭ ਵਿਚ ਅਤੇ ਗੁਰਬਾਣੀ ਅੰਦਰ ਹੋਰ ਥਾਵਾਂ ਤੇ ਵੀ ਲਿਖਣ ਦਾ ਹੁਕਮ ਕਰਨਾ ਸੀ ਪਰ ਅਜਿਹਾ ਨਹੀਂ ਹੈ। 

3. ਜੇਕਰ ਮੂਲ- ਉਪਦੇਸ਼: ੴ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ॥॥ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਅੰਦਰ ਆਏ 567 ਥਾਵਾਂ ਤੇ ਵੀ ਇਥੇ ਤਕ ਹੀ ਹੋਣਾ ਸੀ ਪਰ ਅਜਿਹਾ ਨਹੀਂ ਹੈ। 

4. ॥ ਜਪੁ॥  ਬਾਣੀ ਦਾ ਨਾਂ ਹੈ। ਦੇਖੋ ਤਤਕਰਾ ਗੁਰੂ ਗ੍ਰੰਥ ਸਾਹਿਬ (ਤਤਕਰੇ ਵਿਚ ਪਹਿਲੀ ਬਾਣੀ ਦਾ ਨਾਂ ‘ਜਪੁ’  ਦੂਜੀ  ‘ਸੋ ਦਰੁ’ ਅਤੇ ਤੀਜੀ ‘ਸੋਹਿਲਾ’ ਬਾਣੀ ਹੈ। ‘ਜਪੁ’, ਬਾਣੀ  ਦਾ ਨਾਂ ਹੈ, ਨਾ ਕਿ ਮੂਲ-ਉਪਦੇਸ਼ ਦਾ ਹਿੱਸਾ।  ‘ਜਪੁ’ ਤੋਂ ਭਾਵ ਹੈ ਜਪਣਾ ਜਾਂ ਸਿਮਰਨ ਕਰਨਾ। ਜਦੋਂ ‘ਜਪੁ’ ਅਰੰਭ ਕਰ ਲਿਆ  ਤਾਂ ਆਦਿ ਸਚੁ  ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤਕ ਨਹੀਂ, ਸਗੋਂ ਅਖ਼ੀਰ ਤੱਕ ਸਾਰੀ ਬਾਣੀ: ਜਿਨੀ ਨਾਮੁ ਧਿਆਇਆ ਗਏ ਮਸਤਕਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ਤਕ ॥ ਜਪੁ॥ ਸੰਪੂਰਨ ਕਰਨਾ ਹੈ, ਜਿਵੇਂ ਹੋਰ ਬਾਣੀ ਨੂੰ ਸੰਪੂਰਨ ਪੜ੍ਹਿਆ ਜਾਂਦਾ ਹੈ। ॥ ਜਪੁ॥ ਆਦਿ ਸਚ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਤਕ ਜਾਪ ਕਰਨ ਵਾਲੇ, ਅੱਗੇ ਜਪਣਾ ਕਿਉਂ ਬੰਦ ਕਰ ਦਿੰਦੇ ਹਨ ? 

5.  ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗੁ ਗਉੜੀ ਸੁਖਮਨੀ ਮਹਲਾ 5 ॥ ਦੀ ਬਾਣੀ ਵਿਚ ਦਰਜ: ਸਲੋਕ॥ ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ।(ਪੰਨਾ-285), ਇਹ ਮੂਲ-ਉਪਦੇਸ਼ ਦਾ ਹਿੱਸਾ ਨਹੀਂ ਸਗੋਂ  ਇਕ ਸਲੋਕ ਹੈ। ਇਹ ਸਲੋਕ ਅਗਿਆਨੀ ਲੋਕਾਂ ਦਾ ਸਾਰਾ ਭੁਲੇਖ਼ਾ ਹੀ ਦੂਰ ਕਰ ਦਿੰਦਾ ਹੈ।

ਜਿੰਨੇ ਵੀ ਸਿੱਖ ਇਸ ਵਿਚਾਰ ਵਿਚ ਸ਼ਾਮਲ ਹੋਏ ਸਨ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ ਦਰਜ ਮੂਲ-ਉਪਦੇਸ਼ : ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਦੇ ਫ਼ੈਸਲੇ ਨੂੰ ਸਰਵ-ਉੱਚ ਮੰਨਿਆ ਅਤੇ ਸਾਰਿਆਂ ਨੇ ਆਪਣੀ ਸਹਿਮਤੀ ਦਾ ਸਬੂਤ ਦੇਣ ਲਈ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਦਾ ਜੈਕਾਰਾ ਵੀ ਛੱਡਿਆ। 

ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਨੀ ਅਤੇ ਸਮਝਣੀ ਸ਼ੁਰੂ ਕਰ ਦੇਈਏ ਤਾਂ ਬਹੁਤ ਸਾਰੇ ਭੁਲੇਖੇ ਸਾਡੇ ਮਨਾਂ ਵਿਚੋਂ ਆਪਣੇ ਆਪ ਹੀ ਦੂਰ ਹੋ ਜਾਣਗੇ।

ਹੁਣ ਗੱਲ ਕਰਦੇ ਹਾਂ ਉਨ੍ਹਾਂ ਪਖੰਡੀਆਂ ਦੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਮੂਲ-ਸਿਧਾਂਤ ਨੂੰ ਆਪ ਤਾਂ ਮੰਨਦੇ ਨਹੀਂ, ਪਰ ਆਪਣੇ ਆਪ ਨੂੰ ਗੁਰੂ ਨਾਨਕ ਦੀ ਜੋਤਿ ਦੱਸ ਕੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਦਾ ਢੌਂਗ ਰਚਾ ਰਹੇ ਹਨ ਅਤੇ  ਭੋਲੇ-ਭਾਲੇ ਲੋਕਾਂ  ਨੂੰ ਅਗਿਆਨਤਾ ਵਿਚ ਪਾ ਕੇ ਧਰਮ ਦੇ ਨਾਂ ਤੇ ਲੁੱਟ ਰਹੇ ਹਨ। ਅਜਿਹੇ ਪਖੰਡੀਆਂ ਬਾਰੇ ਸਿੱਖਾਂ ਨੇ ਆਪ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨਣਾ ਹੈ, ਜਾਂ ਪਖੰਡੀਆਂ ਅਤੇ ਗੁਰ-ਨਿੰਦਕਾਂ ਪਿੱਛੇ ਲੱਗ ਕੇ ਆਪਣੀ ਅਗਿਆਨਤਾ ਕਾਰਣ ਲੁੱਟ ਕਰਵਾਉਣੀ ਹੈ।

27-06-2015


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top