Share on Facebook

Main News Page

ਅੰਮ੍ਰਿਤਸਰ ਐਲਾਨਨਾਮਾ: ਪਿਛੋਕੜ, ਭਰਮ ਤੇ ਹਕੀਕਤ
-: ਕਰਮਜੀਤ ਸਿੰਘ, ਚੰਡੀਗੜ੍ਹ 99150-91063

ਪਿਛਲੇ ਕੁਝ ਦਿਨਾਂ ਤੋਂ ‘ਅੰਮ੍ਰਿਤਸਰ ਐਲਾਨਨਾਮੇ’ ਬਾਰੇ ਸਿੱਖ ਆਗੂਆਂ ਦੇ ਧੁੰਦਲੀ ਕਿਸਮ ਦੇ ਆ ਰਹੇ ਬਿਆਨ ਇੱਕ ਤਰ੍ਹਾਂ ਨਾਲ ਅਸਪਸ਼ਟਤਾ ਨੂੰ ਹੀ ਸਪਸ਼ਟ ਕਰਦੇ ਹਨ। ਸਿੱਖ ਆਗੂਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਇਸ ਇਤਿਹਾਸਕ ਦਸਤਾਵੇਜ਼ ਦੀ ਆਪੋ ਆਪਣੇ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ।

ਇਹ ‘ਅੰਮ੍ਰਿਤਸਰ ਐਲਾਨਨਾਮਾ’ ਕੀ ਹੈ? ਇਹ ਕਿਵੇਂ ਵਜੂਦ ਵਿੱਚ ਆਇਆ? ਇਸ ਦੀ ਸ਼ਬਦਾਵਲੀ ਕਿਸ ਨੇ ਤਿਆਰ ਕੀਤੀ? ਇਸ ਨਿਵੇਕਲੀ ਦਸਤਾਵੇਜ਼ ਦੇ ਪਿਛੋਕੜ ਵਿੱਚ ਪੰਥਕ ਹਾਲਾਤ ਉਸ ਸਮੇਂ ਕਿਹੋ ਜਿਹੇ ਸਨ? ਇਸ ਦਸਤਾਵੇਜ਼ ਦਾ ਇਤਿਹਾਸ ਵਿੱਚ ਕੀ ਸਥਾਨ ਹੋਵੇਗਾ? ਇਹ ਸਾਰੇ ਦਿਲਚਸਪ, ਪਰ ਅਤਿ ਅਹਿਮ ਸਵਾਲ ਅਤੇ ਇਨ੍ਹਾਂ ਦੇ ਜਵਾਬ ਅੱਜ ਮੇਰੇ ਇਸ ਲਈ ਦੇਣੇ ਜ਼ਰੂਰੀ ਬਣਦੇ ਹਨ ਕਿਉਂਕਿ ਮੈਂ ਵੀ ਉਸ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੀ, ਜਿਸ ਨੇ ‘ਅੰਮ੍ਰਿਤਸਰ ਐਲਾਨਨਾਮੇ’ ਨੂੰ ਤਿਆਰ ਕਰਨ ਤੋਂ ਪਹਿਲਾਂ ਇੱਕ ਸੁਖਾਵੇਂ, ਖੁੱਲ੍ਹੇ ਡੁੱਲ੍ਹੇ, ਪਰ ਗਰਮਾ ਗਰਮ ਮਾਹੌਲ ਵਿੱਚ ਨਿੱਠ ਕੇ ਲੰਮਾ ਚੌੜ੍ਹਾ ਵਿਚਾਰ ਵਟਾਂਦਰਾ ਕੀਤਾ ਸੀ।

ਪੰਜ ਮੈਂਬਰੀ ਕਮੇਟੀ ਵਿੱਚ ਮੇਰੇ ਸਮੇਤ ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਡਾ. ਕੇਹਰ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ, ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਭਗਤ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਆਗੂ ਸ. ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ।

1 ਮਈ, 1994 ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ‘ਅੰਮ੍ਰਿਤਸਰ ਐਲਾਨਨਾਮੇ’ ਦਾ ਵਿਚਾਰ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਦੇਣ ਸੀ। ਉਨ੍ਹਾਂ ਦਿਨਾਂ ਵਿੱਚ ਜਿਹੜੀਆਂ ਰਾਜਸੀ ਪਾਰਟੀਆਂ ਕੌਮ ਨੂੰ ਕੋਈ ਅਗਲਾ ਰਾਜਨੀਤਕ ਪ੍ਰੋਗਰਾਮ ਦੇਣ ਬਾਰੇ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਵਿਚਾਰਾਂ ਕਰ ਰਹੀਆਂ ਸਨ, ਉਨ੍ਹਾਂ ਵਿੱਚ ਆਪੋ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਵਿੱਚ ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਮਾਨ, ਕਰਨਲ ਜਸਮੇਰ ਸਿੰਘ ਬਾਲਾ, ਸੁਰਜੀਤ ਸਿੰਘ ਬਰਨਾਲਾ ਅਤੇ ਭਾਈ ਮਨਜੀਤ ਸਿੰਘ ਸ਼ਾਮਲ ਸਨ।ਇਨ੍ਹਾਂ ਸਭਨਾਂ ਨੇ ਇਸ ਐਲਾਨਨਾਮੇ ‘ਤੇ ਬਾਕਾਇਦਾ ਦਸਤਖ਼ਤ ਕੀਤੇ ਸਨ, ਪਰ ਸ. ਪਰਕਾਸ਼ ਸਿੰਘ ਬਾਦਲ ਦੀ ਪਾਰਟੀ ਇਸ ਵਿਚਾਰ ਵਟਾਂਦਰੇ ਅਤੇ ਦਸਤਖ਼ਤਾਂ ਤੋਂ ਬਾਹਰ ਸੀ।ਪ੍ਰੋ. ਮਨਜੀਤ ਸਿੰਘ ਉਸ ਸਮੇਂ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਸਨ।

ਉਨ੍ਹਾਂ ਹੀ ਦਿਨਾਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇੱਕ ਦਿਨ ਮੈਨੂੰ ਪਿੰਡ ਟੌਹੜਾ ਵਿਖੇ ਸੱਦਿਆ ਅਤੇ ਭਰੋਸੇ ਵਿੱਚ ਲੈ ਕੇ ਜੋ ਕੁਝ ਕਿਹਾ, ਉਸ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਦਾ ਸੀ, "ਕਰਮਜੀਤ, ਮੈਂ ਚਾਹੁੰਦਾ ਹਾਂ ਕਿ ਇੱਕ ਅਜਿਹੀ ਦਸਤਾਵੇਜ਼ ਤਿਆਰ ਹੋਵੇ, ਜੋ ਆਨੰਦਪੁਰ ਸਾਹਿਬ ਦੇ ਮਤੇ ਤੋਂ ਅੱਗੇ ਦੀ ਗੱਲ ਕਰਦੀ ਹੋਵੇ, ਪਰ ਖਾਲਿਸਤਾਨ ਤੋਂ ਰਤਾ ਘੱਟ ਹੋਵੇ। ਲੇਕਿਨ ਉਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਖਾਲਿਸਤਾਨ ਦੀ ਖੁਸ਼ਬੋ ਦਾ ਅਹਿਸਾਸ ਵੀ ਸ਼ਾਮਲ ਹੋਵੇ।" ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕਮੇਟੀ ਦੇ ਬਾਕੀ ਮੈਂਬਰਾਂ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਜਾਂ ਨਹੀਂ।

ਇੰਝ ਜਥੇਦਾਰ ਟੌਹੜਾ ਨੇ ਏਜੰਡੇ ਦੀ ਰੂਪ ਰੇਖਾ ਕਰੀਬ-ਕਰੀਬ ਤੈਅ ਕਰ ਦਿੱਤੀ ਸੀ ਅਤੇ ਇਸੇ ਘੇਰੇ ਵਿੱਚ ਰਹਿ ਕੇ ਵਿਚਾਰ ਵਟਾਂਦਰਾ ਹੋਣਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਜਨੀਤੀ ਦੇ ਮੈਦਾਨ ਵਿੱਚ ਬਹੁਤ ਦੂਰਅੰਦੇਸ਼, ਚਤਰ-ਚਲਾਕ ਅਤੇ ਡੂੰਘੇ ਪਾਣੀਆਂ ਦੇ ਤੈਰਾਕ ਸਨ। ਬਿਨਾਂ ਸ਼ੱਕ ਉਨ੍ਹਾਂ ਵਿੱਚ ਵੱਡੀਆਂ ਕਮਜ਼ੋਰੀਆਂ ਵੀ ਸਨ, ਪਰ ਫਿਰ ਵੀ ਉਹ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਸਨ। ਪਰ ਇਸ ਹਕੀਕਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਕਦੀ-ਕਦੀ ਸਿਧਾਂਤਾਂ ਤੋਂ ਲਾਂਭੇ ਵੀ ਚਲੇ ਜਾਂਦੇ ਸਨ। ਇਹ ਉਨ੍ਹਾਂ ਦੀਆਂ ਮਜਬੂਰੀਆਂ ਸਨ। ਉਹ ਸਿੱਖ ਇਤਿਹਾਸ ਦੀਆਂ ਬਾਰੀਕ ਤੋਂ ਬਾਰੀਕ ਤੰਦਾਂ ਅਤੇ ਅਦਿੱਸ ਰੁਝਾਨਾਂ, ਰਮਜ਼ਾਂ, ਤਾਕਤਾਂ ਅਤੇ ਵਰਤਾਰਿਆਂ ਨੂੰ ਅਹਿਸਾਸ ਦੀ ਹੱਦ ਤੱਕ ਸਮਝਦੇ ਸਨ। ਦਿਲਚਸਪ ਗੱਲ ਇਹ ਹੈ ਕਿ ਉਹ ਹਰ ਸਮੇਂ ਇਤਿਹਾਸ ਬਾਰੇ ਸੁਚੇਤ ਤੇ ਸਾਵਧਾਨ ਰਹਿੰਦੇ ਸਨ ਅਤੇ ਇਹ ਗੱਲ ਉਨ੍ਹਾਂ ਦੀ ਮਾਨਸਿਕਤਾ ਵਿੱਚ ਸ਼ਾਮਲ ਸੀ ਕਿ ‘ਇਤਿਹਾਸ ਮੈਨੂੰ ਕਿੰਝ ਵੇਖੇਗਾ’ ਜਾਂ ‘ਵੇਖ ਵੀ ਸਕੇਗਾ’ ਸਿੱਖ ਇਤਿਹਾਸ ਦੀ ਮੁੱਖ ਧਾਰਾ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਉਹ ਰਾਜਨੀਤੀ ਨੂੰ ਕੁਝ ਇਸ ਤਰ੍ਹਾਂ ਦੀ ਦਿਸ਼ਾ ਦੇ ਦਿੰਦੇ ਸਨ ਤਾਂ ਜੋ ਭਵਿੱਖ ਦੇ ਇਤਿਹਾਸਕਾਰ ਆਪਣੇ ਆਪ ਹੀ ਉਨ੍ਹਾਂ ਦੀ ਰਣਨੀਤੀ ‘ਤੇ ਆਪਣੀ ਮੋਹਰ ਲਾ ਦੇਣ। ‘ਅੰਮ੍ਰਿਤਸਰ ਐਲਾਨਨਾਮਾ’ ਵੀ ਇਤਿਹਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਉਨ੍ਹਾਂ ਦੀ ਲੁਕਵੀਂ ਰੀਝ ਨੂੰ ਹੀ ਸਾਕਾਰ ਕਰਦਾ ਹੈ।ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇਤਿਹਾਸਕਾਰਾਂ ਨੇ ਇਸ ਬਾਰੇ ਅਜੇ ਕੋਈ ਨਿਰਣਾ ਨਹੀਂ ਲਿਆ।

ਇੱਕ ਹੋਰ ਦਿਲਚਸਪ ਨੁਕਤਾ ਮੈਂ ਸੁੱਤੀ ਹੋਈ ਆਪਣੀ ਕੌਮ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਹ ਇਹ ਸੀ ਕਿ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਵਿਅਕਤੀਆਂ ਦੀ ਚੋਣ ਹੀ ਉਨ੍ਹਾਂ ਦੇ ਤਿੱਖੇ, ਤੇਜ਼ ਤਰਾਰ ਅਤੇ ਜਰਖੇਜ਼ ਰਾਜਨੀਤਕ ਦਿਮਾਗ਼ ਦੀ ਦੱਸ ਪਾਉਂਦੀ ਹੈ। ਉਨ੍ਹਾਂ ਨੂੰ ਪਤਾ ਸੀ ਕਿ ਕਮੇਟੀ ਵਿੱਚ ਸ਼ਾਮਲ ਸੱਜਣ ਕੌਣ ਹਨ, ਕਿਸ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਨ ਅਤੇ ਆਖ਼ਰ ਨੂੰ ਬਹਿਸ ਦੇ ਅੰਤ ‘ਤੇ ਕਿਸੇ ਫੈਸਲਾਕੁਨ ਘੜੀ ‘ਤੇ ਕਿਸ ਥਾਂ ‘ਤੇ ਖਲੋਣਗੇ, ਉਹ ਜਾਣਦੇ ਸਨ ਕਿ ਉਨ੍ਹਾਂ ਦੀਆਂ ਇੱਛਾਵਾਂ ਦਾ ਐਲਾਨਨਾਮਾ ਜੇ ਅਕਾਲ ਤਖ਼ਤ ‘ਤੇ ਸਰਬ ਸਹਿਮਤੀ ਨਾਲ ਪ੍ਰਵਾਨ ਹੋ ਜਾਂਦਾ ਹੈ ਤਾਂ ਉਹ ਸਿੱਖ ਇਤਿਹਾਸ ਦੀ ਇੱਕ ਅਜਿਹੀ ਪਵਿੱਤਰ ਦਸਤਾਵੇਜ਼ ਬਣ ਜਾਵੇਗੀ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਜ਼ਾਦੀ ਦੇ ਆਪਣੇ ਸੰਘਰਸ਼ ਨੂੰ ਅੱਗੇ ਤੋਰਨ ਵਿੱਚ ਪ੍ਰੇਰਨਾ ਅਤੇ ਉਤਸ਼ਾਹ ਹੀ ਨਹੀਂ ਮਿਲੇਗਾ, ਸਗੋਂ ਅੰਤਰਰਾਸ਼ਟਰੀ ਖੇਤਰ ਵਿੱਚ ਸਿੱਖ ਕੌਮ ਦੀ ਆਜ਼ਾਦੀ ਦੀ ਤਾਂਘ ਨੂੰ ਸਦਾਚਾਰਕ ਅਤੇ ਕਾਨੂੰਨੀ ਪ੍ਰਵਾਨਗੀ ਵੀ ਹਾਸਲ ਹੋ ਜਾਵੇਗੀ। ਉਨ੍ਹਾਂ ਦੇ ਧੁਰ ਅੰਦਰ ਇਹ ਵਿਚਾਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਿਹਾ ਸੀ ਕਿ ਇਹੋ ਜਿਹੀ ਦਸਤਾਵੇਜ਼ ਇਸ ਲਈ ਵੀ ਅਹਿਮ ਬਣੇਗੀ, ਕਿਉਂਕਿ ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਮਤਾ ਤਾਂ ਕੇਵਲ ਇੱਕ ਪਾਰਟੀ ਦਾ ਹੀ ਮਤਾ ਸੀ, ਪਰ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਕਦੇ ਵੀ ਨਹੀਂ ਸੀ ਆਇਆ ਅਤੇ ਨਾ ਹੀ ਕਦੇ ਉਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਹਾਸਲ ਹੋਈ ਸੀ। ਟੌਹੜਾ ਸਾਹਿਬ ਨੂੰ ਮਨ ਦੀ ਕਿਸੇ ਅਗਿਆਤ ਨੁੱਕਰ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਸੀ ਕਿ ਦਸਤਖ਼ਤ ਕਰਨ ਵਾਲੇ ਆਗੂਆਂ ਵਿੱਚੋਂ ਕਈ ਬਹੁਤੇ ਛੋਟੇ ਕੱਦ ਦੇ ਮਾਲਕ ਹਨ ਅਤੇ ਉਹ ਆਪੋ ਆਪਣੀਆਂ ਰਾਜਨੀਤਕ ਗਰਜ਼ਾਂ ਅਤੇ ਮਜਬੂਰੀਆਂ ਕਾਰਨ ਹੀ ਇਕੱਠੇ ਹੋਏ ਹਨ ਅਤੇ ਅੰਤ ਨੂੰ ਮੈਦਾਨ ਛੱਡ ਕੇ ਭੱਜ ਜਾਣਗੇ। ਹੋਇਆ ਵੀ ਇੰਝ ਹੀ। ਦਸਤਖ਼ਤ ਕਰਨ ਵਾਲੇ ਅਕਾਲੀ ਆਗੂ ਰਾਜਨੀਤਕ ਹਨੇਰੀ ਵਿੱਚ ਸੁੱਕੇ ਪੱਤਿਆਂ ਵਾਂਗ ਇੱਧਰ ਉੱਧਰ ਹੀ ਖਿੰਡ ਗਏ।

ਕੈਪਟਨ ਅਮਰਿੰਦਰ ਸਿੰਘ ਛਾਲ ਮਾਰ ਕੇ ਕਾਂਗਰਸ ਵਿੱਚ ਚਲੇ ਗਏ। ਸੁਰਜੀਤ ਸਿੰਘ ਬਰਨਾਲਾ ਨੂੰ ਰਾਜਪਾਲ ਦੇ ਅਹੁਦੇ ਨੇ ਮੋਹ ਲਿਆ। ਬੱਬਰ ਅਕਾਲੀ ਦਲ ਦੇ ਜਸਮੇਰ ਸਿੰਘ ਬਾਲਾ ਸ੍ਰੀ ਗੁਰੂ ਗੋਬਿੰਦ ਕਾਲਜ, ਚੰਡੀਗੜ੍ਹ ਦੀ ਪ੍ਰਬੰਧਕੀ ਕਮੇਟੀ ਵਿੱਚ ਉੱਚੇ ਅਹੁਦੇ ਤੇ ਸਸ਼ੋਭਤ ਹੋ ਗਏ, ਜਦ ਕਿ ਸੰਤ ਕਰਤਾਰ ਸਿੰਘ ਦੇ ਪੁੱਤਰ ਭਾਈ ਮਨਜੀਤ ਸਿੰਘ ਬਾਰੇ ਤਾਂ ਕਹਿਣਾ ਹੀ ਕੀ ਹੈ ਲੋਹਪੁਰਸ਼ ਅਖਵਾਏ ਜਾਣ ਵਾਲੇ ਤਲਵੰਡੀ ਸਾਹਿਬ ਵੀ ‘ਲੋਹੇ ਵਰਗਾ ਦਿਲ’ ਰੱਖਣ ਦਾ ਪ੍ਰਤੀਕ ਨਾ ਬਣ ਸਕੇ। ਇਸ ਐਲਾਨਨਾਮੇ ਦੀ ਗੱਲ ਕਰਨ ਦੀ ਜ਼ਿੰਮੇਵਾਰੀ ਦਾ ਭਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਚੁਕਾ ਦਿੱਤਾ ਗਿਆ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ, ਉਹ ਤਾਂ ਪਹਿਲਾਂ ਹੀ ਇਸ ਮਤੇ ਦੀ ਭਾਵਨਾ ਤੋਂ ਅੱਗੇ ਜਾ ਕੇ ਖਾਲਿਸਤਾਨ ਦੀ ਮੰਗ ਕਰਦੇ ਆ ਰਹੇ ਸਨ। ਇਸ ਲਈ ਉਨ੍ਹਾਂ ਵਾਸਤੇ ਇਹ ਮਤਾ ਖਾਲਿਸਤਾਨ ਲਈ ਇੱਕ ਪੜਾਅ ਵਜੋਂ ਕੰਮ ਕਰਦਾ ਸੀ।

ਵੈਸੇ ਇਸ ਮਤੇ ਵਿੱਚ ਖਾਲਿਸਤਾਨ ਦੀ ਕੋਈ ਮੰਗ ਨਹੀਂ ਕੀਤੀ ਗਈ, ਸਗੋਂ ਕਨਫੈਡਰਲ ਢਾਂਚੇ ਦੀ ਮੰਗ ਕੀਤੀ ਗਈ ਸੀ ਅਤੇ ਕਨਫੈਡਰਲ ਢਾਂਚਾ ਨਾ ਮੰਨੇ ਜਾਣਦੀ ਸੂਰਤ ਵਿੱਚ ਪ੍ਰਭਸਤਾ ਸਪੰਨ ਸਿੱਖ ਰਾਜ (ਖਾਲਿਸਤਾਨ) ਦੀ ਮੰਗ ਕਰਨ ਬਾਰੇ ਮਹਿਜ਼ ਚਿਤਾਵਨੀ ਹੀ ਦਿੱਤੀ ਗਈ ਸੀ।ਇਤਿਹਾਸ ਨੇ ਵੇਖਿਆ ਕਿ ਇਸ ਦਸਤਾਵੇਜ਼ ਨੂੰ ਸਿੱਖ ਕੌਮ ਦੇ ਜਜ਼ਬਿਆਂ ਦਾ ਹਿੱਸਾ ਬਣਾਉਣ ਅਤੇ ਇੱਕ ਵਿਸ਼ਾਲ ਲਹਿਰ ਸਿਰਜਣ ਲਈ ਕੋਈ ਆਗੂ ਵੀ ਮੈਦਾਨ ਵਿੱਚ ਨਹੀਂ ਨਿੱਤਰਿਆ। ਅਕਾਲ ਤਖ਼ਤ ਸਾਹਿਬ ਦੇ ਅਗਲੇ ਜਥੇਦਾਰਾਂ ਨੇ ਇਸ ਐਲਾਨਨਾਮੇ ਨੂੰ ਲਾਗੂ ਕਰਵਾਉਣ ਬਾਰੇ ਡਰਪੋਕ ਖਾਮੋਸ਼ੀ ਦਾ ਹੀ ਰਾਹ ਫੜਿਆ ਅਤੇ ਨਾ ਹੀ ਖਾਲਸਾ ਪੰਥ ਦੇ ਚਮਨ ਦੇ ਕਿਸੇ ਦੀਦਾਵਰ ਆਗੂ ਨੇ ਮੈਦਾਨ ਛੱਡ ਕੇ ਭੱਜੇ ਉਕਤ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਲਈ ਕਦੇ ਕੋਈ ਮੁਹਿੰਮ ਛੇੜਨ ਦੀ ਹਿੰਮਤ ਕੀਤੀ।ਵਿਚਾਰਾਂ ਦੇ ਇਤਿਹਾਸ ਦਾ ਇਹ ਕੇਹਾ ਵਿਅੰਗ ਸੀ ਕਿ ਇੱਕ ਮਨਹੂਸ ਸਵੇਰ ਨੂੰ ‘ਅੰਮ੍ਰਿਤਸਰ ਐਲਾਨਨਾਮੇ’ ਦਾ ਵਿਚਾਰ ਦੇਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸ. ਪਰਕਾਸ਼ ਸਿੰਘ ਬਾਦਲ ਨਾਲ ਜਾ ਮਿਲੇ। ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਪਿੱਛੋਂ ਮੈਂ ਇਕੱਲਿਆਂ ਹੀ ਟੌਹੜਾ ਸਾਹਿਬ ਨੂੰ ਸਵਾਲ ਕੀਤਾ, "ਪ੍ਰਧਾਨ ਜੀ, ਕੀ ਬਾਦਲ ਸਾਹਿਬ ਨਾਲ ਤੁਹਾਡੀ ਏਕਤਾ ਹੋ ਗਈ" ਉਨ੍ਹਾਂ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ ਅਤੇ ‘ਆਫ਼ ਦੀ ਰਿਕਾਰਡ’ ਦੀ ਹਦਾਇਤ ਦੇ ਕੇ ਇਸ ਸ਼ੇਅਰ ਨਾਲ ਮੈਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ, "ਹਮ ਮਿਲੇ, ਮਿਲੇ, ਮਿਲੇ ਭੀ ਤੋ ਕਿਆ ਮਿਲੇ, ਵਹੀ ਦੂਰੀਆਂ, ਵਹੀ ਫਾਸਲੇ।"|

ਮੈਂ ਇੱਕ ਵਾਰ ਮੁੜ ਉਸ ਅਹਿਮ ਨੁਕਤੇ ਵੱਲ ਆਉਂਦਾ ਹਾਂ, ਜਿਸ ਦਾ ਸਬੰਧ ‘ਅੰਮ੍ਰਿਤਸਰ ਐਲਾਨਨਾਮੇ’ ਦੀ ਸ਼ਬਦਾਵਲੀ ਨਾਲ ਜੁੜਿਆ ਹੋਇਆ ਹੈ। ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਪਟਿਆਲਾ ਸਥਿਤ ਡਾ. ਬਲਕਾਰ ਸਿੰਘ ਦੇ ਨਿਵਾਸ ਸਥਾਨ ‘ਤੇ ੨੯ ਅਤੇ 30 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਹੋ ਰਹੀ ਸੀ।ਵਿਚਾਰਾਂ ਕਰਦਿਆਂ-ਕਰਦਿਆਂ ਸਵੇਰ ਦੇ 4 ਵੱਜ ਗਏ, ਪਰ ਕਿਸੇ ਵੀ ਸਾਂਝੇ ਖਰੜੇ ‘ਤੇ ਸਾਡੀ ਕੋਈ ਸਹਿਮਤੀ ਨਾ ਹੋ ਸਕੀ।ਆਖ਼ਰਕਾਰ ਮਤੇ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਡਾ. ਗੁਰਭਗਤ ਸਿੰਘ ਨੂੰ ਸੌਂਪ ਦਿੱਤੀ ਗਈ।ਉਹ ਆਪਣੇ ਘਰ ਚਲੇ ਗਏ। ਸਵੇਰੇ 6 ਵਜੇ ਦੇ ਕਰੀਬ ਉਹ ਮਤਾ ਲੈ ਕੇ ਵਾਪਸ ਆਏ ਅਤੇ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ। ਸਾਡੇ ਵਿੱਚੋਂ ਇੱਕ ਸਾਥੀ ਆਪਣੀ ਸਹਿਮਤੀ ਦੇਣ ਬਾਰੇ ਜੱਕੋਤਕੀ ਵਿੱਚ ਸੀ, ਜਦਕਿ ਇੱਕ ਹੋਰ ਇਸ ਵਿੱਚ ਤਰਮੀਮ ਕਰਨ ਦਾ ਸੁਝਾਅ ਦੇ ਰਿਹਾ ਸੀ।ਮੈਨੂੰ ਯਾਦ ਹੈ ਕਿ ਉਸ ਸਮੇਂ ਡਾ. ਗੁਰਭਗਤ ਸਿੰਘ ਨੇ ਕਿਹਾ ਕਿ ਜੇ ਇਸ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਂਦੀ ਹੈ ਤਾਂ ਮੈਨੂੰ ਉਸ ਵਿੱਚ ਸ਼ਾਮਲ ਨਾ ਸਮਝਿਆ ਜਾਵੇ।ਉਨ੍ਹਾਂ ਦੇ ਸ਼ਬਦਾਂ ਵਿੱਚ ਏਨੀ ਦ੍ਰਿੜ੍ਹਤਾ ਅਤੇ ਸਪਸ਼ਟਤਾ ਸੀ ਕਿ ਇੱਕ ਵਾਰ ਤਾਂ ਸਾਡੇ ਸਭਨਾਂ ਵਿੱਚ ਚੁੱਪ ਵਰਤ ਗਈ।ਆਖ਼ਰਕਾਰ ਉਨ੍ਹਾਂ ਦੇ ਮਤੇ ‘ਤੇ ਸਰਬ ਸਹਿਮਤੀ ਹੋ ਗਈ। ਇਹ ਮਤਾ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ।

ਹੁਣ ਅਗਲਾ ਕੰਮ ਇਹ ਸੀ ਕਿ ਇਸ ਮਤੇ ਨੂੰ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਤੱਕ ਪੁੱਜਦਾ ਕਿਵੇਂ ਕੀਤਾ ਜਾਵੇ। ਅਸੀਂ ਕਾਰ ਰਾਹੀਂ 30 ਅਪ੍ਰੈਲ, 1994 ਨੂੰ ਅੰਮ੍ਰਿਤਸਰ ਪੁੱਜੇ। ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇੱਕ ਇਮਾਰਤ ਵਿੱਚ ਠਹਿਰੇ ਪ੍ਰੋ. ਮਨਜੀਤ ਸਿੰਘ ਕੋਲ ਪਹੁੰਚਦਿਆਂ ਰਾਤ ਦੇ ਕਰੀਬ 10 ਵੱਜ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਮਤਾ ਪੜ੍ਹ ਕੇ ਸੁਣਾਉਣ ਹੀ ਲੱਗੇ ਸੀ ਤਾਂ ਬਿਜਲੀ ਚਲੇ ਗਈ ਅਤੇ ਮੋਮਬੱਤੀ ਦੀ ਰੌਸ਼ਨੀ ਵਿੱਚ ਇਹ ਮਤਾ ਸੁਣਾਇਆ ਗਿਆ। ਉਨ੍ਹਾਂ ਨੇ ਖੁਦ ਵੀ ਪੜ੍ਹਿਆ, ਪਰ ਉਨ੍ਹਾਂ ਨੂੰ ਇਸ ਗੱਲ ਦਾ ਸੰਸਾ ਸੀ ਕਿ ਇਹ ਮਤਾ ਸ਼ਾਇਦ ਪ੍ਰਵਾਨ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੂੰ ਡਰ ਸੀ ਕਿ ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਤਲਵੰਡੀ ਵਰਗੇ ਇਸ ਮਤੇ ਨਾਲ ਸਹਿਮਤ ਨਹੀਂ ਹੋਣਗੇ। ਪ੍ਰੋ. ਮਨਜੀਤ ਸਿੰਘ ਹੋਰਾਂ ਦੇ ਆਪਣੇ ਹਾਵਾਂ ਭਾਵਾਂ ਤੋਂ ਇਹ ਪ੍ਰਭਾਵ ਪੈਂਦਾ ਸੀ, ਜਿਵੇਂ ਉਹ ਖੁਦ ਵੀ ਇਸ ਮਤੇ ਦੀ ਸ਼ਬਦਾਵਲੀ ਬਾਰੇ ਸੌ ਫ਼ੀਸਦ ਸਹਿਮਤ ਨਹੀਂ ਸੀ। ਪਰ ਫਿਰ ਵੀ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਮਤੇ ‘ਤੇ ਸਹਿਮਤੀ ਬਣਾਉਣ ਦੀ ਪੂਰੀ-ਪੂਰੀ ਵਾਹ ਲਗਾਉਣਗੇ।

ਇਸ ਮਤੇ ਦਾ ਸਿਰਲੇਖ ‘ਅੰਮ੍ਰਿਤਸਰ ਐਲਾਨਨਾਮਾ’ ਵੀ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ। ਇੱਥੇ ਮੈਂ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਭਾਵੇਂ ਪ੍ਰੋਫੈਸਰ ਸਾਹਿਬ ਨਰਮ ਸੁਭਾਅ ਦੇ ਮਾਲਕ ਹਨ ਅਤੇ ਦ੍ਰਿੜ੍ਹ ਇਰਾਦੇ ਨਾਲ ਕੋਈ ਪੱਕੀ ਲਕੀਰ ਖਿੱਚਣ ਤੋਂ ਅਕਸਰ ਹੀ ਲਾਂਭੇ-ਲਾਂਭੇ ਰਹਿੰਦੇ ਹਨ, ਪਰ ਇਸ ਮਤੇ ‘ਤੇ ਸਹਿਮਤੀ ਬਣਾਉਣ ਵਿੱਚ ਉਨ੍ਹਾਂ ਦਾ ਰੋਲ ਇੱਕ ਇਤਿਹਾਸਕ ਯਾਦਗਾਰ ਬਣਿਆ ਰਹੇਗਾ।

ਫਿਰ ਇੱਕ ਮੁਸ਼ਕਲ ਹੋਰ ਆ ਗਈ ਕਿ ਇਸ ਮਤੇ ਦਾ ਪੰਜਾਬੀ ਵਿੱਚ ਤਰਜਮਾ ਕਰਨ ਲਈ ਟਾਈਪਿੰਗ ਮਸ਼ੀਨ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਉਸੇ ਰਾਤ ਨੂੰ ਇੱਕ ਵੀਰ ਨੇ ਜੋ ਇਸ ਸਮੇਂ ਅਮਰੀਕਾ ਵਿੱਚ ਹੈ, ਟਾਈਪਿੰਗ ਮਸ਼ੀਨ ਦਾ ਪ੍ਰਬੰਧ ਕੀਤਾ ਅਤੇ ਮੋਮਬੱਤੀਆਂ ਦੀ ਰੌਸ਼ਨੀ ਵਿੱਚ ਡਾ. ਗੁਰਭਗਤ ਸਿੰਘ ਨਾਲ ਬੈਠ ਕੇ ਇਸ ਮਤੇ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਗਿਆ ਅਤੇ ਫਿਰ ਪ੍ਰੋ. ਮਨਜੀਤ ਸਿੰਘ ਹੋਰਾਂ ਨੂੰ ਸੌਂਪ ਦਿੱਤਾ ਗਿਆ। ਖੁਫ਼ੀਆ ਏਜੰਸੀਆਂ ਨੂੰ ਝਕਾਨੀ ਦੇ ਕੇ ਅਸੀਂ ਸਾਰੇ ਆਪੋ ਆਪਣੇ ਘਰਾਂ ਨੂੰ ਪਰਤ ਗਏ।ਅਗਲੇ ਦਿਨ ਦੁਪਹਿਰ ਪਿੱਛੋਂ ਸਾਨੂੰ ਖ਼ਬਰ ਮਿਲੀ ਕਿ ਮਤਾ ਪ੍ਰਵਾਨ ਹੋ ਗਿਆ ਹੈ ਅਤੇ ਸਭਨਾਂ ਨੇ ਉਸ ‘ਤੇ ਬਾਕਾਇਦਾ ਦਸਤਖ਼ਤ ਵੀ ਕਰ ਦਿੱਤੇ ਹਨ। ਇਹ ਖ਼ਬਰ ਸੱਚਮੁੱਚ ਹੀ ਹੈਰਾਨ ਕਰਨ ਵਾਲੀ ਸੀ ਅਤੇ ਸਾਨੂੰ ਯਕੀਨ ਹੀ ਨਹੀਂ ਸੀ ਆਉਂਦਾ, ਕਿਉਂਕਿ ਇੱਕ ਦੂਜੇ ਵਿਰੁੱਧ ਟਕਰਾਉਂਦੇ ਵਿਚਾਰਾਂ ਵਾਲੇ ਸਿੱਖ ਆਗੂ ਇੱਕ ਅਜਿਹੇ ਮਤੇ ‘ਤੇ ਸਹਿਮਤ ਹੋ ਗਏ ਸਨ, ਜੋ ਉਨ੍ਹਾਂ ਦੇ ਭਵਿੱਖ ਦੇ ਰਾਜਨੀਤਕ ਜੀਵਨ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਸੀ ਅਤੇ ਇਹ ਹੁਣ ਕਰ ਵੀ ਰਿਹਾ ਹੈ।

ਸਾਡੇ ਆਗੂ ਅਕਸਰ ਹੀ ਬਾਹਰਲੀਆਂ ਤਾਕਤਾਂ ‘ਤੇ ਦੋਸ਼ ਮੜ੍ਹਦੇ ਰਹਿੰਦੇ ਹਨ ਕਿ ਉਹ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਬਰਬਾਦ ਕਰਨ ‘ਤੇ ਲੱਗੇ ਹੋਏ ਹਨ ਅਤੇ ਇੰਝ ਕਹਿ ਕੇ ਉਹ ਬਰੀ ਹੋ ਜਾਂਦੇ ਹਨ, ਪਰ ਨਹੀਂ ਜਾਣਦੇ ਕਿ ਕੌਮ ਦੇ ਅੰਦਰ ਵੀ ਤੂਫ਼ਾਨ ਹਨ ਅਤੇ ਇਹੋ ਤੂਫ਼ਾਨ ਸਭ ਤੋਂ ਖ਼ਤਰਨਾਕ ਹੁੰਦੇ ਹਨ।

ਜਜ਼ਬਿਆਂ ਤੇ ਵਿਚਾਰਾਂ ਦਾ ਕੋਈ ਸ਼ਾਇਰ ਉਨ੍ਹਾਂ ਨੂੰ ਚਿਤਾਵਨੀ ਦੇ ਰਿਹਾ ਹੈ, "ਦਰਿਆ ਕੇ ਤਲਾਤੁਮ ਸੇ ਤੋ ਬਚ ਸਕਤੀ ਹੈ ਕਸ਼ਤੀ, ਕਸ਼ਤੀ ਮੇਂ ਤਲਾਤੁਮ ਹੋ ਤੋ ਸਾਹਿਲ ਨਹੀਂ ਮਿਲਤਾ।" ਖੁੱਲ੍ਹੇ ਅਰਥ:-ਜੇ ਦਰਿਆ ਵਿੱਚ ਤੂਫ਼ਾਨ ਆ ਗਿਆ ਹੋਵੇ ਤਾਂ ਕਿਸ਼ਤੀ ਵਿੱਚ ਬੈਠੇ ਮੁਸਾਫ਼ਰਾਂ ਨੂੰ ਬਚਾਏ ਜਾਣ ਦੀ ਸੰਭਾਵਨਾ ਬਣ ਸਕਦੀ ਹੈ, ਪਰ ਜੇ ਤੂਫ਼ਾਨ ਕਿਸ਼ਤੀ ਦੇ ਅੰਦਰ ਹੀ ਆ ਜਾਵੇ ਤਾਂ ਮੁਸਾਫ਼ਰਾਂ ਨੂੰ ਕਿਨਾਰਾ ਨਹੀਂ ਮਿਲ ਸਕਦਾ।

ਕੀ ਅੱਜ ਬਾਹਰਲੇ ਪਾਸਿਆਂ ਨਾਲੋਂ ਅੰਦਰ ਵਾਲੇ ਪਾਸੇ ਤੂਫ਼ਾਨ ਵਧੇਰੇ ਤਾਕਤਵਰ ਅਤੇ ਜ਼ੋਰਾਵਰ ਨਹੀਂ ਲੱਗਦਾ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top