Share on Facebook

Main News Page

ਬਾਪੂ ਸੂਰਤ ਸਿੰਘ ਖਾਲਸਾ ਦੀ ਸ਼ਹੀਦੀ ਉਪਰੰਤ ਪੰਜਾਬ ਸਰਕਾਰ ਜਬਰਣ ਅੰਤਮ ਸੰਸਕਾਰ ਕਰਵਾਉਣ ਲਈ ਕਰ ਰਹੀ ਹੈ ਮਸ਼ਕਾਂ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

- ਬਾਪੂ ਖਾਲਸਾ ਦੀ ਸ਼ਹਾਦਤ ਸਾਡੀ ਜਿੱਤ ਹੈ ਜਾਂ ਬੰਦੀ ਸਿੰਘਾਂ ਦੀ ਰਿਹਾਈ ?

ਇਕ ਗਲ ਬੜੀ ਸਪਸ਼ਟ ਹੈ ਕ ਬਾਪੂ ਸੂਰਤ ਸਿੰਘ ਖਾਲਸਾ ਸ਼ਹਾਦਤ ਦੇ ਮੁਕਾਮ ਤੋਂ ਸਿਰਫ ਇਕ ਸਾਹ ਦੇ ਫਾਸਲੇ ਤੇ ਖਲੋਤੇ ਹਨ, ਪਤਾ ਨਹੀਂ ਕਿਸ ਵਡਭਾਗੀ ਘੜੀ ਨੇ ਉਹਨਾਂ ਨੂੰ ਸਿੱਖਾਂ ਦੀ ਨਿੱਤ ਦੀ ਅਰਦਾਸ ਦਾ ਅਟੁੱਟ ਹਿੱਸਾ ਬਣਾ ਦੇਣਾ ਹੈ। ਬਾਪੁ ਖਾਲਸਾ ਦੇ ਦਿਰੜ ਇਰਾਦੇ ਨੇ ਮਸਖਰਿਆਂ,ਘੁਣਤਰੀਆਂ ਅਤੇ ਸੰਘਰਸ਼ ਦੇ ਭਗੌੜਿਆਂ ਦੀ ਜੁਬਾਨ ਥਿੜਕਣ ਲਾ ਦਿੱਤੀ ਹੈ। ਸਰਕਾਰ ਦੇ ਸੂਹੀਆਂ ਨੇ ਵੀ ਸਰਕਾਰ ਨੂੰ ਬੜੇ ਸਪਸ਼ਟ ਲਫਜਾਂ ਵਿੱਚ ਦੱਸ ਦਿੱਤਾ ਹੈ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ ਸੱਚ ਮੁੱਚ ਭਾਣਾ ਵਾਪਰੇਗਾ, ਉਂਜ ਵੀ ਸਰਕਾਰ ਨੇ ਆਪਣਾ ਸਾਰਾ ਜੋਰ ਲਾ ਕੇ ਵੇਖ ਲਿਆ ਹੈ, ਗੁਰਬਖ਼ਸ਼ ਸਿੰਘ ਵੇਲੇ ਵਰਤਿਆ ਪਰੋਲ ਵਾਲਾ ਸੁਰਮਾਂ, ਜ਼ੇਲ ਬਦਲੀਆਂ ਦੇ ਰੂਪ ਵਿੱਚ ਬਾਪੂ ਖਾਲਸਾ ਦੀ ਅੱਖ ਵਿੱਚ ਵੀ ਪਾਉਣ ਦਾ ਯਤਨ ਵੀ ਕੀਤਾ ਪਰ ਸਰਕਾਰ ਦਾ ਕੋਈ ਜਾਦੂ ਬਾਪੂ ਖਾਲਸਾ ਦੇ ਹਠ ਨੂੰ ਪਿਘਲਾਉਣ ਵਿਚ ਕਾਰਗਰ ਸਾਬਿਤ ਨਹੀਂ ਹੋ ਸਕਿਆ। ਇਸ ਕਰਕੇ ਹੀ ਪੀ.ਜੀ.ਆਈ. ਵਿੱਚ ਜੋਰ ਅਜਮਾਈ ਕਰਨ ਤੋਂ ਬਾਅਦ ਸਰਕਾਰ ਨੇ ਬਾਪੂ ਖਾਲਸਾ ਦੀ ਹਿਰਾਸਤੀ ਮੌਤ (ਸ਼ਹੀਦੀ) ਦੇ ਕਲੰਕ ਤੋਂ ਬਚਣ ਵਾਸਤੇ ਉਹਨਾਂ ਨੂੰ ਘਰ ਵਾਪਿਸ ਭੇਜਣ ਦਾ ਫੈਸਲਾ ਲਿਆ ਸੀ।

ਗੁਰਬਖਸ਼ ਸਿੰਘ ਦੇ ਮਰਨ ਵਰਤ ਵੇਲੇ ਗੁਰਬਖਸ਼ ਸਿੰਘ ਮਰਨਾ ਨਹੀਂ ਚਾਹੁੰਦਾ ਸੀ, ਸਗੋਂ ਉਸ ਦਾ ਮੰਤਵ ਕੁੱਝ ਹੋਰ ਸੀ, ਜਿਸ ਦੀਆਂ ਪਰਤਾਂ ਹੌਲੀ ਹੌਲੀ ਖੁੱਲ ਰਹੀਆਂ ਹਨ ਅਤੇ ਸਿੱਖ ਸੰਗਤਾਂ ਨੂੰ ਸਚਾਈ ਦੇ ਦਰਸ਼ਨ ਹੁੰਦੇ ਜਾ ਰਹੇ ਹਨ। ਇਸ ਕਰਕੇ ਸੰਘਰਸ਼ ਕਮੇਟੀ ਕੋਲ ਵੀ ਬਹੁਤ ਬਹਾਨੇ ਸਨ। ਪਰ ਬਾਪੂ ਖਾਲਸਾ ਦੇ ਮਰਨ ਵਰਤ ਦੇ ਸੰਘਰਸ਼ ਨੂੰ ਵੀ ਬੇਸ਼ਕ ਇੱਕ ਸੰਘਰਸ਼ ਕਮੇਟੀ ਹੀ ਚਲਾ ਰਹੀ ਹੈ ਅਤੇ ਕੁੱਝ ਗੁਰਬਖਸ਼ ਸਿੰਘ ਵਾਲੀ ਕਮੇਟੀ ਨਾਲ ਜੁੜੇ ਰਹੇ ਆਗੂ ਜਾਂ ਉਹਨਾਂ ਦੇ ਸਾਥੀ, ਇਸ ਸੰਘਰਸ਼ ਕਮੇਟੀ ਵਿੱਚ ਵੀ ਸਰਗਰਮ ਹਨ, ਪਰ ਇੱਥੇ ਇੱਕ ਗੱਲ ਵਿਲੱਖਣ ਹੈ ਕਿ ਬਾਪੂ ਖਾਲਸਾ ਗੁਰਬਖਸ਼ ਸਿੰਘ ਵਾਂਗੂੰ ਨਾ ਤਾਂ ਆਪਣੀ ਜਾਨ ਲਕੋ ਰਹੇ ਹਨ ਅਤੇ ਨਾ ਹੀ ਰਿਹਾਈ ਤੋਂ ਬਿਨ੍ਹਾਂ ਕਿਸੇ ਹੋਰ ਸਮਝੌਤੇ ਨੂੰ ਪ੍ਰਵਾਨ ਕਰਨ ਉੱਤੇ ਆਪਣੀ ਸਹਿਮਤੀ ਦੇਣ ਨੂੰ ਤਿਆਰ ਹਨ। ਇਸ ਕਰਕੇ ਇਹ ਮਰਨ ਵਰਤ ਜਾਂ ਸੰਘਰਸ਼ ਬਹੁਤ ਉਚੇ ਨੀਵੇ ਪੈਂਡੇ ਤਹਿ ਕਰਦਾ ਬੜੀ ਸ਼ਾਨ ਨਾਲ ਮੰਜ਼ਿਲ ਦੇ ਕਰੀਬ ਪਹੁੰਚ ਚੁੱਕਿਆ ਹੈ।

ਇਕ ਪਲ ਅਜਿਹਾ ਆਵੇਗਾ ਜਿੱਥੇ ਸਰੀਰਕ ਵਿਛੋੜਾ ਅਤੇ ਇੱਕ ਇਤਿਹਾਸਿਕ ਮਿਲਾਪ, ਕੌਮ ਨੂੰ ਸਵਾਲ ਕਰੇਗਾ ਕਿ ਸਿੱਖੋ ਆਖਿਰ ਤੁਸੀਂ ਚਾਹੁੰਦੇ ਕੀਹ ਹੋ, ਤੁਸੀਂ ਕਿਸ ਪਾਸੇ ਜਾਣਾ ਹੈ ? ਇਤਿਹਾਸ ਅੱਜ ਵੀ ਪੁੱਛਦਾ ਹੈ ਕਿ ਮੇਰੀ ਕੌਮ ਦੇ ਵਾਰਸੋ! ਜਿੱਤ ਬਾਪੂ ਦੀ ਸ਼ਹੀਦੀ ਵਿੱਚ ਹੈ ਜਾਂ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਹੈ ? ਇਹ ਸਵਾਲ ਬੜਾ ਗੰਭੀਰ ਹੈ, ਇਸ ਦਾ ਜਵਾਬ ਕਿਸੇ ਕਮਜੋਰ ਦਿਲ ਜਾਂ ਸਵਾਰਥੀ ਆਗੂ ਕੋਲ ਨਹੀਂ ਹੋ ਸਕਦਾ, ਇਹ ਰਮਜ਼ਾਂ ਪ੍ਰਵਾਨਿਆਂ ਦੀ ਬੋਲੀ ਦਾ ਹਿੱਸਾ ਹਨ। ਬਾਪੂ ਖਾਲਸਾ ਦੀ ਕਰਨੀ ਤੇ ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਰਹੀ, ਅੱਜ ਨਹੀਂ ਤਾਂ ਕੱਲ ਬਾਪੂ ਖਾਲਸਾ ਨੇ ਮਰਦਾਂ ਵਾਲੇ ਕੌਲ ਪੂਰੇ ਕਰ ਦੇਣੇ ਹਨ ਜੋ ਕਦੇ ਸ. ਸੇਵਾ ਸਿੰਘ ਠੀਕਰੀਵਾਲਾ ਅਤੇ ਸ. ਦਰਸ਼ਨ ਸਿੰਘ ਫੇਰੂਮਾਨ ਨੇ ਵੀ ਕੀਤੇ ਸਨ, ਪਰ ਅੱਜ ਜਦੋ ਕਿਸੇ ਲੇਖ ਵਿੱਚ ਸ. ਸੇਵਾ ਸਿੰਘ ਠੀਕਰੀਵਾਲਾ ਜਾਂ ਸ.ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਦਾ ਜ਼ਿਕਰ ਕਰੀਦਾ ਹੈ ਤਾਂ ਬਹੁਤ ਸਾਰੇ ਨੌਜਵਾਨ ਪੁੱਛਦੇ ਹਨ ਕਿ ਇਹ ਕਦੋ ਸ਼ਹੀਦ ਹੋਏ ਸਨ, ਇਹ ਕਿਉਂ ਸ਼ਹੀਦ ਹੋਏ ਸਨ, ਉਸ ਵੇਲੇ ਕੌਮ ਕੀਹ ਕਰਦੀ ਸੀ? ਕਿਤੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਬਾਪੂ ਦੀ ਸ਼ਹੀਦੀ ਤੋਂ ਬਾਅਦ ਅਗਲੇ ਸਾਲ ਕੋਈ ਬਰਸੀ ਮਨਾਉਣ ਵਾਲਾ ਵੀ ਨਾ ਹੋਵੇ? ਇਹ ਲਫਜ਼ ਕੁੜੱਤਣ ਵਾਲੇ ਜਰੂਰ ਹਨ, ਪਰ ਸੌ ਫੀ ਸਦੀ ਸੱਚ ਹੈ, ਅੱਜ ਕੌਣ ਯਾਦ ਕਰਦਾ ਹੈ ਸ. ਦਰਸ਼ਨ ਸਿੰਘ ਫੇਰੂਮਾਨ ਨੂੰ ?

ਪੰਜਾਬ ਦੀ ਭਗਵੀ ਤੇ ਬਾਦਲੀ ਸਰਕਾਰ ਨੇ ਬਾਪੂ ਖਾਲਸਾ ਦੀ ਸ਼ਹੀਦੀ ਉਪਰੰਤ ਪੈਦਾ ਹੋਣ ਵਾਲੇ ਹਲਾਤਾਂ ਨੂੰ ਸੰਭਾਲਣ ਵਾਸਤੇ ਅਤੇ ਆਪਣੇ ਹੱਕ ਵਿੱਚ ਨਾ ਸਹੀ, ਪਰ ਵਿਰੋਧ ਵਿੱਚ ਭੁਗਤਣ ਤੋਂ ਬਚਾਉਣ ਵਾਸਤੇ, ਮਸ਼ਕਾਂ ਆਰੰਭ ਦਿੱਤੀਆਂ ਹਨ। ਪੰਜਾਬ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਗੁਪਤਚਰਾਂ ਅਤੇ ਕੁੱਝ ਸਾਡੇ ਵਿੱਚਲੇ ਸਰਕਾਰ ਫਰੋਸ਼ਾਂ (ਟਾਉਟਾਂ) ਤੋਂ ਹਰ ਪਲ ਦੀ ਖਬਰ ਸਰਕਾਰੀ ਦਰਬਾਰ ਵਿੱਚ ਪੁੱਜ ਰਹੀ ਹੈ। ਜਿਸ ਦਿਨ ਬਾਪੂ ਖਾਲਸਾ ਨੇ ਆਪਣੀ ਪੰਥਕ ਵਸੀਹਤ ਜਾਰੀ ਕਰਦਿਆਂ, ਸ਼ਹਾਦਤ ਦਾ ਜਾਮ ਪੀਣ ਉਪਰੰਤ ਖਾਲਸੇ ਦੇ ਤਿੰਨ ਤਖਤਾਂ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਨਮ ਭੂੰਮੀ ਪਿੰਡ ਰੋਡੇ ਤੇ ਹੈਡਕੁਆਟਰ ਗੁਰਦਰਸ਼ਨ ਪ੍ਰਕਾਸ਼ ਚੌੰਕ ਮਹਿਤਾ ਦੀ ਪਾਵਨ ਚਰਨ ਧੂੜ, ਆਪਣੇ ਪ੍ਰਵਾਨ ਹੋਏ ਸਰੀਰ ਨੂੰ ਲਾਉਣ ਦਾ ਜ਼ਿਕਰ ਕੀਤਾ ਹੈ ਤਾਂ ਉਸ ਦਿਨ ਤੋਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਮੌਜੂਦਾ ਅਕਾਲੀ ਸਰਕਾਰ ਇਕ ਪਾਸੇ ਬੀ.ਜੇ.ਪੀ. ਨਾਲ ਬੜੇ ਤਲਖ ਹਲਾਤਾਂ ਵਿੱਚ ਵਿਚਰ ਰਹੀ ਹੈ ਅਤੇ ਦੂਜੇ ਪਾਸੇ ਪੰਥਕ ਜਜਬਾਤਾਂ ਦੀ ਗਰਮਾਹਟ ਵੀ ਨਜਰ ਆਉਂਦੀ ਪ੍ਰਤੱਖ ਦਿੱਸ ਰਹੀ ਹੈ। ਇਸ ਕਰਕੇ ਪੰਜਾਬ ਸਰਕਾਰ ਦਾ ਸਾਰਾ ਧਿਆਨ ਹਸਨਪੁਰ ਉੱਤੇ ਕੇਂਦਰਤ ਹੋ ਚੁੱਕਾ ਹੈ।

ਕੁੱਝ ਦਿਨ ਪਹਿਲਾਂ ਜਿਸ ਸਮੇਂ ਬਾਪੂ ਖਾਲਸਾ ਦੀ ਸਿਹਤ ਵਿੱਚ ਵੱਡਾ ਵਿਗਾੜ ਆਇਆ ਤਾਂ ਸਰਕਾਰ ਕੁੱਝ ਮਿੰਟਾਂ ਵਿੱਚ ਹੀ ਹਰਕਤ ਵਿੱਚ ਆ ਗਈ ਸੀ ਅਤੇ ਬਾਪੂ ਖਾਲਸਾ ਦੇ ਘਰ ਨੂੰ ਭਾਰੀ ਗਿਣਤੀ ਵਿੱਚ ਪੁਲਿਸ ਨੇ ਘੇਰ ਲਿਆ ਸੀ। ਬੇਸ਼ਕ ਪ੍ਰਬੰਧਕਾਂ ਨੇ ਦਰਵਾਜ਼ੇ ਬੰਦ ਕਰਕੇ ਆਪਣੇ ਵੱਲੋ ਵਿਰੋਧ ਜਤਾਇਆ ਕਿ ਅਸੀਂ ਬਾਪੂ ਖਾਲਸਾ ਨੂੰ ਚੁੱਕ ਕੇ ਹਸਪਤਾਲ ਨਹੀਂ ਲਿਜਾਣ ਦੇਵਾਗੇ, ਪਰ ਪੁਲਿਸ ਬਾਪੂ ਖਾਲਸਾ ਨੂੰ ਚੁੱਕ ਕੇ ਹਸਪਤਾਲ ਲਿਜਾਣ ਵਾਸਤੇ ਨਹੀਂ ਆਈ ਸੀ ਤੇ ਜੇਕਰ ਉਹ ਲਿਜਾਣਾ ਚਾਹੁੰਦੇ ਤਾਂ ਉੱਥੇ ਮੌਜੂਦ ਸੰਗਤ ਦੀ ਗਿਣਤੀ ਕਿਸੇ ਰੋਸ ਦਾ ਵਿਦਰੋਹ ਵਾਸਤੇ ਕਾਫੀ ਨਹੀਂ ਸੀ, ਲੇਕਿਨ ਪੁਲਿਸ ਦਾ ਮਕਸਦ ਕੁੱਝ ਹੋਰ ਸੀ ਕਿ ਜੇ ਕੋਈ ਭਾਣਾ ਵਾਪਰ ਜਾਂਦਾ ਤਾਂ ਪੁਲਿਸ ਨੇ ਹਰਕਤ ਵਿੱਚ ਆਉਣਾ ਸੀ। ਪੁਲਿਸ ਦਾ ਚੁੱਪ ਚਾਪ ਆਰਾਮ ਨਾਲ ਖੜ੍ਹੇ ਰਹਿਣਾ ਕਿਸੇ ਆਉਣ ਵਾਲੇ ਸੰਕਟ ਦਾ ਸੰਕੇਤ ਹੈ। ਉਸ ਦਿਨ ਸਰਕਾਰ ਨੇ ਪੁਲਿਸ ਰਾਹੀ ਇੱਕ ਅਜਿਹੀ ਮਸ਼ਕ ਕੀਤੀ, ਜਿਸ ਨਾਲ ਪਹਿਲਾ ਤਾਂ ਇਹ ਅੰਦਾਜ਼ਾ ਲਗਾਇਆ ਕਿ ਜੇ ਕਿਸੇ ਕਾਰਨ ਕਰਕੇ ਬਾਪੂ ਖਾਲਸਾ ਦੇ ਘਰ ਨੂੰ ਘੇਰਿਆ ਜਾਵੇ ਜਾਂ ਬਾਪੂ ਖਾਲਸਾ ਦੇ ਪ੍ਰਵਾਨ ਚੜ੍ਹੇ ਸਰੀਰ ਨੂੰ ਲੈ ਕੇ ਕੋਈ ਜੋਰਾ ਜਰਬੀ ਕਰਨੀ ਪਵੇ ਤਾਂ ਕਿਸ ਤਰ੍ਹਾਂ ਦਾ ਵਿਦਰੋਹ ਹੋ ਸਕਦਾ ਹੈ, ਦੂਸਰਾ ਇਹ ਕਿ ਸ਼ਹਾਦਤ ਤੋਂ ਬਾਅਦ ਬਾਪੂ ਖਾਲਸਾ ਦੀ ਦੇਹ ਨੂੰ ਪੰਜਾਬ ਦੀ ਪਰਿਕ੍ਰਮਾ ਅਤੇ ਤਿੰਨ ਤਖਤਾਂ ਦੀ ਯਾਤਰਾ ਕੀਤੇ ਬਿਨ੍ਹਾਂ ਅੰਤਮ ਸੰਸਕਾਰ ਕਿਵੇ ਕਰਵਾਇਆ ਜਾ ਸਕਦਾ ਹੈ।

ਅਜਿਹਾ ਹੀ ਹੋਵੇਗਾ, ਸਰਕਾਰ ਨੇ ਹਰ ਹੀਲੇ ਬਾਪੂ ਖਾਲਸਾ ਦੇ ਪ੍ਰਵਾਨ ਚੜ੍ਹੇ ਸਰੀਰ ਦੀ ਪੰਜਾਬ ਪਰਿਕ੍ਰਮਾ ਅਤੇ ਤਖਤਾਂ ਦੀ ਯਾਤਰਾ ਨੂੰ ਰੋਕਣਾ ਹੈ ਅਤੇ ਇਸ ਨੂੰ ਨੇਪਰੇ ਚਾੜ੍ਹਣ ਵਾਸਤੇ ਆਪਣੇ ਸਾਧਨ ਵਰਤਣੇ ਹਨ ਅਤੇ ਸਾਡੇ ਵਿੱਚਲੇ ਕੁੱਝ ਆਪਣੇ ਘੁਸਪੈਠੀਆਂ ਰਾਹੀ, ਅਖੀਰ ਇਹ ਸਲਾਹਾਂ ਵੀ ਦਿਵਾਉਣੀਆਂ ਹਨ ਕਿ ਚੱਲੋ! ਇਹ ਪ੍ਰੋਗ੍ਰਾਮ ਰੱਦ ਕਰ ਦਿੱਤਾ ਜਾਵੇ, ਲੇਕਿਨ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਨਤੀਜਾ ਕੀਹ ਹੋਵੇਗਾ। ਫਿਰ ਉਹ ਹੀ ਸਵਾਲ ਸਾਹਮਣੇ ਆਵੇਗਾ ਕਿ ਬਾਪੂ ਖਾਲਸਾ ਦੀ ਸ਼ਹਾਦਤ ਸਾਡੀ ਜਿੱਤ ਹੈ ਜਾਂ ਬੰਦੀ ਸਿੰਘਾਂ ਦੀ ਰਿਹਾਈ ? ਕੋਈ ਸ਼ੱਕ ਨਹੀਂ ਬਾਪੂ ਖਾਲਸਾ ਆਪਣੀ ਸਿਦਕ ਦਿਲੀ ਅਤੇ ਹੱਠ ਨਾਲ ਬਾਜ਼ੀ ਜਿੱਤ ਜਾਣਗੇ, ਪਰ ਸਾਡੇ ਹੱਥ ਕੀਹ ਆਵੇਗਾ, ਜੇ ਸਰਕਾਰ ਨੇ ਬਾਪੂ ਖਾਲਸਾ ਦਾ ਅੰਤਿਮ ਸੰਸਕਾਰ ਵੀ ਜਬਰੀ ਕਰਵਾ ਦਿੱਤਾ ਅਤੇ ਬੰਦੀ ਸਿੰਘ ਵੀ ਰਿਹਾ ਨਾ ਹੋਏ ਤਾਂ ਜਿੱਤ ਕਿਹੜੀ ਹੋਵੇਗੀ, ਕੀਹ ਫਿਰ ਕੋਈ ਹੋਰ ਗੁਰੂ ਪਿਆਰਾ ਮਰਨ ਵਰਤ ਉੱਤੇ ਬੈਠ ਜਾਵੇਗਾ ?

ਕੀਹ ਸੋਚਦੇ ਹਨ ਪੰਜਾਬ ਦੇ ਸਿੱਖ, ਸਾਡੇ ਹੱਡਾਂ ਵਿੱਚ ਪੀਕ ਕਿਉਂ ਪੈ ਗਈ ਹੈ, ਸਾਡੀ ਕੌਮੀਂ ਸੋਚ ਨੂੰ ਜੰਗਾਲ ਕਿਉਂ ਲੱਗ ਗਿਆ ਹੈ, ਸਾਡੇ ਕੌਮੀ ਮਕਸਦ ਕਿਉਂ ਗਵਾਚਦੇ ਜਾ ਰਹੇ ਹਨ , ਅਸੀਂ ਹਰ ਜ਼ੁਲਮ ਨੂੰ ਜਰਣ ਦੇ ਆਦੀ ਕਿਉਂ ਹੁੰਦੇ ਜਾ ਰਹੇ ਹਾਂ, ਬਾਪੂ ਖਾਲਸਾ ਦੀ ਸ਼ਹਾਦਤ ਵਿੱਚੋਂ ਸਿਰਫ ਬਾਪੂ ਦੀ ਸ਼ਹੀਦੀ ਹੀ ਨਹੀਂ ਨਿਕਲਨੀ ਚਾਹੀਦੀ, ਇਸ ਵਿੱਚੋਂ ਇੱਕ ਵੱਡਾ ਰਾਜਨੀਤਿਕ ਕੌਮੀ ਬਦਲਾਓ ਸਾਹਮਣੇ ਆਉਣਾ ਚਾਹੀਦਾ ਹੈ, ਇਸ ਵਿੱਚੋਂ ਕੌਮੀ ਏਕਤਾ ਸਾਹਮਣੇ ਆਉਣੀ ਚਾਹੀਦੀ ਹੈ, ਬਾਪੂ ਦੀ ਸ਼ਹਾਦਤ ਲਈ ਜਿੰਮੇਵਾਰ ਲੋਕਾਂ ਨੂੰ 2017 ਦੀ ਚੋਣ ਵਿੱਚ ਆਪਣੀ ਔਕਾਤ ਦੇ ਦਰਸ਼ਨ ਹੋਣੇ ਚਾਹੀਦੇ ਹਨ, ਪਰ ਅਜਿਹਾ ਕਰਨ ਵਾਸਤੇ ਸਾਨੂੰ ਆਪਣੇ ਅੰਦਰ ਇਕ ਚੇਤਨਤਾ ਜਗਾਉਣੀ ਪਵੇਗੀ ਅਤੇ ਇੱਕ ਦੂਜੇ ਪ੍ਰਤੀ ਈਰਖਾ ਅਤੇ ਬੇਲੋੜਾ ਵਿਰੋਧਾਭਾਸ ਖਤਮ ਕਰਕੇ, ਪੰਥਕ ਜੁਗਤ ਵਿੱਚ ਜੁੜਕੇ ਬੈਠਣਾ ਹੋਵੇਗਾ। ਇਹ ਕੇਵਲ ਕਿਸੇ ਇੱਕ ਕਮੇਟੀ ਜਾਂ ਸਿੱਖ ਜਥੇਬੰਦੀ ਦੀ ਜਿੰਮੇਵਾਰੀ ਨਹੀਂ, ਸਗੋਂ ਸਿੱਖ ਅਵਾਮ ਨੂੰ ਖੜ੍ਹੇ ਹੋਣਾ ਪਵੇਗਾ, ਜਦੋਂ ਅਸੀਂ ਸਭ ਨੇ ਆਪਣਾ ਲਿਆ ਕਿ ਬਾਪੂ ਖਾਲਸਾ ਸਾਡੇ ਆਪਣੇ ਹਨ ਅਤੇ ਕੌਮ ਵਾਸਤੇ ਕੁਰਬਾਨ ਹੋ ਰਹੇ ਹਨ, ਫਿਰ ਜਦੋ ਕਦੇ ਹਸਨਪੁਰ ਵਿੱਚਲੇ ਬਾਪੂ ਖਾਲਸਾ ਦੇ ਘਰ ਨੂੰ ਸਰਕਾਰ ਜਾਂ ਪੁਲਿਸ ਵੱਲੋਂ ਘੇਰਾ ਪਾਉਣ ਦੀ ਖਬਰ ਆਵੇਗੀ ਤਾਂ ਹਰ ਪਿੰਡ ਸ਼ਹਿਰ ਵਿੱਚ ਕੌਮੀ ਪ੍ਰਵਾਨਿਆਂ ਦਾ ਇੱਕ ਹੜ੍ਹ ਉਠੇਗਾ, ਜਿਹੜਾ ਸਰਕਾਰਾਂ ਦੇ ਜਬਰ ਅਤੇ ਮਾੜੇ ਮਨਸੂਬਿਆਂ ਨੂੰ ਵਹਾਅ ਕੇ ਲੈ ਜਾਵੇਗਾ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top